ਡੀਐੱਸਪੀ ਪਰਮਜੀਤ ਸੰਧੂ ਭਗਵਾਨਪੁਰ ਦਾ ਸੇਵਾਮੁਕਤੀ ’ਤੇ ਵਿਸ਼ੇਸ਼ ਸਨਮਾਨ
ਜੋਗਿੰਦਰ ਸਿੰਘ ਮਾਨ
ਮਾਨਸਾ, 1 ਅਪਰੈਲ
ਪੁਲੀਸ ਵਿਭਾਗ ’ਚੋਂ ਡੀਐੱਸਪੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਪਰਮਜੀਤ ਸਿੰਘ ਸੰਧੂ ਭਗਵਾਨਪੁਰ ਹੀਂਗਣਾ ਨੂੰ ਮਾਨਸਾ ਸ਼ਹਿਰੀਆਂ ਵੱਲੋਂ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਕੌਮੀ ਪੱਧਰ ਦੇ ਉਚੀ ਛਾਲ ਦੇ ਇਸ ਖਿਡਾਰੀ ਨੇ ਪੁਲੀਸ ਵਿਭਾਗ ਵਿੱਚ ਵੀ ਉੱਚੀਆਂ ਪੱਦਵੀਆਂ ਹਾਸਲ ਕਰਕੇ ਵੱਡਾ ਨਾਮਣਾ ਖੱਟਿਆ।
ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਨੇ ਕਿਹਾ ਉਨ੍ਹਾਂ ਹਲਕੇ ਵਿਚਲੇ ਇਕ ਪਿੰਡ ਤੋਂ ਉੱਠਕੇ ਖੇਡਾਂ ਅਤੇ ਪੁਲੀਸ ਵਿਭਾਗ ਵੱਡੀਆਂ ਉਪਲਬੱਧੀਆਂ ਹਾਸਲ ਕੀਤੀਆਂ। ਉਨ੍ਹਾਂ ਕਿਹਾ ਕਿ ਇਕ ਨੇਕ ਤੇ ਸ਼ਰੀਫ ਇਨਸਾਨ ਵਜੋਂ ਜਾਣੇ ਜਾਂਦੇ ਪਰਮਜੀਤ ਸਿੰਘ ਸੰਧੂ ਭਗਵਾਨਪੁਰ ਹੀਂਗਣਾ ਨੇ ਪੂਰੀ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾ ਕੇ ਹੋਰਨਾਂ ਕਰਮਚਾਰੀਆਂ, ਅਧਿਕਾਰੀਆਂ ਲਈ ਇਕ ਮਿਸਾਲ ਬਣੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਮਾਨਸਾ ਹਲਕੇ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਅਤੇ ਉੱਘੇ ਸਮਾਜ ਸੇਵੀ ਮਿੱਠੂ ਰਾਮ ਮੋਫ਼ਰ ਨੇ ਕਿਹਾ ਕਿ ਪੁਲੀਸ ਵਿਭਾਗ ਦੀਆਂ ਨਸ਼ਿਆਂ ਅਤੇ ਹੋਰਨਾਂ ਅਲਾਮਤਾਂ ਵਿਰੁੱਧ ਚੱਲੀਆਂ ਮੁਹਿੰਮਾਂ ਅਤੇ ਕਰੋਨਾ ਕਲਾ ਦੌਰਾਨ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਯੂਥ ਕਲੱਬਾਂ ਦੀਆਂ ਖੇਡ ਅਤੇ ਹੋਰਨਾਂ ਸਰਗਰਮੀਆਂ ਵਿੱਚ ਵੱਡਾ ਯੋਗਦਾਨ ਪਾਉਂਦਿਆਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ।
ਇਸ ਮੌਕੇ ਇੰਸਪੈਕਟਰ ਜਸਵੀਰ ਸਿੰਘ, ਠੇਕੇਦਾਰ ਬਲਜੀਤ ਸਿੰਘ, ਠੇਕੇਦਾਰ ਗੁਰਮੇਲ ਸਿੰਘ, ਰਾਜਿੰਦਰ ਸਿੰਘ, ਸਾਬਕਾ ਐੱਸਡੀਓ ਦਿਆ ਸਿੰਘ ਸਿੱਧੂ, ਸਾਬਕਾ ਡੀਐੱਸਪੀ ਗਮਦੂਰ ਸਿੰਘ, ਕੁਲਵੰਤ ਸਿੰਘ ਬੋਹਾ, ਜਸਪਾਲ ਸਿੰਘ ਦਾਨਵ, ਵਿਜੈ ਕੌੜੀਵਾੜਾ, ਸਰਪੰਚ ਕੁਲਵਿੰਦਰ ਸਿੰਘ ਸਿੱਧੂ, ਹਰਿੰਦਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਹਰ ਵਰਗ ਦੇ ਲੋਕਾਂ ਲਈ ਪ੍ਰੇਰਨਾ ਬਣਨਗੀਆਂ।