ਮੰਤਰੀ ਨੇ ਪੰਜ ਪਿੰਡਾਂ ’ਚ ਲਿੰਕ ਸੜਕਾਂ ਦੇ ਨੀਂਹ ਪੱਥਰ ਰੱਖੇ
ਲਹਿਰਾਗਾਗਾ, 31 ਮਾਰਚ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਲਹਿਰਾਗਾਗਾ ਦੀ ਦਿੱਖ ਸੰਵਾਰਨ ਲਈ ਕਰੋੜਾਂ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਪ੍ਰਗਤੀ ਅਧੀਨ ਹਨ। ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹਲਕਾ ਲਹਿਰਾਗਾਗਾ ਦੇ ਪੰਜ ਪਿੰਡਾਂ ਵਿੱਚ ਲਿੰਕ ਸੜਕਾਂ ਤੇ ਫਿਰਨੀਆਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਕੋਟੜਾ ਲੇਹਲ, ਗੋਬਿੰਦਪੁਰਾ ਜਵਾਹਰਵਾਲਾ, ਬਖੌਰਾ ਖੁਰਦ, ਬਖੌਰਾ ਕਲਾਂ, ਗੁਰਨੇ ਕਲਾਂ ਅਤੇ ਅਲੀਸ਼ੇਰ ਦੀਆਂ ਤਰਸਯੋਗ ਸੜਕਾਂ ਦੇ ਮੁੜ ਨਿਰਮਾਣ ਦੀ ਲੋੜ ਹੈ। ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਅਲੀਸ਼ੇਰ ਤੋਂ ਮੰਦਰ ਮਾਤਾ ਸ਼ੇਰਾਂਵਾਲੀ ਅਤੇ ਸਕੂਲ, ਫਿਰਨੀ ਪਿੰਡ ਕੋਟੜਾ ਲੇਹਲ, ਹਾਈ ਸਕੂਲ ਬਖੌਰਾ ਕਲਾਂ, ਗੁਰਨੇ ਕਲਾਂ ਗੁਰਦੁਆਰਾ ਸਾਹਿਬ ਦੀ ਫਿਰਨੀ, ਗੋਬਿੰਦਪੁਰਾ ਜਵਾਹਰ ਵਾਲਾ ਤੋਂ ਕੋਟੜਾ ਲਹਿਲ, ਬਖੌਰਾ ਖੁਰਦ ਦੀ ਫਿਰਨੀ ਦੀਆਂ ਸੜਕਾਂ ਦੇ ਨਿਰਮਾਣ ਦੀ ਜ਼ਿੰਮੇਵਾਰੀ ਲੋਕ ਨਿਰਮਾਣ ਵਿਭਾਗ ਨੂੰ ਸੌਂਪਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਨਿਰਧਾਰਤ ਸਮਾਂ ਸੀਮਾ ਅੰਦਰ ਨਿਰਮਾਣ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਲਗਭਗ ਛੇ ਕਿਲੋਮੀਟਰ ਸੜਕਾਂ ਦੇ ਨਿਰਮਾਣ ’ਤੇ ਕਰੀਬ 85 ਲੱਖ ਰੁਪਏ ਦੀ ਲਾਗਤ ਆਵੇਗੀ।
ਮੰਤਰੀ ਨੇ ਕਿਹਾ ਕਿ ਲਹਿਰਾਗਾਗਾ ਤੋਂ ਮੂਣਕ ਅਤੇ ਮੂਣਕ ਤੋਂ ਖਨੌਰੀ ਸੜਕਾਂ ਵੀ ਪਾਸ ਹੋ ਚੁੱਕੀਆਂ ਹਨ ਅਤੇ ਅਗਲੇ ਇੱਕ-ਦੋ ਮਹੀਨਿਆਂ ਵਿੱਚ ਕੰਮ ਵੀ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜਿਹੜੀਆਂ ਸੜਕਾਂ ਨੂੰ 10 ਫੁੱਟ ਤੋਂ ਵਧਾ ਕੇ 18 ਫੁੱਟ ਚੌੜਾ ਕਰਵਾਇਆ ਜਾਣਾ ਹੈ, ਉਨ੍ਹਾਂ ਲਈ ਯੋਜਨਾਵਾਂ ਪ੍ਰਗਤੀ ਅਧੀਨ ਹਨ। ਇਸ ਮੌਕੇ ਪੀਏ ਰਾਕੇਸ਼ ਕੁਮਾਰ ਗੁਪਤਾ, ਐੱਸਡੀਓ ਸੁਖਵੀਰ ਸਿੰਘ, ਗੋਰਖਾ ਸਿੰਘ ਸਰਪੰਚ ਪਿੰਡ ਕੋਟੜਾ, ਨਿਰਮਲ ਸਿੰਘ, ਹਰਜੀਤ ਸਿੰਘ, ਰਿੰਕੂ ਸਿੰਘ, ਮਿੱਠੂ ਸਿੰਘ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਪਿੰਡ ਗੋਬਿੰਦਪੁਰਾ ਜਵਾਹਰਵਾਲਾ, ਹਰਵਿੰਦਰ ਸਿੰਘ ਸਰਪੰਚ ਗੋਬਿੰਦਪੁਰ ਜਵਾਹਰ ਵਾਲਾ ਹਾਜ਼ਰ ਸਨ।