ਨਾ ਪਾਣੀ ਦੀ, ਨਾ ਸਰਕਾਰ ਦੀ ਹੁਣ ਸੱਥਾਂ ’ਚ ਚਰਚਾ ਭਾਰਤ-ਪਾਕਿ ‘ਵਾਰ’ ਦੀ
ਕਰਮਜੀਤ ਸਿੰਘ ਚਿੱਲਾ
ਬਨੂੜ, 10 ਮਈ
ਪਿਛਲੇ ਕੁੱਝ ਦਿਨਾਂ ਤੋਂ ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਅਤੇ ਭਾਰਤ ਵੱਲੋਂ ਅਪਰੇਸ਼ਨ ਸਿੰਧੂਰ ਨੂੰ ਅੰਜ਼ਾਮ ਦੇਣ ਮਗਰੋਂ ਹੁਣ ਸੱਥਾਂ ਵਿਚ ਭਾਰਤ ਅਤੇ ਪਾਕਿਸਤਾਨ ਦੀ ਹੀ ਚਰਚਾ ਹੈ। ਪੰਜਾਬ ਵਿਚ ਹਾਲਾਂਕਿ ਬੀਬੀਐੱਮਬੀ ਦੇ ਪਾਣੀ ਸਬੰਧੀ ਮਾਹੌਲ ਗਰਮ ਹੈ, ਨਸ਼ਿਆਂ ਵਿਰੁੱਧ ਯੁੱਧ ਵੀ ਜਾਰੀ ਹੈ ਪਰ ਲੋਕਾਂ ਦੇ ਮਨਾਂ ਵਿਚ ਇਹ ਸਾਰੇ ਮਾਮਲੇ ਹੁਣ ਪਿੱਛੇ ਚਲੇ ਗਏ ਹਨ।
ਘਰ ਹੋਵੇ, ਦੁਕਾਨ ਹੋਵੇ, ਦਫ਼ਤਰ ਹੋਵੇ ਜਾਂ ਕੋਈ ਜਨਤਕ ਥਾਂ, ਜਿੱਥੇ ਵੀ ਦੋ ਵਿਅਕਤੀ ਮੌਜੂਦ ਹੁੰਦੇ ਹਨ ਉੱਥੇ ਹੀ ਚਰਚਾ ਭਾਰਤ ਅਤੇ ਪਾਕਿਸਤਾਨ ਦੀ ਸੰਭਾਵੀ ਜੰਗ ਦੀ ਹੋ ਰਹੀ ਹੈ। ਵੱਟਸਐਪ ਦੇ ਗਰੁੱਪ ਹੋਣ ਚਾਹੇ ਫੇਸਬੁੱਕ ਹਰ ਕੋਈ ਭਾਰਤ-ਪਾਕਿਸਤਾਨ ਨਾਲ ਸਬੰਧਿਤ ਤਾਜ਼ਾ ਅਪਡੇਟ ਦੀਆਂ ਪੋਸਟਾਂ ਪਾਉਣ ਵਿਚ ਮਸਰੂਫ਼ ਹੈ। ਵੱਟਸਐਪ ਗਰੁੱਪਾਂ ਵਿਚ ਦੋਹਾਂ ਮੁਲਕਾਂ ਦੇ ਸਬੰਧਾਂ ਸਬੰਧੀ ਲੰਮੀਆਂ ਡਿਬੇਟਾਂ ਵੀ ਛਿੜੀਆਂ ਹੋਈਆਂ ਹਨ। ਪਿੰਡਾਂ ਵਿਚ ਪੁਰਾਣੇ ਬਜ਼ੁਰਗ ਅਤੇ ਸਾਬਕਾ ਫੌਜੀ ਪਾਕਿਸਤਾਨ ਅਤੇ ਚੀਨ ਨਾਲ ਭਾਰਤ ਦੀਆਂ ਪੁਰਾਣੀਆਂ ਜੰਗਾਂ ਦੀ ਚਰਚਾ ਵੀ ਕਰ ਰਹੇ ਹਨ। ਲੋਕੀਂ ਬਜ਼ੁਰਗਾਂ ਕੋਲੋਂ ਜੰਗਾਂ ਵਿਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਜਾਣਕਾਰੀ ਲੈ ਰਹੇ ਹਨ। ਵਾਹਨਾਂ ਵਿਚ ਤੇਲ ਭਰਾਉਣ ਅਤੇ ਘਰੇਲੂ ਸਮਾਨ ਦੀ ਖਰੀਦੋ-ਫਰੋਖ਼ਤ ਵੀ ਤੇਜ਼ ਹੋ ਗਈ ਹੈ। ਲੋਕਾਂ ਵਿਚ ਸਭ ਤੋਂ ਵੱਧ ਚਰਚਾ ਪਰਮਾਣੂ ਹਥਿਆਰਾਂ ਦੀ ਹੋ ਰਹੀ ਹੈ। ਜੇਕਰ ਯੁੱਧ ਲੱਗਦਾ ਹੈ ਤੇ ਇਸ ਵਿਚ ਅਜਿਹੇ ਹਥਿਆਰਾਂ ਦੀ ਵਰਤੋਂ ਹੁੰਦੀ ਹੈ ਤਾਂ ਉਹ ਕਿੰਨਾ ਨੁਕਸਾਨ ਹੋ ਸਕਦੇ ਹਨ। ਨੌਜਵਾਨ ਪੀੜ੍ਹੀ ਯੂਟਿਊਬ ਅਤੇ ਹੋਰ ਸਾਧਨਾਂ ਕੋਲੋਂ ਵੀ ਪਰਮਾਣੂ ਹਥਿਆਰਾਂ ਸਬੰਧੀ ਜਾਣਕਾਰੀ ਹਾਸਿਲ ਕਰ ਰਹੀ ਹੈ।
ਭਾਰਤ-ਪਾਕਿਸਤਾਨ ਦੇ ਤਣਾਅ ਦੇ ਬਾਵਜੂਦ ਲੋਕੀਂ ਅਮਨ ਦੀ ਦੁਆ ਕਰ ਰਹੇ ਹਨ। ਬਜ਼ੁਰਗਾਂ ਦਾ ਅਨੁਸਾਰ ਜੰਗ ਹੋਣ ਦੀ ਸੂਰਤ ਵਿੱਚ ਸਭ ਤੋਂ ਵੱਧ ਪੰਜਾਬ ਨੂੰ ਨੁਕਸਾਨ ਝੱਲਣਾ ਪਵੇਗਾ।
ਗੋਲੀਬੰਦੀ ਦੀ ਖ਼ਬਰ ਮਗਰੋਂ ਬਾਜ਼ਾਰਾਂ ’ਚ ਚਹਿਲ-ਪਹਿਲ
ਪਿਛਲੇ ਕੁਝ ਦਿਨਾਂ ਤੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੀ ਗੋਲੀਬਾਰੀ ਦੇ ਰੁਕਣ ਦੀ ਖ਼ਬਰ ਆਉਂਦਿਆਂ ਹੀ ਬਾਜ਼ਾਰਾਂ ਵਿੱਚ ਚਹਿਲ-ਪਹਿਲ ਹੋਣ ਲੱਗੀ। ਇਸ ਤੋਂ ਪਹਿਲਾਂ ਗੋਲਬੰਦੀ ਦੇ ਐਲਾਨ ਮਗਰੋਂ ਸੋਸ਼ਲ ਮੀਡੀਆ ਉੱਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਪੋਸਟਾਂ ਅਤੇ ਤਸਵੀਰਾਂ ਨੂੰ ਸ਼ੇਅਰ ਕਰਨ ਦਾ ਹੜ੍ਹ ਆ ਗਿਆ ਹੈ। ਸਾਰੇ ਪਾਸੇ ਟਰੰਪ ਦੀ ਹੀ ਚਰਚਾ ਹੋ ਰਹੀ ਹੈ। ਅੱਜ ਬਾਅਦ ਦੁਪਹਿਰ ਜਿਉਂ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਯੁੱਧਬੰਦੀ ਸਬੰਧੀ ਟਵੀਟ ਆਇਆ ਤਾਂ ਲੋਕਾਂ ਦੇ ਪਿਛਲੇ ਕਈਂ ਦਿਨਾਂ ਤੋਂ ਮੁਰਝਾਏ ਅਤੇ ਸਹਿਮੇ ਹੋਏ ਚਿਹਰੇ ਖਿੜ ਉਠੇ ਹਨ। ਲੋਕਾਂ ਵੱਲੋਂ ਧੜਾ-ਧੜ ਟਰੰਪ ਦਾ ਟਵੀਟ ਫੇਸਬੁੱਕ, ਟਵਿੱਟਰ, ਵੱਟਸਐਪ, ਇੰਸਟਾਗ੍ਰਾਮ ’ਤੇ ਸ਼ੇਅਰ ਕਰਨ ਦੀ ਹੋੜ ਲੱਗ ਗਈ।