ਮਾਛੀਵਾੜਾ ਕੌਂਸਲ ਨੇ ਨਾਜਾਇਜ਼ ਕਬਜ਼ਾ ਛੁਡਵਾਇਆ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 22 ਮਈ
ਨਗਰ ਕੌਂਸਲ ਵੱਲੋਂ ਬਲੀਬੇਗ ਬਸਤੀ ਨੇੜੇ 4 ਕਨਾਲ ਸਰਕਾਰੀ ਜ਼ਮੀਨ ਨੂੰ ਨਾਜਾਇਜ਼ ਕਬਜ਼ੇ ਤੋਂ ਛੁਡਵਾ ਲਿਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਬਲੀਬੇਗ ਬਸਤੀ ਨੇੜੇ ਪਈ 4 ਕਨਾਲ ਸਰਕਾਰੀ ਜ਼ਮੀਨ ਉੱਪਰ ਹੋਮਿਓਪੈਥਿਕ ਕਾਲਜ ਬਣਾਉਣ ਦੀ ਤਜਵੀਜ਼ ਹੈ ਜਿਸਦੇ ਮੱਦੇਨਜ਼ਰ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਨਿਸ਼ਾਨਦੇਹੀ ਦੇ ਨਿਰਦੇਸ਼ ਦਿੱਤੇ ਗਏ ਸਨ। ਨਗਰ ਕੌਂਸਲ ਕਰਮਚਾਰੀ ਜਦੋਂ ਇਸ ਜ਼ਮੀਨ ਵਿੱਚ ਪਹੁੰਚੇ ਤਾਂ ਉੱਥੇ ਕਿਸੇ ਨੇ ਨਾਜਾਇਜ਼ ਕਬਜ਼ਾ ਕਰ ਕੇ ਪਸ਼ੂਆਂ ਲਈ ਹਰਾ ਚਾਰਾ ਬੀਜਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਕੌਂਸਲ ਦੀਆਂ ਜੇਸੀਬੀ ਮਸ਼ੀਨਾਂ ਤੇ ਟਰੈਕਟਰਾਂ ਰਾਹੀਂ ਪੁਲੀਸ ਦੀ ਮਦਦ ਨਾਲ 4 ਕਨਾਲ ਜ਼ਮੀਨ ’ਤੇ ਕੀਤਾ ਗਿਆ ਨਾਜਾਇਜ਼ ਕਬਜ਼ਾ ਤੁਰੰਤ ਹਟਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕਬਜ਼ਾ ਛੁਡਵਾਉਣ ਦਾ ਕੰਮ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹਿਆ ਜਿਸ ਦਾ ਕਿਸੇ ਨੇ ਵੀ ਵਿਰੋਧ ਨਹੀਂ ਕੀਤਾ। ਨਗਰ ਕੌਂਸਲ ਪ੍ਰਧਾਨ ਨੇ ਕਿਹਾ ਕਿ ਨਗਰ ਕੌਂਸਲ ਦੀਆਂ ਜਾਇਦਾਦਾਂ ’ਤੇ ਨਾਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਤੇ ਜੇਕਰ ਕਿਸੇ ਨੇ ਅਜਿਹੀ ਕੋਸ਼ਿਸ਼ ਕੀਤੀ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸੁਖਦੇਵ ਸਿੰਘ ਬਿੱਟੂ ਸੈਨੇਟਰੀ ਇੰਸਪੈਕਟਰ ਤੇ ਭੁਪਿੰਦਰ ਸਿੰਘ ਮੌਜੂਦ ਸਨ।