ਵਿਦਿਆਰਥਣਾਂ ਨੂੰ ਮਾਨਸਿਕ ਤਣਾਅ ਬਾਰੇ ਜਾਗਰੂਕ ਕੀਤਾ
ਪੱਤਰ ਪ੍ਰੇਰਕ
ਨਰਾਇਣਗੜ੍ਹ, 7 ਮਈ
ਇੱਥੇ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨਰਾਇਣਗੜ੍ਹ ਵਿੱਚ ਗੁਲਾਬੀ ਪੰਖ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਵਿੱਚ 11ਵੀਂ ਅਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਰੀਰਕ ਅਤੇ ਮਾਨਸਿਕ ਸਿਹਤ ਬਾਰੇ ਜਾਗਰੂਕ ਕੀਤਾ ਗਿਆ। ਕੈਂਪ ਵਿੱਚ, ਡਾ. ਪੂਨਮ ਸ਼ਰਮਾ ਨੇ ਲੜਕੀਆਂ ਨੂੰ ਬੱਚੇਦਾਨੀ ਦੇ ਕੈਂਸਰ ਬਾਰੇ, ਡਾ. ਸੁਧਾ ਗੁਪਤਾ ਨੇ ਸਾਫ ਸਫਾਈ ਬਾਰੇ ਅਤੇ ਡਾ. ਅਨਿਰੁਧ ਭੂਸ਼ਣ ਨੇ ਮਾਨਸਿਕ ਤਣਾਅ ਤੋਂ ਰਾਹਤ ਪਾਉਣ ਦੇ ਕਾਰਨ ਅਤੇ ਹੱਲ ਦੱਸੇ। ਸਕੂਲ ਦੇ ਆਡੀਟੋਰੀਅਮ ਵਿੱਚ ਸਕੂਲ ਕੋਆਰਡੀਨੇਟਰ ਸ੍ਰੀਮਤੀ ਨਿਰਮਲਾ ਦੇਵੀ ਅਤੇ ਤਰਨਜੀਤ ਕੌਰ ਵੱਲੋਂ ਡਾਕਟਰਾਂ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਡਾਕਟਰਾਂ ਨੇ ਵਿਦਿਆਰਥੀਆਂ ਨੂੰ ਸੁਝਾਅ ਦਿੱਤਾ ਕਿ ਉਹ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਤਾਂ ਜੋ ਉਹ ਬਿਮਾਰੀਆਂ ਅਤੇ ਇਨਫੈਕਸ਼ਨਾਂ ਤੋਂ ਬਚ ਸਕਣ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਮਾਨਸਿਕ ਤਣਾਅ ਤੋਂ ਬਚਣ ਲਈ ਧਿਆਨ ਅਤੇ ਯੋਗ ਕਰਨਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦੀ ਸਮਾਜਿਕ, ਮਾਨਸਿਕ ਅਤੇ ਸਰੀਰਕ ਸਿਹਤ ਵਿੱਚ ਸੁਧਾਰ ਹੋਵੇਗਾ। ਸਕੂਲ ਦੀ ਮੈਡੀਕਲ ਇੰਚਾਰਜ ਨੇਹਾ ਦੀ ਮਦਦ ਨਾਲ ਵਿਦਿਆਰਥੀਆਂ ਨੇ ਆਪਣੇ ਵੱਖ-ਵੱਖ ਸਵਾਲਾਂ ਦੇ ਜਵਾਬ ਪ੍ਰਾਪਤ ਕੀਤੇ। ਪ੍ਰਿੰਸੀਪਲ ਡਾ. ਆਰਪੀ ਰਾਠੀ ਨੇ ਕਿਹਾ ਕਿ ਗੁਲਾਬੀ ਪੰਖ ਕੈਂਪ ਸਿਹਤ ਵਿਭਾਗ ਦਾ ਇੱਕ ਸ਼ਲਾਘਾਯੋਗ ਕਦਮ ਹੈ। ਅਜਿਹੇ ਜਾਗਰੂਕਤਾ ਕੈਂਪ ਵਿਦਿਆਰਥੀਆਂ ਦੇ ਭਵਿੱਖੀ ਜੀਵਨ ਲਈ ਬਹੁਤ ਮਹੱਤਵਪੂਰਨ ਹਨ। ਕੋਆਰਡੀਨੇਟਰ ਸ੍ਰੀਮਤੀ ਤਰਨਜੀਤ ਕੌਰ ਨੇ ਡਾ. ਪੂਨਮ ਸ਼ਰਮਾ, ਡਾ. ਸੁਧਾ ਗੁਪਤਾ ਅਤੇ ਡਾ. ਅਨਿਰੁਧ ਭੂਸ਼ਣ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਅਤੇ ਕੈਂਪ ਗੁਲਾਬੀ ਪੰਖ ਰਾਹੀਂ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਨ ਲਈ ਧੰਨਵਾਦ ਪ੍ਰਗਟ ਕੀਤਾ।