ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੰਨ ਸੂਰਜ ਦੀ ਵਹਿੰਗੀ ਵਾਲਾ ਸੁਰਜੀਤ ਪਾਤਰ

04:06 AM May 11, 2025 IST
featuredImage featuredImage

ਸੁਮੀਤ ਸਿੰਘ

Advertisement

ਉੱਘੇ ਲੋਕ ਪੱਖੀ ਸਾਹਿਤਕਾਰ ਅਤੇ ਇਨਕਲਾਬੀ ਕਵੀ ਸੁਰਜੀਤ ਪਾਤਰ ਦੇ 11 ਮਈ 2024 ਨੂੰ ਸਦੀਵੀ ਵਿਛੋੜੇ ਨਾਲ ਸਮੁੱਚੇ ਸਾਹਿਤਕ ਜਗਤ, ਪੰਜਾਬੀ ਭਾਸ਼ਾ ਅਤੇ ਇਨਕਲਾਬੀ ਜਮਹੂਰੀ ਲਹਿਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਉਨ੍ਹਾਂ ਦੇ ਚਲਾਣੇ ਨਾਲ ਪੈਦਾ ਹੋਇਆ ਵੱਡਾ ਖਲਾਅ ਸ਼ਾਇਦ ਕਦੇ ਵੀ ਭਰਿਆ ਨਹੀਂ ਜਾ ਸਕਦਾ। ਉਨ੍ਹਾਂ ਦੇ ਵਿਛੋੜੇ ਤੋਂ ਬਾਅਦ ਪੰਜਾਬ ਵਿੱਚ ਸ਼ਾਇਦ ਹੀ ਅਜਿਹਾ ਕੋਈ ਸਾਹਿਤਕ ਸਮਾਗਮ ਹੋਇਆ ਹੋਵੇ ਜਿੱਥੇ ਸੁਰਜੀਤ ਪਾਤਰ ਅਤੇ ਉਨ੍ਹਾਂ ਦੀ ਸ਼ਾਇਰੀ ਨੂੰ ਯਾਦ ਨਾ ਕੀਤਾ ਗਿਆ ਹੋਵੇ।
ਜਲੰਧਰ ਜ਼ਿਲੇ ਦੇ ਪਿੰਡ ਪੱਤੜ ਕਲਾਂ ਵਿਖੇ 14 ਜਨਵਰੀ 1945 ਨੂੰ ਪਿਤਾ ਹਰਭਜਨ ਸਿੰਘ ਅਤੇ ਮਾਤਾ ਗੁਰਬਖਸ਼ ਕੌਰ ਦੇ ਘਰ ਜਨਮੇ ਸੁਰਜੀਤ ਪਾਤਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੰਜਾਬੀ ਵਿਸ਼ੇ ਵਿੱਚ ਪੀਐੱਚ.ਡੀ. ਕਰਨ ਉਪਰੰਤ ਪੰਜਾਬ ਦੇ ਵੱਖ ਵੱਖ ਕਾਲਜਾਂ ਵਿੱਚ ਸਫ਼ਲ ਅਧਿਆਪਕ ਦੇ ਤੌਰ ’ਤੇ ਸੇਵਾਵਾਂ ਨਿਭਾਈਆਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪੰਜਾਬੀ ਦੇ ਪ੍ਰੋਫੈਸਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਉਨ੍ਹਾਂ ਨੇ ਸਥਾਪਤੀ ਵਿਰੋਧੀ ਇਨਕਲਾਬੀ ਕਵਿਤਾ ਰਾਹੀਂ ਭ੍ਰਿਸ਼ਟ ਰਾਜ ਪ੍ਰਬੰਧ, ਨਿਆਂ ਪ੍ਰਣਾਲੀ, ਫ਼ਿਰਕਾਪ੍ਰਸਤੀ, ਸਮਾਜਿਕ ਅਨਿਆਂ, ਨਾਬਰਾਬਰੀ ਅਤੇ ਸਮਾਜ ਵਿਚਲੀਆਂ ਬੇਇਨਸਾਫ਼ੀਆਂ ਤੇ ਵਿਤਕਰਿਆਂ ਉੱਤੇ ਪੂਰੀ ਬੇਬਾਕੀ ਨਾਲ ਉਂਗਲ ਰੱਖੀ। ਉਨ੍ਹਾਂ ਨੇ ਆਪਣੀ ਸਾਹਿਤ ਸਿਰਜਣਾ ਰਾਹੀਂ ਪੰਜਾਬੀ ਮਾਂ ਬੋਲੀ, ਸਿੱਖਿਆ, ਲੋਕ ਪੱਖੀ ਸਾਹਿਤ ਤੇ ਸੱਭਿਆਚਾਰ ਦੇ ਵਿਕਾਸ ਅਤੇ ਇਨ੍ਹਾਂ ਦੇ ਪ੍ਰਚਾਰ ਤੇ ਪਸਾਰ ਦੇ ਖੇਤਰ ਵਿੱਚ ਲਗਾਤਾਰ ਵੱਡਾ ਯੋਗਦਾਨ ਪਾਇਆ। ਪ੍ਰਗਤੀਵਾਦੀ ਸ਼ਾਇਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਿਸੇ ਵਿਸ਼ੇਸ਼ ਵਿਚਾਰਧਾਰਾ ਜਾਂ ਧਿਰ ਨਾਲ ਜੁੜਨ ਤੋਂ ਪੂਰੀ ਤਰ੍ਹਾਂ ਗੁਰੇਜ਼ ਕੀਤਾ।
ਉਨ੍ਹਾਂ ਨੇ ਆਪਣੀ ਸਾਹਿਤਕ ਘਾਲਣਾ ਰਾਹੀਂ ਹਵਾ ਵਿੱਚ ਲਿਖੇ ਹਰਫ਼, ਬਿਰਖ ਅਰਜ਼ ਕਰੇ, ਹਨੇਰੇ ਵਿੱਚ ਸੁਲਗ਼ਦੀ ਵਰਣਮਾਲਾ, ਲਫ਼ਜ਼ਾਂ ਦੀ ਦਰਗਾਹ, ਚੰਨ ਸੂਰਜ ਦੀ ਵਹਿੰਗੀ, ਸੁਰ-ਜ਼ਮੀਨ, ਪੱਤਝੜ ਦੀ ਪਾਜ਼ੇਬ, ਇਹ ਬਾਤ ਨਿਰੀ ਏਨੀ ਹੀ ਨਹੀਂ ਵਰਗੇ ਪ੍ਰਸਿੱਧ ਕਾਵਿ ਸੰਗ੍ਰਹਿ ਅਤੇ ਕਈ ਹੋਰ ਮਕਬੂਲ ਪ੍ਰਗਤੀਵਾਦੀ ਕਵਿਤਾਵਾਂ, ਗ਼ਜ਼ਲਾਂ ਦੇ ਸੰਗ੍ਰਹਿ ਦੀ ਸਿਰਜਣਾ ਕੀਤੀ। ਉਨ੍ਹਾਂ ਨੂੰ ਭਾਰਤ ਸਰਕਾਰ ਦੇ ਸਰਬਉੱਚ ਕੌਮੀ ਪੁਰਸਕਾਰ ਪਦਮ ਸ੍ਰੀ ਅਤੇ ਭਾਰਤੀ ਸਾਹਿਤ ਅਕਾਦਮੀ ਐਵਾਰਡ ਸਮੇਤ ਦੇਸ਼ ਵਿਦੇਸ਼ ਦੀਆਂ ਕਈ ਨਾਮਵਰ ਸਾਹਿਤਕ ਸੰਸਥਾਵਾਂ ਵੱਲੋਂ ਉੱਚ ਇਨਾਮ ਮਿਲੇ। ਇਸ ਦੌਰਾਨ ਉਹ ਕਈ ਪ੍ਰਸਿੱਧ ਸਾਹਿਤਕ ਸੰਸਥਾਵਾਂ, ਅਕਾਦਮੀਆਂ ਦੇ ਪ੍ਰਧਾਨ ਵੀ ਰਹੇ ਅਤੇ ਆਪਣੇ ਆਖ਼ਰੀ ਸਮੇਂ ਵੀ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਵਜੋਂ ਜ਼ਿੰਮੇਵਾਰੀ ਨਿਭਾਅ ਰਹੇ ਸਨ।
ਸਾਲ 2013 ਅਤੇ 2015 ਵਿੱਚ ਸੱਜੇਪੱਖੀ ਫ਼ਿਰਕੂ ਅਨਸਰਾਂ ਵੱਲੋਂ ਤਰਕਸ਼ੀਲ ਬੁੱਧੀਜੀਵੀਆਂ ਡਾ. ਦਾਭੋਲਕਰ , ਪ੍ਰੋ. ਕਲਬੁਰਗੀ, ਗੋਵਿੰਦ ਪਨਸਾਰੇ ਅਤੇ ਗੌਰੀ ਲੰਕੇਸ਼ ਦੇ ਕੀਤੇ ਕਤਲਾਂ ਦੇ ਸਖ਼ਤ ਰੋਸ ਵਜੋਂ ਮੁਲਕ ਦੇ ਪ੍ਰਸਿੱਧ ਸਾਹਿਤਕਾਰਾਂ, ਨਾਟਕਕਾਰਾਂ, ਬੁੱਧੀਜੀਵੀਆਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਸਰਕਾਰ ਨੂੰ ਐਵਾਰਡ ਵਾਪਸ ਕੀਤੇ ਸਨ ਜਿਨ੍ਹਾਂ ਵਿੱਚ ਸੁਰਜੀਤ ਪਾਤਰ ਵੀ ਸ਼ਾਮਿਲ ਸਨ। ਜਿੱਥੇ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਅੰਦੋਲਨ ਦੇ ਪੱਖ ਵਿੱਚ ਅਤੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਰੋਸ ਵਜੋਂ ਉਨ੍ਹਾਂ ਨੇ ਆਪਣਾ ਪਦਮ ਸ੍ਰੀ ਐਵਾਰਡ ਵੀ ਵਾਪਸ ਕੀਤਾ ਸੀ; ਉੱਥੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਕਈ ਕਵਿਤਾਵਾਂ, ਗ਼ਜ਼ਲਾਂ ਅਤੇ ਲੇਖ ਲਿਖ ਕੇ ਲੋਕ-ਪੱਖੀ ਸਾਹਿਤਕਾਰ ਹੋਣ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ। ਉਹ ਮਘਦਾ ਸੂਰਜ ਬਣ ਕੇ ਹਮੇਸ਼ਾਂ ਹਨੇਰਿਆਂ ਦੇ ਖ਼ਿਲਾਫ਼ ਜੂਝਦੇ ਰਹੇ। ਸੁਰਜੀਤ ਪਾਤਰ ਦੀ ਸ਼ਾਇਰੀ ਨੇ ਨਾਟਕਕਾਰ ਭਾ’ਜੀ ਗੁਰਸ਼ਰਨ ਸਿੰਘ, ਕੇਵਲ ਧਾਲੀਵਾਲ, ਡਾ. ਸਵਰਾਜਬੀਰ, ਡਾ. ਸਾਹਿਬ ਸਿੰਘ, ਅਨੀਤਾ ਸ਼ਬਦੀਸ਼ ਅਤੇ ਕਈ ਹੋਰ ਨਾਟਕਕਾਰਾਂ ਦੇ ਕਈ ਨਾਟਕਾਂ ਨੂੰ ਇਨਕਲਾਬੀ ਦਿੱਖ ਅਤੇ ਮਕਬੂਲੀਅਤ ਪ੍ਰਦਾਨ ਕੀਤੀ। ਇਸ ਸਦਕਾ ਦਰਸ਼ਕਾਂ ਤੇ ਪਾਠਕਾਂ ਵਿੱਚ ਲੋਕ-ਪੱਖੀ ਸਮਾਜਿਕ, ਸੱਭਿਆਚਾਰਕ, ਵਿਗਿਆਨਕ ਤੇ ਸਿਆਸੀ ਚੇਤਨਾ ਪ੍ਰਫੁੱਲਿਤ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਦੀ ਭਾਵਨਾ ਵਿਕਸਤ ਕਰਨ ਲਈ ਪ੍ਰੇਰਿਤ ਕੀਤਾ।
ਪਿਛਲੇ ਸਾਲ 21 ਫਰਵਰੀ ਤੋਂ 25 ਫਰਵਰੀ ਤਕ ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ਲੱਗੇ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੌਰਾਨ 22 ਫਰਵਰੀ ਨੂੰ ਉਹ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ। ਕਵੀ ਦਰਬਾਰ ਦੀ ਪ੍ਰਧਾਨਗੀ ਕਰਨ ਅਤੇ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਮੇਰੀ ਬੇਨਤੀ ਉੱਤੇ ਉਨ੍ਹਾਂ ਨੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਬੁੱਕ ਸਟਾਲ ਵਿਖੇ ਆਮਦ ਕੀਤੀ। ਇਸ ਮੌਕੇ ਉਨ੍ਹਾਂ ਨੇ ਤਰਕਸ਼ੀਲ ਸੁਸਾਇਟੀ ਵੱਲੋਂ ਡੇਢ ਦਹਾਕਾ ਪਹਿਲਾਂ ਅੰਧ-ਵਿਸ਼ਵਾਸਾਂ ਅਤੇ ਪਾਖੰਡੀ ਬਾਬਿਆਂ ਖਿਲਾਫ਼ 13 ਕਿਸ਼ਤਾਂ ਵਿੱਚ ਬਣਾਏ ਟੈਲੀਵਿਜ਼ਨ ਲੜੀਵਾਰ ‘ਤਰਕ ਦੀ ਸਾਣ ’ਤੇ’ ਲਈ ਆਪਣੇ ਲਿਖੇ ਟਾਈਟਲ ਗੀਤ ‘ਕੁਝ ਨਹੀਂ ਬਸ ਭਰਮਾਂ ਦਾ ਅੰਧਕਾਰ ਹੈ/ ਸੋਚ ਸਾਡੀ ਹੀ ਸਦੀਆਂ ਤੋਂ ਬਿਮਾਰ ਹੈ/ ਕੂੜ ਤੇ ਦੰਭ ਦੀ ਹਾਮੀ ਨਾ ਭਰਿਆ ਕਰੋ/ ਅਸਲ ਕੀ ਹੈ ਸੱਚ ਦੀ ਪਰਖ ਕਰਿਆ ਕਰੋ/ ਇਲਮ ਨੂੰ, ਅਕਲ ਨੂੰ, ਗਿਆਨ ਨੂੰ, ਸੋਚ ਨੂੰ/ ਤਰਕ ਦੀ ਸਾਣ ’ਤੇ ਤੇਜ਼ ਕਰਿਆ ਕਰੋ” ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਉਸ ਵਕਤ ਵਿਦੇਸ਼ ਜਾਣ ਦਾ ਪਹਿਲਾਂ ਤੋਂ ਹੀ ਨਿਰਧਾਰਤ ਪ੍ਰੋਗਰਾਮ ਹੋਣ ਕਰਕੇ ਉਨ੍ਹਾਂ ਕੋਲ ਟਾਈਟਲ ਗੀਤ ਲਿਖਣ ਦਾ ਬਿਲਕੁਲ ਸਮਾਂ ਨਹੀਂ ਸੀ ਪਰ ਤਰਕਸ਼ੀਲ ਸੁਸਾਇਟੀ ਦੀਆਂ ਵਿਗਿਆਨਕ ਚੇਤਨਾ ਦੇ ਖੇਤਰ ਵਿੱਚ ਲਗਾਤਾਰ ਸਰਗਰਮੀਆਂ ਅਤੇ ਟੈਲੀਵਿਜ਼ਨ ਲੜੀਵਾਰ ਦੇ ਵੱਡੇ ਪ੍ਰਾਜੈਕਟ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਕੁਝ ਘੰਟਿਆਂ ਵਿੱਚ ਹੀ ਉਹ ਗੀਤ ਲਿਖ ਕੇ ਭੇਜ ਦਿੱਤਾ ਸੀ। ਇਸ ਨੂੰ ਬਾਅਦ ਵਿੱਚ ਗਾਇਕ ਹਰਿੰਦਰ ਸੋਹਲ ਅਤੇ ਆਂਚਲ ਦੀ ਆਵਾਜ਼ ਵਿੱਚ ਅੰਮ੍ਰਿਤਸਰ ਵਿਖੇ ਰਿਕਾਰਡ ਕੀਤਾ ਗਿਆ ਸੀ। ਇਸ ਮੌਕੇ ਉਹ ਇੱਕ ਆਮ ਪਾਠਕ ਵਾਂਗ ਵੱਖ ਵੱਖ ਕਿਤਾਬਾਂ ਫਰੋਲਦੇ ਹੋਏ ਲੰਮਾ ਸਮਾਂ ਤਰਕਸ਼ੀਲ ਸਾਥੀਆਂ ਨਾਲ ਗੱਲਬਾਤ ਕਰਦੇ ਰਹੇ।
ਮਿਲਾਪੜਾਪਣ, ਸਹਿਜ ਅਤੇ ਸਾਦਗੀ ਉਨ੍ਹਾਂ ਦੀ ਸ਼ਖ਼ਸੀਅਤ ਦੇ ਕੁਦਰਤੀ ਗੁਣ ਸਨ। ਕੌਮਾਂਤਰੀ ਪ੍ਰਸਿੱਧੀ ਵਾਲੇ ਸ਼ਾਇਰ ਹੋਣ ਦੇ ਬਾਵਜੂਦ ਉਨ੍ਹਾਂ ਦੀ ਗੱਲਬਾਤ ਵਿੱਚ ਅੰਤਾਂ ਦੀ ਹਲੀਮੀ, ਮਿਠਾਸ ਅਤੇ ਨਿਮਰਤਾ ਝਲਕਦੀ ਸੀ। ਉਨ੍ਹਾਂ ਕੋਲ ਜਿੱਥੇ ਸਰੋਤਿਆਂ ਨੂੰ ਆਪਣੇ ਸੰਵੇਦਨਸ਼ੀਲ ਸ਼ਬਦਾਂ ਨਾਲ ਕੀਲ ਲੈਣ ਦਾ ਹੁਨਰ ਸੀ, ਉੱਥੇ ਹੀ ਲੋਕ ਮਨਾਂ ਨੂੰ ਝੰਜੋੜਦੇ ਪ੍ਰਗਤੀਵਾਦੀ ਵਿਚਾਰਾਂ ਦਾ ਅਥਾਹ ਭੰਡਾਰ ਸੀ ਜਿਸ ਨੂੰ ਉਨ੍ਹਾਂ ਨੇ ਸਮਾਜ ਅਤੇ ਸਮੁੱਚੀ ਲੋਕਾਈ ਨੂੰ ਸਹੀ ਸੇਧ ਦੇਣ ਲਈ ਪ੍ਰਯੋਗ ਕੀਤਾ। ਉਨ੍ਹਾਂ ਨੂੰ ਮਿਲਣ ਵੇਲੇ ਇਹ ਲਗਦਾ ਹੀ ਨਹੀਂ ਸੀ ਕਿ ਅਸੀਂ ਕਿਸੇ ਉੱਚ ਕੋਟੀ ਦੇ ਮਹਾਨ ਸਾਹਿਤਕਾਰ ਨੂੰ ਮਿਲ ਰਹੇ ਹੋਈਏ। ਉਨ੍ਹਾਂ ਦਾ ਸੁਭਾਅ ਹੀ ਕੁਝ ਅਜਿਹਾ ਸੀ ਕਿ ਹਰ ਕੋਈ ਉਨ੍ਹਾਂ ਨਾਲ ਘੰਟਿਆਂਬੱਧੀ ਗੱਲਾਂ ਕਰਨੀਆਂ ਅਤੇ ਸੁਣਨੀਆਂ ਚਾਹੁੰਦਾ ਸੀ। ਜਿਸ ਸਾਹਿਤਕ ਸਮਾਗਮ ਜਾਂ ਕਵੀ ਦਰਬਾਰ ਵਿੱਚ ਸੁਰਜੀਤ ਪਾਤਰ ਦੀ ਸ਼ਮੂਲੀਅਤ ਹੁੰਦੀ, ਉਹ ਆਪਣੇ ਆਪ ਵਿੱਚ ਹੀ ਸਫ਼ਲ ਸਮਾਗਮ ਗਿਣਿਆ ਜਾਂਦਾ। ਉਹ ਖ਼ੁਦ ਵੀ ਸਾਹਿਤਕ ਸਮਾਗਮਾਂ ਵਿੱਚ ਸ਼ਾਮਿਲ ਹੋ ਕੇ ਖ਼ੁਸ਼ ਹੁੰਦੇ ਅਤੇ ਆਪਣੇ ਰੁਝੇਵਿਆਂ ਦੇ ਬਾਵਜੂਦ ਸੱਦਾ ਦੇਣ ਵਾਲੀਆਂ ਸਾਹਿਤਕ ਸੰਸਥਾਵਾਂ ਨੂੰ ਕਦੇ ਨਾਂਹ ਨਹੀਂ ਕਰਦੇ ਸਨ।
ਬਰਨਾਲੇ ਵਿਖੇ ਆਪਣੇ ਆਖ਼ਰੀ ਸਾਹਿਤਕ ਸਮਾਗਮ ਵਿੱਚ ਸੁਰਜੀਤ ਪਾਤਰ ਨੇ ਆਪਣੀ ਕਵਿਤਾ ‘ਉੱਠ ਜਗਾ ਦੇ ਮੋਮਬੱਤੀਆਂ...’ ਤਰੰਨੁਮ ਵਿੱਚ ਗਾ ਕੇ ਦਰਸ਼ਕਾਂ ਨੂੰ ਹੱਕਾਂ ਲਈ ਸੰਘਰਸ਼ ਕਰਨ ਦਾ ਹੋਕਾ ਦਿੱਤਾ ਸੀ।
ਪੰਜਾਬ ਦੀਆਂ ਸਿਰਮੌਰ ਲੋਕਪੱਖੀ, ਜਮਹੂਰੀ, ਪ੍ਰਗਤੀਸ਼ੀਲ ਸਾਹਿਤਕ ਸੰਸਥਾਵਾਂ ਅਤੇ ਜਨਤਕ ਜਥੇਬੰਦੀਆਂ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸੁਰਜੀਤ ਪਾਤਰ ਸਮੁੱਚੇ ਸਾਹਿਤ ਜਗਤ ਵਿੱਚ ਹਮੇਸ਼ਾ ਮਘਦਾ ਸੂਰਜ ਬਣ ਕੇ ਚਮਕਦਾ ਰਹੇ ਅਤੇ ਸਾਡੇ ਚੇਤਿਆਂ ਵਿੱਚ ਹਮੇਸ਼ਾ ਜਿਉਂਦਾ ਰਹੇ।
ਸੰਪਰਕ: 76960-30173

Advertisement
Advertisement