ਰਬਿੰਦਰਨਾਥ ਟੈਗੋਰ ਦੇ ਜਨਮ ਦਿਨ ਮੌਕੇ ਨਾਟਕਾਂ ਦਾ ਮੰਚਨ
ਪੱਤਰ ਪ੍ਰੇਰਕ
ਯਮੁਨਾਨਗਰ, 7 ਮਈ
ਅੱਜ ਮਹਾਨ ਬੰਗਾਲੀ ਕਵੀ, ਵਿਦਵਾਨ, ਨਾਵਲਕਾਰ, ਨਾਟਕਕਾਰ, ਮਾਨਵਤਾਵਾਦੀ ਦਾਰਸ਼ਨਿਕ ਅਤੇ ਨੋਬਲ ਪੁਰਸਕਾਰ ਜੇਤੂ ਰਬਿੰਦਰਨਾਥ ਟੈਗੋਰ ਦੇ ਜਨਮ ਦਿਨ ਮੌਕੇ ਮੁਕੰਦ ਲਾਲ ਪਬਲਿਕ ਸਕੂਲ, ਸਰੋਜਨੀ ਕਲੋਨੀ ਨੇ ਇੱਕ ਇੰਟਰਹਾਊਸ ਨਾਟਕ ਮੰਚਨ ਕਰਵਾਇਆ। ਇਸ ਦੌਰਾਨ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਗੁਰੂਦੇਵ ਟੈਗੋਰ ਵੱਲੋਂ ਲਿਖੇ ਵੱਖ-ਵੱਖ ਨਾਟਕਾਂ ਦਾ ਮੰਚਨ ਕੀਤਾ। ਸਕੂਲ ਦੇ ਸ਼ਾਂਤੀ ਅਤੇ ਸੱਤਿਆ ਹਾਊਸ ਦੇ ਵਿਦਿਆਰਥੀਆਂ ਨੇ ‘ਫੀਸਟ ਫਾਰ ਰੈਟਸ’ ਨਾਟਕ ‘ਤੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ । ਸ਼ਰਧਾ ਅਤੇ ਸ਼ਕਤੀ ਹਾਊਸ ਨੇ ‘ਵਿਦਰੋਹੀ’ ਉੱਤੇ ਆਪਣੇ ਪ੍ਰਦਰਸ਼ਨ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਲਿਆ। ਜੂਨੀਅਰ ਵਿਦਿਆਰਥੀਆਂ ਨੇ ‘ਬਿਖਾਰਣ’ ਨਾਟਕ ਪੇਸ਼ ਕੀਤਾ ਅਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ। ਇਸ ਮੌਕੇ ਬੰਗਾਲੀ ਗੀਤ ਅਤੇ ਬੰਗਾਲੀ ਨਾਚ ਪੇਸ਼ ਕੀਤੇ ਗਏ। ਪ੍ਰਿੰਸੀਪਲ ਸ੍ਰੀਮਤੀ ਸੀਮਾ ਕਟਾਰੀਆ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੇ ਨਾਟਕਾਂ ਰਾਹੀਂ ਅਸਲ ਜ਼ਿੰਦਗੀ ਦੀ ਸਾਰਥਕਤਾ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ ਕਿਉਂਕਿ ਰਵਿੰਦਰ ਨਾਥ ਟੈਗੋਰ ਵਰਗੇ ਵਿਦਵਾਨਾਂ ਅਤੇ ਉਨ੍ਹਾਂ ਦੀਆਂ ਲਿਖਤਾਂ ਸਾਨੂੰ ਜ਼ਿੰਦਗੀ ਦੇ ਮਹੱਤਵਪੂਰਨ ਸਬਕ ਸਿਖਾਉਂਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਨਿਯਮਿਤ ਤੌਰ ‘ਤੇ ਆਪਣੇ ਚੰਗੇ ਵਿਚਾਰ ਵੀ ਲਿਖਣੇ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ।