... ਤਾਂ ਰਾਹ ਬਣਦੇ
ਮਲਵਿੰਦਰ
ਹਰ ਦਿਨ ਵਿੱਚ ਸੰਭਾਵਨਾਵਾਂ ਪਈਆਂ ਹੁੰਦੀਆਂ ਹਨ। ਵਕਤ ਕਦੀ ਵੀ ਸੰਭਾਵਨਾਵਾਂ ਤੋਂ ਸੱਖਣਾ ਨਹੀਂ ਹੁੰਦਾ। ਕਿਰਤ ਸੰਭਾਵਨਾਵਾਂ ਨੂੰ ਆਕਾਰ ਦਿੰਦੀ। ਕਿਰਤ ਸੁਪਨੇ ਨੂੰ ਸਾਕਾਰ ਕਰਦੀ। ਵਕਤ ਨਾਲ ਕਿਰਤ ਦੇ ਰੂਪ ਵੀ ਬਦਲਦੇ ਹਨ। ਸਮਾਜਿਕ ਵਿਕਾਸ ਵਿੱਚ ਕਿਰਤ ਦੇ ਨਵੇਂ ਰੂਪ ਪਏ ਹੁੰਦੇ ਹਨ। ਉਹ ਵੱਖਰੀ ਗੱਲ ਹੈ ਕਿ ਸਮਾਜਿਕ ਵਿਕਾਸ ਵਿੱਚ ਕਿਰਤੀਆਂ ਦਾ ਸੰਗਠਿਤ ਸੰਘਰਸ਼ ਅਣਗੌਲਿਆ ਰਹਿ ਜਾਂਦਾ ਹੈ। ਇਸ ਤ੍ਰਾਸਦੀ ਦਾ ਇੱਕ ਕਾਰਨ ਕਿਰਤੀ ਵਰਗ ਅੰਦਰ ਹੋਰ ਜਮਾਤਾਂ ਦਾ ਹੋਂਦ ਵਿੱਚ ਆਉਣਾ ਵੀ ਹੈ। ਇਹ ਵਰਤਾਰਾ ਕਿਰਤੀਆਂ ਨੂੰ ਸੰਗਠਿਤ ਨਹੀਂ ਹੋਣ ਦਿੰਦਾ। ਆਪਸੀ ਅੰਤਰ-ਵਿਰੋਧ ਕਿਰਤੀਆਂ ਨੂੰ ਧਨਾਢ ਜਮਾਤ ਮੂਹਰੇ ਬੇਵੱਸ ਕਰੀ ਰੱਖਦਾ ਹੈ। ਇਹ ਵਿਸ਼ਾ ਵਿਸਥਾਰ ਮੰਗਦਾ ਹੈ। ਅਸੀਂ ਗੱਲ ਅੱਜ ਕਿਰਤ ਦੇ ਨਵੇਂ ਰੂਪਾਂ ਦੇ ਹੋਂਦ ਵਿੱਚ ਆਉਣ ਅਤੇ ਇੱਕ ਵਰਗ ਵੱਲੋਂ ਜਾਤੀ ਹੰਕਾਰ ਕਾਰਨ ਇਸ ਕਿਰਤ ਨੂੰ ਨਾ ਅਪਨਾਉਣ ਦੀ ਕਰਨੀ ਹੈ।
ਕਦੀ ਪਿੰਡਾਂ ਵਿੱਚ ਕਿਸਾਨੀ ਨੂੰ ਆਰਥਿਕਤਾ ਦਾ ਆਧਾਰ ਮੰਨਿਆ ਜਾਂਦਾ ਸੀ। ਬਹੁਤ ਸਾਰੇ ਕਿਰਤੀ ਵਰਗ ਨੂੰ ਇਸ ਧੰਦੇ ਵਿੱਚ ਰੁਜ਼ਗਾਰ ਮਿਲ ਜਾਂਦਾ ਸੀ। ਆਪਣੇ ਟੱਬਰ ਨੂੰ ਪਾਲਣ ਤੇ ਘਰ ਦਾ ਗੁਜ਼ਾਰਾ ਕਰਨ ਲਈ ਉਨ੍ਹਾਂ ਨੂੰ ਘਰੋਂ ਬਾਹਰ ਦੂਰ-ਦੁਰਾਡੇ ਸ਼ਹਿਰਾਂ ਵਿੱਚ ਨਹੀਂ ਸੀ ਜਾਣਾ ਪੈਂਦਾ। ਜੀਵਨ ਸਾਦਾ ਸੀ ਅਤੇ ਜਿਉਣ ਲਈ ਲੋੜਾਂ ਸੀਮਤ ਸਨ। ਪਿੰਡਾਂ ਦੀ ਬਹੁਤੀ ਵੱਸੋਂ ਅਨਪੜ੍ਹ ਹੁੰਦੀ ਸੀ। ਵਕਤ ਨਾਲ ਮਸ਼ੀਨੀਕਰਨ ਦੇ ਵਿਕਸਤ ਰੂਪ ਸਦਕਾ ਕਿਸਾਨੀ ਦਾ ਬਹੁਤਾ ਕੰਮ ਮਸ਼ੀਨਾਂ ਨੇ ਸਾਂਭ ਲਿਆ। ਮਹੀਨਿਆਂ ਵਿੱਚ ਹੋਣ ਵਾਲਾ ਕੰਮ ਦਿਨਾਂ ਵਿੱਚ ਹੋਣ ਲੱਗ ਪਿਆ। ਪਿੰਡ ਪਿੰਡ ਸਕੂਲ ਖੁੱਲ੍ਹਣ ਨਾਲ ਲੋਕ ਪੜ੍ਹ-ਲਿਖ ਗਏ। ਉਨ੍ਹਾਂ ਦੀ ਸੋਚ ਥੋੜ੍ਹੀ ਜਾਗਰਿਤ ਹੋਈ। ਜ਼ਿਮੀਦਾਰਾ ਨਿਜ਼ਾਮ ਅੰਦਰ ਬੰਧੂਆ ਮਜ਼ਦੂਰੀ ਕਰਨ ਨਾਲੋਂ ਉਹ ਪਿੰਡੋਂ ਬਾਹਰ ਹੋਰ ਕਿੱਤਿਆਂ ਵਿੱਚ ਆਹਰ ਲੱਭਣ ਲੱਗ ਪਏ। ਕੁਝ ਪੜ੍ਹ-ਲਿਖ ਕੇ ਫ਼ੌਜ, ਪੁਲੀਸ, ਅਧਿਆਪਨ ਅਤੇ ਹੋਰ ਕਿੱਤਿਆਂ ਵੱਲ ਚਲੇ ਗਏ। ਇਹ ਸਮਾਜਿਕ ਵਿਵਸਥਾ ਵਿੱਚ ਆ ਰਿਹਾ ਸਹਿਜ ਬਦਲਾਅ ਸੀ। ਫਿਰ ਅਚਾਨਕ ਵਿਕਾਸ ਦੀ ਰਫ਼ਤਾਰ ਮਨੁੱਖੀ ਸਮਰੱਥਾ ਤੋਂ ਬਹੁਤ ਅਗਾਂਹ ਨਿਕਲ ਗਈ। ਮਨੁੱਖ ਡੌਰ-ਭੌਰ ਹੋਇਆ ਲੜਖੜਾ ਗਿਆ। ਉਸ ਦਾ ਸਹਿਜ ਵਿਗੜ ਗਿਆ। ਰਿਸ਼ਤਿਆਂ ਵਿਚਲੀ ਆਗਿਆਕਾਰੀ ਬਿਰਤੀ ਪਿਤਰੀ ਸੱਤਾ ਵਾਲੇ ਨਿਜ਼ਾਮ ਨੂੰ ਉਲੰਘਣ ਲੱਗੀ। ਸਾਂਝੇ ਪਰਿਵਾਰਾਂ ਦਾ ਟੁੱਟਣਾ ਆਮ ਵਰਤਾਰਾ ਬਣ ਗਿਆ। ਪਿੰਡਾਂ ਵਿੱਚੋਂ ਪਰਵਾਸ ਕਰਕੇ ਲੋਕ ਨੇੜੇ ਦੇ ਕਸਬੇ, ਸ਼ਹਿਰ ਵੱਲ ਜਾਣ ਲੱਗ ਪਏ। ਸ਼ਹਿਰ ਬਾਹਰ ਪਿੰਡਾਂ ਵੱਲ ਫੈਲਣ ਲੱਗ ਪਏ। ਨੇੜਲੇ ਪਿੰਡ, ਸ਼ਹਿਰਾਂ ਨੇ ਨਿਗਲ ਲਏ ਪਰ ਸ਼ਹਿਰਾਂ ਅੰਦਰ ਖਪਤ ਹੋ ਗਏ ਪਿੰਡਾਂ ਦੀ ਜ਼ਮੀਨ ਜਾਇਦਾਦ ਦੀ ਕੀਮਤ ਕਈ ਗੁਣਾ ਹੋ ਗਈ।ਸੜਕਾਂ, ਪੁਲਾਂ ਅਤੇ ਬਾਈਪਾਸ ’ਤੇ ਉਸਰੇ ਹਾਈਵੇਅ ਨੇ ਬਹੁਤ ਸਾਰੀ ਜ਼ਮੀਨ ਹੜੱਪ ਲਈ। ਹਾਈਵੇਅ ਦੇ ਕਿਨਾਰਿਆਂ ’ਤੇ ਰਿਜ਼ੋਰਟ, ਪਲਾਜ਼ੇ, ਰੈਸਟੋਰੈਂਟ ਸਮੇਤ ਬਹੁਤ ਕੁਝ ਅਜਿਹਾ ਉੱਸਰ ਗਿਆ ਕਿ ਵਿਦੇਸ਼ਾਂ ਦੇ ਵਸਨੀਕ ਬਣ ਚੁੱਕੇ ਪੰਜਾਬੀਆਂ ਅਤੇ ਸ਼ਹਿਰੀਕਰਨ ਦੇ ਇਸ ਫੈਲਾਅ ਹੇਠ ਆਈਆਂ ਜ਼ਮੀਨਾਂ ਵੇਚ ਕੇ ਧਨਾਢ ਬਣੇ ਲੋਕਾਂ ਇੱਕ ਨਵੀਂ ਜੀਵਨ ਜਾਚ ਨੂੰ ਜਨਮ ਦਿੱਤਾ। ਗੱਲ ਹੁਣ ਧੇਲੀ ਪੌਲੀ ਦੀ ਨਾ ਰਹੀ। ਲੱਖ ਵੀ ਕੱਖਾਂ ਵਰਗੇ ਹੋ ਗਏ। ਕਰੋੜਾਂ ਦੀਆਂ ਕਾਰਾਂ ਵਿਹੜਿਆਂ ਦਾ ਸ਼ਿੰਗਾਰ ਬਣ ਗਈਆਂ। ਵਿਆਹਾਂ ਦੀਆਂ ਅੱਧੀ ਦਰਜਨ ਰਸਮਾਂ ’ਤੇ ਲੱਖਾਂ ਨਹੀਂ, ਕਰੋੜਾਂ ਰੁਪਏ ਖਰਚ ਹੋਣ ਲੱਗ ਪਏ। ਇਹ ਇਸ ਵਿਕਸਤ ਸਮਾਜ ਦਾ ਇੱਕ ਪੱਖ ਹੈ। ਇਸ ਦੇ ਵਿਪਰੀਤ ਕਿਰਤੀ ਸਮਾਜ ਜਿਉਣ ਜੋਗੇ ਸਾਹਾਂ ਲਈ ਸੰਘਰਸ਼ ਕਰਦਾ ਨਵੇਂ ਨਵੇਂ ਕਿੱਤਿਆਂ ਨੂੰ ਅਪਨਾਉਣ ਲੱਗਾ। ਕਿਹੜੇ ਹਨ ਇਹ ਨਵੇਂ ਕਿੱਤੇ? ਕੀ ਸੰਭਾਵਨਾਵਾਂ ਹਨ? ਮਨੁੱਖ ਦੀਆਂ ਲੋੜਾਂ ਥੁੜਾਂ ਲਈ ਕਿੰਨੇ ਕੁ ਸਹਾਇਕ ਹਨ ਇਹ ਕਿੱਤੇ? ਸੰਖੇਪ ਵਿੱਚ ਗੱਲ ਕਰਦੇ ਹਾਂ:
ਸ਼ਹਿਰਾਂ, ਕਸਬਿਆਂ ਦੇ ਨੇੜਲੇ ਪਿੰਡਾਂ ਵਿੱਚੋਂ ਬਹੁਤ ਸਾਰੀਆਂ ਔਰਤਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਜਾਂਦੀਆਂ ਹਨ। ਕੁਝ ਦੁਰਾਡੇ ਪਿੰਡਾਂ ਵਾਲੀਆਂ ਬੱਸਾਂ ਰਾਹੀਂ ਵੀ ਜਾਂਦੀਆਂ ਹਨ। ਪੰਜਾਂ ਸੱਤਾਂ ਘਰਾਂ ’ਚ ਕੰਮ ਕਰਕੇ ਉਹ ਆਪਣੇ ਪਰਿਵਾਰ ਦੇ ਗੁਜ਼ਾਰੇ ਜੋਗਾ ਕਮਾ ਲੈਂਦੀਆਂ ਹਨ। ਕੋਠੀਆਂ ਵਿੱਚ ਕੰਮ ਕਰਦਿਆਂ ਉਹ ਕਈ ਕੁਝ ਨਵਾਂ ਵੀ ਸਿੱਖ ਲੈਂਦੀਆਂ ਹਨ। ਬੱਚਿਆਂ ਨੂੰ ਪੜ੍ਹਾਉਣ ਦੀ ਸੋਝੀ ਵੀ ਉਨ੍ਹਾਂ ਨੂੰ ਇਨ੍ਹਾਂ ਘਰਾਂ ਕੋਲੋਂ ਮਿਲ ਜਾਂਦੀ ਹੈ। ਇੰਝ ਉਹ ਕਮਾਈ ਕਰਨ ਦੇ ਨਾਲ ਜੀਵਨ ਜਿਉਣ ਦੀ ਸੁਥਰੀ ਜਾਚ ਵੀ ਸਿੱਖ ਜਾਂਦੀਆਂ ਹਨ। ਇਨ੍ਹਾਂ ਪਰਿਵਾਰਾਂ ਦੇ ਜਵਾਨ ਲੜਕੇ ਸਵੇਰੇ ਪੰਜਾਂ ਸੱਤਾਂ ਘਰਾਂ ਦੀਆਂ ਕਾਰਾਂ ਧੋਣ ਦਾ ਕੰਮ ਕਰਦੇ ਹਨ। ਸਵੇਰੇ ਦੋ ਢਾਈ ਘੰਟੇ ਲਾ ਕੇ ਉਹ ਅੱਠ ਦਸ ਹਜ਼ਾਰ ਮਹੀਨੇ ਦਾ ਕਮਾ ਲੈਂਦੇ ਹਨ। ਬਾਕੀ ਸਾਰਾ ਦਿਨ ਉਹ ਕੋਈ ਹੋਰ ਕੰਮ ਕਰਦੇ ਹਨ। ਕਿਸੇ ਵੀ ਗਲ਼ੀ ਮੁਹੱਲੇ ਵਿੱਚੋਂ ਗੁਜ਼ਰਦਿਆਂ ਵੇਖਦੇ ਹਾਂ ਕਿ ਬਹੁਤ ਸਾਰੇ ਘਰਾਂ, ਪਲਾਟਾਂ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਹੁੰਦਾ ਹੈ। ਉਸਾਰੀ ਦੇ ਇਸ ਕੰਮ ਵਿੱਚ ਬਹੁਤ ਸਾਰੇ ਕਿੱਤਿਆਂ ਨਾਲ ਸਬੰਧਤ ਲੇਬਰ ਦੀ ਲੋੜ ਪੈਂਦੀ ਹੈ। ਰਾਜ ਮਿਸਤਰੀ, ਕਾਰਪੈਂਟਰ, ਪਲੰਬਰ, ਬਿਜਲੀ ਦਾ ਕੰਮ ਕਰਨ ਵਾਲੇ, ਪੀ.ਓ.ਪੀ. ਅਤੇ ਪੇਂਟ ਕਰਨ ਵਾਲੇ, ਲੋਹੇ ਦੇ ਗੇਟ, ਗਰਿੱਲਾਂ ਬਣਾਉਣ ਵਾਲੇ, ਘਰ ਦੀ ਅੰਦਰੂਨੀ ਸਜਾਵਟ ਕਰਨ ਵਾਲੇ, ਪੱਥਰ ਤੇ ਟਾਈਲਾਂ ਲਾਉਣ ਵਾਲੇ, ਫਰਨੀਚਰ ਤਿਆਰ ਕਰਨ ਵਾਲੇ, ਆਟੋ ਮਕੈਨਿਕ, ਬਾਰਬਰ ਅਤੇ ਕਈ ਹੋਰ। ਇਨ੍ਹਾਂ ਕਿੱਤਿਆਂ ਨੂੰ ਕਰਨ ਵਾਲੇ ਜੇਕਰ ਬਹੁਤੇ ਪਰਵਾਸੀ ਮਜ਼ਦੂਰ ਹਨ ਤਾਂ ਸਥਾਨਕ ਲੇਬਰ ਦੀ ਅਖੌਤੀ ਅਭਿਮਾਨੀ ਮਾਨਸਿਕਤਾ ਨੂੰ ਸਮਝਣ ਦੀ ਲੋੜ ਹੈ। ਇਹ ਸਾਰੇ ਕਿੱਤੇ ਅਸੀਂ ਵਿਦੇਸ਼ਾਂ ਵਿੱਚ ਜਾ ਕੇ ਬੜੇ ਉਤਸ਼ਾਹ ਨਾਲ ਕਰਦੇ ਹਾਂ। ਅਸੀਂ ਬਾਬਾ ਨਾਨਕ ਦੇ ਪੈਰੋਕਾਰ ਉਸ ਦੇ ਕਿਰਤ ਕਰਨ ਦੇ ਫਲਸਫੇ ਨੂੰ ਵਿਸਾਰੀ ਕਿਉਂ ਬੈਠੇ ਹਾਂ? ਕੋਰੀਅਰ ਸਰਵਿਸ ਵਿੱਚ ਸੈਂਕੜੇ ਮੁੰਡੇ, ਕੁੜੀਆਂ ਆਹਰੇ ਲੱਗੇ ਹਨ। ਪਾਰਸਲ ਡਲਿਵਰ ਕਰਨ ਦਾ ਧੰਦਾ ਵੀ ਬਹੁਤ ਸਾਰੇ ਨੌਜਵਾਨਾਂ ਨੇ ਅਪਣਾਇਆ ਹੈ। ਘਰਾਂ ਵਿੱਚ ਫੁੱਲਾਂ ਬੂਟਿਆਂ ਦੀ ਸਾਂਭ ਸੰਭਾਲ ਲਈ ਮਾਲੀ, ਰੇਹੜਿਆਂ ਤੇ ਗਲੀਆਂ ਬਜ਼ਾਰਾਂ ਵਿੱਚ ਜਾ ਕੇ ਸਬਜ਼ੀਆਂ ਵੇਚਣ ਦਾ ਕੰਮ, ਫਲਾਂ ਦੀਆਂ ਰੇੜ੍ਹੀਆਂ ਲਾਉਣੀਆਂ, ਮੂੰਗਫਲੀ, ਗੋਲਗੱਪੇ, ਟਿੱਕੀਆਂ, ਕੁਲਚੇ-ਛੋਲੇ ਦੀ ਰੇੜ੍ਹੀ, ਸਮੋਸੇ, ਪਕੌੜੇ ਆਦਿ ਬਹੁਤ ਸਾਰੇ ਧੰਦੇ ਹਨ ਜਿਨ੍ਹਾਂ ਤੋਂ ਇੱਕ ਵਰਗ ਕਮਾਈ ਕਰਕੇ ਚੰਗੀ ਜ਼ਿੰਦਗੀ ਜੀਅ ਰਿਹਾ ਹੈ।ਡਿਜੀਟਲ ਯੁੱਗ ਵਿੱਚ ਵੱਖ-ਵੱਖ ਕੰਪਨੀਆਂ ਦੇ ਮੁਲਾਜ਼ਮ ਬਣਕੇ ਨੌਜਵਾਨ ਮੁੰਡੇ ਕੁੜੀਆਂ ਰੋਟੀ ਰੋਜ਼ੀ ਕਮਾ ਰਹੇ ਹਨ। ਵਾਈ ਫਾਈ ਨਾਲ ਸਬੰਧਤ ਕੰਮ, ਕੰਪਿਊਟਰ, ਲੈਪਟੌਪ, ਫਰਿੱਜ, ਏ.ਸੀ. ਪੱਖੇ, ਗੀਜ਼ਰ ਅਤੇ ਆਰ ਓ ਦੇ ਮਕੈਨਿਕ ਚੰਗੀ ਕਮਾਈ ਕਰ ਰਹੇ ਹਨ। ਕਹਿਣ ਤੋਂ ਭਾਵ ਹੈ ਕਿ ਅੱਜ ਦੇ ਇਸ ਡਿਜੀਟਲ ਸਮੇਂ ਅੰਦਰ ਬਹੁਤ ਸਾਰੇ ਨਵੇਂ ਕਿੱਤੇ ਹੋਂਦ ਵਿੱਚ ਆ ਗਏ ਹਨ। ਲੋੜ ਕੋਈ ਕਿੱਤਾ ਅਪਨਾਉਣ ਦੀ, ਮਿਹਨਤ ਮੁਸ਼ੱਕਤ ਕਰਨ ਦੀ, ਸੁਹਿਰਦਤਾ ਤੇ ਇਮਾਨਦਾਰੀ ਦੀ, ਲਗਨ ਦੀ ਤੇ ਆਪਣੇ ਕਿੱਤੇ ਵਿੱਚ ਹੋਰ ਹੋਰ ਸਿੱਖਣ ਦੀ ਹੈ। ਕੋਸ਼ਿਸ਼ ਕਰਾਂਗੇ, ਤੁਰਾਂਗੇ ਤਾਂ ਰਾਹ ਬਣਨਗੇ। ਵਿਹਲੜਾਂ, ਨਿਕੰਮਿਆਂ ਤੇ ਜਾਤ, ਧਰਮ ਚੁੱਕੀ ਫਿਰਦੇ ਫੋਕੀ ਆਕੜ ਵਾਲਿਆਂ ਲਈ ਸਾਰੇ ਰਾਹ ਬੰਦ ਹਨ। ਆਮਦਨ ਦੇ ਸੀਮਤ ਸਾਧਨਾਂ ਵਾਲੇ ਪਰਿਵਾਰਾਂ ਨੂੰ ਅਜਿਹੇ ਕਿੱਤੇ ਅਪਨਾਉਣ ਦੀ ਲੋੜ ਹੈ। ਸੁਰਜੀਤ ਪਾਤਰ ਦੇ ਸ਼ੇਅਰ ਮੈਂ ਰਾਹਾਂ ’ਤੇ ਨਹੀਂ ਤੁਰਦਾ ਦੇ ਅੰਤਰੀਵ ਭਾਵ ਨੂੰ ਸਮਝਣ ਦੀ ਲੋੜ ਹੈ।
ਸੰਪਰਕ: 97795-91344