ਸੁਖਬੀਰ ਵੱਲੋਂ ਗੱਦਾਰ ਕਹਿਣ ’ਤੇ ਭੜਕੇ ਇਯਾਲੀ
ਗੁਰਿੰਦਰ ਸਿੰਘ
ਲੁਧਿਆਣਾ, 22 ਮਈ
ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਕਾਇਮ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਹੈ ਕਿ ਉਹ ਪੰਜਾਬ, ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਹਮੇਸ਼ਾਂ ਹੀ ਵਫ਼ਾਦਾਰ ਰਹੇ ਹਨ ਅਤੇ ਪਾਰਟੀ ਦੀ ਚੜ੍ਹਦੀ ਕਲਾ ਰਹੀ ਕੰਮ ਕਰ ਰਹੇ ਹਨ। ਇੱਥੇ ਉਨ੍ਹਾਂ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ (ਮਨਪ੍ਰੀਤ ਸਿੰਘ ਇਯਾਲੀ) ਨੂੰ ਪਾਰਟੀ ਦਾ ਗ਼ੱਦਾਰ ਕਹੇ ਜਾਣ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਵਿੱਚ ਹੋ ਰਹੀਆਂ ਗਲਤੀਆਂ ਨੂੰ ਸੁਧਾਰਨ ਲਈ ਆਵਾਜ਼ ਬੁਲੰਦ ਕੀਤੀ ਸੀ। ਕੀ ਅਜਿਹਾ ਕਰਨਾ ਗੱਦਾਰੀ ਹੈ ਤਾਂ ਉਹ ਠੀਕ ਹਨ ਪਰ ਸੁਖਬੀਰ ਬਾਦਲ ਦੱਸਣ ਕਿ ਉਨ੍ਹਾਂ ਅਕਾਲੀ ਆਗੂਆਂ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਕਿੱਥੋਂ ਤੱਕ ਹੱਲ ਕੀਤਾ ਹੈ? ਵਿਧਾਇਕ ਮਨਪ੍ਰੀਤ ਇਯਾਲੀ ਨੇ ਸਵਾਲ ਕੀਤਾ ਕਿ ਜੇਕਰ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵਫ਼ਾਦਾਰ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਸੰਗਤ ਦੀਆਂ ਭਾਵਨਾਵਾਂ ਮੁਤਾਬਕ ਅਸਤੀਫ਼ਾ ਦੇ ਕੇ ਲਾਂਭੇ ਹਟ ਜਾਣ ਅਤੇ ਹਰ ਇੱਕ ਨੂੰ ਅਕਾਲੀ ਦਲ ਨਾਲ ਜੋੜਨ ਲਈ ਸਹਿਯੋਗ ਦੇਣ।
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਲਾਏ ਦੋਸ਼ ਕਿ ਉਨ੍ਹਾਂ ਕਾਰਨ ਹੀ ਉਹ (ਇਯਾਲੀ) ਕਰੋੜਪਤੀ ਬਣੇ ਹਨ ਕਿਉਂਕਿ ਉਨ੍ਹਾਂ ਦੀ ਜ਼ਮੀਨ ਨਾਲ ਬਾਈਪਾਸ ਬਣਾਏ ਗਏ ਸਨ। ਸ੍ਰੀ ਇਯਾਲੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਜ਼ਮੀਨ ਨੇੜੇ ਅਕਾਲੀ ਸਰਕਾਰ ਨੇ ਕੋਈ ਵੀ ਬਾਈਪਾਸ ਨਹੀਂ ਬਣਾਇਆ ਤੇ ਨਾ ਹੀ ਉਨ੍ਹਾਂ ਅਕਾਲੀ ਸਰਕਾਰ ਹੁੰਦਿਆਂ ਕੋਈ ਨਿੱਜੀ ਲਾਭ ਲਿਆ ਹੈ।
ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਗੁਮਰਾਹਕੁਨ ਪ੍ਰਚਾਰ ਤੋਂ ਸੁਚੇਤ ਰਹਿ ਕੇ ਅਕਾਲ ਤਖ਼ਤ ਸਾਹਿਬ ਵੱਲੋਂ ਕੀਤੇ ਹੁਕਮਾਂ ਉੱਪਰ ਪਹਿਰਾ ਦੇਣ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰ ਕੇ ਪੰਜਾਬ ਦੀ ਨੰਬਰ ਇੱਕ ਪਾਰਟੀ ਬਣਾਇਆ ਜਾ ਸਕੇ।