ਚਾਉਕੇ ਵਿਵਾਦ: ਮਜ਼ਦੂਰ ਮੁਕਤੀ ਮੋਰਚੇ ਵੱਲੋਂ ਸਕੂਲ ਨੂੰ ਤਾਲਾ ਲਾਉਣ ਦਾ ਵਿਰੋਧ
ਸ਼ਗਨ ਕਟਾਰੀਆ
ਬਠਿੰਡਾ, 1 ਅਪਰੈਲ
ਪਿਛਲੇ ਦਿਨੀਂ ਕੁਝ ਜਥੇਬੰਦੀਆਂ ਵੱਲੋਂ ਆਦਰਸ਼ ਸਕੂਲ ਚਾਉਕੇ ਨੂੰ ਤਾਲਾ ਲਾ ਕੇ ਬੰਦ ਕਰਨ ਦੀ ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਅਤੇ ਭੀਮ ਆਰਮੀ ਨੇ ਸਖ਼ਤ ਵਿਰੋਧ ਕੀਤਾ ਹੈ। ਵਿਦਿਆਰਥੀਆਂ ਦੀ ਪੜ੍ਹਾਈ ਬਹਾਲ ਕਰਾਉਣ ਲਈ ਮੋਰਚੇ ਦੇ ਆਗੂਆਂ ਦੀ ਅਗਵਾਈ ’ਚ ਬੱਚਿਆਂ ਦੇ ਮਾਪਿਆਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਨੂੰ ਮੰਗ ਪੱਤਰ ਦਿੱਤਾ ਗਿਆ। ਮਜ਼ਦੂਰ ਆਗੂਆਂ ਨੇ ਐਲਾਨ ਕੀਤਾ ਕਿ ਜੇ ਸਕੂਲ ਨੂੰ ਲਾਇਆ ਤਾਲਾ ਨਾ ਖੁੱਲ੍ਹਵਾਇਆ ਤਾਂ 7 ਅਪਰੈਲ ਨੂੰ ਮਾਪੇ ਆਪਣੇ ਬੱਚਿਆਂ ਸਮੇਤ ਡੀਸੀ ਦਫ਼ਤਰ ਦਾ ਘਿਰਾਓ ਕਰਨਗੇ।
ਮੋਰਚੇ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ, ਸੂਬਾ ਜਨਰਲ ਸਕੱਤਰ ਹਰਵਿੰਦਰ ਸੇਮਾ, ਭੀਮ ਆਰਮੀ ਦੇ ਜ਼ਿਲ੍ਹਾ ਆਗੂ ਪ੍ਰਦੀਪ ਨਾਹਰ ਨੇ ਕਿਹਾ ਕਿ ਚਾਉਕੇ ਸਕੂਲ ਵਿੱਚ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਦੀ ਭਰਤੀ ਸਮੇਂ ਕਥਿਤ ਘਪਲਾ ਹੋਇਆ ਸੀ। ਉਨ੍ਹਾਂ ਕਿਹਾ ਕਿ ਭਰਤੀ ਮਗਰੋਂ ਹੋਈ ਪੜਤਾਲ ’ਚ ਕੁਝ ਟੀਚਰਾਂ ਦੀ ਯੋਗਤਾ ਕਥਿਤ ਪੂਰੀ ਨਾ ਹੋਣ ਕਾਰਨ ਛਾਂਟੀ ਕਰ ਦਿੱਤੀ ਗਈ। ਉਨ੍ਹਾਂ ਆਖਿਆ ਕਿ ਛਾਂਟੀ ਖ਼ਿਲਾਫ਼ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਸਕੂਲ ਅੱਗੇ ਅਧਿਆਪਕਾਂ ਤੇ ਸਹਿਯੋਗੀ ਜਥੇਬੰਦੀਆਂ ਨਾਲ ਧਰਨਾ ਚਲਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਧਰਨਾਕਾਰੀ ਟੀਚਰਾਂ ਨੇ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਸਕੂਲ ਨੂੰ ਜਿੰਦਰਾ ਲਾਕੇ ਪੜ੍ਹਾਈ ਨੂੰ ਠੱਪ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਟੀਚਰਾਂ ਅਤੇ ਕਿਸਾਨ ਯੂਨੀਅਨ ਵੱਲੋਂ ਸਕੂਲ ਨੂੰ ਜਿੰਦਾ ਲਾਏ ਜਾਣ ਨੂੰ ਗ਼ੈਰ ਸੰਵਿਧਾਨਕ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਸੰਘਰਸ਼ ਕਰਨਾ ਹਰ ਬੰਦੇ ਦਾਂ ਸੰਵਿਧਾਨਕ ਹੱਕ ਹੈ, ਪਰ ਸਕੂਲ ਨੂੰ ਤਾਲਾ ਲਾਉਣਾ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੈ।
ਉਨ੍ਹਾਂ ਕਿਹਾ ਕਿ ਤਾਲਾ ਲੱਗਾ ਹੋਣ ਕਰਕੇ ਪ੍ਰੀਖ਼ਿਆਵਾਂ ਦੇ ਨਤੀਜੇ ਵੀ ਨਹੀਂ ਐਲਾਨੇ ਜਾ ਸਕੇ, ਜਿਸ ਕਾਰਨਵਿਦਿਆਰਥੀਆਂ ਦੀ ਪੜ੍ਹਾਈ ਦਾ ਵੱਡੀ ਪੱਧਰ ’ਤੇ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੂਲ ਅੰਦਰ 25 ਪਿੰਡਾਂ ’ਚੋਂ ਗਰੀਬ ਪਰਿਵਾਰਾਂ ਦੇ ਲਗਭਗ 2200 ਬੱਚੇ ਪੜ੍ਹਦੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿਹਾ ਕਿ ਜੇ ਸਕੂਲ ਵਿੱਚ ਬੱਚਿਆਂ ਦੀ ਪੜ੍ਹਾਈ ਛੇਤੀ ਬਹਾਲ ਨਾ ਕੀਤੀ ਗਈ, ਤਾਂ ਮਜ਼ਦੂਰ ਮੁਕਤੀ ਮੋਰਚਾ ਅਤੇ ਭੀਮ ਆਰਮੀ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।