ਹੈਰੋਇਨ ਤੇ ਡਰੱਗ ਮਨੀ ਸਣੇ ਤਿੰਨ ਗ੍ਰਿਫ਼ਤਾਰ
ਖਰੜ, 5 ਜੂਨ
ਸੀਆਈਏ ਸਟਾਫ ਖਰੜ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਸੀਆਈਏ ਦੀ ਟੀਮ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 50 ਗ੍ਰਾਮ ਹੈਰੋਇਨ ਅਤੇ 95 ਹਜਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀਆਈਏ ਸਟਾਫ ਦੀ ਪੁਲੀਸ ਪਾਰਟੀ ਨੇ ਸ਼ਿਵਜੋਤ ਐਨਕਲੇਵ ਖਰੜ ਨੇੜੇ ਨਾਕੇ ਦੌਰਾਨ ਮੁਲਜ਼ਮ ਗੁਰਪ੍ਰੀਤ ਸਿੰਘ ਤੋਂ ਤਲਾਸ਼ੀ ਦੌਰਾਨ 50 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਸਿਟੀ ਖਰੜ ਵਿੱਚ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗੁਰਪ੍ਰੀਤ ਸਿੰਘ ਨੇ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਉਹ ਰਾਹੁਲ ਸਹੋਤਾ ਅਤੇ ਗੋਬਿੰਦ ਸਿੰਘ ਉਰਫ ਗੋਪੀ ਵਾਸੀ ਹਿੰਮਤਪੁਰਾ ਗਿੱਲਵਾਲੀ ਗੇਟ ਨਾਲ ਮਿਲ ਕੇ ਤਸਕਰੀ ਕਰਦਾ ਹੈ ਅਤੇ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਹੈਰੋਇਨ ਸਪਲਾਈ ਕਰਕੇ ਇੱਕ ਲੱਖ ਰੁਪਿਆ ਡਰੱਗ ਮਨੀ ਦੇ ਕੇ ਆਇਆ ਹੈ। ਸੀਆਈਏ ਨੇ ਰੇਡ ਕਰਕੇ ਰਾਹੁਲ ਸਹੋਤਾ ਅਤੇ ਗੋਬਿੰਦ ਸਿੰਘ ਉਰਫ ਗੋਪੀ ਨੂੰ ਗਿੱਲਵਾਲੀ ਗੇਟ, ਅੰਮ੍ਰਿਤਸਰ ਤੋਂ 95 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਪੁਲੀਸ ਰਿਮਾਂਡ ਅਧੀਨ ਹਨ।