ਧਰਮਦੇਵ ਵਿਦਿਆਰਥੀ ਵੱਲੋਂ ਸੈਣੀ ਨਾਲ ਮੁਲਾਕਾਤ
ਮਹਾਂਵੀਰ ਮਿੱਤਲ
ਜੀਂਦ, 7 ਮਈ
ਹਰਿਆਣਾ ਸਾਹਿਤਕ ਅਤੇ ਸੰਸਕ੍ਰਿਤੀ ਅਕਾਦਮੀ ਦੇ ਨਿਰਦੇਸ਼ਕ ਡਾ. ਧਰਮਦੇਵ ਵਿਦਿਆਰਥੀ ਨੇ ਕਿਹਾ ਕਿ ਹਰਿਆਣਵੀਂ ਬੋਲੀ ਸੰਪੂਰਨ ਭਾਸ਼ਾ ਹੈ। ਇਸ ਲਈ ਹਰਿਆਣਾ ਦੀ ਰਾਜਭਾਸ਼ਾ ਹਰਿਆਣਵੀਂ ਹੋਣੀ ਚਾਹੀਦੀ ਹੈ ਅਤੇ ਇਸ ਨੂੰ ਸਵਿੰਧਾਨਿਕ ਦਰਜਾ ਮਿਲਣਾ ਚਾਹੀਦਾ ਹੈ। ਹਰਿਆਣਾ ਸਾਹਿਤਕ ਅਤੇ ਸੰਸਕਿਤੀ ਅਕਾਦਮੀ ਇਸ ਦਿਸ਼ਾ ਵਿੱਚ ਠੋਸ ਕੰਮ ਕਰ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਅਕਾਦਮੀ ਦੇ ਨਿਰਦੇਸ਼ਕ ਡਾ. ਵਿਦਿਆਰਥੀ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕਰਦੇ ਹੋਏ ਕੀਤਾ। ਡਾ. ਵਿਦਿਆਰਥੀ ਨੇ ਇਹ ਸਿੱਧ ਕਰਨ ਦਾ ਯਤਨ ਕੀਤਾ ਕਿ ਹਰਿਆਣਵੀ ਕੇਵਲ ਬੋਲੀ ਹੀ ਨਹੀਂ ਹੈ, ਸਗੋਂ ਭਾਸ਼ਾ ਵੀ ਹੈ। ਹਰਿਆਣਾ ਵਿੱਚ ਹਰਿਆਣਾ ਦੀ ਅਪਣੀ ਹੀ ਭਾਸ਼ਾ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਸੈਣੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਸ ਦਿਸ਼ਾ ਵਿੱਚ ਉਚਿਤ ਕਦਮ ਚੁੱਕਿਆ ਜਾਵੇਗਾ। ਡਾ. ਵਿਦਿਆਰਥੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਹਰਿਆਣਵੀ ਭਾਸ਼ਾ ਵਿੱਚ ਵਿਆਕਰਣ ਤਿਆਰ ਕਰ ਦਿੱਤੀ ਗਈ ਹੈ ਅਤੇ ਹਿੰਦੀ ਹਰਿਆਣਵੀ ਸ਼ਬਦਕੋਸ਼ ਵੀ ਤਿਆਰ ਕਰ ਦਿੱਤਾ ਗਿਆ ਹੈ। ਹਰਿਆਣਵੀ ਲਿੱਪੀ ਦੇ ਰੂਪ ਵਿੱਚ ਸਾਰੇ ਵਿਦਵਾਨਾਂ ਨੇ ਇੱਕ ਮੱਤ ਹੋ ਕੇ ਦੇਵਨਾਗਰੀ ਲਿੱਪੀ ਦਾ ਸਮਰਥਨ ਕੀਤਾ। ਸੰਵਿਧਾਨ ਵਿੱਚ ਮਾਨਤਾ ਪ੍ਰਾਪਤ ਅਨੇਕ ਭਾਸ਼ਾਵਾਂ ਦੀ ਲਿਪੀ ਵੀ ਦੇਵਨਾਗਰੀ ਹੈ ਤਾਂ ਹਰਿਆਣਵੀ ਭਾਸ਼ਾ ਦੀ ਲਿਪੀ ਦੇਵਨਾਗਰੀ ਹੋਣ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਦੇ ਅੰਤਰਗਤ ਅਨੇਕਾਂ ਯੂਨੀਵਰਸਿਟੀਆਂ ਵਿੱਚ ਹਰਿਆਣਵੀ ਵਿੱਚ ਪੀਐਚ.ਡੀ ਅਤੇ ਐੱਮਫਿਲ ਕਰਵਾਈ ਜਾ ਰਹੀ ਹੈ।