ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁੱਚਾ ਰਿਸ਼ਤਾ

10:39 AM Jun 19, 2022 IST

ਸੰਜੀਵ ਕੁਮਾਰ ਸ਼ਰਮਾ

Advertisement

ਉਸ ਦਾ ਨਾਂ ਅਕਸਾਨਾ ਸੀ। ਅਸਲ ’ਚ, ਸੀ ਨਹੀਂ, ਹੈ। ‘ਸੀ’ ਸਿਰਫ਼ ਇਸ ਲਈ ਵਰਤਿਆ ਕਿਉਂਕਿ ਗੱਲ 1991 ਤੋਂ ਸ਼ੁਰੂ ਹੁੰਦੀ ਹੈ। ਪੂਰਾ ਨਾਂ ਸੀ ਅਕਸਾਨਾ ਈਵਾਨਵਨਾ ਬਗਦਾਨਵਾ। ਇੱਥੇ ਈਵਾਨ ਉਸਦੇ ਪਿਤਾ ਦਾ ਨਾਂ ਸੀ ਅਤੇ ਬਗਦਾਨਵ ਉਸ ਦਾ ਉਪ-ਨਾਮ (ਸਰਨੇਮ)। ਉਪ-ਨਾਮ ਬਗਦਾਨਵ ਉਸੇ ਕਜ਼ਾਕ (ਸੂਰਬੀਰ ਘੋੜਸਵਾਰ ਯੋਧੇ) ਫ਼ੌਜੀ ਕਮਾਂਡਰ ਬਗਦਾਨ ਖਮਿਲਨਿਤਸਕੀ ਦੇ ਨਾਂ ਨਾਲ ਸੰਬੰਧਿਤ ਹੈ ਜਿਸ ਨੇ 1648 ਵਿਚ ਪੋਲਿਸ਼-ਲਿਥੁਆਨੀਅਨ ਗਣਰਾਜ ਦੀ ਹਕੂਮਤ ਵਿਰੁੱਧ ਬਗਾਵਤ ਛੇੜ ਕੇ ਯੂਕਰੇਨ ਨੂੰ ਵੱਖਰੇ ਰਾਸ਼ਟਰ ਵਜੋਂ ਪਛਾਣ ਦਿਵਾਈ ਅਤੇ ਯੂਕਰੇਨੀਆਂ, ਕਜ਼ਾਕਾਂ ਅਤੇ ਬਹੁਤ ਸਾਰੇ ਰੂਸੀਆਂ ਵੱਲੋਂ ਨਾਇਕ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਹਾਲਾਂਕਿ ਇਕ ਵਰਗ ਉਸ ਦੇ ਆਲੋਚਕਾਂ ਦਾ ਵੀ ਹੈ ਜਿਹੜੇ ਉਸ ਨੂੰ ਇਸ ਕਰਕੇ ਨਿੰਦਦੇ ਹਨ ਕਿ ਉਸ ਵੱਲੋਂ ਰੂਸੀ ਜ਼ਾਰ ਨਾਲ ਕੀਤੀ ਸੰਧੀ ਕਾਰਨ ਯੂਕਰੇਨ ਰੂਸੀ ਜ਼ਾਰ ਦੀ ਬਾਦਸ਼ਾਹਤ ਅਧੀਨ ਆ ਗਿਆ।

ਮੈਂ ਉਦੋਂ ਯੂਕਰੇਨ ਦੇ ਸ਼ਹਿਰ ਖਮਿਲਨਿਤਸਕੀ (ਇਸ ਸ਼ਹਿਰ ਦਾ ਨਾਂ ਬਗਦਾਨ ਖਮਿਲਨਿਤਸਕੀ ਦੇ ਨਾਂ ਤੋਂ ਹੀ ਪਿਆ ਹੈ) ਵਿਚ ਕੰਪਿਊਟਰ ਇੰਜੀਨੀਅਰਿੰਗ ਦਾ ਦੂਜੇ ਵਰ੍ਹੇ ਦਾ ਵਿਦਿਆਰਥੀ ਸਾਂ, ਜਦ ਅਕਸਾਨਾ ਸਾਡੇ ਗਰੁੱਪ (ਕਲਾਸ) ਵਿਚ ਆਈ। ਨਿਹਾਇਤ ਖ਼ੂਬਸੂਰਤ, ਹੱਸਮੁਖ ਸੀ ਉਹ। ਗੋਰਾ ਰੰਗ, ਤਿੱਖੇ ਨੈਣ-ਨਕਸ਼, ਅੱਖਾਂ ’ਚ ਵੱਖਰੀ ਚਮਕ, ਆਵਾਜ਼ ਵਿਚ ਇਕ ਅਜੀਬ ਜਿਹੀ ਕਸ਼ਿਸ਼। ਇੰਝ ਜਾਪਦਾ ਸੀ ਜਿਵੇਂ ਸੱਚੀਓਂ ਰੱਬ ਨੇ ਵਿਹਲੇ ਸਮੇਂ ’ਚ ਤਰਾਸ਼ਿਆ ਹੋਵੇ। ਉਹ ਸਿੱਧੀ ਸੈਕਿੰਡ ਯੀਅਰ ਵਿਚ ਆਈ ਸੀ। ਮੈਨੂੰ ਲੱਗਿਆ ਕਿ ਸ਼ਾਇਦ ਉਹ ਕਿਸੇ ਹੋਰ ਇੰਸਟੀਟਿਊਟ ਜਾਂ ਯੂਨਿਵਰਸਿਟੀ ਤੋਂ ਟਰਾਂਸਫਰ ਹੋ ਕੇ ਆਈ ਹੋਵੇਗੀ। ਪੜ੍ਹਾਈ ਵਿਚ ਅੱਵਲ, ਰੂਸੀ ਭਾਸ਼ਾ ’ਤੇ ਚੰਗੀ ਪਕੜ, ਲਿਖਾਵਟ ਸੁਹਣੀ ਹੋਣ ਅਤੇ ਕਲਾਸ ਵਿਚ ਸਦਾ ਸਰਗਰਮ ਰਹਿਣ ਕਰਕੇ ਦਰਮਿਆਨੇ ਵਿਦਿਆਰਥੀਆਂ ਲਈ ਮੈਂ ਹਮੇਸ਼ਾ ‘ਧਿਆਨ ਦਾ ਕੇਂਦਰ’ ਬਣਿਆ ਰਹਿੰਦਾ। ਇਸੇ ਕਰਕੇ (ਸ਼ਾਇਦ) ਅਕਸਾਨਾ ਨਾਲ ਵੀ ਛੇਤੀ ਹੀ ਦੋਸਤੀ ਹੋ ਗਈ। ਕਾਪੀਆਂ-ਕਿਤਾਬਾਂ ਦੀ ਸਾਂਝ ਤੋਂ ਸ਼ੁਰੂ ਹੋ ਕੇ, ਕਦੋਂ ਅਸੀਂ ਦੁੱਖ-ਸੁਖ ਸਾਂਝੇ ਕਰਨ ਲੱਗ ਪਏ, ਪਤਾ ਹੀ ਨਾ ਚੱਲਿਆ। ਕਲਾਸ ਖ਼ਤਮ ਹੋਣ ਤੋਂ ਬਾਅਦ, ਬ੍ਰੇਕ ਵਿਚ, ਕਲਾਸ ਨਾ ਲੱਗਣ ’ਤੇ ਜਾਂ ਉਂਝ ਵੀ ਉਹ ਮੇਰੇ ਹੋਸਟਲ ਆ ਜਾਂਦੀ। ਮੇਰੇ ਨਾਲ ਕਮਰੇ ਵਿਚ ਰਹਿੰਦੇ ਸਾਥੀ ਵੀ ਚੰਗੇ ਸਨ; ਪਹਿਲਾਂ ਯਮਨ ਤੋਂ ਆਰਿਫ਼ ਅਤੇ ਫੇਰ ਬਿਹਾਰ ਤੋਂ ਸਮੀਰ। ਪੂਰਾ ਧਿਆਨ ਰੱਖਦੇ।

Advertisement

ਅਸੀਂ ਅਕਸਰ ਇਕੱਠੇ ਦੁਪਹਿਰ ਦਾ ਖਾਣਾ ਖਾਂਦੇ, ਚਾਹ ਪੀਂਦੇ, ਗੱਲਾਂ ਸਾਂਝੀਆਂ ਕਰਦੇ। ਹਿੰਦੋਸਤਾਨੀ ਮਸਾਲੇਦਾਰ ਖਾਣਾ, ਦੁੱਧ ਵਾਲੀ ਚਾਹ ਉਸ ਦੀ ਵਿਸ਼ੇਸ਼ ਪਸੰਦ ਬਣ ਗਏ ਸਨ। ਸੋਵੀਅਤ ਯੂਨੀਅਨ ਦਾ ਉਨ੍ਹਾਂ ਹੀ ਦਿਨਾਂ ਵਿਚ ਟੁੱਟਣਾ, ਅੰਤਾਂ ਦੀ ਮਹਿੰਗਾਈ, ਡਿੱਗਦਾ ਅਰਥਚਾਰਾ, ਜ਼ਰੂਰੀ ਵਸਤਾਂ ਦੀ ਘਾਟ, ਪੈਸੇ ਦੀ ਸਦਾ ਤੋਟ ਆਦਿ ਬਹੁਤ ਕੁਝ ਸਾਂਝਾ ਕਰਦੇ ਸੀ ਅਸੀਂ।

ਇਸੇ ਦੌਰਾਨ ਪਤਾ ਚੱਲਿਆ ਕਿ ਅਕਸਾਨਾ ਵਿਆਹੀ ਹੋਈ ਹੈ ਅਤੇ ਉਸ ਕੋਲ ਕੁਝ ਕੁ ਮਹੀਨਿਆਂ ਦੀ ਇਕ ਬੱਚੀ ਹੈ। ਬੱਚੀ ਦਾ ਨਾਂ ਉਸ ਅਨਸਤਾਸਿਆ (ਛੋਟਾ ਨਾਂ ਨਾਸਤਿਆ) ਦੱਸਿਆ। 17 ਵਰ੍ਹਿਆਂ ਦੀ ਹੀ ਸੀ ਅਕਸਾਨਾ, ਜਦੋਂ ਵਿਆਹੀ ਗਈ ਸੀ। ਮੇਰੀ ਪਹਿਲੇ ਸਾਲ ਦੀ ਪੜ੍ਹਾਈ ਦੌਰਾਨ ਉਹ ਜਣੇਪੇ ਦੀ ਛੁੱਟੀ ’ਤੇ ਸੀ। ਇਸੇ ਕਰਕੇ ਮੈਨੂੰ ਲੱਗਿਆ ਸੀ ਕਿ ਉਹ ਸਿੱਧੀ ਦੂਜੇ ਸਾਲ ’ਚ ਆਈ ਹੈ। ਮੈਥੋਂ ਸਾਲ ਵੱਡੀ ਸੀ ਉਹ। ਮੈਂ ਉਦੋਂ ਉੱਨੀਆਂ ਦਾ ਸੀ ਅਤੇ ਉਹ ਵੀਹਾਂ ਦੀ। ਉਸ ਦੇ ਵਿਆਹ ਬਾਰੇ ਪਤਾ ਲੱਗਣ ’ਤੇ ਛੋਟਾ ਜਿਹਾ ਝਟਕਾ ਤਾਂ ਜ਼ਰੂਰ ਲੱਗਿਆ ਸੀ ਮੈਨੂੰ, ਪਰ ਪਤਾ ਨਹੀਂ ਕਿਉਂ ਮੇਰੇ ਉੱਤੇ ਇਹ ਬਹੁਤਾ ਅਸਰ ਨਾ ਕਰ ਸਕਿਆ। ਸ਼ਾਇਦ ਸਾਡੇ ਵਿਚਲੇ ਬੇਨਾਮ ਰਿਸ਼ਤੇ ਦੀ ਅਹਿਮੀਅਤ ਕਿਤੇ ਉੱਚੀ ਸੀ।

ਦਿਨੋਂ-ਦਿਨ ਅਸੀਂ ਇਕ-ਦੂਜੇ ਦੇ ਹੋਰ ਨੇੜੇ ਹੁੰਦੇ ਗਏ। ਨਿੱਜੀ ਗੱਲਾਂ ਵੀ ਹੁਣ ਆਪਸ ਵਿਚ ਸਾਂਝੀਆਂ ਕਰਨ ਲੱਗੇ। ਉਸ ਦੀਆਂ ਗੱਲਾਂ ਤੋਂ ਲੱਗਦਾ ਸੀ ਜਿਵੇਂ ਉਹ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਖ਼ੁਸ਼ ਨਹੀਂ ਹੈ। ਇਕ ਵਾਰ ਇੰਝ ਹੋਇਆ ਕਿ ਉਹ ਕਈ ਦਿਨ ਕਲਾਸ ਵਿਚ ਨਾ ਆਈ। ਨਾ ਕਿਸੇ ਹੱਥ ਕੋਈ ਸੁਨੇਹਾ ਭੇਜਿਆ। ਹੋਸਟਲ ਵਿਚ ਲੱਗੇ ਤਾਕਸੋਫੋਨ (ਜਿਸ ਵਿਚ ਸਿੱਕਾ ਪਾ ਕੇ ਗੱਲ ਕਰਦੇ ਹਨ) ਤੋਂ ਉਸ ਦੇ ਘਰ ਕਈ ਵਾਰ ਟੈਲੀਫੋਨ ਵੀ ਮਿਲਾਇਆ, ਪਰ ਕਿਸੇ ਨਾ ਚੁੱਕਿਆ। ਪੰਜ-ਛੇ ਦਿਨਾਂ ਬਾਅਦ ਜਦੋਂ ਆਈ ਤਾਂ ਕਾਫ਼ੀ ਉਦਾਸ ਸੀ। ਮੈਂ ਕਾਰਨ ਪੁੱਛਿਆ ਤਾਂ ਉਹ ਭੁੱਬਾਂ ਮਾਰ ਕੇ ਰੋ ਪਈ। ਉਸ ਨੇ ਦੱਸਿਆ ਕਿ ਉਸ ਦੇ ਪਤੀ ਦਾ ਸੁਭਾਅ ਚੰਗਾ ਨਹੀਂ ਹੈ ਅਤੇ ਉਨ੍ਹਾਂ ਦੇ ਆਪਸੀ ਸੰਬੰਧ ਠੀਕ ਨਹੀਂ ਹਨ। ਸਨਕੀ ਜਿਹੀ ਕਿਸਮ ਦਾ ਹੈ ਉਹ। ਪਿਛਲੇ ਦਿਨੀਂ ਉਸ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਸਮੇਂ ਸਿਰ ਹਸਪਤਾਲ ਲੈ ਗਏ ਤਾਂ ਉਹ ਬਚ ਗਿਆ। ਉਸੇ ਦੀ ਤੀਮਾਰਦਾਰੀ ਵਿਚ ਲੱਗੀ ਰਹੀ ਸੀ ਉਹ ਏਨੇ ਦਿਨ। ਮੈਂ ਅਕਸਾਨਾ ਨੂੰ ਬਹੁਤ ਦਿਲਾਸਾ ਦਿੱਤਾ ਕਿ ਸਮਾਂ ਪਾ ਕੇ ਸਭ ਠੀਕ ਹੋ ਜਾਵੇਗਾ। ਪਰ ਉਸ ਨੇ ਤੈਅ ਕਰ ਲਿਆ ਸੀ ਕਿ ਹੁਣ ਉਹ ਉਸ ਨਾਲ ਨਹੀਂ ਰਹੇਗੀ, ਤਲਾਕ ਲੈ ਲਵੇਗੀ। ਕੁਝ ਦਿਨਾਂ ਬਾਅਦ ਉਸ ਨੇ ਦੱਸਿਆ ਕਿ ਉਸ ਨੇ ਤਲਾਕ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੁਣ ਉਹ ਆਪਣੀ ‘ਮਾਮਾ’ (ਮਾਂ) ਅਤੇ ‘ਓਤਚਿਮ’ (ਮਤਰੇਏ ਪਿਉ) ਨਾਲ ਰਹਿੰਦੀ ਹੈ। ਨਾਸਤਿਆ ਨੂੰ ਉਹ ਹੁਣ ਆਪਣੇ ਨਾਲ ਹੀ ਰੱਖੇਗੀ।

ਸੋਵੀਅਤ ਯੂਨੀਅਨ ਦੇ ਟੁੱਟਣ ਨਾਲ ਯੂਕਰੇਨ ਆਜ਼ਾਦ ਤਾਂ ਹੋ ਗਿਆ ਸੀ, ਪਰ ਅਰਥਚਾਰਾ ਪੂਰੀ ਤਰ੍ਹਾਂ ਚਰਮਰਾ ਗਿਆ ਸੀ। ਉਦਯੋਗ ਜਗਤ ਦੀ ਪਹਿਲਾਂ ਤੋਂ ਹੀ ਮਾੜੀ ਹਾਲਤ, ਅੰਤਾਂ ਦਾ ਭ੍ਰਿਸ਼ਟਾਚਾਰ, ਮਹਿੰਗੀ ਊਰਜਾ ਦੀ ਖਰੀਦ (ਜਿਹੜੀ ਪਹਿਲਾਂ ਤਕਰੀਬਨ ਪੂਰੀ ਤਰ੍ਹਾਂ ਰੂਸ ’ਤੇ ਨਿਰਭਰ ਸੀ ਅਤੇ ਹੁਣ ਉਸ ਤੋਂ ਬਹੁਤ ਹੀ ਸਸਤੇ ਭਾਅ ’ਤੇ ਮਿਲਣੀ ਬੰਦ ਹੋ ਗਈ ਸੀ), ਅਪਰਾਧ ਅਤੇ ਨਸ਼ਿਆਂ ਦਾ ਵਧਣਾ, ਕਾਨੂੰਨ-ਵਿਵਸਥਾ ਦੀ ਮਾੜੀ ਹਾਲਤ, ਅਜਿਹੇ ਅਣਗਿਣਤ ਕਾਰਨ ਸਨ ਇਸ ਦੇ। ਮਾਲੀ ਹਾਲਤ ਨੂੰ ਸੁਧਾਰਨ ਲਈ ਕਾਲਜਾਂ/ ਯੂਨੀਵਰਸੀਟੀਆਂ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਫੀਸ ਲੈ ਕੇ ਭਰਤੀ ਕਰਨਾ ਸ਼ੁਰੂ ਕਰ ਦਿੱਤਾ। 1992 ਵਿਚ ਹਿੰਦੋਸਤਾਨ ਤੋਂ ਸੈਂਕੜੇ ਵਿਦਿਆਰਥੀ ਯੂਕਰੇਨ ਪੜ੍ਹਨ ਲਈ ਆਏ। 20-25 ਵਿਦਿਆਰਥੀ ਤਾਂ ਖਮਿਲਨਿਤਸਕੀ ਵਿਚ ਹੀ ਆਏ ਜਿਨ੍ਹਾਂ ਵਿਚੋਂ ਜ਼ਿਆਦਾਤਰ ਯੂ.ਪੀ., ਬਿਹਾਰ ਤੋਂ ਸਨ। ਡਾਕਟਰ-ਇੰਜੀਨੀਅਰ ਬਣਨ। ਫੀਸਾਂ ਕਾਫ਼ੀ ਘੱਟ ਸਨ। ਉੱਪਰੋਂ ਫੇਰ ਯੂਰਪ।

ਇਸ ਆਰਥਿਕ ਸਥਿਤੀ ਦਾ ਅਸਰ ਨਾ ਸਿਰਫ਼ ਮੇਰੇ ਜਾਂ ਅਕਸਾਨਾ ’ਤੇ ਹੀ ਪਿਆ ਸੀ ਸਗੋਂ ਹਰ ਇਕ ਨਾਗਰਿਕ ’ਤੇ ਪਿਆ। ਹੱਥ ਬਹੁਤ ਤੰਗ ਰਹਿਣ ਲੱਗਿਆ। ਹਰ ਮਹੀਨੇ ਮਿਲਦੇ ਸਟਾਈਪੈਂਡ ਵਿਚ ਹੁਣ ਗੁਜ਼ਾਰਾ ਹੋਣਾ ਨਾਮੁਮਕਿਨ ਜਿਹਾ ਹੋ ਗਿਆ ਸੀ। ਬ੍ਰੈੱਡ, ਦੁੱਧ, ਦਹੀਂ, ਮੱਖਣ ਦੇ ਭਾਅ ਹਜ਼ਾਰਾਂ ਗੁਣਾਂ ਵਧ ਗਏ ਸਨ। ਸੋ, ਖਰਚਾ ਪੂਰਾ ਕਰਨ ਲਈ ਮੈਂ ਪ੍ਰੋਗ੍ਰਾਮਿੰਗ ਅਤੇ ਗਣਿਤ ਵਿਸ਼ਿਆਂ ਦੀਆਂ ਟਿਊਸ਼ਨਾਂ ਪੜ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਨਾਲ ਦੇ ਵਿਦਿਆਰਥੀਆਂ ਦੇ, ਜਿਨ੍ਹਾਂ ਵਿਚ ਹਿੰਦੋਸਤਾਨ, ਓਮਾਨ, ਜਾਰਡਨ, ਲਾਤੀਨੀ ਅਮਰੀਕਾ, ਅੰਗੋਲਾ ਆਦਿ ਦੇ ਵਿਦਿਆਰਥੀ ਸ਼ਾਮਿਲ ਸਨ, ਦੇ ਪ੍ਰੋਜੈਕਟ-ਵਰਕ ਕਰਨੇ ਸ਼ੁਰੂ ਕਰ ਦਿੱਤੇ। ਪੈਸੇ ਡਾਲਰਾਂ ਵਿਚ ਹੀ ਮਿਲਦੇ ਸਨ ਕਿਉਂਕਿ ਯੂਕਰੇਨ ਦੀ ਆਪਣੀ ਕਰੰਸੀ ਕੂਪੋਨ ਦੀ ਕੀਮਤ ਤਾਂ ਹਰ ਦਿਨ ਡਿੱਗਦੀ ਜਾਂਦੀ ਸੀ। ਦਿਨ-ਰਾਤ ਮਿਹਨਤ ਕਾਫ਼ੀ ਕਰਨੀ ਪੈਂਦੀ ਸੀ ਕਿਉਂਕਿ ਮੈਂ ਆਪਣੀ ਪੜ੍ਹਾਈ ਦਾ ਨੁਕਸਾਨ ਨਹੀਂ ਝੱਲ ਸਕਦਾ ਸਾਂ। ਭਾਪਾ ਜੀ ਪਾਰਟੀ ਦੇ ਕੁੱਲ-ਵਕਤੀ ਮੈਂਬਰ ਹੋਣ ਕਾਰਨ ਘਰ ਦੀ ਮਾਲੀ ਹਾਲਤ ਕਾਫ਼ੀ ਕਮਜ਼ੋਰ ਸੀ, ਸੋ ਉੱਥੋਂ ਮਦਦ ਅਸੰਭਵ ਸੀ। ਅਕਸਾਨਾ ਨੂੰ ਮੇਰੀ ਇਸ ਸਥਿਤੀ ਬਾਰੇ ਪਤਾ ਸੀ।

ਕਈ ਵਾਰ ਦੋ-ਦੋ ਦਿਨ ਲਗਾਤਾਰ ਜਾਗਣਾ ਕੰਮ ਪੂਰਾ ਕਰਨ ਲਈ; ਕਿਉਂਕਿ ਆਪਣੇ ਪ੍ਰੋਜੈਕਟ ਦੀ ਡੈੱਡਲਾਈਨ ਅਤੇ ਉਸ ਵਿਦਿਆਰਥੀ ਦੀ ਡੈੱਡਲਾਈਨ (ਜਿਸ ਦਾ ਕੰਮ ਮੈਂ ਫੜਿਆ ਹੁੰਦਾ) ਇਕੋ ਦਿਨ ਜਾਂ ਅੱਗੜ-ਪਿੱਛੜ ਹੁੰਦੀ। ਇਸ ਲਈ ਨਾ ਕਦੇ ਆਪਣੀ ਪੜ੍ਹਾਈ ਨਾਲ ਸਮਝੌਤਾ ਕੀਤਾ ਤੇ ਨਾ ਕਦੇ ਆਪਣੀ ਜ਼ਿੰਮੇਵਾਰੀ ਨਾਲ ਅਤੇ ਸਾਲ-ਦਰ-ਸਾਲ ਹਰ ਵਿਸ਼ੇ ਵਿਚੋਂ ਪੰਜਾਂ ’ਚੋਂ ਪੰਜ ਨੰਬਰ ਲੈਂਦਾ ਰਿਹਾ। ਹੌਲੀ-ਹੌਲੀ ਮੇਰੀ ਮਾਲੀ ਹਾਲਾਤ ਕੁਝ ਠੀਕ ਰਹਿਣ ਲੱਗੀ।

ਜਿੱਥੇ ਮੈਂ ਟਿਊਸ਼ਨਾਂ ਜਾਂ ਪ੍ਰੋਜੈਕਟ-ਵਰਕ ਕਰ ਕੇ ਆਪਣਾ ਖਰਚਾ ਕੱਢਦਾ ਸੀ, ਮੇਰੇ ਨਾਲ ਦੇ ਕਈ ਸਾਥੀਆਂ ਨੇ ‘ਵਪਾਰ’ ਕਰਨਾ ਸ਼ੁਰੂ ਕਰ ਦਿੱਤਾ। ਕਿਸੇ ਨੇ ਕਿਓਸਕ ਕਿਰਾਏ ’ਤੇ ਲੈ ਲਿਆ, ਕੋਈ ਕੱਪੜੇ-ਟੀ-ਸ਼ਰਟਾਂ, ਸਵੈਟਰ, ਚਮੜੇ ਦੀਆਂ ਜੈਕਟਾਂ, ਬਣਾਉਟੀ ਗਹਿਣੇ, ਚਾਹ-ਪੱਤੀ ਆਦਿ ਹਿੰਦੋਸਤਾਨ ਤੋਂ ਲਿਆ ਕੇ ਵੇਚਦਾ। ਹਰ ਦੂਜੇ-ਚੌਥੇ ਮਹੀਨੇ ਹਿੰਦੋਸਤਾਨ ਦਾ ਚੱਕਰ ਲਾ ਜਾਂਦੇ, ਸਾਮਾਨ ਲੈ ਜਾਂਦੇ। ਇੱਥੋਂ ਤੱਕ ਕਿ ਕਈਆਂ ਨੇ ਤਾਂ ਚਾਰਟਰ ਪਲੇਨ ਦੇ ਬਿਜ਼ਨਸ ਵਿਚ ਵੀ ਆਪਣੇ ਹੱਥ ਅਜ਼ਮਾਏ। ਹਾਲਾਂਕਿ ਬਹੁਤ ਸਾਰੇ ਵਿਦਿਆਰਥੀਆਂ ਲਈ, ਜਿਨ੍ਹਾਂ ਨੂੰ ਘਰੋਂ ਸਹਾਰਾ ਸੀ, ਕਿਸੇ ਕੰਮ ਦੀ ਲੋੜ ਹੀ ਨਹੀਂ ਸੀ। ਮਹੀਨੇ ਦੇ ਗੁਜ਼ਾਰੇ ਲਈ 5-10 ਡਾਲਰ ਕਾਫ਼ੀ ਸਨ। ਬਹੁਤਾ ਖੁੱਲ੍ਹਾ ਖਰਚਣਾ ਹੋਵੇ ਤਾਂ ਵੀ 20 ਡਾਲਰ। ਅਕਸਾਨਾ ਵੀ ਆਪਣੇ ਖਰਚੇ ਪੂਰੇ ਕਰਨ ਲਈ ਕਿਤੇ ਕਲਰਕ ਵਜੋਂ ਪਾਰਟ-ਟਾਈਮ ਕੰਮ ਕਰਦੀ ਸੀ। ਨਾਲ ਦੀ ਨਾਲ ਕਦੇ ਕਦਾਈਂ ਕਿਸੇ ਦੂਜੇ ਸ਼ਹਿਰ ਤੋਂ ਕੋਈ ਸਾਮਾਨ ਲਿਆ ਕੇ ‘ਤਲਕੂਚਕਾ’ ਵਿੱਚ ਖੜ੍ਹ ਕੇ ਵੇਚਦੀ ਸੀ। ਅਤੇ ਅਜਿਹਾ ਇਕੱਲੀ ਉਹ ਹੀ ਨਹੀਂ, ਬਹੁਤ ਸਾਰੇ ਵਿਦਿਆਰਥੀ ਕਰਦੇ ਸਨ। ਕਦੇ ਉਹ ਬਹੁਤ ਤੰਗੀ ਵਿਚ ਹੁੰਦੀ ਤਾਂ ਮੈਂ ਕੁਝ ਮਾਲੀ ਮਦਦ ਕਰ ਦਿੰਦਾ। ਮੈਂ ਕਦੇ ਦਿੱਤੇ ਪੈਸਿਆਂ ਦਾ ਹਿਸਾਬ ਨਹੀਂ ਸੀ ਰੱਖਿਆ ਕਿਉਂਕਿ ਫ਼ਰਕ ਨਹੀਂ ਸੀ ਸਮਝਿਆ।

ਫੇਰ ਇਕ ਦਿਨ ਅਕਸਾਨਾ ਨੇ ਦੱਸਿਆ ਕਿ ਉਸ ਦਾ ਤਲਾਕ ਹੋ ਗਿਆ ਹੈ। ਇਹ ਦੱਸਦਿਆਂ ਉਹ ਕਾਫ਼ੀ ਸੰਤੁਸ਼ਟ ਲੱਗ ਰਹੀ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸ ਦੇ ਸਿਰੋਂ ਮਣਾਂ-ਮੂੰਹੀਂ ਭਾਰ ਲੱਥ ਗਿਆ ਹੋਵੇ। ਮੈਂ ਪੁੱਛਿਆ, ‘‘ਤੂੰ ਹੁਣ ਵਿਆਹ ਕਰਵਾਏਂਗੀ?’’ ਤਾਂ ਉਸ ਨੇ ਮਨ੍ਹਾਂ ਕਰ ਦਿੱਤਾ। ‘‘ਤਾਂ ਫਿਰ ਜ਼ਿੰਦਗੀ ਕਿਵੇਂ ਕੱਟੇਂਗੀ?’’ ਪੁੱਛਣ ’ਤੇ ਉਸ ਨੇ ਜਵਾਬ ਦਿੱਤਾ, ‘‘ਮੈਂ ‘ਬਗਦਾਨ’ ਹਾਂ ਜਿਸਦਾ ਮਤਲਬ ‘ਬੋਗ’ (ਪਰਮਾਤਮਾ) ‘ਦਾਨ’ (ਦਿੱਤਾ) ਹੈ। ਸੋ ਆਪੇ ਪਰਮਾਤਮਾ ਮੇਰੀ ਦੇਖਭਾਲ ਕਰੇਗਾ। ਨਾਲੇ ਤੂੰ ਹੈ ਤਾਂ ਸਹੀ ਮੇਰੇ ਆਲੇ-ਦੁਆਲੇ, ਮੇਰਾ ਸਭ ਤੋਂ ਵਧੀਆ ਦੋਸਤ।’’ ਸ਼ਾਇਦ ਉਹ ਨਾਸਤਿਆ ਨੂੰ ‘ਓਤਚਿਮ’ ਨਾਂ ਦੇ ਰਿਸ਼ਤੇ ਤੋਂ ਦੂਰ ਰੱਖਣਾ ਚਾਹੁੰਦੀ ਸੀ।

ਜਦੋਂ ਵੀ ਮੈਂ ਉਸ ਨੂੰ ਯਾਦ ਕਰਵਾਉਂਦਾ ਕਿ ਮੈਂ ਛੇਤੀ ਹੀ ਹਿੰਦੋਸਤਾਨ ਵਾਪਸ ਚਲੇ ਜਾਣਾ ਹੈ ਤਾਂ ਉਹ ਭਾਵੁਕ ਹੋ ਜਾਂਦੀ ਅਤੇ ਅਸੀਂ ਗੱਲ ਬਦਲ ਲੈਂਦੇ। ਜਿਉਂ-ਜਿਉਂ ਵਾਪਸੀ ਦਾ ਸਮਾਂ ਨੇੜੇ ਆਉਂਦਾ ਗਿਆ, ਸਾਡੀ ਨੇੜਤਾ ਵਧਦੀ ਗਈ। ਇਕ ਦੂਜੇ ਨੂੰ ਦੇਖੇ ਜਾਂ ਗੱਲ ਕੀਤੇ ਬਿਨਾਂ ਇਕ ਦਿਨ ਵੀ ਨਹੀਂ ਸੀ ਲੰਘ ਸਕਦਾ। ਆਪਸੀ ਸੰਬੋਧਨ ਵੀ ਹੁਣ ਸਾਡਾ ਅਕਸਾਨਚਕਾ ਤੇ ਸੰਜੀਵਚਿਕ ਤੱਕ ਹੀ ਸੀਮਿਤ ਹੋ ਗਿਆ ਸੀ (ਰੂਸੀ ਭਾਸ਼ਾ ਵਿਚ ਜਦੋਂ ਕਿਸੇ ਨੂੰ ਬਹੁਤ ਹੀ ਲਾਡ ਨਾਲ ਬੁਲਾਉਂਦੇ ਹਾਂ ਤਾਂ ਅਜਿਹੇ ਪਛੇਤਰ ਜੁੜ ਜਾਂਦੇ ਹਨ ਜਿਹੜੇ ਔਰਤ ਅਤੇ ਮਰਦ ਦੇ ਅਨੁਸਾਰ ਬਦਲ ਜਾਂਦੇ ਹਨ)। ਮੈਂ ਹੁਣ ਉਸ ਦੇ ਘਰ ਲੈਂਡਲਾਈਨ ਫੋਨ ’ਤੇ ਵੀ ਅਕਸਰ ਗੱਲ ਕਰਦਾ ਸੀ। ਬਹੁਤ ਵਾਰੀ ਗੱਲ ਲੰਬੀ ਹੋ ਜਾਂਦੀ ਅਤੇ ਜੇਬ ਵਿਚ ਪਏ ਸਿੱਕਿਆਂ ਦੇ ਮੁੱਕਣ ਤੱਕ ਚਲਦੀ ਰਹਿੰਦੀ ਜਾਂ ਫਿਰ ਜਦੋਂ ਕੋਈ ਦੂਜਾ ਫੋਨ ਕਰਨ ਵਾਲਾ ਇੰਤਜ਼ਾਰ ਕਰ-ਕਰ ਕੇ ਘੂਰਨ ਨਾ ਲੱਗ ਜਾਂਦਾ।

ਕਈ ਵਾਰ ਮੈਂ ਉਸ ਦੇ ਫਲੈਟ ’ਤੇ ਵੀ ਮਿਲਣ ਚਲਾ ਜਾਂਦਾ। ਜਾਂਦਾ ਹੋਇਆ ਉਨ੍ਹਾਂ ਲਈ ਪਿਚੇਨੀਏ (ਬਿਸਕੁਟ), ਨਾਸਤਿਆ ਲਈ ਚਾਕਲੇਟ ਅਤੇ ਬੱਚਿਆਂ ਦੀਆਂ ਕਿਤਾਬਾਂ ਲੈ ਜਾਂਦਾ। ਕਦੇ ਉਸ ਦੇ ਮਾਮਾ ਅਤੇ ਓਤਚਿਮ ਵੀ ਘਰ ਹੁੰਦੇ ਤਾਂ ਚੰਗੀ ਤਰ੍ਹਾਂ ਮਿਲਦੇ। ਖੁੱਲ੍ਹ ਕੇ ਗੱਲਾਂ ਕਰਦੇ। ਹਾਲਾਂਕਿ ਜ਼ਿਆਦਾਤਰ ਉਹ ਆਪਣੇ ਦਾਚੇ (ਛੁੱਟੀਆਂ ਬਿਤਾਉਣ ਲਈ ਪਿੰਡ ਵਿਚ ਬਣਾਇਆ ਦੂਜਾ ਘਰ) ਵਿਚ ਹੀ ਗਏ ਹੁੰਦੇ।

ਸਾਲ 1994 ਵਿਚ ਲਿਓਨਿਦ ਕੁਚਮਾ ਯੂਕਰੇਨ ਦਾ ਨਵਾਂ ਰਾਸ਼ਟਰਪਤੀ ਚੁਣਿਆ ਗਿਆ। ਇਸ ਤੋਂ ਪਹਿਲਾਂ ਉਹ ਕੁਝ ਸਮਾਂ ਰਾਸ਼ਟਰਪਤੀ ਲਿਓਨਿਦ ਕਰਵਚੁਕ ਦੀ ਸਰਕਾਰ ਵੇਲੇ ਪ੍ਰਧਾਨ ਮੰਤਰੀ ਵੀ ਰਿਹਾ ਸੀ। ਉਸ ਨੇ ਕਈ ਨਵੀਆਂ ਆਰਥਿਕ ਨੀਤੀਆਂ ਦਾ ਐਲਾਨ ਕੀਤਾ ਜਿਸ ਵਿਚ ਸਬਸਿਡੀਆਂ ਵਿਚ ਕਟੌਤੀ, ਟੈਕਸਾਂ ਵਿਚ ਕਟੌਤੀ, ਕੀਮਤਾਂ ਤੋਂ ਨਿਯੰਤਰਣ ਹਟਾਉਣਾ, ਉਦਯੋਗਾਂ ਅਤੇ ਖੇਤੀਬਾੜੀ ਦਾ ਨਿੱਜੀਕਰਨ, ਆਦਿ ਤੋਂ ਇਲਾਵਾ ਰੂਸ ਨਾਲ ਚੰਗੇ ਸੰਬੰਧ ਉਸਾਰਨਾ ਵੀ ਸ਼ਾਮਲ ਸੀ। ਇਨ੍ਹਾਂ ਨੀਤੀਆਂ ਕਰਕੇ ਯੂਕਰੇਨ ਦੀ ਆਰਥਿਕ ਹਾਲਤ ਸੁਧਰਨ ਲੱਗੀ। ਸਾਲ 1995 ਤਕ ਆਉਂਦੇ-ਆਉਂਦੇ ਹਾਲਾਤ ਪਹਿਲਾਂ ਨਾਲੋਂ ਬਿਹਤਰ ਹੋ ਚੁੱਕੇ ਸਨ। ਅਕਸਾਨਾ ਵੀ ਪਹਿਲਾਂ ਨਾਲੋਂ ਆਰਥਿਕ ਪੱਖੋਂ ਕੁਝ ਠੀਕ ਸੀ। ਇਹ ਮੇਰੀ ਪੜ੍ਹਾਈ ਦਾ ਆਖ਼ਰੀ ਸਾਲ ਸੀ।

ਅਸੀਂ ਦੋਵਾਂ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਅਤੇ ਹੁਣ ਵਿਛੜਨ ਦਾ ਸਮਾਂ ਆ ਗਿਆ। 23 ਅਗਸਤ 1995 ਨੂੰ ਮੈਂ ਮਾਸਕੋ ਜਾਣਾ ਸੀ ਅਤੇ 25 ਅਗਸਤ ਨੂੰ ਮਾਸਕੋ ਤੋਂ ਦਿੱਲੀ ਦੀ ਉਡਾਣ ਸੀ। ਦੋ ਜਾਂ ਤਿੰਨ ਦਿਨ ਪਹਿਲਾਂ ਉਹ ਨਾਸਤਿਆ ਨਾਲ ਮੈਨੂੰ ਮਿਲਣ ਆਈ। ਉਸ ਪੁੱਛਿਆ, ‘‘ਵਾਪਸ ਆਵੇਂਗਾ?’’ ਮੈਂ ਕਿਹਾ, ‘‘ਸ਼ਾਇਦ ਆ ਵੀ ਜਾਵਾਂ। ਪੱਕਾ ਪਤਾ ਨਹੀਂ।’’ ਨਾਸਤਿਆ ਨੂੰ ਪਿਆਰ ਦਿੱਤਾ ਅਤੇ ਅਕਸਾਨਾ ਨੂੰ ਗਲਵੱਕੜੀ ਪਾਈ, ਪਹਿਲੀ ਵਾਰ ਇੰਝ ਘੁੱਟ ਕੇ ਅਤੇ ਸ਼ਾਇਦ ਆਖਰੀ ਵਾਰ, ਸਦਾ ਲਈ ਵਿੱਛੜ ਜੋ ਜਾਣਾ ਸੀ। ਅਸੀਂ ਦੋਵੇਂ ਸਿਸਕੀਆਂ ਭਰ-ਭਰ ਕੇ ਰੋਣ ਲੱਗੇ। ਮੈਂ ਪੁੱਛਿਆ, ‘‘ਤੂੰ 23 ਤਰੀਕ ਨੂੰ ਸਟੇਸ਼ਨ ’ਤੇ ਆਵੇਂਗੀ ਮੈਨੂੰ ਵਿਦਾ ਕਰਨ?’’ ਉਸ ਨੇ ਹਾਂ ਵਿਚ ਸਿਰ ਹਿਲਾ ਦਿੱਤਾ। ਗੱਡੀ ਦਾ ਸਮਾਂ, ਨੰਬਰ ਅਤੇ ਡੱਬਾ ਆਦਿ ਉਸ ਨੂੰ ਪਹਿਲਾਂ ਹੀ ਪਤਾ ਸੀ।

ਤੇਈ ਤਰੀਕ ਨੂੰ ਮੈਂ ਨਿਸ਼ਚਿਤ ਸਮੇਂ ’ਤੇ ਪਹੁੰਚ ਕੇ ਉਸ ਦਾ ਇੰਤਜ਼ਾਰ ਕਰਨ ਲੱਗਿਆ। ਗੱਡੀ ਤੁਰਨ ਵਿਚ 15 ਮਿੰਟ ਰਹਿ ਗਏ ਸਨ, ਪਰ ਉਹ ਨਾ ਆਈ। ਮੇਰੀਆਂ ਅੱਖਾਂ ਹਰ ਪਾਸੇ ਉਸ ਨੂੰ ਉਡੀਕ ਰਹੀਆਂ ਸਨ। ਨਾਲ ਛੱਡਣ ਆਏ ਦੋਸਤਾਂ ਨੂੰ ਮੈਂ ਵਾਪਸ ਭੇਜ ਚੁੱਕਾ ਸਾਂ। ਆਸ ਖ਼ਤਮ ਹੋਣ ਲੱਗੀ ਕਿ ਅਚਾਨਕ ਖਿੜਕੀ ’ਚੋਂ ਝਾਕਦਾ ਇਕ ਸਿਰ ਦਿਸਿਆ। ਆਸ ਨਾਲ ਫਟਾਫਟ ਦਰਵਾਜ਼ੇ ਕੋਲ ਗਿਆ। ਇਹ ਓਤਚਿਮ ਸੀ ਅਤੇ ਨਾਲ ਮਾਮਾ ਸੀ। ਮੈਂ ਪੁੱਛਿਆ, ‘‘ਅਕਸਾਨਾ ਕਿੱਥੇ ਹੈ?’’ ਇਸ ਆਸ ਨਾਲ ਕਿ ਕਿਸੇ ਕਿਓਸਕ ਕੋਲ ਰੁਕ ਕੇ ਨਾਸਤਿਆ ਨੂੰ ਕੋਈ ਚੀਜ਼ ਦਿਵਾ ਰਹੀ ਹੋਣੀ ਹੈ। ਪਰ ਓਤਚਿਮ ਨੇ ਜਵਾਬ ਦਿੱਤਾ ਕਿ ਉਹ ਨਹੀਂ ਆਈ। ਮੇਰਾ ਦਿਲ ਡੁੱਬ ਗਿਆ। ਮੇਰੀ ‘‘ਕਿਉਂ?’’ ਦੇ ਜਵਾਬ ਵਿਚ ਉਸ ਦੀਆਂ ਅੱਖਾਂ ਭਰ ਆਈਆਂ। ਕਹਿੰਦਾ, ‘‘ਉਹ ਬਹੁਤ ਉਦਾਸ ਹੈ, ਭਾਵੁਕ ਹੋਈ ਹੋਈ ਹੈ। ਕਹਿੰਦੀ ਸੀ ਮੈਂ ਉਸ ਦਾ ਸਾਹਮਣਾ ਨਹੀਂ ਕਰ ਸਕਾਂਗੀ। ਮੇਰੇ ਵੱਲੋਂ ਉਸ ਨੂੰ ਦਸਵੀਦਾਨੀਆ (ਫਿਰ ਮਿਲਣ ਤੱਕ/ ਰੱਬ ਰਾਖਾ / ਅਲਵਿਦਾ) ਕਹਿਣਾ।’’ ਇਹ ਆਖ ਕੇ ਉਸ ਨੇ ਆਪਣੀ ਜੇਬ ਵਿਚ ਹੱਥ ਪਾਇਆ ਅਤੇ ਬੰਦ ਮੁੱਠੀ ਅੱਗੇ ਕਰ ਕੇ ਮੇਰੇ ਹੱਥ ਵਿਚ ਖੋਲ੍ਹ ਦਿੱਤੀ। ਮੈਂ ਕਿਹਾ, ‘‘ਇਹ ਕੀ ਹੈ?’’ ਉਸ ਜਵਾਬ ਦਿੱਤਾ, ‘‘ਇਹ 320 ਡਾਲਰ ਹਨ। ਅਕਸਾਨਾ ਨੇ ਤੇਰੇ ਦੇਣੇ ਸਨ। ਨਾਂਹ ਨਾ ਕਰੀਂ। ਨਹੀਂ ਤਾਂ ਉਹ ਸਾਡੇ ਨਾਲ ਬਹੁਤ ਗੁੱਸੇ ਹੋਵੇਗੀ। ਉਸ ਨੂੰ ਤੇਰੀ ਮਾਲੀ ਹਾਲਤ ਦਾ ਪਤਾ ਹੈ। ਤੇਰੇ ਕੰਮ ਆਉਣਗੇ।’’ ਮੈਂ ਬਹੁਤ ਮਨ੍ਹਾ ਕੀਤਾ, ਪਰ ਉਹ ਨਾ ਮੰਨੇ ਅਤੇ ਮੈਨੂੰ ਵਿਦਾ ਕਰ ਕੇ ਭਾਵੁਕ ਹੋਏ ਚਲੇ ਗਏ।

ਆਪਣੀ ਸੀਟ ’ਤੇ ਆ ਕੇ ਮੈਂ ਕੁਝ ਚਿਰ ਲਈ ਤਾਂ ਗੁੰਮ-ਸੁੰਮ ਹੀ ਹੋ ਗਿਆ। ਅਕਸਾਨਾ ਨੇ ਪੈਸੇ ਕਿਉਂ ਭੇਜੇ। 320 ਡਾਲਰ ਬਹੁਤ ਵੱਡੀ ਰਕਮ ਸੀ ਉਦੋਂ ਮੇਰੇ ਲਈ ਅਤੇ ਉਸ ਲਈ ਵੀ। ਏਨੀ ਵੱਡੀ ਕਿ ਖੁੱਲ੍ਹਾ-ਡੁੱਲ੍ਹਾ ਡੇਢ-ਦੋ ਸਾਲ ਦਾ ਰਹਿਣ ਅਤੇ ਖਾਣ-ਪੀਣ ਦਾ ਖਰਚਾ ਨਿਕਲ ਜਾਵੇ। ਉਸ ਨੇ ਮੇਰੇ ਬਾਰੇ ਕਿੰਨਾ ਸੋਚਿਆ। ਕਿੱਦਾਂ ਉਸ ਨੇ ਹਿਸਾਬ ਰੱਖਿਆ ਹੋਵੇਗਾ ਅਤੇ ਕਿੱਦਾਂ ਇਹ ਪੈਸੇ ਇਕੱਠੇ ਕੀਤੇ ਹੋਣਗੇ। ਮੇਰਾ ਮਨ ਇੱਕੋ ਵੇਲੇ ਉਸ ਦੇ ਪ੍ਰਤੀ ‘ਗੁੱਸੇ’, ਪਿਆਰ ਅਤੇ ਸਤਿਕਾਰ ਨਾਲ ਭਰਿਆ ਹੋਇਆ ਸੀ। ਬਿਨਾਂ ਕਿਸੇ ਇਕਰਾਰ-ਇਜ਼ਹਾਰ ਦੇ ਉਸ ਨੇ ਆਪਣੇ ਦਿਲ ਦਾ ਸੁਨੇਹਾ ਮੇਰੇ ਤਕ ਪਹੁੰਚਾ ਦਿੱਤਾ ਸੀ।

ਇਹ ਸੀ ਮੇਰੇ ਮੋਤੀਓਂ ਸੁੱਚੇ, ਪਾਕ-ਪਵਿੱਤਰ ਬੇਨਾਮ ਰਿਸ਼ਤੇ ਦੀ ਗਾਥਾ। ਯਕੀਨ ਜਾਣੋਂ, ਜੇਕਰ ਇਹ ਕਿੱਸਾ ਮੇਰੇ ਆਪਣੇ ਨਾਲ ਨਾ ਬੀਤਿਆ ਹੁੰਦਾ ਤਾਂ ਮੈਂ ਵੀ ਸ਼ਾਇਦ ਉਨ੍ਹਾਂ ਅਣਗਿਣਤ ਲੋਕਾਂ ਵਾਂਗ ਹੀ ਸੋਚਦਾ ਕਿ ਜਵਾਨ ਮੁੰਡੇ-ਕੁੜੀ ਜਾਂ ਮਰਦ-ਔਰਤ ਦਰਮਿਆਨ ਸੁੱਚੇ ਰਿਸ਼ਤੇ ਨਹੀਂ ਹੋ ਸਕਦੇ।

ਸੰਪਰਕ: 98147-11605

Advertisement
Tags :
ਸੁੱਚਾਰਿਸ਼ਤਾ: