ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਲੇਰਕੋਟਲੇ ਦੀ ਆਖ਼ਰੀ ਬੇਗਮ

11:57 AM Nov 26, 2023 IST
ਬੇਗਮ ਮੁਨੱਵਰ-ਉਲ-ਨਿਸਾ

ਮਾਧਵੀ ਕਟਾਰੀਆ
Advertisement

ਸਤਾਈ ਅਕਤੂਬਰ ਨੂੰ ਮਾਲੇਰਕੋਟਲੇ ਦੇ ਸ਼ਾਹੀ ਖਾਨਦਾਨ ਦੀ ਆਖ਼ਰੀ ਵਾਰਸ ਬੇਗਮ ਮੁਨੱਵਰ-ਉਲ-ਨਿਸਾ ਦਾ ਦੇਹਾਂਤ ਹੋ ਗਿਆ। ਮਾਧਵੀ ਕਟਾਰੀਆ ਦਾ ਇਹ ਲੇਖ ਬੇਗਮ ਨਾਲ ਹੋਈ ਮੁਲਾਕਾਤ ਦੀਆਂ ਯਾਦਾਂ ਨਾਲ ਸਾਂਝ ਪੁਆਉਂਦਾ ਹੈ।

ਮਾਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਦੀ ਆਖ਼ਰੀ ਵਾਰਸ ਅਤੇ ਨਵਾਬ ਇਫਤਿਖਾਰ ਅਲੀ ਖ਼ਾਨ ਦੀ ਚੌਥੀ ਬੀਵੀ, ਬੇਗਮ ਮੁਨੱਵਰ-ਉਲ-ਨਿਸਾ 27 ਅਕਤੂਬਰ 2023 ਨੂੰ ਚਲਾਣਾ ਕਰ ਗਈ। ਸਿੱਖ ਇਤਿਹਾਸ ਵਿਚ ਨਵਾਬ ਸ਼ੇਰ ਮੁਹੰਮਦ ਖ਼ਾਨ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਦਰਜ ਹੈ। ਉਹ ਇਕੋ ਇਕ ਮੁਸਲਿਮ ਸ਼ਾਸਕ ਸੀ ਜਿਸ ਨੇ ਅਥਾਹ ਸੰਜਮ ਦਿਖਾਇਆ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੀਂਹਾਂ ਵਿਚ ਚਿਣਨ ਦੇ ਵਹਿਸ਼ਤ ਭਰੇ ਫ਼ੈਸਲੇ ਖਿਲਾਫ਼ ਆਵਾਜ਼ ਉਠਾਉਂਦਿਆਂ ਹਾਅ ਦਾ ਨਾਅਰਾ ਮਾਰਿਆ। ਇੰਨਾ ਹੀ ਨਹੀਂ, ਉਸ ਨੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੀ ਕਚਹਿਰੀ ’ਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ (ਉਮਰ ਸੱਤ ਸਾਲ) ਅਤੇ ਸਾਹਿਬਜ਼ਾਦਾ ਫਤਿਹ ਸਿੰਘ (ਉਮਰ ਪੰਜ ਸਾਲ) ਦੀਆਂ ਜਾਨਾਂ ਬਖ਼ਸ਼ਾਉਣ ਦੀ ਅਪੀਲ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਇਹ ਪਤਾ ਲੱਗਣ ’ਤੇ ਮਾਲੇਰਕੋਟਲੇ ਦੇ ਨਵਾਬ ਅਤੇ ਲੋਕਾਂ ਨਾਲ ਵਾਅਦਾ ਕੀਤਾ ਕਿ ਉੱਥੋਂ ਦੇ ਲੋਕ ਸਦਾ ਵੱਸਦੇ ਰਹਿਣਗੇ। ਗੁਰੂ ਸਾਹਿਬ ਨੇ ਨਵਾਬ ਨੂੰ ਇਕ ਕਿਰਪਾਨ (ਜਿਸ ਨੂੰ ਸਿਰੀ ਸਾਹਿਬ ਆਖਦੇ ਹਨ) ਦੀ ਬਖ਼ਸ਼ਿਸ਼ ਕੀਤੀ ਜੋ ਮੁਬਾਰਕ ਮੰਜ਼ਿਲ ਮਹਿਲ ਵਿਚ ਸੰਭਾਲੀ ਹੋਈ ਹੈ।
ਪਹਿਲੀ ਵਾਰ ਮਾਲੇਰਕੋਟਲੇ ਜਾਣ ਤੋਂ ਬਹੁਤ ਸਮਾਂ ਪਹਿਲਾਂ ਹੀ ਆਪਣੇ ਅਮੀਰ ਇਤਿਹਾਸ, ਦਿਲ-ਖਿੱਚਵੇਂ ਸੱਭਿਆਚਾਰ ਅਤੇ ਭਾਈਚਾਰਕ ਸਾਂਝ ਦਾ ਨਿਆਰਾ ਚਾਨਣ ਮੁਨਾਰਾ ਹੋਣ ਸਦਕਾ ਇਸ ਨੇ ਜਿਵੇਂ ਮੇਰੇ ਉੱਤੇ ਜਾਦੂ ਕਰ ਦਿੱਤਾ ਸੀ। ਪਹਿਲਾਂ ਸੰਗਰੂਰ ਜ਼ਿਲ੍ਹੇ ਅੰਦਰ ਪੈਂਦਾ ਮਾਲੇਰਕੋਟਲਾ 14 ਮਈ 2021 ਨੂੰ ਪੰਜਾਬ ਦੀ 23ਵਾਂ ਜ਼ਿਲ੍ਹਾ ਬਣਾ ਦਿੱਤਾ ਗਿਆ। ਇਸ ਦੀ ਆਖ਼ਰੀ ਜ਼ਿੰਦਾ ਬੇਗਮ ਮੁਨੱਵਰ-ਉਲ-ਨਿਸਾ ਨੇ ਵੱਖੋ-ਵੱਖ ਭਾਈਚਾਰਿਆਂ ਦੀ ਉਦਾਰਚਿੱਤ ਆਪਸੀ ਸਾਂਝ ਦੀ ਸ਼ਾਨਦਾਰ ਵਿਰਾਸਤ ਨੂੰ ਜਿਉਂਦੀ ਰੱਖਿਆ। ਰਾਜਸਥਾਨ ਦੀ ਟੋਂਕ ਰਿਆਸਤ ਦੀ ਇਸ ਸ਼ਹਿਜ਼ਾਦੀ ਦਾ 1948 ਵਿਚ ਨਵਾਬ ਇਫਤਿਖਾਰ ਖ਼ਾਨ ਨਾਲ ਨਿਕਾਹ ਹੋਇਆ। ਆਪਣੀ ਜਵਾਨ ਤੇ ਖ਼ੂਬਸੂਰਤ ਦੁਲਹਨ ਨੂੰ ਆਪਣੀ ਰਿਆਸਤ ਵਿਚ ਲਿਆਉਂਦੇ ਸਮੇਂ ਨਵਾਬ ਅਤੇ ਬਰਾਤੀਆਂ ਨੂੰ ਰਸਤੇ ਵਿਚ ਪਟਿਆਲਾ ਵਿਖੇ ਦਾਅਵਤ ਦਿੱਤੀ ਗਈ। ਪਟਿਆਲੇ ਦੀ ਮਹਾਰਾਣੀ ਮਹਿੰਦਰ ਕੌਰ ਨਾਲ ਉਸ ਦਾ ਸਹੇਲਪੁਣਾ ਮਜ਼ਬੂਤ ਅਤੇ ਲੰਮਾ ਸਮਾਂ ਕਾਇਮ ਰਿਹਾ।
ਸ਼ਾਹੀ ਦਸਤੂਰ ਮੁਤਾਬਿਕ ਬੇਗਮ ਪਰਦੇ ਦੀ ਸਖ਼ਤ ਪਾਬੰਦ, ਨਿੱਤ ਪੰਜ ਨਮਾਜ਼ਾਂ ਪੜ੍ਹਦੀ ਅਤੇ ਨਵਾਬ ਸਾਹਿਬ ਨਾਲ ਸ਼ਿਕਾਰ ’ਤੇ ਜਾਂਦੀ ਰਹੀ। ਆਪਣੇ ਅਤੇ ਨਵਾਬ ਦੇ ਨਾਂ ਵਾਲੇ ਸਾਂਝੇ ਪਾਸਪੋਰਟ ’ਤੇ ਇਕ ਵਾਰ ਉਹ ਇੰਗਲੈਂਡ ਗਈ। ਉਂਜ, ਉਹ ਮਹਿਲ ਅੰਦਰ ਰਹਿਣ ਨੂੰ ਤਰਜੀਹ ਦਿੰਦੀ ਅਤੇ ਲੋਕਾਂ ਸਾਹਮਣੇ ਬਹੁਤ ਘੱਟ ਆਉਂਦੀ। ਨਵਾਬ ਸਾਹਿਬ ਦੋ ਵਾਰ ਵਿਧਾਇਕ ਚੁਣੇ ਗਏ ਜਦੋਂਕਿ ਬੇਗਮ ਨੂੰ ਸਿਆਸਤ ਵਿਚ ਕੋਈ ਦਿਲਚਸਪੀ ਨਹੀਂ ਸੀ। 1982 ਵਿਚ ਨਵਾਬ ਦੇ ਫ਼ੌਤ ਹੋਣ ਮਗਰੋਂ ਉਸ ਦੀ ਜ਼ਿੰਦਗੀ ਵਿਚ ਤੂਫ਼ਾਨ ਆ ਗਿਆ।
ਨਵਾਬ ਦੀ ਬੇਗਮ ਮੁਨੱਵਰ-ਉਲ-ਨਿਸਾ ਸਮੇਤ ਆਪਣੀਆਂ ਚਾਰੋਂ ਬੇਗਮਾਂ ’ਚੋਂ ਕੋਈ ਔਲਾਦ ਨਹੀਂ ਹੋਈ। ਦੂਜੀ ਬੇਗਮ ਯੂਸਫ਼ ਜ਼ਮਾਂ ਨਾਲ ਜਾਇਦਾਦ ਸਬੰਧੀ ਝਗੜੇ ਸਨ। ਰਿਸ਼ਤੇਦਾਰਾਂ ਅਤੇ ਰੀਅਲ ਅਸਟੇਟ ਵਾਲਿਆਂ ਨੇ ਕਥਿਤ ਤੌਰ ’ਤੇ ਕਈ ਜਾਇਦਾਦਾਂ ਹੜੱਪ ਲਈਆਂ ਤਾਂ ਬਹੁਤ ਸਾਰੇ ਅਦਾਲਤੀ ਮੁਕੱਦਮਿਆਂ ਨੇ ਉਸ ਨੂੰ ਪ੍ਰੇਸ਼ਾਨ ਕਰੀ ਰੱਖਿਆ। ਨਿਰਬਾਹ ਲਈ ਉਸ ਨੂੰ ਸਾਲ ਦਰ ਸਾਲ ਜਾਇਦਾਦ, ਅਸਾਸੇ ਅਤੇ ਹੋਰ ਕੀਮਤੀ ਚੀਜ਼ਾਂ ਵੇਚਣੀਆਂ ਪਈਆਂ, ਪਰ ਕਰਜ਼ੇ ਫਿਰ ਵੀ ਨਾ ਉਤਰੇ। ਇਕ ਤਰ੍ਹਾਂ ਤੰਗਹਾਲੀ ਹੀ ਆ ਗਈ। ਉਸ ਨੇ ਆਪਣੇ ਬਹੁਤੇ ਨਿੱਜੀ ਸਟਾਫ ਦੀ ਛਾਂਟੀ ਕਰ ਦਿੱਤੀ ਅਤੇ ਘੱਟੋ-ਘੱਟ ਖਾਦਿਮਾਂ ਨਾਲ ਕੰਮ ਚਲਾਇਆ। ਨਵਾਬ ਦੇ ਦੇ ਦੇਹਾਂਤ ਮਗਰੋਂ ਸ਼ਾਹੀ ਪਰਿਵਾਰ ਦੇ ਪੁਰਾਣੇ ਖਾਦਿਮਾਂ ਵਿਚੋਂ ਇਕ ਦੇ ਵੰਸ਼ਜ ਮਹਿਮੂਦ ਨੇ ਬੇਗਮ ਦੀ ਦੇਖਭਾਲ ਦੀ ਜ਼ਿੰਮੇਵਾਰੀ ਓਟੀ।
ਬੇਗਮ ਨੂੰ ਮਹਿਮੂਦ ਦੇ ਬਣਾਏ ਕੋਫ਼ਤੇ, ਬਿਰਿਆਨੀ ਅਤੇ ਕਬਾਬ ਸੁਆਦ ਲੱਗਦੇ। ਉਹ ਸ਼ਿਅਰ-ਓ-ਸ਼ਾਇਰੀ ਦੀ ਸ਼ੌਕੀਨ ਵੀ ਸੀ ਅਤੇ ਅਕਸਰ ਗ਼ਾਲਬਿ ਦੇ ਸ਼ਿਅਰ ਬੋਲਦੀ। ਉਹ ਮੌਕੇ ਅਨੁਸਾਰ ਢੁੱਕਦੇ ਆਪਣੇ ਪਸੰਦੀਦਾ ਸ਼ਾਇਰਾਂ ਦੇ ਸ਼ਿਅਰ ਬੋਲਣ ਵਿਚ ਮਾਹਿਰ ਸੀ। ਨਵਾਬ ਦੇ ਫ਼ੌਤ ਹੋਣ ਮਗਰੋਂ ਬੇਗਮ ਆਪਣੇ ਰਿਸ਼ਤੇਦਾਰਾਂ ਦੀ ਮਦਦ ਬਿਨਾਂ ਵਿਰੋਧੀ ਹਾਲਾਤ ਦਾ ਸਾਹਮਣਾ ਕਰਦਿਆਂ ਚੁੱਪ ਰਹਿਣ ਲੱਗੀ ਸੀ। ਅਜਿਹੇ ਹਾਲਾਤ ’ਚ ਉਸ ਨੇ ਸ਼ਾਇਰੀ, ਸਾਹਿਤ ਅਤੇ ਧਰਮ ’ਤੇ ਟੇਕ ਰੱਖੀ।

Advertisement

ਲੇਖਕ ਦੀ ਬੇਗਮ ਨਾਲ ਇਕ ਯਾਦਗਾਰੀ ਤਸਵੀਰ। ਫੋਟੋਆਂ: ਲੇਖਕ

ਦਿੱਲੀ ਤੋਂ ਪ੍ਰਕਾਸ਼ਿਤ ਹੁੰਦਾ ਉਰਦੂ ਰਸਾਲਾ ‘ਮਸ਼ਰਿਕੀ ਦੁਲਹਨ’ ਜ਼ਿੰਦਗੀ ਅੰਤਲੇ ਸਾਲਾਂ ਤੱਕ ਉਸ ਦਾ ਪਸੰਦੀਦਾ ਰਸਾਲਾ ਰਿਹਾ। ਸਮਾਈ, ਸਹਿਣਸ਼ੀਲਤਾ ਅਤੇ ਸੰਜਮ ਉਸ ਦੀ ਸ਼ਖ਼ਸੀਅਤ ਦੇ ਉੱਘੜਵੇਂ ਗੁਣ ਸਨ। ਹਾਲਾਤ ਨੇ ਉਸ ਨੂੰ ਵਕੀਲਾਂ ਅਤੇ ਲੋਕਾਂ ਨਾਲ ਮਿਲਣ ਲਈ ਮਜਬੂਰ ਕਰ ਦਿੱਤਾ। ਉਸ ਨੇ ਮਾਲੇਰਕੋਟਲਾ ਦੀ ਰਾਜਮਾਤਾ ਵਜੋਂ ਆਪਣੇ ਰੁਤਬੇ ਅਤੇ ਇਸ ਨਾਲ ਜੁੜੇ ਫ਼ਰਜ਼ਾਂ ਨੂੰ ਸਮਝਦਿਆਂ ਆਪਣਾ ਸੁਭਾਅ ਥੋੜ੍ਹਾ ਬਦਲਿਆ।
ਮੈਨੂੰ ਮੀਡੀਆ ਰਿਪੋਰਟਾਂ ਤੋਂ ਬੇਗਮ ਮੁਨੱਵਰ-ਉਲ-ਨਿਸਾ ਦੀ ‘ਆਖ਼ਰੀ ਖ਼ੁਆਹਿਸ਼’ ਬਾਰੇ ਪਤਾ ਲੱਗਿਆ ਕਿ ਉਹ ਡੇਢ ਸੌ ਸਾਲ ਪੁਰਾਣੇ ਮੁਬਾਰਕ ਮੰਜ਼ਿਲ ਮਹਿਲ ਨੂੰ ਇਸ ਦੀ ਪੁਰਾਣੀ ਸ਼ਾਨੋ-ਸ਼ੌਕਤ ਬਹਾਲ ਹੋਇਆਂ ਅਤੇ ਇਸ ਨੂੰ ਸੰਰੱਖਿਅਤ ਰੱਖ ਕੇ ਵਿਰਾਸਤੀ ਅਜਾਇਬਘਰ, ਲਾਇਬ੍ਰੇਰੀ ਅਤੇ ਉਰਦੂ, ਫ਼ਾਰਸੀ ਤੇ ਅਰਬੀ ਜ਼ੁਬਾਨਾਂ ਦੀ ਤਾਲੀਮ ਦੇ ਕੇਂਦਰ ਵਜੋਂ ਦੇਖਣਾ ਚਾਹੁੰਦੀ ਸੀ। ਉਸ ਨੇ ਇਹ ਮਹਿਲ ਪੰਜਾਬ ਸਰਕਾਰ ਨੂੰ ਦਾਨ ਕਰ ਦਿੱਤਾ ਸੀ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੇ ਇਸ ’ਤੇ ਕਬਜ਼ੇ ਸਬੰਧੀ ਨੋਟੀਫਿਕੇਸ਼ਨ ਅਤੇ ਹੋਰ ਨਿਯਮ ਤੇ ਸ਼ਰਤਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਸਨ। ਸਰਕਾਰ ਨੇ ਉਸ ਨੂੰ ਨਿੱਜੀ ਖ਼ਰਚਿਆਂ ਲਈ ਤਿੰਨ ਕਰੋੜ ਰੁਪਏ ਦੇਣ ਅਤੇ ਜ਼ਿੰਦਗੀ ਭਰ ਲਈ ਮਹਿਲ ਦਾ ਕੁਝ ਹਿੱਸਾ ਆਪਣੇ ਕੋਲ ਰੱਖਣ ਦੇਣ ਦਾ ਵਾਅਦਾ ਕੀਤਾ ਸੀ।
ਇਸ ਵਿਚੋਂ ਕੁਝ ਰਕਮ ਉਸ ਦੇ ਨਿੱਜੀ ਸਟਾਫ ਦੀਆਂ ਤਨਖ਼ਾਹਾਂ ਦੇਣ, ਕਰਜ਼ੇ ਉਤਾਰਨ, ਜਾਇਦਾਦ ਸਬੰਧੀ ਵਿਵਾਦ ਨਿਪਟਾਉਣ ਅਤੇ ਮੁਹੱਰਮ ਮੌਕੇ ਲੰਗਰ ਲਗਾਉਣ ਲਈ ਵਰਤੀ ਗਈ। ਉਸ ਦੀ ਸਾਂਭ-ਸੰਭਾਲ ਕਰਨ ਵਾਲੇ ਮੁਤਾਬਿਕ ਕੁਝ ਰਕਮ ਸਰਕਾਰ ਵੱਲੋਂ ਹਾਲੇ ਜਾਰੀ ਨਹੀਂ ਕੀਤੀ ਗਈ।

ਨਵੰਬਰ 2021 ਵਿਚ ਮਾਲੇਰਕੋਟਲਾ ਦੀ ਡਿਪਟੀ ਕਮਿਸ਼ਨਰ ਵਜੋਂ ਜੁਆਇਨ ਕਰਨ ਮਗਰੋਂ ਹੋਰ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਦੇ ਨਾਲ ਨਾਲ ਇਹ ਪ੍ਰੋਜੈਕਟ ਮੇਰੇ ਸਭ ਤੋਂ ਵੱਧ ਤਰਜੀਹੀ ਕੰਮਾਂ ਵਿਚ ਸ਼ੁਮਾਰ ਸੀ। ਮੈਂ ਮਹਿਲ ਦੀ ਮੁਰੰਮਤ ਕਰਨ ਵਾਲੀ ਆਗਾ ਖ਼ਾਨ ਫਾਊਂਡੇਸ਼ਨ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨਾਲ ਵੀ ਸੰਪਰਕ ਕੀਤਾ। ਕੰਮ ਰੁਕਿਆ ਹੋਇਆ ਸੀ। ਮੈਂ ਇਹ ਕੰਮ ਕਰਵਾਉਣ ਦੀ ਬੇਹੱਦ ਚਾਹਵਾਨ ਸੀ। ਇਸ ਲਈ ਮੈਂ ਅਫਸਰਸ਼ਾਹੀ ਨਾਲ ਸਬੰਧਿਤ ਮਸਲੇ ਹੱਲ ਕਰਵਾਉਣ ਲਈ ਕੋਸ਼ਿਸ਼ਾਂ ਕੀਤੀਆਂ ਅਤੇ ਮਾਲੇਰਕੋਟਲਾ ਵਿਚ ਕੂਕਾ ਯਾਦਗਾਰ ਦੇ ਦੌਰੇ ’ਤੇ ਆਏ ਪੰਜਾਬ ਦੇ ਰਾਜਪਾਲ ਕੋਲ ਇਹ ਮੁੱਦਾ ਪੁਰਜ਼ੋਰ ਢੰਗ ਨਾਲ ਉਠਾਇਆ। ਉਨ੍ਹਾਂ ਦਾ ਹੁੰਗਾਰਾ ਉਤਸ਼ਾਹ ਵਧਾਉਣ ਵਾਲਾ ਸੀ, ਪਰ ਛੇਤੀ ਹੀ ਤਬਾਦਲਾ ਹੋਣ ਕਾਰਨ ਮੈਂ ਇਹ ਕੰਮ ਕਰਵਾ ਨਾ ਸਕੀ।
ਮੈਨੂੰ ਬੇਗਮ ਨਾਲ ਮੇਰੀ ਪਹਿਲੀ ਅਤੇ ਇਕੋ ਇਕ ਮੁਲਾਕਾਤ ਬਾਰੇ ਯਾਦ ਹੈ। ਮੈਂ ਨਵੇਂ ਸਾਲ 2021 ਦੇ ਪਹਿਲੇ ਦਿਨ ਸੌ ਸਾਲਾ ਬੇਗਮ ਨਾਲ ਮੁਲਾਕਾਤ ਕੀਤੀ। ਮੈਂ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਲੈ ਕੇ ਬੇਗਮ ਦੀ ਰਿਹਾਇਸ਼ ’ਤੇ ਪੁੱਜੀ ਅਤੇ ਸਲਵਾਰ ਕਮੀਜ਼ ਪਹਿਨੀ ਤੇ ਚਿੱਟੇ ਸ਼ਾਲ ਦੀ ਬੁੱਕਲ ਮਾਰੀ ਬੈਠੀ ਮਧਰੇ ਕੱਦ ਦੀ ਬੇਗਮ ਨਾਲ ਛੇਤੀ ਹੀ ਘੁਲਮਿਲ ਗਈ। ਇੰਨੀ ਤੰਗਦਸਤੀ ’ਚ ਰਹਿਣ ਦੇ ਬਾਵਜੂਦ ਉਸ ਦੇ ਸੁਭਾਅ ਦੀ ਨਜ਼ਾਕਤ ਅਤੇ ਸ਼ਾਹੀ ਅੰਦਾਜ਼ ਕਾਇਮ ਸੀ। ਬੇਗਮ ਦੀ ਯਾਦਦਾਸ਼ਤ ਕਮਾਲ ਦੀ ਸੀ। ਬੀਤੇ ਸਾਲਾਂ ਦੇ ਵੇਰਵੇ ਉਹ ਬਿਨਾਂ ਤਰੱਦਦ ਦੱਸਣ ਦੇ ਸਮਰੱਥ ਸੀ।
ਉਸ ਨੂੰ ਪੰਛੀਆਂ ਨੂੰ ਚੋਗਾ ਪਾਉਣਾ ਪਸੰਦ ਸੀ। ਢਹਿ-ਢੇਰੀ ਹੋ ਰਹੇ ਮਹਿਲ ਵਿਚਲੇ ਕਈ ਮੋਰਾਂ ਵਿਚੋਂ ਉਸ ਦਾ ਪਸੰਦੀਦਾ ‘ਮੋਤੀ’ ਨਾਂ ਦਾ ਮੋਰ ਆ ਕੇ ਕੂਕਦਾ ਅਤੇ ਉਹ ਆਖਦੀ, ‘‘ਮੋਤੀ, ਤੂ ਆ ਗਿਆ?’’ ਤੇ ਉਸ ਨੂੰ ਚੋਗਾ ਪਾਉਂਦੀ। ਉਸ ਕੋਲ ਅੱਠ-ਦਸ ਬਿੱਲੀਆਂ ਵੀ ਸਨ ਜਿਨ੍ਹਾਂ ਨੂੰ ਉਹ ਸਨੇਹ ਨਾਲ ਦੁੱਧ ਪਾਉਂਦੀ, ਇੱਥੋਂ ਤੱਕ ਕਿ ਰਾਤ ਨੂੰ ਵੀ। ਮੇਰੇ ਹਿੰਦੋਸਤਾਨੀ ’ਚ ਗੱਲ ਕਰਦਿਆਂ ਉਰਦੂ ਲਫ਼ਜ਼ਾਂ ਦੀ ਵਰਤੋਂ ਕਰਨ ’ਤੇ ਉਸ ਨੇ ਵੀ ਪੂਰੀ ਰੂਹ ਨਾਲ ਗੱਲਾਂ ਕੀਤੀਆਂ। ਗੱਲਾਂ ਕਰਦਿਆਂ ਉਸ ਨੇ ਮੇਰਾ ਹੱਥ ਫੜਿਆ ਤੇ ਨਜ਼ਰ ਮਿਲਾ ਕੇ ਪੂਰੇ ਸਨੇਹ ਨਾਲ ਕਿਹਾ, ‘‘ਅਗਰ ਆਪ ਨੇ ਮੇਰੀ ਖ਼ਵਾਹਿਸ਼ ਪੂਰੀ ਨਹੀਂ ਕੀ, ਤੋਂ ਆਪ ਸੇ ਲੜਾਈ ਕਰੂੰਗੀ।’’ ਹੁਣ ਜਦੋਂ ਉਹ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ ਹੈ ਤਾਂ ਮੈਂ ਸੋਚਦੀ ਹਾਂ ਕਿ ਟੁੱਟੇ ਵਾਅਦੇ ਟੁੱਟੇ ਸ਼ੀਸ਼ੇ ਦੀਆਂ ਕਿਚਰਾਂ ਵਰਗੇ ਹੁੰਦੇ ਨੇ, ਅਤੇ ਇਨ੍ਹਾਂ ਨੂੰ ਫੜੀ ਰੱਖਣ ਵਾਲੇ ਆਪਣੇ ਟੁਕੜੇ-ਟੁਕੜੇ ਹੋਏ ਅਕਸ ਨੂੰ ਫੜਦੇ ਰਹਿ ਜਾਂਦੇ ਹਨ।
ਉਹ ਆਪਣੇ ਚਲਾਣੇ ਤੋਂ ਕੁਝ ਮਹੀਨੇ ਪਹਿਲਾਂ ਫ਼ਤਹਿਗੜ੍ਹ ਸਾਹਿਬ ਗਈ ਸੀ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦੀਵਾਨ ਟੋਡਰ ਮੱਲ ਵਿਰਾਸਤ ਫਾਊਂਡੇਸ਼ਨ ਨੇ ਉਸ ਦਾ ਸਨਮਾਨ ਕੀਤਾ। ਉਹ ਸਿੱਖ ਸ਼ਰਧਾਲੂਆਂ ਨੂੰ ‘ਸਿਰੀ ਸਾਹਿਬ’ ਦੇ ਦਰਸ਼ਨ ਕਰਵਾਉਣ ਲਈ ਆਪਣੇ ਨਾਲ ਲੈ ਗਈ ਸੀ। ਉਸ ਨੇ ਸਾਰਿਆਂ ਨੂੰ ਸਦਾ ਭਾਈਚਾਰਕ ਸਾਂਝ ਅਤੇ ਸ਼ਾਂਤੀ ਬਣਾਈ ਰੱਖਣ ਦਾ ਆਪਣਾ ਸੁਨੇਹਾ ਮੁੜ ਦੁਹਰਾਇਆ।

* ਲੇਖਕ ਸੇਵਾਮੁਕਤ ਆਈਏਐੱਸ ਅਧਿਕਾਰੀ ਹੈ।
ਸੰਪਰਕ: 98887-19653

ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ੀ ਸਿਰੀ ਸਾਹਿਬ ਅਤੇ ਨਵਾਬ ਦੀ ਔਰੰਗਜ਼ੇਬ ਨੂੰ ਅਪੀਲ। ਫੋਟੋਆਂ: ਲੇਖਕ

ਨਵਾਬ ਸ਼ੇਰ ਮੁਹੰਮਦ ਖ਼ਾਨ ਇਕੋ ਇਕ ਮੁਸਲਿਮ ਸ਼ਾਸਕ ਸੀ ਜਿਸ ਨੇ ਅਥਾਹ ਸੰਜਮ ਦਿਖਾਇਆ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੀਂਹਾਂ ਵਿਚ ਚਿਣਨ ਦੇ ਵਹਿਸ਼ਤ ਭਰੇ ਫ਼ੈਸਲੇ ਖਿਲਾਫ਼ ਆਵਾਜ਼ ਉਠਾਉਂਦਿਆਂ ਹਾਅ ਦਾ ਨਾਅਰਾ ਮਾਰਿਆ। ਇੰਨਾ ਹੀ ਨਹੀਂ, ਉਸ ਨੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੀ ਕਚਹਿਰੀ ’ਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ (ਉਮਰ ਸੱਤ ਸਾਲ) ਅਤੇ ਸਾਹਿਬਜ਼ਾਦਾ ਫਤਿਹ ਸਿੰਘ (ਉਮਰ ਪੰਜ ਸਾਲ) ਦੀਆਂ ਜਾਨਾਂ ਬਖ਼ਸ਼ਾਉਣ ਦੀ ਅਪੀਲ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਇਹ ਪਤਾ ਲੱਗਣ ’ਤੇ ਮਾਲੇਰਕੋਟਲੇ ਦੇ ਨਵਾਬ ਅਤੇ ਲੋਕਾਂ ਨਾਲ ਵਾਅਦਾ ਕੀਤਾ ਕਿ ਉੱਥੋਂ ਦੇ ਲੋਕ ਸਦਾ ਵੱਸਦੇ ਰਹਿਣਗੇ। ਗੁਰੂ ਸਾਹਿਬ ਨੇ ਨਵਾਬ ਨੂੰ ਇਕ ਕਿਰਪਾਨ (ਜਿਸ ਨੂੰ ਸਿਰੀ ਸਾਹਿਬ ਆਖਦੇ ਹਨ) ਦੀ ਬਖ਼ਸ਼ਿਸ਼ ਕੀਤੀ ਜੋ ਮੁਬਾਰਕ ਮੰਜ਼ਿਲ ਮਹਿਲ ਵਿਚ ਸੰਭਾਲੀ ਹੋਈ ਹੈ।

ਮਾਲੇਰਕੋਟਲਾ: ਇਤਿਹਾਸਕ ਸੰਦਰਭ

ਮਾਲੇਰਕੋਟਲਾ ਪੰਜਾਬ ਦਾ ਇਤਿਹਾਸਕ ਸ਼ਹਿਰ ਹੈ। ਇਸ ਦੇ ਵੱਸਣ ਬਾਰੇ ਕਈ ਰਵਾਇਤਾਂ ਹਨ। ਇੱਕ ਰਵਾਇਤ ਅਨੁਸਾਰ ਭੁਮਸੀ ਪਿੰਡ ਦੇ ਨਜ਼ਦੀਕ ਇੱਕ ਕਿਲ੍ਹੇ ਦੀ ਉਸਾਰੀ ਰਾਜਪੂਤ ਰਾਜੇ ਰਾਜਾ ਮਲ੍ਹੇਰ ਸਿੰਘ ਨੇ ਕਰਵਾਈ ਜਿਸ ’ਤੇ ਇਸ ਦਾ ਨਾਂ ਮਲ੍ਹੇਰਗੜ੍ਹ ਪਿਆ। ਦੂਸਰੀ ਰਵਾਇਤ ਅਤੇ ਮੱਧਕਾਲੀਨ ਸਮਿਆਂ ਦੇ ਇਤਿਹਾਸਕ ਹਵਾਲਿਆਂ ਅਨੁਸਾਰ ਇਹ ਸ਼ਹਿਰ ਹਜ਼ਰਤ ਸ਼ੇਖ ਸਦਰ-ਉਦ-ਦੀਨ, ਜਿਨ੍ਹਾਂ ਦੇ ਖ਼ਾਨਦਾਨ ਦਾ ਸਬੰਧ ਅਫ਼ਗ਼ਾਨਿਸਤਾਨ ਦੇ ਖ਼ੁਰਾਸਾਨ ਸੂਬੇ ਦੇ ਕਸਬੇ ਦਰਵੰਦ ਨਾਲ ਸੀ, ਨੇ ਵਸਾਇਆ। ਸ਼ੇਰਵਾਨ ਵਿੱਚ 1434 ਈਸਵੀ ਵਿੱਚ ਪੈਦਾ ਹੋਏ ਹਜ਼ਰਤ ਸ਼ੇਖ ਸਦਰ-ਉਦ-ਦੀਨ ਨੇ ਇਸਲਾਮ ਦੇ ਉੱਘੇ ਵਿਦਵਾਨਾਂ ਅਤੇ ਸੂਫ਼ੀ ਫਕੀਰਾਂ ਤੋਂ ਵਿੱਦਿਆ ਹਾਸਲ ਕੀਤੀ ਅਤੇ 1449 ਵਿੱਚ ਭੁਮਸੀ ਵਿੱਚ ਡੇਰਾ ਲਾਇਆ। ਉਸ ਸਮੇਂ ਦਾ ਦਿੱਲੀ ਦਾ ਸੁਲਤਾਨ ਬਹਿਲੋਲ ਲੋਧੀ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਹਜ਼ਰਤ ਸ਼ੇਖ ਦਾ ਪਹਿਲਾ ਨਿਕਾਹ ਸੁਲਤਾਨ ਬਹਿਲੋਲ ਲੋਧੀ ਦੀ ਬੇਟੀ ਤਾਜ ਮਰਸਾ ਬੇਗਮ ਨਾਲ ਹੋਇਆ। ਬਹਿਲੋਲ ਲੋਧੀ ਦੇ ਪੁੱਤਰ ਸੁਲਤਾਨ ਸਿਕੰਦਰ ਲੋਧੀ ਨੇ 12 ਵੱਡੇ ਪਿੰਡ ਅਤੇ 56 ਛੋਟੇ ਪਿੰਡ ਹਜ਼ਰਤ ਸ਼ੇਖ ਨੂੰ ਜਾਗੀਰ ਵਿੱਚ ਦਿੱਤੇ। ਹਜ਼ਰਤ ਸ਼ੇਖ ਦਾ ਦੂਸਰਾ ਨਿਕਾਹ ਕਪੂਰਥਲਾ ਦੇ ਨਵਾਬ ਰਾਏ ਬਹਿਰਾਮ ਭੱਟੀ ਦੀ ਪੁੱਤਰੀ ਮੁਰਤਜ਼ਾ ਬੇਗਮ ਨਾਲ ਹੋਇਆ। ਹਜ਼ਰਤ ਸ਼ੇਖ ਨੇ ਆਪਣੇ ਡੇਰੇ/ਦਰਗਾਹ ਦੇ ਨਜ਼ਦੀਕ ਮੁਰਤਜ਼ਾ ਬੇਗਮ ਲਈ ਮਹਿਲ ਬਣਾਇਆ ਅਤੇ ਉਸ ਦੇ ਨਜ਼ਦੀਕ ਹੀ ਲੋਕਾਂ ਨੂੰ ਰਹਿਣ ਲਈ ਥਾਂ ਵੀ ਦਿੱਤੀ ਜਿਸ ’ਤੇ ਨਵਾਂ ਕਸਬਾ ‘ਮਲੇਰ’ ਵਸਿਆ। ਹਜ਼ਰਤ ਸ਼ੇਖ ਦੇ ਖਾਨਦਾਨ ਵਿੱਚੋਂ ਬਾਯਜ਼ੀਦ ਅਲੀ ਖਾਂ ਨੇ ਮਲੇਰ ਦੇ ਨਜ਼ਦੀਕ ‘ਕੋਟਲਾ’ ਨਾਂ ਦੇ ਕਿਲ੍ਹੇ ਦੀ ਉਸਾਰੀ ਕੀਤੀ ਅਤੇ ਉਸ ਦੇ ਨਜ਼ਦੀਕ ਵੀ ਲੋਕ ਆਬਾਦ ਹੋਏ। 1656-57 ਵਿੱਚ ਇਸ ਥਾਂ ਦਾ ਨਾਂ ਕੋਟਲਾ ਮਲੇਰ ਪ੍ਰਚੱਲਿਤ ਹੋਇਆ ਜੋ ਸਮਾਂ ਬੀਤਣ ’ਤੇ ਮਲੇਰਕੋਟਲਾ (ਮਾਲੇਰਕੋਟਲਾ) ਦੇ ਨਾਂ ਨਾਲ ਜਾਣਿਆ ਗਿਆ। ਮਾਲੇਰਕੋਟਲੇ ਦੇ ਇਤਿਹਾਸ ਵਿੱਚੋਂ ਤਿੰਨ ਘਟਨਾਵਾਂ ਬਹੁਤ ਉੱਭਰਦੀਆਂ ਹਨ:
* ਹਜ਼ਰਤ ਸ਼ੇਖ ਸਦਰ-ਉਦ-ਦੀਨ ਦੇ ਖ਼ਾਨਦਾਨ ’ਚੋਂ ਮਾਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੇ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਨ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ’ਚ ਚਿਣਨ ਦਾ ਵਿਰੋਧ ਕਰਦਿਆਂ ਹਾਅ ਦਾ ਨਾਅਰਾ ਮਾਰਿਆ। ਰਵਾਇਤ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਮਾਲੇਰਕੋਟਲੇ ਨੂੰ ਅਮਨ-ਸ਼ਾਂਤੀ ਨਾਲ ਵੱਸਣ ਦੀ ਬਖ਼ਸ਼ਿਸ ਕੀਤੀ।
* 1872 ਵਿੱਚ ਮਾਲੇਰਕੋਟਲਾ ਨਾਮਧਾਰੀ ਵਿਦਰੋਹ ਦਾ ਕੇਂਦਰ ਬਿੰਦੂ ਬਣਿਆ ਅਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਕੋਵਾਨ ਨੇ ਬਿਨਾਂ ਕੋਈ ਮੁਕੱਦਮਾ ਚਲਾਏ 66 ਨਾਮਧਾਰੀਆ ਨੂੰ ਤੋਪਾਂ ਸਾਹਮਣੇ ਬੰਨ੍ਹ ਕੇ ਉਡਾ ਦਿੱਤਾ।
* ਦੇਸ਼ ਦੀ ਵੰਡ ਦੌਰਾਨ ਮਾਲੇਰਕੋਟਲੇ ਵਿੱਚ ਕੋਈ ਫਿਰਕੂ ਫ਼ਸਾਦ ਨਹੀਂ ਹੋਏ ਅਤੇ ਇਹ ਇਲਾਕਾ ਭਾਈਚਾਰਕ ਸਾਂਝ ਦੀ ਮਿਸਾਲ ਬਣਿਆ।
(ਮਾਲੇਰਕੋਟਲਾ ਬਾਰੇ ਜਾਣਕਾਰੀ ਡਾ. ਮੁਹੰਮਦ ਹਬੀਬ ਤੇ ਆਬਿਦ ਅਲੀ ਖਾਂ ਦੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਪ੍ਰਕਾਸ਼ਿਤ ਕਿਤਾਬ ‘ਨਵਾਬ ਸ਼ੇਰ ਮੁਹੰਮਦ ਖ਼ਾਂ ਅਤੇ ਰਿਆਸਤ ਮਲੇਰਕੋਟਲਾ’ ’ਚੋਂ ਲਈ ਗਈ ਹੈ)
Advertisement