ਮਜ਼ਦੂਰ ਤੇ ਕਿਸਾਨ ਪਰਿਵਾਰਾਂ ਦੇ ਘਰ ਢਾਹੁਣ ਆਏ ਪ੍ਰਸ਼ਾਸਨ ਨੂੰ ਬੇਰੰਗ ਮੋੜਿਆ
ਦਿੜ੍ਹਬਾ ਮੰਡੀ, 27 ਮਾਰਚ
ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਬਲਾਕ ਦਿੜਬਾ ਵੱਲੋਂ ਪਿੰਡ ਘਨੌੜ ਰਾਜਪੂਤਾਂ ਵਿੱਚ ਬਲਾਕ ਪ੍ਰਧਾਨ ਭਰਪੂਰ ਸਿੰਘ ਮੌੜਾ ਇਕਾਈ ਪ੍ਰਧਾਨ ਨਾਹਰ ਸਿੰਘ ਦੀ ਅਗਵਾਈ ਹੇਠ ਮਜ਼ਦੂਰ ਤੇ ਕਿਸਾਨ ਪਰਿਵਾਰਾਂ ਦੇ ਘਰ ਢਾਹੁਣ ਆਏ ਪ੍ਰਸ਼ਾਸਨ ਨੂੰ ਨਾਅਰੇਬਾਜ਼ੀ ਕਰਕੇ ਵਾਪਸ ਮੋੜਿਆ।
ਦਿੜ੍ਹਬਾ ਬਲਾਕ ਦੇ ਆਗੂ ਹਰਜੀਤ ਸਿੰਘ ਮਹਿਲਾਂ ਅਤੇ ਚਰਨਜੀਤ ਸਿੰਘ ਘਨੌੜ ਨੇ ਦੱਸਿਆ ਕਿ ਇਸ ਪਿੰਡ ਵਿੱਚ ਵੱਡੀ ਗਿਣਤੀ ਲੋਕਾਂ ਦੇ ਘਰ ਸ਼ਾਮਲਾਟ ਜਾਂ ਪੰਚਾਇਤੀ ਤੇ ਟੋਬੇ ਦੀ ਜਗ੍ਹਾ ਵਿੱਚ ਬਣੇ ਹੋਏ ਹਨ ਪਰ ਇਸ ਲਈ ਪੰਚਾਇਤ ਵੱਲੋਂ ਕੁੱਝ ਮਿਸਤਰੀ ਪਰਿਵਾਰਾਂ ਦੇ ਘਰਾਂ ’ਤੇ ਕੇਸ ਲਗਾਇਆ ਗਿਆ ਸੀ ਕਿ ਇਨ੍ਹਾਂ ਨੇ ਘਰ ਟੋਬੇ ਵਾਲੀ ਜਗ੍ਹਾ ’ਤੇ ਬਣਾਏ ਹੋਏ ਹਨ, ਜਿਨ੍ਹਾਂ ਨੂੰ ਢਾਹਿਆ ਜਾਵੇ। ਉਸੇ ਤਹਿਤ ਮੌਜੂਦਾ ਪੰਚਾਇਤ ਵੀ ਸਿਵਲ ਕੋਰਟ ਦੇ ਆਰਡਰਾਂ ਨੂੰ ਲੈ ਕੇ ਮੌਕੇ ਦੇ ਪਟਵਾਰੀ ਕਾਨੂੰਗੋ ਤੇ ਪੁਲੀਸ ਤੇ ਅਧਿਕਾਰੀਆਂ ਨੂੰ ਲੈ ਕੇ ਪਿੰਡ ਦੇ ਵਾਸੀਆਂ ਦੇ ਘਰ ਢਾਹੁਣ ਲਈ ਆਏ ਜਦ ਕਿ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਕਿਸਾਨ ਵੱਡੀ ਗਿਣਤੀ ਵਿੱਚ ਪੁੱਜੇ।
ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀ ਦੀ ਨੀਤੀ ਪਾਲਿਸੀ ਹੈ ਕਿ ਕਿਸੇ ਵੀ ਕਿਸਾਨ ਮਜ਼ਦੂਰ ਦਾ ਘਰ ਕਿਸੇ ਵੀ ਕੀਮਤ ’ਤੇ ਢਾਹੁਣ ਨਹੀਂ ਦਿੱਤਾ ਜਾਵੇਗਾ। ਪਿੰਡ ਦੇ ਕੁੱਝ ਵਿਅਕਤੀ ਘਰ ਢਾਹੁਣ ਦੇ ਪੱਖ ਵਿੱਚ ਸਨ, ਜਿਨ੍ਹਾਂ ਨੂੰ ਕਿਸਾਨ ਆਗੂਆਂ ਨੇ ਸਮਝਾਇਆ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਗੂਆਂ ਨੂੰ ਬੈਠ ਕੇ ਮਸਲਾ ਨਿਵੇਬਨ ਲਈ ਕਿਹਾ ਤਾਂ ਦੋਵੇ ਪਾਸਿਓਂ ਪੰਜ-ਪੰਜ ਆਗੂਆਂ ਨੇ ਬੈਠ ਕੇ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਪਰ ਗੱਲ ਕਿਸੇ ਵੀ ਸਿਰੇ ਨਹੀਂ ਲੱਗੀ। ਕਿਸਾਨ ਮਜ਼ਦੂਰ ਆਗੂਆਂ ਨੇ ਮੀਟਿੰਗ ਦੌਰਾਨ ਫ਼ੈਸਲਾ ਕੀਤਾ ਕਿ ਕਿਸੇ ਵੀ ਕਿਸਾਨ ਮਜ਼ਦੂਰ ਦਾ ਘਰ ਪੰਚਾਇਤੀ ਜਾਂ ਸ਼ਾਮਲਾਟ ਜਾਂ ਟੋਬੇ ਦੀ ਜ਼ਮੀਨ ਵਿੱਚ ਆਉਂਦਾ ਹੈ ਉਹ ਘਰ ਢਾਹਿਆ ਨਹੀਂ ਜਾਵੇਗਾ ਪਰ ਉਸ ਦੀ ਵਾਜਬ ਕੀਮਤ ਪਾ ਕੇ ਭਰਪਾਈ ਕਰਵਾਈ ਜਾਵੇਗੀ ਕਿਉਂਕਿ ਹਾਈ ਕੋਰਟਾਂ ਦੇ ਫ਼ੈਸਲੇ ਹਨ ਕਿ ਕਿਸੇ ਦਾ 20-30 ਸਾਲ ਪੁਰਾਣਾ ਮਕਾਨ ਬਣਿਆ ਹੋਇਆ ਹੈ ਉਸ ਮਕਾਨ ਨੂੰ ਢਾਹਿਆ ਨਹੀਂ ਜਾਵੇਗਾ ਪਰ ਉਸ ਗੱਲ ਤੋਂ ਵੀ ਅਧਿਕਾਰੀ ਅਤੇ ਸਰਕਾਰ ਮੁੱਕਰ ਰਹੀ ਹੈ। ਇਸ ਮਗਰੋਂ ਪ੍ਰਸ਼ਾਸਨ ਵੱਲੋਂ ਅੱਠ ਦਿਨਾਂ ਦਾ ਸਮਾਂ ਮੰਗਣ ਤੋਂ ਬਾਅਦ ਧਰਨਾ ਚੁੱਕਿਆ ਗਿਆ। ਇਸ ਮੌਕੇ ਦਿੜ੍ਹਬਾ ਬਲਾਕ ਦੇ ਆਗੂ ਅਮਨਦੀਪ ਸਿੰਘ ਮਹਿਲਾਂ, ਮੇਜਰ ਸਿੰਘ ਕੌਹਰੀਆਂ, ਭਵਾਨੀਗੜ੍ਹ ਬਲਾਕ ਦੇ ਆਗੂ ਹਰਜਿੰਦਰ ਸਿੰਘ ਘਰਾਚੋਂ, ਜਸਵੀਰ ਸਿੰਘ ਗੱਗੜਪੁਰ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਿੱਕਰ ਸਿੰਘ ਹਥੋਆ, ਮੱਖਣ ਸਿੰਘ ਸਮੇਤ ਵੱਡੀ ਗਿਣਤੀ ਕਿਸਾਨ ਮਜ਼ਦੂਰ ਤੇ ਔਰਤਾਂ ਹਾਜ਼ਰ ਸਨ।