ਨੈਸ਼ਨਲ ਹਾਈਵੇਅ ਅਥਾਰਟੀ ਨੇ ਮੁੱਖ ਮਾਰਗ ’ਤੇ ਟੋਏ ਪੂਰਨ ਦਾ ਕੰਮ ਆਰੰਭਿਆ
ਖ਼ਬਰ ਦਾ ਅਸਰ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 17 ਸਤੰਬਰ
ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਤੇ ਮੀਹਾਂ ਅਤੇ ਸੀਵਰੇਜ ਵਾਲੇ ਪਾਣੀ ਦੀ ਨਿਕਾਸੀ ਲਈ ਪੁੱਟਿਆ ਖਾਲਾ ਅਤੇ ਮੀਹਾਂ ਦਾ ਪਾਣੀ ਧਰਤੀ ’ਚ ਪਾਉਣ ਲਈ ਟੋਏ ਪੁੱਟ ਕੇ ਕੀਤੇ ਬੋਰਾਂ ਆਦਿ ਨੂੰ ਨਾ ਪੂਰਨ ਕਾਰਨ ਵਾਪਰਨ ਵਾਲੇ ਹਾਦਸਿਆਂ ਦੀ 14 ਸਤੰਬਰ ਪੰਜਾਬੀ ਟ੍ਰਿਬਿਊਨ ’ਚ ਪ੍ਰਮੁੱਖਤਾ ਨਾਲ ਛਾਪੀ ਗਈ ਸੀ। ਅੱਜ ਉਸ ਵੇਲੇ ਖ਼ਬਰ ਦਾ ਅਸਰ ਦੇਖਣ ਨੂੰ ਮਿਲਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਦੇ ਦਖਲ ਨਾਲ ਟੋਏ ਪੁੱਟਣ ਵਾਲੇ ਠੇਕੇਦਾਰ ਵੱਲੋਂ ਆਪਣੇ ਕਾਮੇ ਲਗਾ ਕੇ ਉਨ੍ਹਾਂ ਟੋਇਆਂ ਨੂੰ ਪੂਰਨ ਦਾ ਕੰਮ ਆਰੰਭ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਜਿਹੜੀ ਜਗ੍ਹਾ ਦੀ ਖ਼ਬਰ ਲੱਗੀ ਸੀ ਉਸੇ ਜਗ੍ਹਾ ਤੋਂ ਹੀ ਟੋਇਆਂ ਉਪਰ ਸਲੇਟਾਂ ਰੱਖਣ ਦਾ ਕੰਮ ਆਰੰਭ ਕੀਤਾ ਗਿਆ ਹੈ। ਕੰਮ ਕਰ ਰਹੇ ਠੇਕੇਦਾਰ ਨੇ ਦੱਸਿਆ ਕਿ ਹੋਰ ਵੀ ਕਈ ਜਗ੍ਹਾ ਅਜਿਹੇ ਟੋਏ ਹਨ ਉਨ੍ਹਾਂ ਨੂੰ ਵੀ ਜਲਦੀ ਪੂਰ ਦਿੱਤਾ ਜਾਵੇਗਾ। ਇਸ ਵਿਰੁੱਧ ਅਵਾਜ਼ ਉਠਾਉਣ ਵਾਲੇ ਲੋਕ ਆਗੂ ਕੰਵਲਜੀਤ ਖੰਨਾ, ਪ੍ਰੋ.ਕਰਮ ਸਿੰਘ ਸੰਧੂ, ਕੁਲਦੀਪ ਸਿੰਘ ਰੰਧਾਵਾ, ਕਮਲ ਕਾਂਉਕੇ ਕਲਾਂ ਅਤੇ ਨਾਨਕ ਸਿੰਘ ਨੇ ਉਪ-ਮੰਡਲ ਮੈਜਿਸਟਰੇਟ ਮਨਜੀਤ ਕੌਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਲੋਕਾਂ ਦੀ ਸੁਰੱਖਿਆ ਅਤੇ ਭਲਾਈ ਨਾਲ ਜੁੜ੍ਹੇ ਕੰਮ ਪ੍ਰਸ਼ਾਸਨ ਨੂੰ ਇਸੇ ਤਰ੍ਹਾਂ ਪਹਿਲ ਦੇ ਆਧਾਰ ਤੇ ਕਰਨੇ ਚਾਹੀਦੇ ਹਨ ਤਾਂ ਜੋ ਲੋਕਾਂ ਅਤੇ ਪ੍ਰਸ਼ਾਸਨ ’ਚ ਭਰੋਸਾ ਕਾਇਮ ਰਹਿ ਸਕੇ। ਦੱਸਣਯੋਗ ਹੈ ਕਿ ਉਪ-ਮੰਡਲ ਮੈਜਿਸਟਰੇਟ ਮਨਜੀਤ ਕੌਰ ਨੂੰ ਜਦੋਂ ਇਸ ਸਮੱਸਿਆ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਆਪ ਸਬੰਧਤ ਵਿਭਾਗ ਨਾਲ ਗੱਲ ਕਰਕੇ ਟੋਏ ਪੂਰਨ ਦੀ ਗੱਲ ਕੀਤੀ।