ਪਾਕਿ ਫ਼ੌਜ ਤੇ ਸਰਕਾਰ ਨੂੰ ਕੌਮਾਂਤਰੀ ਮੰਚਾਂ ’ਤੇ ਜ਼ਿੰਮੇਵਾਰ ਠਹਿਰਾਇਆ ਜਾਵੇ: ਸੀਪੀਐੱਮ
ਅਤਰ ਸਿੰਘ
ਡੇਰਾਬੱਸੀ, 10 ਮਈ
ਡੇਰਾਬੱਸੀ ਵਿੱਚ ਅੱਜ ਸੀਪੀਆਈ (ਐੱਮ) ਤਹਿਸੀਲ ਕਮੇਟੀ ਡੇਰਾਬੱਸੀ ਦੀ ਕਾਮਰੇਡ ਜਵਾਲਾ ਸਿੰਘ ਨੰਬਰਦਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪਹਿਲਗਾਮ ਹਮਲੇ ਵਿੱਚ ਮਾਰੇ ਗਏ ਨਿਰਦੋਸ਼ਾਂ ਅਤੇ ਇਸ ਤੋਂ ਬਾਅਦ ਸਰਹੱਦ ’ਤੇ ਹਮਲਿਆਂ ਦੌਰਾਨ ਸ਼ਹੀਦ ਹੋ ਰਹੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਵਿੱਚ ਸੂਬਾ ਕਮੇਟੀ ਮੈਂਬਰ ਕਾਮਰੇਡ ਸ਼ਿਆਮ ਲਾਲ ਹੈਬਤਪੁਰ ਅਤੇ ਜ਼ਿਲ੍ਹਾ ਸਕੱਤਰ ਕਾਮਰੇਡ ਚੰਦਰਪਾਲ ਲਾਲੜੂ ਸ਼ਾਮਲ ਹੋਏ। ਜਾਣਕਾਰੀ ਦਿੰਦਿਆਂ ਪਾਰਟੀ ਦੇ ਤਹਿਸੀਲ ਸਕੱਤਰ ਕਾਮਰੇਡ ਫੂਲ ਚੰਦ ਡੇਰਾਬੱਸੀ ਨੇ ਦੱਸਿਆ ਕਿ ਪਹਿਲਗਾਮ ਤੇ ਭਾਰਤ-ਪਾਕਿ ਤਣਾਅ ਮਾਮਲੇ ਵਿੱਚ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਨਾਲ-ਨਾਲ ਸੀਪੀਆਈ (ਐੱਮ) ਦੇਸ਼, ਫੌਜ ਅਤੇ ਸਰਕਾਰ ਨਾਲ ਡਟ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਫ਼ੌਜ ਨੇ ਬਹਾਦਰੀ ਨਾਲ ਦੁਸ਼ਮਣ ਨੂੰ ਜਵਾਬ ਦਿੱਤਾ ਹੈ ਅਤੇ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਾਕਿਸਤਾਨੀ ਫ਼ੌਜ ਤੇ ਸਰਕਾਰ ਨੂੰ ਕੌਮਾਂਤਰੀ ਮੰਚਾਂ ’ਤੇ ਜਵਾਬਦੇਹ ਠਹਿਰਾਵੇ। ਕਾਮਰੇਡ ਫੂਲ ਚੰਦ ਡੇਰਾਬੱਸੀ ਨੇ ਕਿਹਾ ਕਿ ਭਾਰਤ ਸਰਕਾਰ ਦਹਿਸ਼ਤਗਰਦਾਂ ਤੇ ਪਾਕਿ ਫ਼ੌਜ ਦੇ ਗੱਠਜੋੜ ਨੂੰ ਨੰਗਾ ਕਰ ਕੇ ਪਾਕਿਸਤਾਨ ਦੀ ਚੁਣੀ ਹੋਈ ਸਰਕਾਰ ਨੂੰ ਦਹਿਸ਼ਤਵਾਦ ਖਤਮ ਕਰਨ ਲਈ ਮਜਬੂਰ ਕਰੇ। ਇਸ ਗੱਲ ਨੂੰ ਯਕੀਨੀ ਬਣਾਵੇ ਕਿ ਦੇਸ਼ ਵਿੱਚ ਏਕਤਾ ਅਤੇ ਅਖੰਡਤਾ ਬਣੀ ਰਹੇ। ਮੀਟਿੰਗ ਦੌਰਾਨ ਪਾਰਟੀ ਦੇ ਭਵਿੱਖੀ ਪ੍ਰੋਗਰਾਮਾਂ ਨੂੰ ਵਿਚਾਰਿਆ ਗਿਆ। ਇਸ ਮੌਕੇ ਕਾਮਰੇਡ ਕੌਲ ਸਿੰਘ ਲਾਲੜੂ, ਵੈਦ ਪ੍ਰਕਾਸ਼ ਕੌਸ਼ਿਕ, ਇਕਬਾਲ ਸਿੰਘ, ਅਜੈਬ ਸਿੰਘ, ਹਾਕਮ ਸਿੰਘ, ਕਰਮ ਚੰਦ, ਨੰਦ ਕਿਸ਼ੋਰ, ਬਲਜੀਤ ਸਿੰਘ, ਸਤੀਸ਼ ਕੁਮਾਰ ਅਤੇ ਨਿਰਮਲ ਸਿੰਘ ਬੇਹੜਾ ਹਾਜ਼ਰ ਸਨ।