ਕੁੜੀਆਂ ਦੇ ਪੀਜੀ ਦੇ ਪਖਾਨੇ ’ਚੋਂ ਕੈਮਰਾ ਫੜਿਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਨਵੰਬਰ
ਇੱਥੋਂ ਦੇ ਸੈਕਟਰ-22 ਵਿੱਚ ਸਥਿਤ ਕੁੜੀਆਂ ਦੇ ਪੀਜੀ ਦੇ ਬਾਥਰੂਮ ਵਿੱਚ ਗੀਜ਼ਰ ’ਤੇ ਕੈਮਰਾ ਲਗਾ ਕੇ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਥਾਣਾ ਸੈਕਟਰ-17 ਦੀ ਪੁਲੀਸ ਨੇ ਮਾਮਲੇ ਵਿੱਚ ਪੀਜੀ ਵਿੱਚ ਰਹਿਣ ਵਾਲੀ ਲੜਕੀ ਤੇ ਚੰਡੀਗੜ੍ਹ ’ਚ ਹੀ ਰਹਿਣ ਵਾਲੇ ਇਕ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੀ ਲੜਕੀ ਸਹਾਰਨਪੁਰ ਦੀ ਰਹਿਣ ਵਾਲੀ ਹੈ ਜਦੋਂਕਿ ਮੁਲਜ਼ਮ ਲੜਕੇ ਦੀ ਪਛਾਣ ਅਸ਼ੋਕ ਹਾਂਡਾ ਵਾਸੀ ਸੈਕਟਰ-21 ਵਜੋਂ ਹੋਈ ਹੈ।
ਥਾਣਾ ਸੈਕਟਰ-17 ਦੀ ਪੁਲੀਸ ਨੇ ਇਹ ਕਾਰਵਾਈ ਪੀਜੀ ਵਿੱਚ ਰਹਿਣ ਵਾਲੀ ਫਾਜ਼ਿਲਕਾ ਵਾਸੀ ਔਰਤ ਦੀ ਸ਼ਿਕਾਇਤ ’ਤੇ ਕੀਤੀ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਕਿਹਾ ਕਿ ਉਹ ਸਾਲ 2020 ਤੋਂ ਸੈਕਟਰ-22 ਵਿਚਲੇ ਇਸ ਪੀਜੀ ਵਿੱਚ ਰਹਿ ਰਹੀ ਹੈ। ਲੰਘੇ ਦਿਨ ਉਹ ਬਾਥਰੂਮ ਗਈ ਤਾਂ ਗੀਜ਼ਰ ’ਤੇ ਕੈਮਰੇ ਲੱਗੇ ਹੋਣ ਦਾ ਸ਼ੱਕ ਹੋਇਆ। ਇਸ ਦੀ ਜਾਣਕਾਰੀ ਉਸ ਨੇ ਤੁਰੰਤ ਸਾਥੀਆਂ ਨੂੰ ਅਤੇ ਘਰ ਦੇ ਮਾਲਕ ਨੂੰ ਦਿੱਤੀ। ਮਾਲਕ ਨੇ ਕੈਮਰਾ ਲੱਗਿਆ ਦੇਖ ਕੇ ਥਾਣਾ ਸੈਕਟਰ-17 ਦੀ ਪੁਲੀਸ ਨੂੰ ਸ਼ਿਕਾਇਤ ਕੀਤੀ।
ਪੁਲੀਸ ਨੇ ਮਾਮਲੇ ’ਚ ਜਾਂਚ ਕਰਦਿਆਂ ਉਸੇ ਪੀਜੀ ਵਿੱਚ ਰਹਿਣ ਵਾਲੀ ਇਕ ਲੜਕੀ ਤੇ ਉਸ ਦੇ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਗੱਲ ਦੀ ਪੁਸ਼ਟੀ ਡੀਐੱਸਪੀ ਗੁਰਮੁੱਖ ਸਿੰਘ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ’ਚ ਮੁੱਢਲੀ ਜਾਂਚ ਦੌਰਾਨ ਮੁਲਜ਼ਮ ਲੜਕਾ ਤੇ ਲੜਕੀ ਦੇ ਮੋਬਾਈਲ ਫੋਨ ਕਬਜ਼ੇ ਵਿੱਚ ਲੈ ਕੇ ਜਾਂਚ ਲਈ ਭੇਜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦਾ ਕਹਿਣਾ ਹੈ ਕਿ ਇਹ ਕੈਮਰਾ ਕੁਝ ਸਮੇਂ ਪਹਿਲਾਂ ਹੀ ਲਗਾਇਆ ਸੀ, ਜਿਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੈਮਰੇ ਦੀ ਵੀਡੀਓ ਸਟੋਰੇਜ ਕਿੱਥੇ ਹੋ ਰਹੀ ਹੈ, ਬਾਰੇ ਜਾਂਚ ਕੀਤੀ ਜਾ ਰਹੀ ਹੈ।
ਹੋਰਨਾਂ ਲੜਕੀਆਂ ਨੇ ਪੀਜੀ ਛੱਡਿਆ
ਜਾਣਕਾਰੀ ਅਨੁਸਾਰ ਇਹ ਪੀਜੀ ਸੈਕਟਰ-22 ਵਿੱਚ ਘਰ ਦੀ ਦੂਜੀ ਮੰਜ਼ਿਲ ’ਤੇ ਬਣਿਆ ਹੋਇਆ ਸੀ ਜਿੱਥੇ 5 ਲੜਕੀਆਂ ਰਹਿੰਦੀਆਂ ਸਨ। ਇਨ੍ਹਾਂ ਲੜਕੀਆਂ ਦਾ ਬਾਥਰੂਮ ਸਾਂਝਾ ਸੀ, ਜਿੱਥੇ ਹੋਰ ਕੋਈ ਨਹੀਂ ਜਾ ਸਕਦਾ ਸੀ। ਪੀਜੀ ਦੇ ਬਾਥਰੂਮ ਵਿੱਚ ਕੈਮਰਾ ਲੱਗੇ ਹੋਣ ਦੀ ਜਾਣਕਾਰੀ ਮਿਲਦਿਆਂ ਹੀ ਬਾਕੀ ਲੜਕੀਆਂ ਦੇ ਮਾਪੇ ਵੀ ਪਹੁੰਚ ਗਏ, ਜਿਨ੍ਹਾਂ ਨੇ ਤੁਰੰਤ ਪੀਜੀ ਨੂੰ ਖਾਲ੍ਹੀ ਕਰ ਦਿੱਤਾ।