ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਤਰ ਮੇਰੇ ਪਿੰਡ ਦੇ

04:05 AM May 11, 2025 IST
featuredImage featuredImage

ਸਿੱਧੂ ਦਮਦਮੀ

Advertisement

ਸੋਹਣੀ ਸਦਾ ਰਾਮ ਦੀ

ਪੰਜਾਬੀ ਦੇ ਕਲਾਸਕੀ ਕਿੱਸਿਆਂ ਦੀ ਸਿਰਜਨਾ ਉਨ੍ਹਾਂ ਦੀ ਰਚਨਾ ਥਲੀ ਨਾਲ ਜੋੜ ਕੇ ਵੀ ਦੇਖੀ ਜਾ ਸਕਦੀ ਹੈ, ਜਿਵੇਂ ਵਾਰਿਸ ਸ਼ਾਹ - ਜੰਡਿਆਲਾ ਸ਼ੇਖ, ਦਮੋਦਰ ਆਦਿ। ਇਨ੍ਹਾਂ ਦੇ ਜੋੜ ਦਾ ਇੱਕੋ ਇੱਕ ਮਲਵਈ ਕਿੱਸਾਕਾਰ ਸਾਧੂ ਸਦਾ ਰਾਮ ਹੋਇਆ ਹੈ ਜੋ ਦੂਜਿਆਂ ਦੇ ਮੁਕਾਬਲੇ ਅਣਗੌਲਿਆ ਰਿਹਾ ਹੈ।
ਸਾਧੂ ਸਦਾ ਰਾਮ ਦਾ ਜਨਮ ਤਹਿਸੀਲ ਸਿਰਸਾ ਦੇ ਪਿੰਡ ਨੌਹਾਰ ਭਾਦਰਾ ਨੇੜਲੇ ਇੱਕ ਪਿੰਡ ਵਿੱਚ ਹੋਇਆ। ਛੋਟੀ ਉਮਰ ਵਿੱਚ ਹੀ ਪਿਤਾ ਚਲਾਣਾ ਕਰ ਗਿਆ ਤੇ ਸਦਾ ਰਾਮ ਆਪਣੀ ਵੱਡੀ ਭੈਣ ਸਦਾ ਕੌਰ, ਜੋ ਤਲਵੰਡੀ ਸਾਬੋ ਹੀ ਵਿਆਹੀ ਹੋਈ ਸੀ, ਕੋਲ ਆ ਕੇ ਰਹਿਣ ਲੱਗ ਪਿਆ। ਸਰੀਰਕ ਤੌਰ ’ਤੇ ਮਾੜਚੂ ਜਿਹਾ ਹੋਣ ਕਰਕੇ ਉਹ ਖੇਤੀਬਾੜੀ ਦਾ ਕੰਮ ਨਹੀਂ ਸੀ ਕਰ ਸਕਦਾ। ਸੋ ਭੈਣ ਨੇ ਆਪਣੇ ਪਤੀ ਨੂੰ ਕਹਿ-ਕਹਾ ਕੇ ਉਸ ਨੂੰ ਬੱਕਰੀਆਂ ਦਾ ਇੱਜੜ ਪਾ ਦਿੱਤਾ। ਇੰਜ ਸਦਾ ਰਾਮ ਆਜੜੀ ਬਣ ਗਿਆ।
ਇੱਥੇ ਹੀ ਚੜ੍ਹਦੀ ਜੁਆਨੀ ਵੇਲੇ ਪਿੰਡ ਦੀ ਹੀ ਇੱਕ ਕੁੜੀ ਨਾਲ ਉਸ ਨੂੰ ਇਸ਼ਕ ਹੋ ਗਿਆ। ਮਾੜੀ ਕਿਸਮਤ ਨੂੰ ਕੁੜੀ ਦੇ ਵਾਰਸਾਂ ਨੇ ਸਦਾ ਰਾਮ ਨੂੰ ਏਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਹ ਸਦਾ ਲਈ ਦੁਨੀਆ ਤੋਂ ਉਪਰਾਮ ਹੋ ਗਿਆ। ਸਦਾ ਰਾਮ ਦੇ ਸ਼ਰਧਾਲੂ ਇਸ ਘਟਨਾ ਤੋਂ ਇਨਕਾਰ ਕਰਦੇ ਹਨ ਪਰ ਇਸ ਦੀ ਪੁਸ਼ਟੀ ਕਰਦੇ ਕਈ ਇਸ਼ਾਰੇ ਉਸ ਦੇ ਕਿੱਸਿਆਂ ਵਿੱਚ ਮਿਲਦੇ ਹਨ:
- ਜ਼ੋਰ ਕੀ ਏ ਸਦੇ ਰਾਮਾ
- ਇਸ਼ਕ ਗਾਂਵਿਆਂ ਆਸ਼ਕਾਂ ਸਾਦਕਾਂ ਨੇ
ਬੁੱਧ ਸ਼ਾਇਰ ਦੀ ਇਸ਼ਕ ਹੁਸ਼ਿਆਰ ਕੀਤਾ।
- ਜੈਸਾ ਸੁੱਖ ਯਾਰ ਦੇ ਮਿਲਣ ਮਾਹੇ
ਸਦਾ ਰਾਮਾ ਐਸਾ ਸੁੱਖ ਹੋਰ ਇੱਕ ਹਰ ਗੁਣ ਗਏ ਤੇ।
- ਆਸ਼ਕਾਂ ਬਗੈਰ ਕਿੱਸਾ ਬਣਨਾ ਨੀ ਆਸ਼ਕਾਂ ਦਾ।
ਸਮਾਂ ਲੰਘਣ ਨਾਲ ਆਪਣੇ ਉਪਾਸ਼ਕਾਂ ਲਈ ਸਦਾ ਰਾਮ ਕਿਉਂਕਿ ਇੱਕ ਸੰਤ ਬਣ ਗਿਆ ਸੀ। ਇਸ ਲਈ ਉਸ ਦੇ ਉਪਾਸ਼ਕਾਂ ਲਈ ਸਦਾ ਰਾਮ ਦੇ ਇਸ਼ਕ ਵਾਲੀ ਘਟਨਾ ਦੁਨਿਆਵੀ ਨਹੀਂ ਸਗੋਂ ਰੁਹਾਨੀ ਸੀ। ਸ਼ਰਧਾਲੂ ਮੰਨਦੇ ਹਨ ਕਿ ਉਨ੍ਹਾਂ ਦਾ ਤਾਂ ਅੱਖਾਂ ਦਾ ਪਾਕ ਇਸ਼ਕ ਸੀ, ਕੋਈ ਗੰਧਲਿਆ ਹੋਇਆ ਨਹੀਂ।
ਬੋਲਦਾ ਜੇ ਝੂਠ ਤੁਸੀਂ ਵੇਖਣਾ ਵਿਚਾਰ ਕੇ।
ਇਸ਼ਕ, ਚਤਰ ਚਤੁਰਾਈ ਨਾਲ ਰੋਂਵਦੇ,
ਨੀ ਤਾਂ ਬੈਠ ਜਾਂਵਦੇ ਨੇ ਚੁੱਪ ਮੋਨ ਧਾਰ ਕੇ।
ਸਭ ਕੋਈ ਆਪਣੇ ਸੁਣਾਵੇ ਦੁੱਖ ਸਦੇ ਰਾਮਾ,
ਕਿਸੇ ਨੂੰ ਕੀ ਖਾਸ ਦੁੱਖ ਕਹੇ ਸੰਸਾਰ ਕੇ।’’ (ਸੱਸੀ)
ਉੁਕਤ ਘਟਨਾ ਤੋਂ ਉਪਰਾਮ ਹੋ ਕੇੇ ਉਸ ਨੇ ਸਾਧ ਬਿਰਤੀ ਧਾਰਨ ਕਰ ਲਈ। ਇਲਾਕੇ ਦੇ ਖੋਜਾਰਥੀ ਮੱਲ ਸਿੰਘ ਜੱਜਲ ਅਨੁਸਾਰ ਇਸ ਪਿੱਛੋਂ ਸਦਾ ਰਾਮ ਨੇ ਡੇਰਿਆਂ ਤੇ ਮਸੀਤਾਂ ਵਿੱਚ ਘੁੰਮ ਫਿਰ ਕੇ ਵਿਦਿਆ ਪ੍ਰਾਪਤ ਕੀਤੀ। ਉਹ ਸੰਸਕ੍ਰਿਤ, ਉਰਦੂ, ਅਰਬੀ, ਫ਼ਾਰਸੀ, ਪੰਜਾਬੀ ਜਾਣਦਾ ਸੀ, ਭਾਵੇਂ ਉਹ ਇਨ੍ਹਾਂ ਭਾਸ਼ਾਵਾਂ ਦਾ ਵਿਦਵਾਨ ਨਹੀਂ ਸੀ।
ਸਦਾ ਰਾਮ ਸ਼ੇਰਗੜ੍ਹ ਪਿੰਡ (ਸਟੇਸ਼ਨ ਤੋਂ ਬਠਿੰਡੇ ਵੱਲ ਕੋਹ ਕੁ ਵਾਟ ਰੇਲਵੇ ਲਾਈਨ ’ਤੇ) ਵਿੱਚ ਵੀ ਜਾ ਕੇ ਡੇਰੇ ਠਹਿਰਿਆ ਕਰਦੇ ਸਨ।
ਸੱਸੀ-ਪੁੰਨੂੰ ਤੇ ਸੋਹਣੀ-ਮਹੀਂਵਾਲ ਦੇ ਕਿੱਸੇ ਸਦਾ ਰਾਮ ਨੇ ਮਾਨਾਂ ਵਾਲੇ ਦੇਵੀ ਦਾਸ ਦੇ ਪਾਸ ਰਹਿ ਕੇ ਲਿਖੇ, ਜਿਸ ਬਾਰੇ ਲਿਖਿਆ ਹੈ:
ਮਿਹਰ ਰੱਬ ਦੀ ਤੇ ਹੁਕਮ ਦੋਸਤਾਂ ਦਾ
ਮੰਨ ਸੋਣਭੀ ਦੇ ਇਸ਼ਕ ਦਾ ਕਾਰ ਕੀਤੀ।
ਦੇਵੀ ਦਾਸ ਦੇ ਪਾਸ ਨਿਵਾਸ ਕਰਕੇ
ਤੀਨ ਮਾਸ ਦੇ ਵਿੱਚ ਤਿਆਰ ਕੀਤੀ।
ਜਾਪਦਾ ਹੈ ਕਿ ਉਨ੍ਹਾਂ ਨੇ ਇਸ਼ਕ ਵਾਲੀ ਘਟਨਾ ਪਿੱਛੋਂ ਗੰਗਾ ਗਿਰ ਨੂੰ ਗੁਰੂ ਧਾਰ ਲਿਆ ਤੇ ਨਾਂ ‘ਗਿਰ ਹਰਦੇਵ’ ਰੱਖਿਆ ਗਿਆ। ਲਿਖਿਆ ਹੈ:
ਸਾਧ ਸਨਿਆਸੀ ਗਿਰੀ ਹੂੰ ਗਿਰ ਹਰਦੇਵ ਹੈ ਨਾਮ।
ਏਕ ਜਗਾ ਨਹੀਂ ਰਹਿੰਦਾ ਰਮਤਾ ਰਾਮ।
ਪਿੱਛੋਂ ਤੁਰਦੇ ਫਿਰਦੇ ਦੇਵੀ ਦਾਸ ਪਾਸ ਪੁੱਜੇ ਤੇ ਉੱਥੋਂ ਹੀ ਉਨ੍ਹਾਂ ਤੋਂ ਕਵਿਤਾ ਸਿੱਖ, ਆਪ ਰਚਣੀ ਸ਼ੁਰੂ ਕਰ ਦਿੱਤੀ ਤੇ ਦੋਵੇਂ ਕਿੱਸੇ ਮੁਕਾਏ। ਇਹ ਮਾਨਾਂਵਾਲਾ, ਰੇਲਵੇ ਲਾਈਨ ਤੋਂ ਨਹਿਰ ਨਾਲ ਬਣਾਏ ਕੋਣ ਦੇ ਪੱਛਮ ਕੋਨੇ ਵਿੱਚ ਹੈ।
ਸਦਾ ਰਾਮ ਦਮਦਮੇ ਵੀ ਕਾਫ਼ੀ ਚਿਰ ਰਿਹਾ। ਇਸ ਦਾ ਰਾਮੇ ਵਾਲੇ ਡੇਰੇ ਦੇ ਸੰਤ ਮੋਤੀ ਰਾਮ ਕੋਲ ਵੀ ਵਾਹਵਾ ਆਉਣ-ਜਾਣ ਸੀ ਜਿਸ ਕੋਲ (ਜਥੇਦਾਰ) ਸੰਪੂਰਨ ਸਿੰਘ ਜੀ ਰਾਮਾ ਪੜ੍ਹਿਆ ਕਰਦੇ ਸਨ।
ਆਲੇ-ਦੁਆਲੇ ਦੇ ਪਿੰਡਾਂ ਵਿੱਚ ਆਪ ਦੀ ਕਵਿਤਾ ਕਾਰਨ ਸ਼ਰਧਾਲੂ ਵੀ ਹੋ ਗਏ। ਇਨ੍ਹਾਂ ਸ਼ਰਧਾਲੂਆਂ ਵਿੱਚ ਪਿੰਡ ਗਿਆਨੇ ਦਾ ਇੱਕ ਵਾਸੀ ਇਨ੍ਹਾਂ ਨੂੰ ਗਿਆਨੇ ਲੈ ਗਿਆ ਤੇ ਉੱਥੇ ਕੁਟੀਆ ਪਾ ਦਿੱਤੀ। ਉੱਥੇ ਇਨ੍ਹਾਂ ਨੇ ਇੱਕ ਢੱਟਾ ਪਾਲ ਲਿਆ, ਜਿਸ ਦਾ ਨਾਂ ਮੋਤੀ ਸੀ। ਖੁੱਲ੍ਹਾ ਚਰਨ ਕਾਰਨ ਮਾਰਨ-ਖੁੰਡਾ ਬਣ ਗਿਆ। ਲੋਕ ਤੰਗ ਆ ਕੇ ਸੰਤਾਂ ਕੋਲ ਆਏ ਤਾਂ ਸੰਤਾਂ ਨੇ, ਕਹਿੰਦੇ ਹਨ ਕਿ ਉਸ ਦੇ ਕੰਨ ਵਿੱਚ ਕੁਝ ਕਿਹਾ ਤੇ ਲੋਕਾਂ ਤੋਂ ਮੁਆਫ਼ੀ ਦਿਵਾ ਦਿੱਤੀ। ਢੱਟਾ ਮਾਰਨੋਂ ਹਟ ਗਿਆ। ਲੋਕ ਹੋਰ ਵੀ ਸ਼ਰਧਾਲੂ ਹੋ ਗਏ। ਸਾਲ ਬਾਅਦ ਢੱਟਾ ਮਰ ਗਿਆ। ਜਿੱਥੇ ਦੱਬਿਆ ਸੀ, ਲੋਕਾਂ ਨੇ ਸਮਾਧ ਬਣਾ ਦਿੱਤੀ ਤੇ ਉਹ ਖੇਤ ਮਾਲਕ ਨੇ ਡੇਰੇ ਨੂੰ ਦਾਨ ਕਰ ਦਿੱਤਾ। ਸਮਾਧ ’ਤੇ ਇੱਕ ਬਹੁਤ ਵੱਡਾ ਬੋਹੜ ਵੀ ਮੌਜੂਦ ਹੈ। ਥੋੜ੍ਹੇ ਦਿਨਾਂ ਪਿੱਛੋਂ ਸਦਾ ਰਾਮ ਜੀ ਵੀ ਮੋਤੀ ਦਾ ਵਿਛੋੜਾ ਨਾ ਸਹਾਰਦੇ ਹੋਏ 1990 ਬਿ. ਦੇ ਨੇੜੇ-ਤੇੜੇ ਪ੍ਰਲੋਕ ਸਿਧਾਰ ਗਏ। ਉਨ੍ਹਾਂ ਦੀ ਸਮਾਧ ਬਣੀ ਹੋਈ ਹੈ ਜੋ ਗੁੰਬਦ-ਨੁਮਾ ਛੋਟੀ ਜਿਹੀ ਹੈ। ਸਾਹਮਣੇ ਕੰਧ ’ਤੇ ਸਦਾ ਰਾਮ ਦੀ ਤਸਵੀਰ ਹੈ। ਇਹ ਸਮਾਧ ਪਿੰਡ ਦੇ ਦੱਖਣ ਵਾਲੇ ਕੋਨੇ ਤੋਂ ਤਿੰਨ ਚਾਰ ਫਰਲਾਂਗ ਦੂਰ ਹੈ। ਵਿਸਾਖ ਸੁਦੀ 10 ਨੂੰ ਇੱਥੇ ਹਰ ਸਾਲ ਮੇਲਾ ਲੱਗਦਾ ਹੈ। ਕਵੀਸ਼ਰ ਸ਼ਰਧਾਂਜਲੀਆਂ ਵਾਲੀਆਂ ਕਵਿਤਾਵਾਂ ਪੜ੍ਹਦੇ ਹਨ। ਲੋਕਾਂ ਦਾ ਵਿਸ਼ਵਾਸ ਹੈ ਕਿ ਸੁੱਖਾਂ ਪੂਰੀਆਂ ਹੁੰਦੀਆਂ ਹਨ। ਲੋਕ ਉਨ੍ਹਾਂ ਨੂੰ ਕਵੀਸ਼ਰ ਨਾਲੋਂ ਕਰਨੀ ਵਾਲੇ ਸੰਤਾਂ ਦੇ ਰੂਪ ਵਿੱਚ ਬਹੁਤਾ ਜਾਣਦੇ ਹਨ।
ਉਨ੍ਹਾਂ ਦੀਆਂ ਰਚਨਾਵਾਂ ‘ਸੋਹਣੀ ਮਹੀਵਾਲ’, ‘ਸੱਸੀ ਪੁੰਨੂੰ’, ‘ਪਹਿਲਾਦ ਭਗਤ, ‘ਦਮਦਮੇ ਸਾਹਿਬ ਦਾ ਫਲ’, ‘ਗਊ ਰਖਸ਼ਾ (ਬੁੱਢੇ ਬੈਲ ਦੀ ਪੁਕਾਰ)’, ‘ਜੀਵ ਹੇਤੂ ਛੋਟਾ ਭਾਗ’ (ਸ਼ਾਇਦ ਵੱਡਾ ਵੀ ਲਿਖਿਆ ਹੋਵੇ), ਸਵਰਗੀ ਮਲ ਸਿੰਘ ਦੇ ਪਰਿਵਾਰ ਕੋਲ ਹਨ। ਇਨ੍ਹਾਂ ਤੋਂ ਬਿਨਾਂ ‘ਸੂਮਨਾਮਾ’, ‘ਕੁਪੱਤਨਾਮਾ’, ‘ਛੋਟੇ ਸਾਹਿਬਜ਼ਾਦੇ ’ ਤੇ ‘ਜਿਉਣਾ ਮੌੜ’ ਵੀ ਦੱਸੇ ਜਾਂਦੇ ਹਨ। ਇੱਥੇ ਵਰਨਣਯੋਗ ਹੈ ਕਿ ਸਾਧੂ ਸਦਾ ਰਾਮ ਆਪ ਕਵਿਤਾ ਪੜ੍ਹ ਨਹੀਂ ਸੀ ਸਕਦੇ ਕਿਉਂਕਿ ਉਨ੍ਹਾਂ ਦੀ ਆਵਾਜ਼ ਗੁਣਗੁਣੀ ਸੀ। ਕੱਦ ਮਧਰਾ ਤੇ ਸਰੀਰ ਪਤਲਾ ਸੀ।
ਉਨ੍ਹਾਂ ਦੇ ‘ਸੋਹਣੀ’ ਦੇ ਕਿੱਸੇ ਵਿੱਚੋਂ ‘‘ਤੇਰੇ ਪਿੱਛੋਂ ਸੋਹਣੀਏ ਦਸੌਂਟੇ ਕਟਦਾ’’, ‘‘ਤੈਨੂੰ ਵਰ ਮਿਲ ਗਿਆ ਤੇਰੇ ਹਾਣ ਦਾ’’, ‘‘ਤਾਨ੍ਹਿਆਂ ਦੇ ਨਾਲ ਕਿਉਂ ਸੜੀ ਨੂੰ ਸਾੜਦਾ’’, ‘‘ਅੱਜ ਰੱਬ ਕਰੂਗਾ ਮੁਰਾਦਾਂ ਪੂਰੀਆਂ’’ ਟੇਕਾਂ ਵਾਲੇ ਕੋਰੜੇ ਛੰਦ ਲੋਕਪ੍ਰਿਅ ਹਨ।
ਸੰਪਰਕ: 94170-13869

Advertisement
Advertisement