ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੱਸ ਇੱਕ ਸਵਾਲ ਮਾਂ!

04:06 AM May 11, 2025 IST
featuredImage featuredImage

ਥਰਿਟੀ ਈ. ਭਰੂਚਾ

Advertisement

ਮੈਂ ਤੈਨੂੰ ਜਾਣ ਦਿਆਂ? ਇਸ ਵਿੱਚ ਤੂੰ ਮੇਰੀ ਮਦਦ ਕਰੇਂਗੀ। ਐਤਵਾਰ ਸਾਰੀ ਦੁਨੀਆ ‘ਮਦਰਜ਼ ਡੇਅ’ ਮਨਾ ਰਹੀ ਸੀ ਤੇ ਮੇਰਾ ਧਿਆਨ ਹਮੇਸ਼ਾ ਦੀ ਤਰ੍ਹਾਂ ਤੇਰੇ ਵੱਲ ਚਲਾ ਗਿਆ। ਮੈਨੂੰ ਸਹੀ ਰਾਹ ਦਿਖਾਉਣ ਲਈ ਤੂੰ ਹਮੇਸ਼ਾ ਮੇਰੇ ਨਾਲ ਸੈਂ। ਗ਼ਲਤ ਪਾਸਿਉਂ ਹਟਾ ਕੇ ਠੀਕ ਰਾਹ ਦੱਸਣ ਲਈ। ਮੇਰੀ ਜ਼ਿੰਦਗੀ ਦੇ ਹਰ ਖ਼ਾਸ ਮੋੜ ’ਤੇ ਤੂੰ ਇੱਕ ਸ਼ਾਂਤ ਮੂਰਤ ਦੇ ਰੂਪ ਵਿੱਚ ਖੜ੍ਹੀ ਹੁੰਦੀ ਸੀ ਅਤੇ ਓਨਾ ਚਿਰ ਇਹ ਸਮਝ ਨਾ ਆਈ ਕਿ ਮੈਨੂੰ ਤੇਰੇ ਵਿੱਚ ਕੀ ਲੱਭਦਾ ਸੀ, ਜਿੰਨਾ ਚਿਰ ਤੂੰ ਮੇਰੇ ਤੋਂ ਗੁਆਚਦੀ ਨਾ ਗਈ।
ਹੁਣ ਜਦੋਂ ਮੈਂ ਤੇਰੀ ਠੋਡੀ ਤੋਂ ਰਾਲਾਂ ਬਣ ਵਗਦੀ ਚਾਹ ਵੇਖਦੀ ਹਾਂ, ਤੇਰੀਆਂ ਅੱਖਾਂ ਵਿੱਚ ਪੱਸਰਦੇ ਸੁੰਨੇਪਣ ਦਾ ਝਉਲਾ ਦੇਖਦੀ ਹਾਂ ਤਾਂ ਮੇਰਾ ਦਿਲ ਧੱਕ ਕਰ ਕੇ ਰਹਿ ਜਾਂਦਾ ਹੈ। ਬੁਢਾਪਾ ਕਿਸੇ ਨੂੰ ਨਹੀਂ ਛੱਡਦਾ। ਸਾਰੇ ਬੁੱਢੇ ਹੁੰਦੇ ਹਨ- ਸਭ ਮੈਨੂੰ ਦੱਸਦੇ ਨੇ, ਇਹ ਕੁਝ ਤਾਂ ਹੋਣਾ ਹੀ ਹੈ। ਇਸ ਨੂੰ ਮੰਨ ਲੈਣਾ ਚਾਹੀਦਾ ਹੈ। ਜ਼ਿੰਦਗੀ ਤਾਂ ਚਲਦੀ ਜਾਣੀ ਹੈ। ਪਰ ਧੀਆਂ ਦੇ ਦਿਲ ਏਨੇ ਕਰੜੇ ਨਹੀਂ ਹੁੰਦੇ। ਉਨ੍ਹਾਂ ਦੇ ਦਿਲ ਬੜੇ ਨਾਜ਼ੁਕ ਹੁੰਦੇ ਹਨ। ਉਹ ਸਿਰਫ਼ ਔਖੀਆਂ ਘੜੀਆਂ ਵੇਲੇ ਇਸ ਸਖ਼ਤੀ ਦਾ ਦਿਖਾਵਾ ਕਰਦੀਆਂ ਹਨ। ‘‘ਉਹ ਮੇਰੇ ਬੀਤੇ ਕੱਲ੍ਹ ਦੇ ਇਤਿਹਾਸ ਦਾ ਇੱਕ ਟੋਟਾ ਨਹੀਂ, ਜੋ ਬੋਤਲ ਵਿੱਚ ਬੰਦ ਕਰ ਕੇ ਅੰਗੀਠੀ ’ਤੇ ਰੱਖਿਆ ਜਾ ਸਕੇ,’’ ਮੈਂ ਆਪਣੇ ਪਤੀ ਨੂੰ ਕਹਿੰਦੀ ਹਾਂ, ‘‘ਉਹ ਅਜਿਹਾ ਇਤਿਹਾਸ ਹੈ, ਜਿਸ ’ਤੇ ਮਾਣ ਕੀਤਾ ਜਾ ਸਕਦੈ।’’ ਉਹ ਮੈਨੂੰ ਦਿਲਾਸਾ ਦਿੰਦਾ ਕਹਿੰਦਾ ਹੈ, ‘‘ਉਸ ਨੂੰ ਜਿਵੇਂ ਹੈ ਉਵੇਂ ਰਹਿਣ ਦੇ। ਜਿਵੇਂ ਉਹ ਸੀ ਉਸ ਨੂੰ ਯਾਦ ਰੱਖ। ਨਹੀਂ ਤਾਂ ਜੋ ਸਮਾਂ ਉਸ ਨੇ ਤੇਰੇ ’ਤੇ ਬਿਤਾਇਆ, ਉਹ ਵਿਅਰਥ ਚਲਾ ਜਾਵੇਗਾ। ਉਸ ਦੀ ਸਿੱਖਿਆ ਦਾ ਸੁਨੇਹਾ ਦੇ। ਉਸ ਦੀ ਸਿਆਣਪ ਸਭ ਪਾਸੇ ਖਿਲਾਰ, ਸਭ ਨੂੰ ਦੱਸ।’’
ਜਦੋਂ ਤੈਨੂੰ ਹਰ ਰੋਜ਼ ਨਿਘਰਦੀ ਜਾਂਦੀ ਦੇਖਦੀ ਹਾਂ, ਹਰ ਰੋਜ਼ ਤੈਨੂੰ ਸੈਨਤਾਂ ਮਾਰ ਕੇ ਬੁਲਾਉਂਦੀ, ਜ਼ਮੀਨ ਵੱਲ ਝੁਕਦੀ ਜਾਂਦੀ ਦੇਖਦੀ ਹਾਂ ਤਾਂ ਮੇਰੀ ਪੀੜ ਤੀਖਣ ਤੇ ਡੂੰਘੀ ਹੁੰਦੀ ਜਾਂਦੀ ਏ। ਤੇਰੀ ਢਲਦੀ ਉਮਰ ਤੇ ਇਹ ਸਭ ਵਾਪਰਦਾ ਵੇਖਣਾ ਮੈਨੂੰ ਨਿਢਾਲ ਕਰ ਦਿੰਦਾ ਹੈ। ਅਜੀਬ ਢੰਗ ਨਾਲ ਇਹ ਪੀੜ ਗੁੱਸੇ ਵਿੱਚ ਬਦਲ ਜਾਂਦੀ ਹੈ। ਹੁਣ ਵੀ ਮੇਰੇ ਨਾਲ ਗੱਲ ਨਹੀਂ ਕਰਦੀ, ਮੇਰੀ ਗੱਲ ਨਹੀਂ ਸੁਣਦੀ। ਜਦੋਂ ਮੈਂ ਬੋਲਦੀ ਹਾਂ ਤੂੰ ਬੈਠੀ ਬੈਠੀ ਸੌਂ ਜਾਂਦੀ ਹੈਂ। ਤੈਨੂੰ ਸਮਝਾਉਣ ਲਈ ਮੈਂ ਤੇਰੇ ਨਾਲ ਝਗੜਦੀ ਰਹਿੰਦੀ ਹਾਂ। ਮੈਂ ਜਾਣਦੀ ਹਾਂ, ਇਹ ਸਭ ਹੁਣ ਤੇਰੇ ਵੱਸ ਵਿੱਚ ਨਹੀਂ। ਪਰ ਮੈਂ ਹਾਰ ਮੰਨ ਕੇ ਤੈਨੂੰ ਇਸ ਤਰ੍ਹਾਂ ਕਿਵੇਂ ਛੱਡ ਦਿਆਂ? ਇਸ ਤਰ੍ਹਾਂ ਤਾਂ ਨਹੀਂ ਰਹਿਣ ਦੇ ਸਕਦੀ। ਇੱਕ ਧੀ ਦੇ ਅਮੁੱਕ ਭਰੋਸੇ ਨਾਲ ਲੱਗੀ ਰਹਿੰਦੀ ਹਾਂ। ਤੂੰ ਕਦੋਂ ਆਪੇ ਤੋਂ ਬੇਖ਼ਬਰੀ ਦੇ ਇਸ ਹਾਲ ਵਿੱਚ ਚਲੀ ਗਈ, ਮੈਨੂੰ ਪਤਾ ਹੀ ਨਾ ਲੱਗਿਆ। ਮੈਨੂੰ ਏਨਾ ਪਤੈ ਕਿ ਇਹ ਦਸ਼ਾ (ਹਾਲ) ਸਾਡੇ ਤੋਂ ਚੋਰੀ ਚੋਰੀ ਹੀ ਆ ਗਈ ਤੇ ਮੈਂ ਠੱਗੀ ਜਿਹੀ ਰਹਿ ਗਈ।
ਅੱਜ ਮੇਰਾ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਤੇਰੇ ਇਸ ਹੌਲੀ ਹੌਲੀ ਆਉਂਦੇ ਨਿਘਾਰ ਵਿੱਚ ਤੇਰਾ ਹੱਥ ਫੜ ਕੇ ਤੇਰਾ ਜਿੰਨਾ ਕੁ ਸਮਾਂ ਰਹਿ ਗਿਐ ਉਸ ਵਿੱਚੋਂ ਤੈਨੂੰ ਹੌਲੀ ਹੌਲੀ, ਪੋਲੀ ਪੋਲੀ ਕੱਢ ਕੇ ਲੈ ਜਾਵਾਂ, ਤੈਨੂੰ ਤੇਰੀ ਜ਼ਿੰਦਗੀ ਦਾ ਅਖ਼ੀਰਲਾ ਪੜਾਅ ਚੁੱਪ ਕੀਤਿਆਂ ਲੰਘ ਜਾਣ ਦੇਵਾਂ, ਉਸ ਦੇ ਉਲਟ ਮੈਂ ਉਸ ਮਾਂ, ਜਿਸ ਨੂੰ ਮੈਂ ਜਾਣਦੀ ਸਾਂ ਜਿਊਂਦਿਆਂ ਰੱਖਣ ਦੀ ਕੋਸ਼ਿਸ਼ ਕਰਦੀ ਤੈਨੂੰ ਹੋਰ ਬੇਹਾਲ ਕਰ ਦਿੰਦੀ ਹਾਂ। ਤੇਰੇ ਉਲਝੇ ਮਨ ਨੂੰ ਹੋਰ ਉਲਝਾ ਕੇ ਤੈਨੂੰ ਉਹ ਚੈਨ ਤੇ ਵਿੱਥ ਦੇਣ ਤੋਂ ਵਾਂਝਿਆ ਕਰ ਦਿੰਦੀ ਹਾਂ, ਜਿਸ ਚੈਨ ਦੀ ਮੈਨੂੰ ਬੜੀ ਲੋੜ ਹੈ। ਤੇਰੇ ਨਾਲ ਮੇਰਾ ਵੀ ਇੱਕ ਹਿੱਸਾ ਮਰਦਾ ਜਾ ਰਿਹਾ ਹੈ। ਇਸ ਸਮੇਂ ਨੂੰ ਮੈਂ ਆਪਣੀ ਜ਼ਿੰਦਗੀ ਵਿੱਚੋਂ ਗੁੱਲ ਕਰਦੀ ਜਾ ਰਹੀ ਹਾਂ ਤੇ ਇਸ ਦਾ ਸਦਮਾ ਤੇਰੇ ਜਾਣ ਤੋਂ ਬਾਅਦ ਵੀ ਮੇਰੇ ਨਾਲ ਰਹੇਗਾ।
ਮੈਨੂੰ ਦੱਸ ਮਾਂ, ਆਖ਼ਰੀ ਵੇਲੇ ਸਾਡੇ ਰਿਸ਼ਤੇ ਵਿੱਚੋਂ ਤੂੰ ਵਧੀਆ ਘੜੀਆਂ ਨੂੰ ਛਾਣ ਕੇ ਮੇਰੇ ਲਈ ਅੱਡ ਕਰ ਦੇਵੇਂਗੀ? ਤਾਂ ਜੋ ਮੈਂ ਉਨ੍ਹਾਂ ਪਲਾਂ ਨੂੰ ਹੀ ਯਾਦ ਰੱਖਾਂ ਤੇ ਉਨ੍ਹਾਂ ਨਾਲ ਤੈਨੂੰ ਵੀ। ਆਪਣੀ ਜਾਦੂ ਦੀ ਛੜੀ ਨਾਲ ਪੀੜਾਂ ਭਰੇ ਆਖ਼ਰੀ ਸਾਲਾਂ ਨੂੰ ਪਰ੍ਹਾਂ ਹਟਾ ਕੇ ਮੇਰੇ ਨਾਲ ਉਸ ਸ਼ਾਂਤੀ ਤੇ ਸਕੂਨ ਨੂੰ ਸਾਂਝਿਆਂ ਕਰੇਂਗੀ ਜੋ ਤੇਰਾ ਅਨਿੱਖੜਵਾਂ ਅੰਗ ਹਨ? ਆਪਣੇ ਹੀ ਖ਼ਾਮੋਸ਼ ਢੰਗ ਨਾਲ ਮੇਰੀ ਮਦਦ ਕਰ ਦੇਵੇਂਗੀ ਮਾਂ? ਤੈਨੂੰ ਜਾਣ ਦਿਆਂ ਮਾਂ? ਕਰ ਦੇਵੇਂਗੀ ਮਾਂ?
- ਪੰਜਾਬੀ ਰੂਪ: ਲਵਲੀਨ ਜੌਲੀ
ਸੰਪਰਕ: 97779-29702

Advertisement
Advertisement