ਨੌਕਰੀ ਦਾ ਝਾਂਸਾ ਦੇ ਕੇ ਠੱਗਣ ਦੇ ਦੋਸ਼ ਹੇਠ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਰਤੀਆ, 7 ਮਈ
ਪੁਲੀਸ ਕਪਤਾਨ ਸਿਧਾਂਤ ਜੈਨ ਵੱਲੋਂ ਸਾਈਬਰ ਅਪਰਾਧੀਆਂ ਦੀ ਫੜੋ ਫੜੀ ਨੂੰ ਲੈ ਕੇ ਦਿੱਤੇ ਗਏ ਨਿਰਦੇਸ਼ਾਂ ’ਤੇ ਕਾਰਵਾਈ ਕਰਦੇ ਹੋਏ ਸਾਈਬਰ ਥਾਣਾ ਫਤਿਆਬਾਦ ਪੁਲੀਸ ਨੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਵਸੀਮ ਨਿਵਾਸੀ ਦਨੌਦਾ ਜ਼ਿਲਾ ਜੀਂਦ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮ ਕੋਲੋਂ 40 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ। ਸਾਈਬਰ ਥਾਣਾ ਫਤਿਆਬਾਦ ਇੰਚਾਰਜ ਇੰਸਪੈਕਟਰ ਸਤੀਸ਼ ਨੇ ਦੱਸਿਆ ਕਿ ਇਸ ਬਾਰੇ ਪੁਲੀਸ ਨੇ 1 ਮਈ ਨੂੰ ਪਿੰਡ ਖਜੂਰੀ ਜਾਟੀ ਨਿਵਾਸੀ ਓਮ ਵਿਸ਼ਣੂ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਸ਼ਿਕਾਇਤਕਰਤਾ ਅਨੁਸਾਰ ਉਸ ਨੂੰ ਫੋਨ ਕਰਨ ਵਾਲੇ ਨੇ ਖੁਦ ਨੂੰ ਹਿਸਾਰ ਵਾਸੀ ਸਾਵਨ ਦੱਸਿਆ ਅਤੇ ਕਿਹਾ ਕਿ ਉਸ ਨੇ ਹੈਫੇਡ ਦਾ ਕੰਟਰੈਕਟ ਲੈ ਰੱਖਿਆ ਹੈ। ਹੈਫੇਡ ਆਫਿਸ ਲਈ ਸਕਿਓਰਿਟੀ ਗਾਰਡ ਦੀ ਭਰਤੀ ਕਰਨੀ ਹੈ। ਉਸ ਨੇ ਉਸ ਨੂੰ ਭੂਨਾ ਹੈਫੇਡ ਵਿੱਚ ਸਕਿਓਰਿਟੀ ਗਾਰਡ ਦੀ ਨੌਕਰੀ ਲਗਾਉਣ ਦੀ ਗੱਲ ਕਹੀ ਅਤੇ ਦੱਸਿਆ ਕਿ ਇਸ ਲਈ ਉਸ ਨੂੰ 2 ਲੱਖ ਰੁਪਏ ਦੇਣੇ ਹੋਣਗੇ। ਇਸ ਵਿੱਚੋਂ 1 ਲੱਖ 10 ਹਜ਼ਾਰ ਨੌਕਰੀ ਲੱਗਣ ਤੋਂ ਪਹਿਲਾਂ ਅਤੇ ਬਕਾਇਆ 90 ਹਜ਼ਾਰ ਨੌਕਰੀ ਲੱਗਣ ਤੋਂ ਬਾਅਦ। ਓਮ ਵਿਸ਼ਣੂ ਨੇ ਕਿਹਾ ਕਿ ਉਸ ਨੇ 1 ਲੱਖ 10 ਹਜ਼ਾਰ ਰੁਪਏ ਅਤੇ ਆਪਣੇ ਕਾਗਜ਼ਾਤ ਦੀ ਕਾਪੀ ਉਸ ਨੂੰ ਭੇਜ ਦਿੱਤੀ। 20 ਮਾਰਚ ਤੱਕ ਉਹ ਸਕਿਓਰਿਟੀ ਗਾਰਡ ਦੀ ਨੌਕਰੀ ਦਾ ਇੰਤਜ਼ਾਰ ਕਰਦਾ ਰਿਹਾ। ਮੁਲਜ਼ਮ ਨੇ ਸਾਵਨ ਨੂੰ ਨਾ ਨੌਕਰੀ ਲਗਵਾਈ ਅਤੇ ਨਾ ਪੈਸੇ ਵਾਪਸ ਕੀਤੇ। ਪੀੜਤ ਨੇ ਧੋਖਾਧੜੀ ਬਾਰੇ ਪੁਲੀਸ ਨੂੰ ਸ਼ਿਕਾਇਤ ਕੀਤੀ। ਸਾਈਬਰ ਥਾਣਾ ਫਤਿਆਬਾਦ ਵੱਲੋਂ ਕੇਸ ਦਰਜ ਕਰਕੇ ਜਾਂਚ ਅਧਿਕਾਰੀ ਏਐੱਸਆਈ ਸੋਹਨ ਸਿੰਘ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।