ਸ਼ਹਿਣਾ ’ਚ ਗੋਭੀ ਸਸਤੀ ਹੋਣ ਕਾਰਨ ਕਿਸਾਨ ਪ੍ਰੇਸ਼ਾਨ
ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 30 ਮਾਰਚ
ਇਥੇ ਖੇਤਰ ਵਿੱਚ ਗੋਭੀ ਸਸਤੀ ਹੋਣ ਕਾਰਨ ਕਿਸਾਨ ਕਾਫੀ ਪ੍ਰੇਸ਼ਾਨ ਹਨ। ਜਾਣਕਾਰੀ ਅਨੁਸਾਰ ਇਲਾਕੇ ’ਚ ਗੋਭੀ 10 ਰੁਪਏ ਦੀ ਕਿੱਲੋ ਅਤੇ 20 ਰੁਪਏ ਦੀ ਢਾਈ ਕਿੱਲੋ ਗੋਭੀ ਵਿੱਕ ਰਹੀ ਹੈ। ਕਿਸਾਨ ਸੁਖਦੇਵ ਸਿੰਘ ਸ਼ਹਿਣਾ ਨੇ ਦੱਸਿਆ ਕਿ ਉਸ ਨੇ ਹਜ਼ਾਰਾਂ ਰੁਪਏ ਖਰਚ ਕਰਕੇ ਦੋ ਕਿੱਲੇ ’ਚ ਗੋਭੀ ਲਾਈ ਸੀ ਪ੍ਰੰਤੂ ਗੋਭੀ ਦੇ ਰੇਟ ’ਚ ਬੇਹੱਦ ਕਮੀ ਆਉਣ ਕਾਰਨ ਉਸ ਦਾ ਖਰਚਾ ਵੀ ਪੂਰਾ ਨਹੀ ਹੋ ਰਿਹਾ ਹੈ। ਕਾਫੀ ਕਿਸਾਨ ਤਾਂ ਹੁਣ ਟਰਾਲੀਆਂ, ਪੀਟਰ ਰੇਹੜਿਆਂ ਅਤੇ ਮੋਟਰਸਾਈਕਲ ਰੇਹੜੀਆਂ ’ਚ ਗੋਭੀ ਲੱਦ ਕੇ ਪਿੰਡਾਂ ’ਚ ਵੇਚਣ ਲਈ ਨਿਕਲਦੇ ਹਨ ਪ੍ਰੰਤੂ ਫੇਰ ਵੀ ਗੋਭੀ ਨਹੀ ਵਿਕਦੀ ਹੈ। ਕਿਸਾਨ ਜਸਵੀਰ ਸਿੰਘ ਨੇ ਦੱਸਿਆ ਕਿ ਸਰਕਾਰ ਸਬਜ਼ੀਆਂ ਅਤੇ ਬਦਲਵੀਆਂ ਫ਼ਸਲਾਂ ਲਈ ਪ੍ਰਚਾਰ ਤਾਂ ਕਰਦੀ ਹੈ ਪ੍ਰੰਤੂ ਮੰਡੀਕਰਨ ਦਾ ਕੋਈ ਪ੍ਰਬੰਧ ਨਹੀਂ ਕਰਦੀ ਹੈ। ਇਸ ਵਾਰ ਗਾਜਰ ਅਤੇ ਗੋਭੀ ਦਾ ਕਿਸਾਨਾਂ ਨੂੰ ਢੁਕਵਾਂ ਭਾਅ ਨਹੀਂ ਮਿਲਿਆ ਹੈ। ਸਰਕਾਰ ਨੇ ਕਿਸਾਨਾਂ ਨੂੰ ਪੈਰਾਂ-ਸਿਰ ਖੜ੍ਹਾ ਕਰਨ ਲਈ ਕਦੇ ਵੀ ਸਬਜ਼ੀਆਂ ਦੇ ਮੰਡੀਕਰਨ ਦੀ ਵਿਵਸਥਾ ਨਹੀਂ ਕੀਤੀ ਹੈ। ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਗੋਭੀ ਦੇ ਨਾਲ-ਨਾਲ ਪਾਲਕ, ਮੇਥੀ, ਧਣੀਆਂ, ਗਾਜਰ ਦੇ ਰੇਟਾਂ ’ਚ ਨਾਜਾਇਜ਼ ਮੰਦਾ ਆਇਆ ਹੈ। ਖਰਚੇ ਵੀ ਪੂਰੇ ਨਹੀਂ ਹੁੰਦੇ ਹਨ। ਕਿਸਾਨ ਲਖਵੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਗੋਭੀ ਲਾ ਰਿਹਾ ਹੈ ਪ੍ਰੰਤੂ ਇਸ ਵਾਰ ਸਭ ਤੋਂ ਮੰਦਾ ਰਿਹਾ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਫ਼ਸਲਾਂ ਦਾ ਐੱਮਐੱਸਪੀ ਦੇਵੇ ਤਾਂ ਜੋ ਕਿਸਾਨੀ ਸੰਕਟ ’ਚੋਂ ਬਾਹਰ ਨਿਕਲ ਸਕੇ।