ਜ਼ੀਰਾ ’ਚ ਨਾਜਾਇਜ਼ ਅਸਲੇ ਤੇ ਕਾਰ ਸਣੇ ਦੋ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਜ਼ੀਰਾ, 30 ਮਾਰਚ
ਥਾਣਾ ਸਿਟੀ ਜ਼ੀਰਾ ਪੁਲੀਸ ਨੇ ਨਾਜਾਇਜ਼ ਅਸਲੇ ਅਤੇ ਇੱਕ ਕਾਰ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਥਾਣਾ ਸਿਟੀ ਜ਼ੀਰਾ ਕੰਵਲਜੀਤ ਰਾਏ ਸ਼ਰਮਾ ਨੇ ਦੱਸਿਆ ਕਿ ਐੱਸਆਈ ਮੇਜਰ ਸਿੰਘ ਸਮੇਤ ਪੁਲੀਸ ਪਾਰਟੀ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਾਹੱਦ ਰਕਬਾ ਮੱਲੋਕੇ ਰੋਡ ਜ਼ੀਰਾ ਵਿੱਚ ਗਸ਼ਤ ਕਰ ਰਹੀ ਸੀ ਤਾਂ ਸੇਮ ਨਾਲੇ ਦੇ ਨਜ਼ਦੀਕ ਸੁੰਨਸਾਨ ਜਗ੍ਹਾ ’ਤੇ ਇੱਕ ਸਕਾਰਪੀਓ ਗੱਡੀ ਖੜ੍ਹੀ ਦਿਖਾਈ ਦਿੱਤੀ, ਜਿਸ ’ਤੇ ਕਾਲੇ ਰੰਗ ਦੀਆਂ ਜਾਲੀਆਂ ਲੱਗੀਆਂ ਹੋਈਆਂ ਸਨ। ਪੁਲੀਸ ਨੇ ਸ਼ੱਕ ਦੀ ਬਿਨਾਅ ’ਤੇ ਗੱਡੀ ’ਚ ਸਵਾਰ ਲਵਜੋਤ ਸਿੰਘ ਉਰਫ ਕਾਲੂ ਪੁੱਤਰ ਕਿਰਨਦੀਪ ਸਿੰਘ ਵਾਸੀ ਗਾਦੜੀ ਵਾਲਾ (ਜ਼ੀਰਾ) ਦੀ ਤਲਾਸ਼ੀ ਲਈ ਤਾਂ ਉਸ ਦੀ ਪੈਂਟ ਦੀ ਡੱਬ ਵਿੱਚ ਇੱਕ ਦੇਸੀ ਕੱਟਾ (ਪਿਸਤੌਲ) 315 ਬੋਰ
ਬਿਨਾਂ ਨੰਬਰੀ ਮਿਲਿਆ, ਜਿਸ ਵਿੱਚ ਇੱਕ ਰੌਂਦ ਜ਼ਿੰਦਾ ਭਰਿਆ ਹੋਇਆ ਮਿਲਿਆ ਅਤੇ ਪੈਂਟ ਦੀ ਸੱਜੀ ਜੇਬ ਵਿੱਚੋਂ ਤਿੰਨ ਰੌਂਦ ਜ਼ਿੰਦਾ 315 ਬੋਰ ਮਿਲੇ। ਲਵਜੋਤ ਸਿੰਘ ਕੋਈ ਲਾਇਸੈਂਸ ਪੇਸ਼ ਨਹੀਂ ਕਰ ਸਕਿਆ ਅਤੇ ਗੱਡੀ ’ਚ ਸਵਾਰ ਦੂਸਰੇ ਨੌਜਵਾਨ ਅਕਾਸ਼ਦੀਪ ਸਿੰਘ ਉਰਫ ਅਕਾਸ਼ ਪੁੱਤਰ ਸੁਰਜੀਤ ਸਿੰਘ ਵਾਸੀ ਬੰਡਾਲਾ ਦੀ ਤਲਾਸ਼ੀ ਲਈ, ਜਿਸ ਦੀ ਪੈਂਟ ਦੀ ਸੱਜੀ ਜੇਬ ਵਿੱਚੋਂ 3 ਰੌਂਦ ਜ਼ਿੰਦਾ ਮਿਲੇ ਅਤੇ ਉਸ ਕੋਲੋਂ ਦੀ ਸਕਾਰਪੀਓ ਕਾਰ ਜ਼ਬਤ ਕੀਤੀ ਗਈ। ਐੱਸਐੱਚਓ ਕੰਵਲਜੀਤ ਰਾਏ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।