ਹਾਕਮ ਬਾਗ਼ੋਬਾਗ, ਵਿਰੋਧੀ ਧਿਰਾਂ ਨਿਰਾਸ਼
ਸ਼ਗਨ ਕਟਾਰੀਆ
ਬਠਿੰਡਾ, 26 ਮਾਰਚ
ਪੰਜਾਬ ਸਰਕਾਰ ਵੱਲੋਂ ਅੱਜ ਪੇਸ਼ ਹੋਏ ਬਜਟ ਦੇ ਜਿੱਥੇ ਸੱਤਾਧਾਰੀਆਂ ਨੇ ਸਿਫ਼ਤਾਂ ਦੇ ਪੁਲ ਬੰਨ੍ਹੇ ਹਨ, ਉੱਥੇ ਵਿਰੋਧੀ ਧਿਰਾਂ ਵੱਲੋਂ ਲੋਕ ਵਿਰੋਧੀ ਕਹਿ ਕੇ ਨੁਕਤਾਚੀਨੀ ਕੀਤੀ ਗਈ ਹੈ। ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਭੱਲਾ ਦਾ ਦਾਅਵਾ ਹੈ ਕਿ ਸਰਕਾਰ ਨੇ ਨਵੇਂ ਦੌਰ ਦੀ ਰਾਜਨੀਤੀ ਅਪਣਾਉਂਦਿਆਂ, ਬਜਟ ’ਚ ਹਰ ਵਰਗ ਦਾ ਖਿਆਲ ਰੱਖਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਖੇਤੀ, ਸਿਹਤ ਅਤੇ ਸਿੱਖਿਆ ਨੂੰ ਹੁਲਾਰਾ ਦੇਣ ਦੇ ਮੰਤਵ ਨਾਲ ਕ੍ਰਾਂਤੀਕਾਰੀ ਯੋਜਨਾਵਾਂ ਐਲਾਨੀਆਂ ਗਈਆਂ ਹਨ। ਭੱਲਾ ਨੇ ਕਿਹਾ ਕਿ 778 ਕਰੋੜ ਰੁਪਏ ਪੰਜਾਬ ’ਚ ਵਸਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਸਿਹਤ ਬੀਮਾ ਦੇਣ ਲਈ ਰੱਖ ਕੇ ਸਰਕਾਰ ਨੇ ਆਪਣੀ ਦੂਰਅੰਦੇਸ਼ੀ ਦਾ ਪ੍ਰਮਾਣ ਪੇਸ਼ ਕੀਤਾ ਹੈ। ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤ ਅਗਰਵਾਲ ਨੇ ਦਾਅਵਾ ਕੀਤਾ ਕਿ ਮਾਨ ਸਰਕਾਰ ਵੱਲੋਂ ਪੇਸ਼ ਕੀਤੇ ਜਾ ਰਹੇ ਬਜਟਾਂ ਦੀ ਤੁਲਨਾ ’ਚ ਰਵਾਇਤੀ ਪਾਰਟੀਆਂ ਦੀਆਂ ਤਤਕਾਲੀ ਸਰਕਾਰਾਂ ਦੇ ਬਜਟ ਪਾਸਕੂ ਵੀ ਨਹੀਂ ਸਨ। ਉਨ੍ਹਾਂ ਕਿਹਾ ਕਿ ਬਗ਼ੈਰ ਕਿਸੇ ਨਵੇਂ ਟੈਕਸ ਤੋਂ ਲੋਕ ਪੱਖੀ ਬਜਟ ਦੀ ਪੇਸ਼ਕਾਰੀ ਆਪਣੇ ਆਪ ’ਚ ਦੇਸ਼ ਭਰ ਵਿੱਚ ਇਤਿਹਾਸਕ ਮਿਸਾਲ ਹੈ। ਸ਼ੂਗਰਫ਼ੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਆਖਿਆ ਕਿ ‘ਰੰਗਲਾ ਪੰਜਾਬ’ ਸਿਰਜਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨਿਰੰਤਰ ਸਕੂਨਮਈ ਫੈਸਲੇ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਬਜਟ ਵੀ ਉਸੇ ਸੰਦਰਭ ’ਚ ਵਿੱਤ ਮੰਤਰੀ ਵੱਲੋਂ ਤਿਆਰ ਕੀਤਾ ਗਿਆ ਸੀ। ਉਨ੍ਹਾਂ ਆਖਿਆ ਕਿ ਸਮਾਜ ਦਾ ਐਸਾ ਕੋਈ ਵਰਗ ਨਹੀਂ, ਜਿਸ ਨੂੰ ਬਜਟ ਤੋਂ ਲਾਹਾ ਨਾ ਮਿਲਿਆ ਹੋਵੇ। ਉਨ੍ਹਾਂ ਕਿਹਾ ਕਿ ਬਜਟ ’ਚ ਰਾਜਨੀਤੀ ਨਹੀਂ, ਬਲਕਿ ਵਿਕਾਸ ਮੁੱਦਾ ਹੈ। ‘ਆਪ’ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਮਾਨ ਸਰਕਾਰ ਨੇ ਆਪਣਾ ਇਸ ਚੌਥੇ ਬਜਟ ਰਾਹੀਂ ਸਾਬਿਤ ਕਰ ਦਿੱਤਾ ਕਿ ਪੰਜਾਬ ਹੁਣ ਕਾਗਜ਼ੀ ਵਾਅਦਿਆਂ ਤੋਂ ਬਾਹਰ ਨਿੱਕਲ ਕੇ ਜ਼ਮੀਨੀ ਹਕੀਕਤਾਂ ’ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਹੈ। ਨਸ਼ਿਆਂ ਖ਼ਿਲਾਫ਼ ਸਖ਼ਤ ਐਕਸ਼ਨ ਦਾ ਸੁਨੇਹਾ ਹੈ। ਖੇਤੀ, ਸਿਹਤ, ਸਿੱਖਿਆ ਅਤੇ ਉਦਯੋਗਾਂ ’ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਗੱਲ ਮੁਕਾਉਂਦਿਆਂ ਕਿਹਾ ਕਿ ਇਹ ਬਜਟ ਆਮ ਆਦਮੀ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਲਾ ਬਜਟ ਹੈ।
ਸਰਕਾਰ ਨੇ ਔਰਤਾਂ ਨਾਲ ਫਿਰ ਧੋਖਾ ਕੀਤਾ: ਹਰਗੋਬਿੰਦ ਕੌਰ

ਬਠਿੰਡਾ: (ਮਨੋਜ ਸ਼ਰਮਾ): ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਕੌਮੀ ਪ੍ਰਧਾਨ ਆਲ ਪੰਜਾਬ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਬਜਟ ਦੇ ਸੰਦਰਭ ਤੋਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੀਆਂ ਕਰੋੜਾਂ ਔਰਤਾਂ ਨਾਲ ਵੱਡਾ ਧੋਖਾ ਕੀਤਾ ਹੈ ਤੇ ਔਰਤਾਂ ਆਪਣੇ ‘ਆਪ’ ਨੂੰ ਠੱਗੀਆਂ ਮਹਿਸੂਸ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਉਮੀਦ ਸੀ ਕਿ ਬਜਟ ਦੌਰਾਨ ਉਨ੍ਹਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦਿੱਤੇ ਜਾਣਗੇ, ਪਰ ਬਜਟ ਵਿੱਚ ਅਜਿਹੀ ਕੋਈ ਗੱਲ ਹੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਹੁਣ ਤਾਂ ਬੱਸ ਇਸ ਸਰਕਾਰ ਦਾ ਇੱਕ ਹੀ ਬਜਟ ਹੋਰ ਰਹਿ ਗਿਆ ਹੈ ਅਤੇ ਔਰਤਾਂ ਨੂੰ ਇਹ ਉਮੀਦ ਖਤਮ ਕਰ ਦੇਣੀ ਚਾਹੀਦੀ ਹੈ। ਹਰਗੋਬਿੰਦ ਕੌਰ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਜੋ ਕਿਹਾ ਜਾਂਦਾ ਸੀ, ਉਹ ਕਰਕੇ ਵਿਖਾਇਆ ਜਾਂਦਾ ਸੀ ਅਤੇ ਸਾਰੀਆਂ ਲੋਕ ਭਲਾਈ ਦੀਆਂ ਸਕੀਮਾਂ ਅਕਾਲੀ ਰਾਜ ਵਿੱਚ ਹੀ ਚਲਾਈਆਂ ਗਈਆਂ ਸਨ।
ਪੰਜਾਬ ਸਰਕਾਰ ਦਾ ਬਜਟ ਨਿਰਾਸ਼ਾਜਨਕ: ਅਜੀਤਪਾਲ
ਖੱਬੇ ਪੱਖੀ ਡਾ. ਅਜੀਤਪਾਲ ਸਿੰਘ ਨੇ ਬਜਟ ਨੂੰ ਘੋਰ ਨਿਰਾਸ਼ਾਜਨਕ ਕਰਾਰ ਦਿੰਦਿਆਂ ਆਖਿਆ ਕਿ ਇਹ ਕਿਸਾਨਾਂ, ਕਾਰੋਬਾਰੀਆਂ, ਮਜ਼ਦੂਰਾਂ, ਔਰਤਾਂ, ਛੋਟੇ ਦੁਕਾਨਦਾਰਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਕੋਈ ਲਾਹਾ ਬਣ ਕੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪੰਜਾਬ ਸਿਰ ਲਗਾਤਾਰ ਵਧਦੇ ਕਰਜ਼ੇ ਨਾਲ ਚੱਲ ਰਹੀ ਸਰਕਾਰ ਦਾ ਇਹ ਬਜਟ ਅੰਕੜਿਆਂ ਦੀ ਖੇਡ ਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਬੀਮਾ ਯੋਜਨਾ ਸਿਹਤ ਖੇਤਰ ਦੇ ਵਧਦੇ ਸੰਕਟ ਦਾ ਹੱਲ ਨਹੀਂ ਹੈ ਅਤੇ ਬਜਟ ਵਿੱਚ ਕੋਈ ਸਾਜ਼ਗਾਰ ਖੇਤੀ ਨੀਤੀ ਜਾਂ ਸਿੱਖਿਆ ਨੀਤੀ ਦਾ ਨਕਸ਼ਾ ਨਹੀਂ ਦਿੱਤਾ ਗਿਆ।
ਹਰ ਵਰਗ ਦਾ ਖਿਆਲ ਰੱਖਿਆ: ਮਹਿਤਾ
ਬਠਿੰਡਾ (ਪੱਤਰ ਪ੍ਰੇਰਕ): ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਇਹ ਬਜਟ ਸਿੱਖਿਆ, ਸਿਹਤ, ਖੇਡਾਂ, ਉਦਯੋਗ, ਨਸ਼ਾ ਮੁਕਤੀ ਅਤੇ ਕਿਸਾਨਾਂ ਦੀ ਤਰੱਕੀ ਸਮੇਤ ਹਰ ਵਰਗ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਇਸ ਨੂੰ ਪੰਜਾਬ ਦੀ ਆਰਥਿਕ ਮਜ਼ਬੂਤੀ ਲਈ ਇੱਕ ਵੱਡਾ ਕਦਮ ਕਰਾਰ ਦਿੱਤਾ। ਮੇਅਰ ਮਹਿਤਾ ਨੇ ਕਿਹਾ ਕਿ ਇਹ ਬਜਟ ਪੰਜਾਬ ਦੀ ਆਰਥਿਕ ਤਰੱਕੀ ਨੂੰ ਨਵੀਂ ਦਿਸ਼ਾ ਦੇਵੇਗਾ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ।
ਬਜਟ ’ਚ ਖੇਤੀਬਾੜੀ ਲਈ ਕੁਝ ਨਹੀਂ: ਰੁਲਦੂ ਸਿੰਘ
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਬਜ਼ਟ ਨੂੰ ਮਾਲਵਾ ਖੇਤਰ ਦੀਆਂ ਸਰਗਰਮ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ, ਮਜ਼ਦੂਰ ਵਿਰੋਧੀ ਕਰਾਰ ਦਿੱਤਾ ਗਿਆ ਹੈ। ਜਥੇਬੰਦੀਆਂ ਦਾ ਕਹਿਣਾ ਹੈ ਕਿ ਇਸ ਬਜ਼ਟ ਵਿੱਚ ਕਿਸਾਨਾਂ-ਮਜ਼ਦੂਰਾਂ ਅਤੇ ਮਹਿਲਾਵਾਂ ਨਾਲ ਹਰ ਪੱਖ ਤੋਂ ਪੰਜਾਬ ਸਰਕਾਰ ਵੱਲੋਂ ਧੋਖਾ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਬਜਟ ਇੱਕ ਖੋਖਲਾ ਬਜਟ ਹੈ, ਜਿਸ ਵਿੱਚ ਖੇਤੀਬਾੜੀ ਸਬੰਧੀ ਕੁੱਝ ਵੀ ਨਵਾਂ ਨਹੀਂ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਸੂਬਾ ਆਗੂ ਦਰਸ਼ਨ ਸਿੰਘ ਗੁਰਨੇ ਨੇ ਦੋਸ਼ ਲਾਉਂਦਿਆਂ ਕਿਹਾ ਕਿ ਜੋ ਪੰਜਾਬ ਸਰਕਾਰ ਨਵੀ ਖੇਤੀਬਾੜੀ ਨੀਤੀ ਸਬੰਧੀ ਵੱਡੇ-ਵੱਡੇ ਵਾਅਦੇ ਕਰਦੀ ਸੀ, ਉਸ ਸਬੰਧੀ ਬਜਟ ਵਿਚ ਕੋਈ ਫੰਡ ਨਹੀਂ ਰੱਖਿਆ ਗਿਆ।