ਸਰਕਾਰੀ ਬੋਲੀ ਦੇ ਪਹਿਲੇ ਦਿਨ ਮੰਡੀਆਂ ’ਚ ਨਾ ਪੁੱਜੀ ਕਣਕ
ਜੋਗਿੰਦਰ ਸਿੰਘ ਮਾਨ
ਮਾਨਸਾ, 1 ਅਪਰੈਲ
ਪੰਜਾਬ ਸਰਕਾਰ ਨੇ ਕਣਕ ਦੀ ਖਰੀਦ ਅੱਜ ਪਹਿਲੀ ਅਪਰੈਲ ਤੋਂ ਲਈ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ ਪਰ ਇਸ ਦੇ ਬਾਵਜੂਦ ਅੱਜ ਮਾਲਵਾ ਪੱਟੀ ਦੀਆਂ ਸਾਰੀਆਂ ਅਨਾਜ ਮੰਡੀਆਂ ਵਿੱਚ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦਾ ਇੱਕ ਵੀ ਦਾਣਾ ਵਿਕਣ ਲਈ ਨਹੀਂ ਆਇਆ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਮੌਸਮ ’ਚ ਤਬੀਦਲੀ ਕਾਰਨ ਅਗਲੇ ਹਫ਼ਤੇ ਤੱਕ ਮੰਡੀਆਂ ਵਿੱਚ ਕਣਕ ਆਉਣ ਦੀ ਸੰਭਾਵਨਾ ਹੈ ਪਰ ਇਸ ਇਲਾਕੇ ਵਿੱਚ ਅਜੇ ਤੱਕ ਕਿਧਰੇ ਕੰਬਾਇਨਾਂ ਚੱਲਣ ਦੀ ਜਾਣਕਾਰੀ ਨਹੀਂ ਮਿਲੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐੱਸ ਰੋਮਾਣਾ ਨੇ ਦੱਸਿਆ ਕਿ ਇਸ ਵਾਰ ਬੇਸ਼ੱਕ ਮਾਲਵਾ ਪੱਟੀ ਵਿਚ ਕਣਕ ਦੀ ਬਿਜਾਈ ਇਸ ਵਾਰ ਸਹੀ ਸਮੇਂ ’ਤੇ ਹੋ ਗਈ ਸੀ ਪਰ ਕਣਕ ਦੀ ਫ਼ਸਲ ਮਾਲਵਾ ਪੱਟੀ ਵਿਚ ਘੱਟੋ-ਘੱਟ ਇਕ ਹਫ਼ਤੇ ਤੱਕ ਸਹੀ ਰੂਪ ਵਿੱਚ ਪੱਕ ਕੇ ਅਨਾਜ ਮੰਡੀਆਂ ਵਿਚ ਪਹੁੰਚੇਗੀ।
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਉਤੇ ਪ੍ਰਸ਼ਾਸਨ ਵੱਲੋਂ ਖਰੀਦ ਲਈ ਵਿਆਪਕ ਬੰਦੋਬਸਤ ਕਰ ਲਏ ਹਨ, ਪਰ ਅੱਜ ਕੋਈ ਵੀ ਕਿਸਾਨ ਕਿਸੇ ਮੰਡੀ ਵਿਚ ਆਪਣੀ ਜਿਣਸ ਲੈਕੇ ਨਹੀਂ ਪੁੱਜਿਆ। ਉਨ੍ਹਾਂ ਮੰਨਿਆ ਕਿ ਇਸ ਜ਼ਿਲ੍ਹੇ ਵਿਚ ਦੂਜੇ ਜ਼ਿਲ੍ਹਿਆਂ ਦੇ ਨਿਸ਼ਚਿਤ ਕਣਕ ਦੀ ਵਾਢੀ ਦਾ ਕੰਮ ਵੀ ਪਛੜ ਕੇ ਆਰੰਭ ਹੁੰਦਾ ਹੈ, ਜਿਸ ਤਰੀਕੇ ਨਾਲ ਅਗੇਤੀ ਕਣਕ ਮੰਡੀਆਂ ਵਿਚ ਆਉਣੀ ਅਸੰਭਵ ਹੈ। ਉਨ੍ਹਾਂ ਦੱਸਿਆ ਕਿ ਵੈਸੇ ਪੂਰੇ ਜ਼ਿਲ੍ਹੇ ਦੀਆਂ ਵੱਡੀਆਂ ਅਨਾਜ ਮੰਡੀਆਂ ਵਿਚ ਅੱਜ ਅਧਿਕਾਰੀ ਕਣਕ ਆਉਣ ਦੀ ਆਸ ਨਾਲ ਗਏ ਸਨ, ਪਰ ਕੋਈ ਵੀ ਕਿਸਾਨ ਆਪਣੀ ਨਵੀਂ ਕੱਢੀ ਤਾਂ ਦੂਰ ਦੀ ਗੱਲ, ਸਗੋਂ ਪੁਰਾਣੀ ਕਣਕ ਦੀ ਵੀ ਨਿੱਕੀ-ਮੋਟੀ ਢੇਰੀ ਲੈ ਕੇ ਨਹੀਂ ਆਇਆ।