ਭਾਰਤੀ ਫ਼ੌਜ ਨੇ ਵਿਸਫੋਟਕ ਸਮੱਗਰੀ ਨਸ਼ਟ ਕੀਤੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਮਈ
ਚੰਡੀਗੜ੍ਹ ਪੁਲੀਸ ਦੀ ਕਰਾਈਮ ਬ੍ਰਾਂਚ ਵੱਲੋਂ ਪਿਛਲੇ ਦਿਨੀਂ ਸੈਕਟਰ-39 ਵਿੱਚੋਂ ਗੈਂਗਸਟਰ ਹੈਪੀ ਪਾਸੀਆਂ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਮੌਕੇ ਬਰਾਮਦ ਕੀਤੀ ਗਈ ਵਿਸਫੋਟਕ ਸਮੱਗਰੀ ਨੂੰ ਅੱਜ ਭਾਰਤੀ ਫ਼ੌਜ ਨੇ ਨਸ਼ਟ ਕਰ ਦਿੱਤਾ ਹੈ। ਇਸ ਸਮੱਗਰੀ ਨੂੰ ਚੰਡੀਗੜ੍ਹ ਦੇ ਜੰਗਲੀ ਇਲਾਕੇ ਵਿੱਚ ਨਸ਼ਟ ਕੀਤਾ ਗਿਆ ਹੈ। ਵਿਸਫੋਟਕ ਸਮੱਗਰੀ ਨੂੰ ਨਸ਼ਟ ਕਰਨ ਲਈ ਚੰਡੀ ਮੰਦਿਰ ਤੋਂ ਬੰਬ ਸੁਕਾਇਡ ਦੀ ਟੀਮ ਵਿਸ਼ੇਸ਼ ਤੌਰ ’ਤੇ ਪਹੁੰਚੀ ਸੀ, ਜਿਸ ਨੇ ਸਾਵਧਾਨੀ ਨਾਲ ਇਸ ਵਿਸਫੋਟਕ ਸਮੱਗਰੀ ਨੂੰ ਨਸ਼ਟ ਕਰ ਦਿੱਤਾ ਹੈ। ਧਮਾਕੇ ਦੀ ਆਵਾਜ਼ ਸੁਣਦਿਆਂ ਹੀ ਚੰਡੀਗੜ੍ਹ ਦੇ ਲੋਕ ਡਰ ਗਏ ਕਿਉਂਕਿ ਦੋ-ਤਿਨ ਦਿਨਾਂ ਤੋਂ ਭਾਰਤ-ਪਾਕਿਸਤਾਨ ਵਿਚਕਾਰ ਤਣਾਅ ਬਣਿਆ ਹੋਇਆ ਸੀ। ਇਸ ਦੌਰਾਨ ਚੰਡੀਗੜ੍ਹ ਵੀ ਪਾਕਿਸਤਾਨ ਦੇ ਨਿਸ਼ਾਨੇ ’ਤੇ ਸੀ। ਇਸੇ ਕਰਕੇ ਚੰਡੀਗੜ੍ਹ ਵਾਸੀ ਡਰ ਗਏ ਸਨ ਪਰ ਚੰਡੀਗੜ੍ਹ ਪੁਲੀਸ ਨੇ ਸਪੱਸ਼ਟ ਕੀਤਾ ਕਿ ਇਹ ਚੰਡੀਗੜ੍ਹ ਪੁਲੀਸ ਦੀ ਮੌਜੂਦਗੀ ਵਿੱਚ ਭਾਰਤੀ ਫਫ਼ੌਜ ਨੇ ਵਿਸਫੋਟਕ ਸਮੱਗਰੀ ਨੂੰ ਨਸ਼ਟ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲੀਸ ਦੀ ਕਰਾਈਮ ਬ੍ਰਾਂਚ ਦੀ ਟੀਮ ਨੇ ਵੀਰਵਾਰ ਰਾਤ ਨੂੰ ਸ਼ਹਿਰ ਵਿੱਚ ਗਸ਼ਤ ਦੌਰਾਨ ਸੈਕਟਰ-39 ਵਿੱਚੋਂ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਦੋ ਪਿਸਤੌਲ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ। ਪੁਲੀਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਦੋਵੇਂ ਨੌਜਵਾਨ ਗੈਂਗਸਟਰ ਹੈਪੀ ਪਾਸੀਆ ਗੈਂਗ ਨਾਲ ਸਬੰਧਤ ਹਨ, ਜਿਨ੍ਹਾਂ ਚੰਡੀਗੜ੍ਹ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਚੰਡੀਗੜ੍ਹ ਪੁਲੀਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਉਸ ਵੱਡੀ ਵਾਰਦਾਤ ਨੂੰ ਰੋਕ ਦਿੱਤਾ ਹੈ।
ਚੰਡੀਗੜ੍ਹ ਪੁਲੀਸ ਨੇ ਲੰਘੇ ਦਿਨ ਦੋਵਾਂ ਨੌਜਵਾਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਪੁੱਛ ਪੜਤਾਲ ਲਈ ਸੱਤ ਦਿਨਾਂ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਦੋਵਾਂ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਦੌਰਾਨ ਪੁਲੀਸ ਵੱਲੋਂ ਦੋਵਾਂ ਨੌਜਵਾਨਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਵਿਸਫੋਟਕ ਸਮੱਗਰੀ ਲਿਆਉਣ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਥਾਂ ਤੇ ਹੋਰਨਾਂ ਵਿਅਕਤੀਆਂ ਦੀ ਸ਼ਮੂਲੀਅਤ ਬਾਰੇ ਪੜਤਾਲ ਕੀਤੀ ਜਾ ਰਹੀ ਹੈ।