ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੰਗਮੰਚ ਅਤੇ ਲੋਕਤੰਤਰ

08:28 AM Aug 23, 2020 IST

ਦਵਿੰਦਰ ਦਮਨ

Advertisement

ਮਨੁੱਖੀ ਜ਼ਿੰਦਗੀ ਦੇ ਵਿਕਾਸ ਦੇ ਇਤਿਹਾਸ ਵਿਚ ਜ਼ਿੰਦਗੀ ਦੇ ਅਲੱਗ ਅਲੱਗ ਪਹਿਲੂਆਂ ਵਿਚ ਹੈਰਾਨੀਜਨਕ ਤਰੱਕੀ ਹੋਈ ਹੈ ਅਤੇ ਕਲਾ, ਸਮਾਜਿਕ ਅਤੇ ਰਾਜਨੀਤਕ ਪਹਿਲੂਆਂ ਵਿਚ ਵੀ ਅਹਿਮ ਪ੍ਰਾਪਤੀਆਂ ਹੋਈਆਂ ਹਨ। ਇਨ੍ਹਾਂ ਵਿਚ ਰੰਗਮੰਚ ਕਲਾ ਅਤੇ ਸਿਆਸੀ ਪ੍ਰਬੰਧ ਦੀ ਆਪਣੀ ਅਲੱਗ ਅਹਿਮੀਅਤ ਹੈ। ਇਨ੍ਹਾਂ ਦੋਵਾਂ ਸੰਸਥਾਵਾਂ ਦਾ ਇਨਸਾਨੀ ਜ਼ਿੰਦਗੀ ਦੀ ਸਮੁੱਚੀ ਤਰੱਕੀ ਵਿਚ ਬਹੁਤ ਵੱਡਾ ਰੋਲ ਹੈ। ਵੇਖਿਆ ਜਾਵੇ ਤਾਂ ਇਹ ਦੋਵੇਂ ਹੀ ਸੰਸਥਾਵਾਂ ਇਨਸਾਨੀ ਜ਼ਿੰਦਗੀ ਦੇ ਮੁੱਢ ਕਦੀਮੀਂ ਦੌਰ ਵਿਚ ਹੀ ਸ਼ੁਰੂ ਹੋ ਗਈਆਂ ਸਨ। ਰੰਗਮੰਚ ਮਤਲਬ ਪ੍ਰਗਟਾਅ (Expression) ਅਤੇ ਸਿਆਸੀ ਪ੍ਰਬੰਧ ਭਾਵ ਸਮਾਜ ਦੀ ਸੰਭਾਲ। ਇਨ੍ਹਾਂ ਦੋਵਾਂ ਬਿਨਾਂ ਇਨਸਾਨੀ ਤਰੱਕੀ ਨਾ-ਮੁਮਕਿਨ ਸੀ। ਕਲਾਤਮਿਕ ਪ੍ਰਗਟਾਅ ਤੋਂ ਇਕ ਵਧੀਆ ਸਿਸਟਮ ਦੀ ਜ਼ਿੰਦਗੀ ਦਾ ਕਿਆਸ ਕਰਨਾ ਹੀ ਆਪਣੇ ਆਪ ਵਿਚ ਉਲਝਣਾ ਭਰਿਆ ਹੈ।

ਰੰਗਮੰਚ ਕਲਾ ਭਾਵ ਪ੍ਰਗਟਾਅ ਹੀ ਵਿਅਕਤੀ ਦਾ ਸਮਾਜ ਨੂੰ ਮੁਖਾਤਬਿ ਹੋਣ ਦਾ ਪਹਿਲਾ ਜ਼ਰੀਆ ਹੈ। ਆਦਮੀ ਦੇ ਪ੍ਰਗਟਾਅ ਕਰਨ ਦੇ ਯਤਨ ਵਿਚੋਂ ਹੀ ਸਾਰੀ ਕਲਾ ਪੈਦਾ ਹੋਈ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਨਸਾਨ ਦੇ ਪ੍ਰਗਟਾਉ ਦੇ ਇਤਿਹਾਸ ਵਿਚ ਉਸ ਦੀ ਤਰੱਕੀ ਦਾ ਇਤਿਹਾਸ ਸਮੋਇਆ ਹੋਇਆ ਹੈ। ਪ੍ਰਗਟਾਉ ਦੇ ਨਜ਼ਰੀਏ ਤੋਂ ਰੰਗਮੰਚ ਕਲਾ ਦੂਜੀਆਂ ਕਲਾਵਾਂ ਤੋਂ ਬਹੁਤ ਅਲੱਗ ਹੈ। ਸਾਰੀਆਂ ਕਲਾਵਾਂ ਪੈਦਾ ਹੁੰਦੀਆਂ ਹੀ ਸਥਿਰ (Freeze) ਹੋ ਜਾਂਦੀਆਂ ਹਨ ਜਦੋਂਕਿ ਰੰਗਮੰਚ ਹਮੇਸ਼ਾਂ ਹਰਕਤ ਵਿਚ ਰਹਿੰਦਾ ਹੈ। ਬਾਕੀ ਕਲਾਵਾਂ ਪੁਰਾਣੀਆਂ ਅਤੇ ਬਾਸੀ ਹੋ ਜਾਂਦੀਆਂ ਹਨ ਜਦੋਂਕਿ ਰੰਗਮੰਚ ਪੈਦਾ ਹੁੰਦਿਆਂ ਹੀ ਦਰਸ਼ਕਾਂ ’ਤੇ ਆਪਣੀ ਛਾਪ ਛੱਡ ਕੇ ਆਪ ਓਝਲ ਹੋ ਜਾਂਦਾ ਹੈ। ਇਸ ਨੂੰ ਜਦੋਂ ਵੀ ਪਰੋਸਿਆ ਜਾਂਦਾ ਹੈ ਤਾਜ਼ਾ ਹੀ ਪਰੋਸਿਆ ਜਾਂਦਾ ਹੈ। ਇਨ੍ਹਾਂ ਖ਼ੂਬੀਆਂ ਕਰਕੇ ਹੀ ਇਹ ਸਮੇਂ ਦੇ ਨਾਲ ਚੱਲਣ ਦੀ ਸਮਰੱਥਾ ਰੱਖਦਾ ਹੈ। ਜ਼ਰਾ ਆਦਿਵਾਸੀ ਦੌਰ ਦੇ ਜੀਵਨ ਦੀ ਕਲਪਨਾ ਕਰੋ। ਕਬੀਲਾ ਇਕੱਠਾ ਬੈਠਕੇ ਸ਼ਿਕਾਰ ਨੂੰ ਅੱਗ ’ਤੇ ਪਕਾ ਰਿਹਾ ਹੈ। ਇਕ ਬਜ਼ੁਰਗ ਸ਼ਿਕਾਰੀ ਨੂੰ ਪੁੱਛਦਾ ਹੈ ਕਿ ਏਡਾ ਵੱਡਾ ਸ਼ਿਕਾਰ ਕਿਵੇਂ ਮਾਰਿਆ? ਓਦੋਂ ਕੇਵਲ ਇਸ਼ਾਰਿਆਂ ਦੀ ਬੋਲੀ ਹੀ ਸੀ। ਸ਼ਾਬਦਿਕ ਬੋਲੀ ਅਜੇ ਵਿਕਸਿਤ ਨਹੀਂ ਹੋਈ ਸੀ। ਸ਼ਿਕਾਰੀ ਅਤੇ ਉਸ ਦੀ ਟੋਲੀ ਕਿਰਿਆ ਰਾਹੀਂ ਉਹ ਸਾਰਾ ਨਾਟਕ ਕਰਕੇ ਵਿਖਾਉਂਦੇ ਹਨ। ਸੋ ਇਸ਼ਾਰਿਆਂ ਦੀ ਬੋਲੀ ਮਨੁੱਖ ਦੀ ਪਹਿਲੀ ਬੋਲੀ ਹੈ ਜੋ ਅੱਜ ਵੀ ਬਰਕਰਾਰ ਹੈ। ਅੱਜ ਵੀ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਅੱਖਾਂ, ਹੱਥ, ਪੈਰ ਜਾਂ ਸਿਰ ਹਿਲਾ ਕੇ ਚੁੱਪ ਵਿਚ ਹੀ ਜਵਾਬ ਦੇ ਦਿੰਦੇ ਹਾਂ। ਆਪਣੀ ਦਲੀਲ ’ਤੇ ਜ਼ੋਰ ਦਿੰਦੇ ਸਮੇਂ ਕਈ ਵਾਰ ਅਸੀਂ ਆਪਣਾ ਮੁੱਕਾ ਵੀ ਜ਼ੋਰ ਨਾਲ ਮੇਜ਼ ’ਤੇ ਮਾਰਦੇ ਹਾਂ। ਇਹੋ ਇਸ਼ਾਰੇ ਰੰਗਮੰਚ ਦੀ ਕਲਾ ਵਿਚ ਅਦਾਕਾਰੀ ਦਾ ਅਟੁੱਟ ਹਿੱਸਾ ਹਨ ਸਗੋਂ ਇਸ਼ਾਰਿਆਂ ਨੇ ਬਿਨਾਂ ਭਾਸ਼ਾ ਤੋਂ ਹੀ ਰੰਗਮੰਚ ਦੀ ਦੁਨੀਆਂ ਵਿਚ ਪੈਂਟੋਮਾਇਮ (Panto Mime) ਦੇ ਰੂਪ ਵਿਚ ਆਜ਼ਾਦਾਨਾ ਤੌਰ ’ਤੇ ਆਪਣਾ ਸਰੂਪ ਬਰਕਰਾਰ ਰੱਖਿਆ ਹੈ।

Advertisement

ਹਰ ਮਨੁੱਖ ਵਿਚ ਅਦਾਕਾਰੀ ਦੇ ਗੁਣ ਮੌਜੂਦ ਹਨ। ਅਦਾਕਾਰੀ ਦੇ ਗੁਣ ਮਨੁੱਖ ਦੇ ਨਾਲ ਹੀ ਪੈਦਾ ਅਤੇ ਵਿਕਸਿਤ ਹੁੰਦੇ ਹਨ। ਅਸੀਂ ਸਭ ਕਿਸੇ ਨਾ ਕਿਸੇ ਰੂਪ ਵਿਚ ਅਦਾਕਾਰ ਹਾਂ। ਜਦੋਂ ਅਸੀਂ ਕੁਝ ਪੋਜ਼ ਕਰ ਰਹੇ ਹੁੰਦੇ ਹਾਂ ਜਾਂ ਝੂਠ ਬੋਲ ਰਹੇ ਹੁੰਦੇ ਹਾਂ ਤਾਂ ਓਦੋਂ ਸਾਡੀ ਅਦਾਕਾਰੀ ਦੀ ਕਲਾ ਵੇਖਣ ਯੋਗ ਹੁੰਦੀ ਹੈ।

ਅਦਾਕਾਰੀ ਮਨੁੱਖ ਦੀ ਸਭ ਤੋਂ ਪਹਿਲੀ ਕਲਾ ਹੈ। ਬਾਕੀ ਕਲਾਵਾਂ ਬਾਅਦ ਵਿਚ ਪੈਦਾ ਹੋਈਆਂ। ਇਸੇ ਲਈ ਅੱਜ ਵੀ ਗੁਫ਼ਾਵਾਂ ਵਿਚ ਵੇਖੇ ਜਾ ਸਕਦੇ ਪਹਿਲੇ ਚਿੱਤਰ ਮਨੁੱਖ ਦੇ ਸ਼ਿਕਾਰ ਖੇਡਣ ਦੇ ਦ੍ਰਿਸ਼ ਹੀ ਪ੍ਰਗਟ ਕਰਦੇ ਹਨ। ਇਹ ਚਿੱਤਰਾਂ ਦੇ ਰੂਪ ਵਿਚ ਮਨੁੱਖ ਦੀ ਪਹਿਲੀ ਕਹਾਣੀ ਲਿਖਣ ਦੀ ਕਲਾ ਵੀ ਹੈ।

ਰੰਗਮੰਚ ਕਲਾ ਦੀ ਪਹਿਲੀ ਖ਼ੂਬੀ ਇਹ ਹੈ ਕਿ ਇਹ ਇਕੋ ਸਮੇਂ ਹਜ਼ਾਰਾਂ ਦੀ ਭੀੜ ਨੂੰ ਮੁਖਾਤਬਿ ਹੋ ਸਕਦਾ ਹੈ। ਵਰ੍ਹਿਆਂ ਤੋਂ ਪੁਸਤਕਾਲਿਆਂ ਵਿਚ ਬੰਦ ਪਈਆਂ ਕਿਤਾਬਾਂ ਜਦੋਂ ਨਾਟਕ ਵਿਚ ਰੁਪਾਂਤਰ ਹੋ ਕੇ ਮੰਚ ’ਤੇ ਪ੍ਰਗਟ ਹੁੰਦੀਆਂ ਹਨ ਤਾਂ ਉਸ ਨੂੰ ਇਕੋ ਸਮੇਂ ਹਜ਼ਾਰਾਂ ਦਰਸ਼ਕ ਪੜ੍ਹ ਰਹੇ ਹੁੰਦੇ ਹਨ।

ਮਨੁੱਖ ਦੀ ਦੂਜੀ ਵੱਡੀ ਪ੍ਰਾਪਤੀ ਉਸ ਦਾ ਸਿਆਸੀ ਪ੍ਰਬੰਧ ਹੈ। ਮਨੁੱਖ ਆਪਣੇ ਸ਼ਿਕਾਰੀ ਜੀਵਨ ਦੇ ਦੌਰ ਤੋਂ ਲੈ ਕੇ ਹੁਣ ਤੀਕ ਬਹੁਤ ਅਲੱਗ ਅਲੱਗ ਸਿਆਸੀ ਪ੍ਰਬੰਧਾਂ ਵਿਚੋਂ ਗੁਜ਼ਰਿਆ ਹੈ। ਟੱਬਰ ਦਾ ਸੰਗਠਨ, ਕਬੀਲਿਆਂ ਦੀਆਂ ਪੰਚਾਇਤਾਂ, ਛੋਟੇ ਛੋਟੇ ਕਬੀਲਿਆਂ ਦੀ ਸਰਦਾਰੀ, ਛੋਟੇ ਛੋਟੇ ਰਾਜਿਆਂ ਦੀਆਂ ਰਿਆਸਤਾਂ ਦਾ ਜਾਗੀਰਦਾਰੀ ਦੌਰ, ਵੱਡੇ ਵੱਡੇ ਬਾਦਸ਼ਾਹਾਂ ਦੀਆਂ ਬਾਦਸ਼ਾਹਤਾਂ, ਤਾਨਾਸ਼ਾਹੀ, ਸਮਾਜਵਾਦ ਤੇ ਅੱਜ ਦਾ ਲੋਕਤੰਤਰ ਆਦਿ। ਭਾਵੇਂ ਅੱਜ ਵੀ ਪੂਰੀ ਦੁਨੀਆਂ ਵਿਚ ਲੋਕਤੰਤਰ ਬਰਕਰਾਰ ਨਹੀਂ ਹੈ, ਪਰ ਵੱਡੀ ਲੋਕ ਰਾਇ ਲੋਕਤੰਤਰ ਦੇ ਹੱਕ ਵਿਚ ਹੀ ਹੈ। ਇਹ ਵੱਖਰੀ ਗੱਲ ਹੈ ਕਿ ਵੱਖ ਵੱਖ ਰਾਜਨੀਤਕ ਸਿਧਾਂਤ ਲੋਕਤੰਤਰ ਨੂੰ ਆਪੋ-ਆਪਣੇ ਨਜ਼ਰੀਏ ਤੋਂ ਵੇਖਦੇ ਹਨ। ਵਲਾਦੀਮੀਰ ਲੈਨਿਨ ਅਨੁਸਾਰ “ਪਰੋਲੇਤਾਰੀ ਦੀ ਤਾਨਾਸ਼ਾਹੀ ਹੀ ਵਿਸ਼ਾਲ ਲੋਕਤੰਤਰ ਪ੍ਰਦਾਨ ਕਰ ਸਕਦੀ ਹੈ… ਅੱਗੇ ਲੋਕਤੰਤਰ ਸਮਾਜਵਾਦ ਦਾ ਰਾਹ ਵਿਖਾਉਂਦਾ ਹੈ।” ਕਾਰਲ ਮਾਰਕਸ ਅਨੁਸਾਰ “ਅਸਲ ਲੋਕਤੰਤਰ ਓਦੋਂ ਹੀ ਬਹਾਲ ਹੋ ਸਕਦਾ ਹੈ ਜੇਕਰ ਪੈਦਾਵਾਰ ਦੇ ਵਸੀਲਿਆਂ ’ਤੇ ਸਭ ਨਾਗਰਿਕਾਂ ਦਾ ਇਕੋ ਜਿੰਨਾ ਅਧਿਕਾਰ ਹੋਵੇ।” ਜੀ.ਬੀ. ਬਰਨਾਰਡ ਸ਼ਾਅ ਅਨੁਸਾਰ “ਜਮਹੂਰੀਅਤ ਉਹ ਜੰਤਰ ਹੈ ਜੋ ਲੋਕਾਂ ਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਸਾਨੂੰ ਅਜਿਹਾ ਪ੍ਰਬੰਧ ਹੀ ਮਿਲੇਗਾ ਜਿਸ ਦੇ ਅਸੀਂ ਹੱਕਦਾਰ ਹਾਂ।” ਆਸਕਰ ਵਾਈਲਡ ਲੋਕਤੰਤਰ ਨੂੰ ਇਕ ਡੰਡਾ ਮੰਨਦਾ ਹੈ ਜੋ ਲੋਕਾਂ ਦੇ ਹੱਥ ਵਿਚ, ਲੋਕਾਂ ਵੱਲੋਂ ਅਤੇ ਲੋਕਾਂ ਵਾਸਤੇ ਹੈ। ਮਹਾਤਮਾ ਗਾਂਧੀ ਦਾ ਵਿਸ਼ਵਾਸ ਹੈ ਕਿ ਸੱਚੇ ਲੋਕਤੰਤਰ ਵਿਚ ਵਿਸ਼ਵਾਸ ਰੱਖਣ ਵਾਲਾ ਉਹੀ ਮਨੁੱਖ ਹੋ ਸਕਦਾ ਹੈ ਜੋ ਸ਼ਾਂਤਮਈ ਢੰਗ ਨਾਲ ਆਪਣੀ, ਆਪਣੇ ਦੇਸ਼ ਦੀ ਅਤੇ ਸਮੂਹ ਮਨੁੱਖਤਾ ਦੀ ਰਾਖੀ ਕਰੇ। ਜਨਾਬ ਮੁਹੰਮਦ ਅਲੀ ਜਿਨਾਹ ਫ਼ਰਮਾਉਂਦੇ ਹਨ ਕਿ “ਜਮਹੂਰੀਅਤ ਮੁਸਲਮਾਨਾਂ ਦੇ ਲਹੂ ਵਿਚ ਹੈ ਜੋ ਸਭ ਮਨੁੱਖਾਂ ਨੂੰ ਬਰਾਬਰ ਸਮਝਦੇ ਹਨ ਅਤੇ ਭਾਈਚਾਰੇ, ਬਰਾਬਰੀ ਅਤੇ ਆਜ਼ਾਦੀ ਵਿਚ ਵਿਸ਼ਵਾਸ ਰੱਖਦੇ ਹਨ।”

ਬੇਸ਼ੱਕ ਬਹੁਤ ਸਾਰੇ ਦੇਸ਼ਾਂ ਦੇ ਲੋਕ ਲੋਕਤੰਤਰ ਦੀ ਬਹਾਲੀ ਲਈ ਜੂਝ ਰਹੇ ਹਨ। ਲੋਕਤੰਤਰ ਦਾ ਮਤਲਬ ਹੈ ਕਿ ਆਮ ਲੋਕਾਂ ਦੀ ਸਿਆਸੀ ਪ੍ਰਬੰਧ ਵਿਚ ਸ਼ਮੂਲੀਅਤ ਹੋਵੇ, ਖੁੱਲ੍ਹਾ ਅਤੇ ਆਜ਼ਾਦ ਸਮਾਜ ਹੋਵੇ ਜੋ ਹਰ ਵਿਅਕਤੀ ਦੇ ਹਿੱਤਾਂ, ਹੱਕਾਂ ਅਤੇ ਗੌਰਵ ਦੀ ਰਾਖੀ ਕਰੇ ਅਤੇ ਉਸ ਦੀਆਂ ਉਮੀਦਾਂ ’ਤੇ ਖਰੀ ਉਤਰੇ।

ਲੋਕਤੰਤਰ ਦੇ ਸਬੰਧ ਵਿਚ ਦੁਨੀਆਂ ਦੇ ਇਤਿਹਾਸ ’ਤੇ ਝਾਤ ਮਾਰਿਆਂ ਪਤਾ ਲੱਗਦਾ ਹੈ ਕਿ ਲੋਕਤੰਤਰ (Democracy) ਸ਼ਬਦ ਅਤੇ ਡੈਮੋਕਰੇਸੀ ਢਾਂਚੇ ਦਾ ਆਰੰਭ ਯੂਨਾਨ ਵਿਚੋਂ ਹੋਇਆ। ਅੱਗੇ ਚੱਲ ਕੇ ਇਸ ਦੇ ਆਧਾਰ ’ਤੇ ਹੀ ਯੂਰੋਪ ਵਿਚ ਇਸ ਦੀ ਸ਼ੁਰੂਆਤ ਹੋਈ। ਇਹ ਵੀ ਇਕ ਹੈਰਾਨੀਜਨਕ ਵਰਤਾਰਾ ਹੈ ਕਿ ਉਸੇ ਸਮੇਂ ਹੀ ਯੂਨਾਨ ਵਿਚ ਫਲਸਫ਼ੇ, ਰੰਗਮੰਚ, ਚਿੱਤਰਕਲਾ, ਬੁੱਤਸ਼ਿਕਨੀ ਅਤੇ ਇਮਾਰਤਸਾਜ਼ੀ ਆਦਿ ਕਲਾਵਾਂ ਦਾ ਅਗਾਜ਼ ਅਤੇ ਤਰੱਕੀ ਹੋਈ। ਇਸ ਵਰਤਾਰੇ ਤੋਂ ਇਕ ਹੋਰ ਨੁਕਤਾ ਸਮਝ ਆਉਂਦਾ ਹੈ ਕਿ ਕਲਾ ਦੇ ਅਜਿਹੇ ਪ੍ਰਗਟਾਓ ਦੀ ਤਰੱਕੀ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਕਲਾਕਾਰ ਕਿਸ ਤਰ੍ਹਾਂ ਦੇ ਪ੍ਰਬੰਧ ਵਿਚ ਜੀਅ ਰਿਹਾ ਹੈ। ਕੀ ਉਹ ਇਕ ਆਜ਼ਾਦ ਸਮਾਜ ਅੰਦਰ ਇਨਸਾਨੀ ਹੱਕਾਂ ਨਾਲ ਜੀਵਨ ਬਤੀਤ ਕਰ ਰਿਹਾ ਹੈ ਅਤੇ ਉਹ ਕਲਾ ਨੂੰ ਸਮਰਪਿਤ ਹੋਇਆ ਲੋੜੀਂਦਾ ਦਾ ਗੌਰਵ ਹਾਸਿਲ ਕਰ ਰਿਹਾ ਹੈ? ਏਥਨਜ਼ ਵਿਚ ਬੋਲਣ ਦੀ ਆਜ਼ਾਦੀ ਉਸ ਲੋਕਤੰਤਰ ਪ੍ਰਬੰਧ ਵਿਚ ਇਕ ਹੈਰਾਨੀਜਨਕ ਮਿਸਾਲ ਹੈ ਕਿ ਉਸੇ ਸਮੇਂ ਸੁਕਰਾਤ, ਪਲੈਟੋ ਅਤੇ ਅਰਸਤੂ ਖੁੱਲ੍ਹੇਆਮ ਲੋਕਤੰਤਰ ਦੀਆਂ ਧੱਜੀਆਂ ਉਡਾ ਰਹੇ ਸਨ। ਸੁਕਰਾਤ ਸਿਆਸੀ ਪ੍ਰਬੰਧ ਵਿਚ ਆਮ ਲੋਕਾਂ ਦੀ ਸ਼ਮੂਲੀਅਤ ਪਸੰਦ ਨਹੀਂ ਕਰਦਾ ਸੀ। ਪਲੈਟੋ ਦਾ ਕਹਿਣਾ ਸੀ ਕਿ “ਲੋਕਤੰਤਰ ਵਿਚ ਆਜ਼ਾਦੀ ਦੀ ਜ਼ਿਆਦਾ ਖੁੱਲ੍ਹ ਤਾਨਾਸ਼ਾਹੀ, ਜ਼ੁਲਮ ਅਤੇ ਗੁਲਾਮੀ ਨੂੰ ਜਨਮ ਦਿੰਦੀ ਹੈ।” ਅਰਸਤੂ ਦਾ ਕਹਿਣਾ ਹੈ: “ਲੋਕਤੰਤਰ ਵਿਚ ਗ਼ਰੀਬ ਲੋਕਾਂ ਦੇ ਹੱਥ ਵਿਚ ਜ਼ਿਆਦਾ ਤਾਕਤ ਆ ਜਾਂਦੀ ਹੈ ਕਿਉਂਕਿ ਉਨ੍ਹਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ।” ਉਹ ਅੱਗੇ ਦੱਸਦਾ ਹੈ: “ਲੋਕਤੰਤਰ ਉਹ ਹੈ ਜਿਸ ਵਿਚ ਤਾਕਤ ਨੀਵੀਂ ਜਾਤ ਵਿਚ ਜਨਮੇ, ਕੰਮੀ-ਕਮੀਣਾਂ ਦੇ ਹੱਥ ਵਿਚ ਆ ਜਾਂਦੀ ਹੈ।” ਹਾਲਾਂਕਿ ਯੂਨਾਨ ਵਿਚ ਲੋਕਤੰਤਰ ਅਜੇ ਅਧੂਰਾ ਸੀ ਜਿਸ ਵਿਚ ਔਰਤਾਂ, ਗ਼ੁਲਾਮਾਂ ਅਤੇ ਪਰਦੇਸੀ ਕਾਰੀਗਰਾਂ ਨੂੰ ਸਿਆਸਤ ਵਿਚ ਹਿੱਸਾ ਲੈਣ ਦਾ ਹੱਕ ਹਾਸਿਲ ਨਹੀਂ ਸੀ।

ਯੂਨਾਨੀ ਲੋਕਤੰਤਰ ਕਿਹੋ ਜਿਹਾ ਵੀ ਰਿਹਾ ਹੋਵੇ ਮੁੱਢਲਾ, ਅਧੂਰਾ ਜਾਂ ਪੂਰਾ, ਪਰ ਇਸ ਦਾ ਜਨਮ ਰੰਗਮੰਚ ਦੀ ਕੁੱਖੋਂ ਹੋਇਆ ਹੈ। ਏਥਨਜ਼ (Athens) ਵਿਚ ਹਰ ਸਾਲ ਰੰਗਮੰਚ ਦੇ ਦੋ ਮੇਲੇ ਕਰਨ ਦਾ ਰਿਵਾਜ ਸੀ। ਇਕ ਸ਼ਹਿਰੀ ਤੇ ਇਕ ਪੇਂਡੂ। ਇਹ ਕਈ ਕਈ ਮਹੀਨੇ ਚੱਲਦੇ ਸਨ। ਇਨ੍ਹਾਂ ਵਿਚ ਗੀਤਾਂ ਅਤੇ ਨਾਚਾਂ ਦੁਆਰਾ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ। ਇਹ ਅੱਜ ਦੇ ਜ਼ਮਾਨੇ ਵਰਗਾ ਰੰਗਮੰਚ ਨਹੀਂ ਸੀ। ਅਕਸਰ ਨਾਚ ਅਤੇ ਗੀਤ ਕੋਰਸ (ਸਮੂਹ) ਦੁਆਰਾ ਪੇਸ਼ ਕੀਤੇ ਜਾਂਦੇ ਸਨ। ਇਕ ਦਿਨ ਅਚਾਨਕ ਇਕ ਘਟਨਾ ਵਾਪਰੀ। ਕੋਰਸ ਦਾ ਆਗੂ ਸਮੂਹ ਤੋਂ ਅਲੱਗ ਹੋ ਕੇ ਖੜ੍ਹ ਗਿਆ। ਨਾਚ ਦੇ ਅੰਤ ’ਤੇ ਉਹ ਮੰਚ ਦੇ ਕੇਂਦਰ ਵਿਚ ਆਇਆ ਅਤੇ ਅਦਾਕਾਰੀ ਕਰਦਿਆਂ ਸੰਵਾਦ ਬੋਲਣੇ ਸ਼ੁਰੂ ਕਰ ਦਿੱਤੇ। ਇਹ ਰਵਾਇਤ ਤੋਂ ਬਹੁਤ ਹਟ ਕੇ ਸੀ, ਪਰ ਦਰਸ਼ਕਾਂ ਨੇ ਬਹੁਤ ਹੀ ਪਸੰਦ ਕੀਤਾ। ਬਸ ਇਸ ਤੋਂ ਬਾਅਦ ਰੰਗਮੰਚ ਦਾ ਸਰੂਪ ਹੀ ਬਦਲ ਗਿਆ। ਇਸ ਤੋਂ ਬਾਅਦ ਦਰਸ਼ਕਾਂ ਵਿਚ ਇਸ ਨਵੀਂ ਕਿਸਮ ਦਾ ਰੰਗਮੰਚ ਹਰਮਨ-ਪਿਆਰਾ ਹੋ ਗਿਆ ਕਿਉਂਕਿ ਰੰਗਮੰਚ ਹੁਣ ਕੇਵਲ ਦੇਵਤਿਆਂ ਦੀ ਅਰਾਧਨਾ ਤਕ ਹੀ ਸੀ ਨਹੀਂ ਰਿਹਾ ਸਗੋਂ ਲੋਕਾਂ ਦੀ ਖ਼ੁਸ਼ੀ-ਗ਼ਮੀ ਅਤੇ ਦੁੱਖ-ਸੁੱਖ ਦਾ ਪ੍ਰਗਟਾਅ ਵੀ ਕਰਦਾ ਸੀ। ਇਸ ਅਦਾਕਾਰ ਦਾ ਨਾਂ ਥੈਸਪਿਸ (Thespis) ਸੀ ਜਿਸ ਨੂੰ ਰੰਗਮੰਚ ਦੇ ਇਤਿਹਾਸ ਵਿਚ ਪਹਿਲਾ ਅਦਾਕਾਰ, ਪਹਿਲਾ ਨਿਰਦੇਸ਼ਕ ਅਤੇ ਪਹਿਲਾ ਨਾਟਕ ਲੇਖਕ ਮੰਨਿਆ ਜਾਂਦਾ ਹੈ । ਇਸ ਤੋਂ ਬਾਅਦ ਹੀ ਐਸਕਾਇਲਸ (Aeschylus), ਸੋਫ਼ੋਕਲਜ਼ ( Sophocles) ਅਤੇ ਯੂਰੀਪੀਡਜ਼ (Euripides) ਵਰਗੇ ਮਹਾਨ ਨਾਟਕਕਾਰਾਂ ਦਾ ਆਗਮਨ ਹੋਇਆ। ਰੰਗਮੰਚ ਦੇ ਪੁਰਾਣੇ ਸਰੂਪ ਨੂੰ ਨਵੇਂ ਸਰੂਪ ਵਿਚ ਢਾਲਣ ਦਾ ਸਿਹਰਾ ਭਾਵੇਂ ਥੈਸਪਿਸ ਨੂੰ ਜਾਂਦਾ ਹੈ, ਪਰ ਰੰਗਮੰਚ ਦੁਆਰਾ ਲੋਕਤੰਤਰ ਪੈਦਾ ਕਰਨ ਦਾ ਸਿਹਰਾ ਪੀਸਿਸਤਰਾਤੋਸ ( Peisistratos ) ਨਾਂ ਦੇ ਜਰਨੈਲ ਸਿਰ ਬੱਝਦਾ ਹੈ। ਉਸ ਨੇ ਹੀ ਹੋਮਰ ਦੀਆਂ ਦੋ ਕਵਿਤਾਵਾਂ ਇਲੀਅਡ ਅਤੇ ਓਡੀਸੀ ਨੂੰ ਲਿੱਪੀਬੱਧ ਕਰਵਾ ਕੇ ਸੰਭਾਲਿਆ ਅਤੇ ਏਥਨਜ਼ ਵਿਚ ਪਹਿਲੀ ਵਾਰ ਪੁਸਤਕਾਲੇ ਦੀ ਉਸਾਰੀ ਕਰਵਾਈ। ਭਾਵੇਂ ਉਸ ਨੂੰ ਅੱਤਿਆਚਾਰੀ ਗਰਦਾਨਿਆ ਗਿਆ, ਪਰ ਏਥਨਜ਼ ਦੀ ਜਿੰਨੀ ਤਰੱਕੀ ਉਸਦੇ ਰਾਜ ਵਿਚ ਹੋਈ ਅਤੇ ਉਸ ਦੇ ਰਾਜ ਵਿਚ ਨਾਗਰਿਕ ਜਿੰਨੇ ਸੁਖੀ ਸਨ ਉਸ ਤੋਂ ਪਹਿਲਾਂ ਕਦੇ ਨਹੀਂ ਸਨ। ਉਸ ਦੇ ਰਾਜ ਵਿਚਲੇ ਚਾਰ ਕਬੀਲੇ ਹਮੇਸ਼ਾਂ ਆਪਸ ਵਿਚ ਲੜਦੇ ਰਹਿੰਦੇ ਸਨ। ਪੀਸਿਸਤਰਾਤੋਸ ਨੂੰ ਇਹ ਅੱਛਾ ਨਹੀਂ ਸੀ ਲੱਗਦਾ। ਏਥਨਜ਼ ਵਿਚ ਇਹ ਚਾਰੇ ਕਬੀਲੇ ਆਪੋ-ਆਪਣੇ ਰੰਗਮੰਚ ਮੇਲਿਆਂ ਦਾ ਪਰਯੋਜਨ ਕਰਦੇ ਸਨ। ਪੀਸਿਸਤਰਾਤੋਸ ਨੇ ਚਾਰੇ ਕਬੀਲਿਆਂ ਨੂੰ ਸਾਂਝੇ ਤੌਰ ’ਤੇ ਏਥਨਜ਼ ਵਿਚ ਇਕੋ ਥਾਂ ਤੇ ਇਕੋ ਸਮੇਂ ਰੰਗਮੰਚ ਮੇਲਾ ਕਰਨ ਲਈ ਪ੍ਰੇਰਿਆ। ਇਹ ਇਨਕਲਾਬੀ ਕਦਮ ਸੀ। ਚਾਰੇ ਕਬੀਲੇ ਇਕੋ ਜਗ੍ਹਾ ਇਕੱਠੇ ਹੋਣ ਲੱਗੇ। ਉਨ੍ਹਾਂ ਵਿਚ ਆਪਸੀ ਮੇਲ-ਜੋਲ ਵਧਣ ਲੱਗਿਆ। ਉਨ੍ਹਾਂ ਨੂੰ ਭਾਈਚਾਰੇ ਦੇ ਮਤਲਬ ਸਮਝ ਆਉਣ ਲੱਗੇ। ਏਥਨਜ਼ ਵਾਸੀਆਂ ਵਿਚ ਮਿਲਜੁਲ ਕੇ ਰਹਿਣ ਦੀ ਜਾਗਰੂਕਤਾ ਪੈਦਾ ਹੋਣ ਲੱਗੀ। ਇਸ ਦੇ ਆਧਾਰ ’ਤੇ ਇਕ ਅਸੈਂਬਲੀ ਦਾ ਨਿਰਮਾਣ ਹੋਇਆ ਜਿਸਦੇ ਮੈਂਬਰ ਲਾਟਰੀ ਦੇ ਆਧਾਰ ’ਤੇ ਚੁਣੇ ਜਾਂਦੇ ਸਨ, ਕਬੀਲਿਆਂ ਦੀ ਗਿਣਤੀ ਦੇ ਆਧਾਰ ’ਤੇ ਨਹੀਂ। ਇਸ ਤਰ੍ਹਾਂ ਦੁਨੀਆ ਵਿਚ ਪਹਿਲੀ ਵਾਰ ਲੋਕਤੰਤਰ ਦਾ ਆਰੰਭ ਹੋਇਆ ਜਿਸਨੂੰ ਏਥਨਜ਼ ਵਾਸੀਆਂ ਨੇ ਪੂਰੇ 104 ਸਾਲ ਮਾਣਿਆ। ਰੰਗਮੰਚ ਦੀ ਪ੍ਰੇਰਨਾ ਸਦਕਾ ਸਰਕਾਰੀ ਪ੍ਰਬੰਧ ਵਿਚ ਆਮ ਸਾਧਾਰਨ ਲੋਕਾਂ ਦੀ ਵਧ-ਚੜ੍ਹ ਕੇ ਏਨੀ ਨੁਮਾਇੰਦਗੀ ਹੋਈ ਕਿ ਪਲੈਟੋ (Plato) ਲੋਕਤੰਤਰ ਦੇ ਨਾਲ ਨਾਲ ਰੰਗਮੰਚ ਦੇ ਵੀ ਖ਼ਿਲਾਫ਼ ਹੋ ਗਿਆ। ਉਸਨੇ ਕਿਹਾ “The worst form of government was Theatocracy”. ( ਜਿਸ ਦਾ ਅਰਥ ਸੀ ਨਾਟਕਬਾਜ਼ਾਂ ਦੀ, ਤਮਾਸ਼ਬੀਨਾਂ ਦੀ, ਕੂੜੇ ਦੀ, ਜਨਸਾਧਾਰਨ ਦੀ, ਭੀੜ ਦੀ ਸਰਕਾਰ)। ਇਸ ਤੋਂ ਬਾਅਦ ਜੰਗ ਸ਼ੁਰੂ ਹੋ ਗਈ। ਸਪਾਰਟਾ ਦੇ ਹੱਥੋਂ ਏਥਨਜ਼ ਹਾਰ ਗਿਆ ਅਤੇ ਖੇਰੂੰ ਖੇਰੂੰ ਹੋ ਗਿਆ। ਇਸ ਦੇ ਨਾਲ ਹੀ ਏਥਨਜ਼ ਵਿਚ ਰੰਗਮੰਚ ਦਾ ਯੁੱਗ ਖ਼ਤਮ ਹੋ ਗਿਆ ਅਤੇ ਲੋਕਤੰਤਰ ਦਾ ਵੀ।

ਰੰਗਮੰਚ ਅਤੇ ਲੋਕਤੰਤਰ ਦਾ ਬੜਾ ਗੂੜ੍ਹਾ ਰਿਸ਼ਤਾ ਹੈ। ਇਹ ਇਕ-ਦੂਸਰੇ ਬਿਨਾਂ ਨਹੀਂ ਰਹਿ ਸਕਦੇ। ਇਹ ਵੀ ਨਹੀਂ ਹੈ ਕਿ ਰੰਗਮੰਚ ਨਾਲ ਲੋਕਤੰਤਰ ਦਾ ਕੋਈ ਵਿਰੋਧ ਨਹੀਂ ਹੈ। ਜਦੋਂ ਲੋਕਤੰਤਰ ਸਿਰਫ਼ ਨਾਂ ਦਾ ਹੀ ਰਹਿ ਜਾਂਦਾ ਹੈ, ਜਦੋਂ ਇਕ ਖ਼ਾਸ ਵਰਗ ਲੋਕਤੰਤਰ ਦਾ ਮਖੌਟਾ ਪਾ ਕੇ ਦੇਸ਼ ਦੇ ਆਰਥਿਕ ਵਸੀਲਿਆਂ ’ਤੇ ਕਾਬਜ਼ ਹੋ ਜਾਂਦਾ ਹੈ ਤਾਂ ਰੰਗਮੰਚ ਇਸ ਬੇਇਨਸਾਫ਼ੀ ਖ਼ਿਲਾਫ਼ ਲੜਨ ਲਈ ਆਵਾਮ ਨੂੰ ਜਾਗਰੂਕ ਕਰਦਾ ਹੈ। ਉਹ ਲੋਕਾਂ ਦੀ ਜ਼ਬਾਨ ਬਣਦਾ ਹੈ ਅਤੇ ਉਨ੍ਹਾਂ ਦੇ ਨਾਲ ਖੜ੍ਹਦਾ ਹੈ। ਇਹੋ ਕਾਰਨ ਹੈ ਕਿ ਲੋਕਤੰਤਰ ਵਿਚ ਵੀ ਰੰਗਮੰਚ ’ਤੇ ਪਾਬੰਦੀ ਲੱਗ ਜਾਂਦੀ ਹੈ, ਪਰ ਰੰਗਮੰਚ ਡਰ ਕੇ ਬੈਠਦਾ ਨਹੀਂ। ਉਹ ਕਦੇ ਘਰਾਂ ਦੀਆਂ ਛੱਤਾਂ ’ਤੇ ਜਾਂ ਭੋਰਿਆਂ ਵਿਚ, ਕਦੀ ਪਾਰਕਾਂ ਵਿਚ ਜਾਂ ਫੈਕਟਰੀਆਂ ਦੇ ਗੇਟਾਂ ’ਤੇ ਜਾਂ ਅਹਾਤਿਆਂ ਦਾ ਇਸਤੇਮਾਲ ਕਰਦਾ ਹੈ। ਇਹ ਅੱਜ ਵੀ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿਚ ਤਸ਼ੱਦਦ ਅਤੇ ਪਾਬੰਦੀਆਂ ਦੇ ਬਾਵਜੂਦ ਸੱਚੀ ਜਮਹੂਰੀਅਤ ਅਤੇ ਇਨਸਾਨੀ ਹੱਕਾਂ ਦੀ ਬਹਾਲੀ ਲਈ ਜੱਦੋਜਹਿਦ ਕਰਦਿਆਂ ਆਵਾਮ ਨੂੰ ਜਾਗਰੂਕ ਕਰ ਰਿਹਾ ਹੈ। ਜਿਵੇਂ ਕਿ ਦੱਸਿਆ ਜਾ ਚੁੱਕਾ ਹੈ ਕਿ ਰੰਗਮੰਚ ਅਤੇ ਲੋਕਤੰਤਰ ਇਕ ਦੂਜੇ ਬਿਨਾਂ ਨਹੀਂ ਰਹਿ ਸਕਦੇ, ਅਸਲ ਲੋਕਤੰਤਰ ਦੀ ਪ੍ਰਾਪਤੀ ਉਪਰੰਤ ਉਸ ਨੂੰ ਸੁਧਾਰਨ, ਮਨੁੱਖੀ ਕਦਰਾਂ-ਕੀਮਤਾਂ ਦੀ ਬਹਾਲੀ, ਲੋਕਤੰਤਰ ਨੂੰ ਸਿਹਤਮੰਦ ਅਤੇ ਬਰਕਰਾਰ ਰੱਖਣ ਲਈ ਰੰਗਮੰਚ ਜ਼ਰੂਰੀ ਹੈ। ਜਦੋਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਲੋਕਾਂ ਵੱਲੋਂ ਲਾਪਰਵਾਹ ਹੋ ਜਾਂਦੇ ਹਨ, ਆਪਣੇ ਫ਼ਰਜ਼ ਭੁੱਲ ਜਾਂਦੇ ਹਨ, ਭ੍ਰਿਸ਼ਟ ਅਤੇ ਬੇਸ਼ਰਮ ਹੋ ਜਾਂਦੇ ਹਨ ਤਾਂ ਰੰਗਮੰਚ ਲੋਕਾਂ ਦੀ ਆਵਾਜ਼ ਬਣ ਕੇ ਅਸੈਂਬਲੀਆਂ ਅਤੇ ਸੰਸਦਾਂ ਵਿਚ ਬੈਠੇ ਨੁਮਾਇੰਦਿਆਂ ਨੂੰ ਝੰਜੋੜਦਾ ਹੈ, ਉਨ੍ਹਾਂ ਨੂੰ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਾਉਂਦਾ ਹੈ, ਉਨ੍ਹਾਂ ਨੂੰ ਬੇਪਰਦ ਕਰਦਾ ਹੈ। ਰੰਗਮੰਚ ਸੰਸਦ ਦੇ ਬਰਾਬਰ ਲੋਕਾਂ ਦੀ ਖੁੱਲ੍ਹੀ ਸੰਸਦ ਪ੍ਰਦਾਨ ਕਰਦਾ ਹੈ। ਪ੍ਰਬੰਧ ਜਿੰਨਾ ਮਰਜ਼ੀ ਜਮਹੂਰੀਅਤ ਦਾ ਦਾਅਵਾ ਕਰੇ, ਪਰ ਉਸ ਦੇ ਆਪਣੇ ਜਮਾਤੀ ਹਿੱਤਾਂ ਲਈ ਲੁਕਵੇਂ ਏਜੰਡੇ ਹੁੰਦੇ ਹਨ ਜਿਨ੍ਹਾਂ ਬਾਰੇ ਰੰਗਮੰਚ ਲੋਕਾਂ ਨੂੰ ਸੁਚੇਤ ਕਰਦਾ ਹੈ। ਇਹੋ ਕਾਰਨ ਹੈ ਕਿ ਸਰਕਾਰਾਂ ਅਕਸਰ ਕਿਸੇ ਨਾ ਕਿਸੇ ਢੰਗ ਨਾਲ ਰੰਗਮੰਚ ਦਾ ਵਿਰੋਧ ਕਰਦੀਆਂ ਰਹਿੰਦੀਆਂ ਹਨ ਅਤੇ ਇਸ ਕਲਾ ਦੀ ਹੌਂਸਲਾਅਫ਼ਜ਼ਾਈ ਕਰਨ ਤੋਂ ਗੁਰੇਜ਼ ਕਰਦੀਆਂ ਹਨ। ਆਮ ਵੇਖਣ ਵਿਚ ਆਇਆ ਹੈ ਕਿ ਸਰਕਾਰ ਦੇ ਬੱਜਟ ਦੇ ਸਭਿਆਚਾਰਕ ਖਾਤੇ ਵਿਚ ਰੰਗਮੰਚ ਲਈ ਬਹੁਤ ਨਿਗੂਣੀ ਜਿਹੀ ਰਕਮ ਰੱਖੀ ਜਾਂਦੀ ਹੈ ਜਾਂ ਕਈ ਵਾਰ ਰੱਖੀ ਹੀ ਨਹੀਂ ਜਾਂਦੀ। ਸਰਕਾਰ ਜਿੰਨੀ ਲੋਕਾਂ ਤੋਂ ਦੂਰੀ ਬਣਾ ਕੇ ਰੱਖਦੀ ਹੈ, ਇਸ ਤੋਂ ਕਈ ਗੁਣਾ ਜ਼ਿਆਦਾ ਸਰਕਾਰ ਲੋਕਾਂ ਨੂੰ ਰੰਗਮੰਚ ਤੋਂ ਦੂਰ ਰੱਖਣ ਲਈ ਤਰੀਕੇ ਅਪਣਾਉਂਦੀ ਹੈ। ਇਤਿਹਾਸ ਗਵਾਹ ਹੈ ਕਿ ਰੰਗਮੰਚ ਹਮੇਸ਼ਾਂ ਲੋਕਾਂ ਦੇ ਨਾਲ ਖੜ੍ਹਾ ਹੈ। ਲੋਕਾਂ ਦਾ ਰੰਗਮੰਚ ਨਾਲ ਅਟੁੱਟ ਰਿਸ਼ਤਾ ਹੈ ਕਿਉਂਕਿ ਲੋਕ ਹੀ ਲੋਕਤੰਤਰਤਾ ਹਨ। ਯੂਨਾਨੀ ਭਾਸ਼ਾ ਵਿਚ ਡੈਮੋ (Demo) ਸ਼ਬਦ ਦੇ ਅਰਥ ਆਮ ਲੋਕ ਭਾਵ ਆਵਾਮ ਹੈ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਰੰਗਮੰਚ ਉਪਰ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਜਿੱਥੇ ਰੰਗਮੰਚ ਨੇ ਲੋਕਾਂ ਨੂੰ ਜਾਗੂਰਕ ਰੱਖਣਾ ਹੈ, ਉੱਥੇ ਰੰਗਮੰਚ ਲਈ ਆਪਣੇ ਆਪ ਉਪਰ ਨਿਗਰਾਨੀ ਰੱਖਣੀ ਵੀ ਜ਼ਰੂਰੀ ਹੈ ਕਿ ਉਹ ਖ਼ੁਦ ਤਾਂ ਭ੍ਰਿਸ਼ਟ ਨਹੀਂ ਹੋ ਰਿਹਾ? ਇਸ ਵਿਚਾਰ ਨੂੰ ਹੋਰ ਸਪਸ਼ਟ ਕਰਨ ਹਿੱਤ ਸਪੈਨਿਸ਼ ਨਾਟਕਕਾਰ ਗਾਰਸ਼ੀਆ ਲੋਰਕਾ ਦਾ ਕਥਨ ਠੀਕ ਰਹੇਗਾ। ਉਹ ਲਿਖਦਾ ਹੈ: “ਉਹ ਕੌਮ ਜੋ ਆਪਣੇ ਰੰਗਮੰਚ ਨੂੰ ਹੌਸਲਾ ਅਤੇ ਮਦਦ ਮੁਹਈਆ ਨਹੀਂ ਕਰਦੀ, ਜੇ ਉਹ ਅਜੇ ਮਰੀ ਨਹੀਂ ਤਾਂ ਮਰਨ ਦੀ ਤਰਫ਼ ਜਾ ਰਹੀ ਹੈ। ਇਸੇ ਤਰ੍ਹਾਂ ਜੋ ਰੰਗਮੰਚ ਆਪਣੇ ਲੋਕਾਂ ਦੇ ਹੰਝੂਆਂ ਅਤੇ ਹਾਸੇ ਦੇ ਪਿੱਛੇ ਸਮਾਜਿਕ ਅਤੇ ਇਤਿਹਾਸਕ ਨਬਜ਼ ਨਹੀਂ ਫੜਦਾ, ਆਪਣੇ ਲੋਕਾਂ ਦੀ ਸੱਚੀ-ਸੁੱਚੀ ਰੂਹਾਨੀ ਅਤੇ ਕੁਦਰਤੀ ਤਸਵੀਰ ਪੇਸ਼ ਨਹੀਂ ਕਰਦਾ ਉਸ ਨੂੰ ਰੰਗਮੰਚ ਕਹਾਉਣ ਦਾ ਹੱਕ ਨਹੀਂ ਉਹ ਮਹਿਜ਼ ਤਮਾਸ਼ਾ ਹੈ।”

Advertisement
Tags :
ਰੰਗਮੰਚਲੋਕਤੰਤਰ
Advertisement