ਨੌਜਵਾਨ ਦੇ ਕਤਲ ਮਾਮਲੇ ’ਚ ਨਵਾਂ ਮੋੜ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 22 ਮਈ
ਪਿੰਡ ਸ਼ੇਰਪੁਰ ਕਲਾਂ ਵਿੱਚ ਪਿਛਲੇ ਦਿਨੀਂ ਆਪਣੇ ਨਾਨਕੇ ਘਰ ਰਹਿਣ ਵਾਲੇ ਨੌਜਵਾਨ ਕੋਮਲਪ੍ਰੀਤ ਸਿੰਘ (23) ਦੀ ਸ਼ੱਕੀ ਹਾਲਤ ਵਿੱਚ ਹੋਈ ਮੌਤ ਦੇ ਸਬੰਧ ਵਿੱਚ ਪੁਲੀਸ ਨੇ ਮ੍ਰਿਤਕ ਦੇ ਸਾਥੀ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਸੀ ਪਰ ਹੁਣ ਇਸ ਕੇਸ ਵਿੱਚ ਨਵਾਂ ਮੋੜ ਆ ਗਿਆ ਹੈ। ਦਰਅਸਲ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੇਠ ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਬੁੱਧਵਾਰ ਨੂੰ ਜਦੋਂ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਲਈ ਜਦੋਂ ਪਿੰਡ ਸ਼ੇਰਪੁਰ ਕਲਾਂ ਪਹੁੰਚੇ ਤਾਂ ਉੱਥੇ ਉਨ੍ਹਾਂ ਦਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਘਿਰਾਓ ਕਰਦਿਆਂ ਕਿਹਾ ਕਿ ਕੋਮਲਪ੍ਰੀਤ ਸਿੰਘ ਦੀ ਮੌਤ ਨਸ਼ੇ ਦਾ ਟੀਕਾ ਲਗਾਉਣ ਨਾਲ ਹੋਈ ਹੈ। ਪਿੰਡ ਵਾਸੀਆਂ ਤੇ ਮਾਪਿਆਂ ਨੇ ਦੋਸ਼ ਲਗਾਇਆ ਕਿ ਪੁਲੀਸ ਨੇ ਇਸ ਕਤਲ ਨੂੰ ਪੈਸਿਆਂ ਦਾ ਲੈਣ-ਦੇਣ ਕਹਿ ਕੇ ਕੇਸ ਦਰਜ ਕਰ ਕੇ ਠੱਪ ਕਰ ਦਿੱਤਾ ਹੈ। ਪਿੰਡ ਦੇ ਕੁੱਝ ਲੋਕਾਂ ਨੇ ਦੱਸਿਆ ਕਿ ਜਦੋਂ ਕੋਮਲਪ੍ਰੀਤ ਸਿੰਘ ਨੂੰ ਉਹ ਸਥਾਨਕ ਕਲਿਆਣੀ ਹਸਪਤਾਲ ਲੈ ਕੇ ਆਏ ਤਾਂ ਉਸਦੀ ਬਾਂਹ ’ਤੇ ਟੀਕੇ ਦਾ ਨਿਸ਼ਾਨ ਸੀ ਜਿਸ ਵਿੱਚੋਂ ਉਸ ਵਕਤ ਖੂਨ ਵਗ ਰਿਹਾ ਸੀ। ਮ੍ਰਿਤਕਾ ਦੀ ਮਾਤਾ ਜਸਵੀਰ ਕੌਰ ਅਤੇ ਪਿਤਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਅਸਲ ਪਿੰਡ ਬੱਧਣੀ ਕਲਾਂ (ਮੋਗਾ) ਹੈ। ਉਹ ਸਾਲ 2015 ਤੋਂ ਪਿੰਡ ਸ਼ੇਰਪੁਰ ਕਲਾਂ ਵਿੱਚ ਰਹਿ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਜਿਸ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉਸ ਨੂੰ ਪਰਿਵਾਰ ਵਾਲੇ ਜਾਣਦੇ ਤੱਕ ਨਹੀਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਪੁੱਤਰ ਨੂੰ ਨਸ਼ੇ ਦਾ ਟੀਕਾ ਲਗਾ ਕੇ ਮਾਰਨ ਵਾਲੇ ਪੰਜ ਜਣੇ ਪਿੰਡ ਸ਼ੇਰਪੁਰ ਕਲਾਂ ਤੋਂ ਹਨ ਤੇ ਉਨ੍ਹਾਂ ਨੇ ਹੀ ਉਸ ਨੂੰ ਨਸ਼ੇ ਵਾਲਾ ਟੀਕਾ ਲਗਾ ਕੇ ਮੋਟਰਸਾਈਕਲ ’ਤੇ ਘਰ ਭੇਜਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਵਿੱਚੋਂ ਕਿਸੇ ਦਾ ਨਾਮ ਵੀ ਕੇਸ ਵਿੱਚ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਿਸ ਵਿਅਕਤੀ ਨੇ ਬਿਆਨ ਦਰਜ ਕਰਨ ਵੇਲੇ ਗਵਾਹੀ ਪਾਈ ਹੈ, ਉਹ ਅਸਲ ਮੁਲਜ਼ਮਾਂ ਵਿੱਚੋਂ ਇੱਕ ਦਾ ਖਾਸ ਰਿਸ਼ਤੇਦਾਰ ਹੈ, ਜੋ ਉਨ੍ਹਾਂ ਨੂੰ ਬਚਾੳਣਾ ਚਾਹੁੰਦਾ ਹੈ।
ਪਰਿਵਾਰ ਵੱਲੋਂ ਲਿਖਵਾਏ ਬਿਆਨਾਂ ’ਤੇ ਕਾਰਵਾਈ ਕੀਤੀ: ਐੱਸਐੱਚਓ
ਐੱਸਐੱਚਓ ਸੁਰਜੀਤ ਸਿੰਘ ਨੇ ਆਖਿਆ ਕਿ ਮ੍ਰਿਤਕ ਕੋਮਲਪ੍ਰੀਤ ਸਿੰਘ ਦੇ ਪਿਤਾ ਕੁਲਵੰਤ ਸਿੰਘ ਨੇ ਜੋ ਬਿਆਨ ਦਰਜ ਕਰਵਾਏ ਹਨ, ਉਨ੍ਹਾਂ ਵਿੱਚ ਮੌਤ ਲਈ ਯਾਦਵਿੰਦਰ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਪੁਲੀਸ ਨੇ ਆਪਣਾ ਫਰਜ਼ ਨਿਭਾਉਂਦਿਆਂ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਜੇਲ੍ਹ ਭੇਜ ਦਿੱਤਾ ਹੈ। ਹੁਣ ਜਿਨ੍ਹਾਂ ਵਿਅਕਤੀਆਂ ਦੇ ਨਾਮ ਪਰਿਵਾਰ ਵੱਲੋਂ ਲਏ ਗਏ ਹਨ, ਉਨ੍ਹਾਂ ਦੀ ਜਾਂਚ ਲਈ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਡੀਐੱਸਪੀ ਜਸਯਜੋਤ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਹੈ। ਜਾਂਚ ਵਿੱਚ ਜੇਕਰ ਹੋਰ ਕੋਈ ਮੁਲਜ਼ਮ ਸਾਬਿਤ ਹੋਵੇਗਾ ਤਾਂ ਉਸ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ।Advertisement