ਸੀਵਰ ’ਚ ਡਿੱਗੇ ਕਿਸਾਨ ਦੀ ਦਸ ਦਨਿਾਂ ਬਾਅਦ ਮਿਲੀ ਲਾਸ਼
ਪ੍ਰਭੂ ਦਿਆਲ
ਸਿਰਸਾ, 22 ਅਗਸਤ
ਇਥੋਂ ਦੇ ਪਿੰਡ ਨਟਾਰ ਵਿੱਚ 12 ਅਗਸਤ ਨੂੰ ਸੀਵਰ ’ਚ ਡਿੱਗੇ ਦੂਜੇ ਕਿਸਾਨ ਦੀ ਬੀਤੀ ਦੇਰ ਸ਼ਾਮ ਸੀਵਰ ’ਚੋਂ ਲਾਸ਼ ਮਿਲ ਗਈ ਹੈ। ਮ੍ਰਿਤਕ ਦੇਹ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਪਹਿਲਾਂ ਕੱਢੇ ਗਏ ਕਿਸਾਨ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਸੀ। ਕਿਸਾਨਾਂ ਦੇ ਪਰਿਵਾਰਾਂ ਨੇ ਮੁਆਵਜ਼ੇ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ 12 ਅਗਸਤ ਨੂੰ ਸੀਵਰ ’ਚ ਪਿੰਡ ਨਟਾਰ ਵਾਸੀ ਪੂਰਨ ਤੇ ਸੰਦੀਪ ਉਰਫ ਕਾਲਾ ਡਿੱਗ ਪਏ ਸਨ। ਪਿੰਡ ਦੇ ਲੋਕਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਈ ਘੰਟਿਆਂ ਦੀ ਜਦੋਜਹਿਦ ਮਗਰੋਂ ਪੂਰਨ ਨੂੰ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਕੱਢ ਲਿਆ ਸੀ ਪਰ ਇਲਾਜ ਦੌਰਾਨ ਪੂਰਨ ਨੂੰ ਬਚਾਇਆ ਨਹੀਂ ਜਾ ਸਕਿਆ। ਸੰਦੀਪ ਦੀ ਭਾਲ ਲਈ ਪਹਿਲਾਂ ਫੌਜ ਨੂੰ ਸੱਦਿਆ ਗਿਆ ਜਦੋਂ ਫੌਜ ਨੂੰ ਕਈ ਘੰਟਿਆਂ ਬਾਦ ਸੰਦੀਪ ਦਾ ਕੋਈ ਥਹੁ ਪਤਾ ਨਾ ਲੱਗਿਆ ਤਾਂ ਅਗਲੇ ਦਿਨ 14 ਅਗਸਤ ਨੂੰ ਐਨਡੀਆਰਐਫ ਦੀ ਟੀਮ ਨੂੰ ਬੁਲਾਇਆ ਗਿਆ। ਐਨਡੀਆਰਐਫ ਦੀ ਟੀਮ ਨੇ 20 ਅਗਸਤ ਤੱਕ ਸੀਵਰ ’ਚ ਡਿੱਗੇ ਕਿਸਾਨ ਦੀ ਭਾਲ ਕੀਤੀ ਪਰ ਉਸ ਦੇ ਹੱਥ ਪੱਲੇ ਕੁਝ ਨਹੀਂ ਲੱਗਿਆ। ਇਸ ਮਗਰੋਂ ਪਿੰਡ ਦੇ ਇਕ ਮਿਸਤਰੀ ਨੇ ਇਕ ਜੁਗਾੜ ਤਿਆਰ ਕੀਤਾ ਅਤੇ ਜਨ ਸਿਹਤ ਵਿਭਾਗ ਦੇ ਸਫਾਈ ਮੁਲਾਜ਼ਮਾਂ ਨਾਲ ਰਲ ਕੇ ਉਸ ਜੁਗਾੜ ਨੂੰ ਸੀਵਰ ਦੇ ਇਕ ਪਾਸਿਓਂ ਪਾ ਕੇ ਦੂਜੇ ਪਾਸੇ ਖਿਚਿਆ ਤਾਂ ਉਸ ਨਾਲ ਕਿਸਾਨ ਦੀ ਦੇਹ ਅੜਕੇ ਬਾਹਰ ਆ ਗਈ।