ਸੈਮੀਨਾਰ ਲਈ ਥਾਂ ਨਾ ਮਿਲਣ ’ਤੇ ਵਿਦਿਆਰਥੀ ਜਥੇਬੰਦੀ ਵੱਲੋਂ ਮੁਜ਼ਾਹਰਾ
ਪਰਮਜੀਤ ਸਿੰਘ ਕੁਠਾਲਾ
ਮਾਲੇਰਕੋਟਲਾ, 3 ਅਪਰੈਲ
ਸਰਕਾਰੀ ਕਾਲਜ ਮਾਲੇਰਕੋਟਲਾ ਦੀ ਵਾਈਸ ਪ੍ਰਿੰਸੀਪਲ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਸੈਮੀਨਾਰ ਲਈ ਕਾਲਜ ਵਿੱਚ ਜਗ੍ਹਾ ਨਾ ਦੇਣ ਤੋਂ ਖਫ਼ਾ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਅੱਜ ਕਾਲਜ ਅੰਦਰ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਦੇ ਨਾਂ ਇਕ ਮੰਗ ਪੱਤਰ ਏਡੀਸੀ ਨੂੰ ਸੌਂਪਦਿਆਂ ਮੰਗ ਕੀਤੀ ਕਿ ਵਾਈਸ ਪ੍ਰਿੰਸੀਪਲ ਨੂੰ ਅਹੁਦੇ ਤੋਂ ਬਰਖ਼ਾਸਤ ਕਰ ਕੇ ਕਾਲਜ ’ਚ ਪੱਕੇ ਪ੍ਰਿੰਸੀਪਲ ਦੀ ਤਾਇਨਾਤੀ ਕੀਤੀ ਜਾਵੇ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੀਐੱਸਯੂ ਆਗੂ ਕਮਲਦੀਪ ਕੌਰ ਅਤੇ ਰਾਜਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸ਼ਹੀਦ-ਏ ਆਜ਼ਮ ਭਗਤ ਸਿੰਘ ਅਤੇ ਸਾਥੀਆਂ ਨੂੰ ਸਮਰਪਿਤ ‘ਨਵੀਂ ਸਿੱਖਿਆ ਨੀਤੀ ਦਾ ਹੱਲਾ ਅਤੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੀ ਅਜੋਕੇ ਸਮੇਂ ’ਚ ਸਾਰਥਕਤਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਜਾਣਾ ਸੀ। ਇਸ ਵਿੱਚ ਕੇਂਦਰੀ ਸਿੱਖਿਆ ਨੀਤੀ-2020 ਅਤੇ ਪੰਜਾਬ ਵਿੱਚ ਇਸ ਦੇ ਪ੍ਰਭਾਵਾਂ ’ਤੇ ਚਰਚਾ ਕਰਨ ਲਈ ਬੁੱਧੀਜੀਵੀਆਂ, ਅਧਿਆਪਕਾਂ ਅਤੇ ਵਿਦਿਆਰਥੀ ਆਗੂਆਂ ਨੂੰ ਬੁਲਾਇਆ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਵਾਇਸ ਪ੍ਰਿੰਸੀਪਲ ਨੇ ਕਾਲਜ ਅੰਦਰ ਕੋਈ ਵੀ ਸਰਕਾਰ ਵਿਰੋਧੀ ਜਾਂ ਸਿਆਸਤ ਨਾਲ ਜੁੜੀ ਗਤੀਵਿਧੀ ਨਾ ਹੋਣ ਦੇਣ ਅਤੇ ਬਾਹਰੋਂ ਕਿਸੇ ਵੀ ਬੁੱਧੀਜੀਵੀ, ਅਧਿਆਪਕ ਜਾਂ ਵਿਦਿਆਰਥੀ ਆਗੂ ਨੂੰ ਸੰਬੋਧਨ ਕਰਨ ਦੀ ਇਜਾਜ਼ਤ ਦੇਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕਿਸੇ ਵੀ ਕਾਰਵਾਈ ਨੂੰ ਪੀਐੱਸਯੂ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਜਗਰਾਜ ਸਿੰਘ, ਰਾਜਵੀਰ ਸਿੰਘ, ਰਾਮ ਦਿਆਲ ਸਿੰਘ, ਸਿਮਰਨ ਕੌਰ, ਕਰਮਵੀਰ ਸਿੰਘ, ਨਵਜੋਤ ਸਿੰਘ, ਚਾਹਤ, ਸੁਖਦੀਪ ਕੌਰ, ਸੰਦੀਪ ਸਿੰਘ ਅਤੇ ਹਰਸ਼ਦੀਪ ਸਿੰਘ ਆਦਿ ਵਿਿਦਆਰਥੀ ਆਗੂਆਂ ਨੇ ਵੀ ਸੰਬੋਧਨ ਕੀਤਾ।
ਕਿਸੇ ਵੀ ਸਮਾਗਮ ਲਈ ਪ੍ਰਵਾਨਗੀ ਦੇਣਾ ਕਾਲਜ ਕੌਂਸਲ ਦੀ ਜ਼ਿੰਮੇਵਾਰੀ: ਪ੍ਰੋ. ਮੰਡ
ਪੀਐੱਸਯੂ ਆਗੂਆਂ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਰੱਦ ਨਕਾਰਦਿਆਂ ਵਾਇਸ ਪ੍ਰਿੰਸੀਪਲ ਪ੍ਰੋ. ਅਰਵਿੰਦ ਕੌਰ ਮੰਡ ਨੇ ਸਪੱਸ਼ਟ ਕੀਤਾ ਕਿ ਪੀਐੱਸਯੂ ਦੀ ਆਗੂ ਲੜਕੀ ਕਾਲਜ ਵਿੱਚ ਸਿੱਖਿਆ ਨੀਤੀ ਖ਼ਿਲਾਫ਼ ਸਮਾਗਮ ਕਰਨ ਲਈ 22 ਨੰਬਰ ਕਮਰੇ ਦੀ ਮੰਗ ਕਰ ਰਹੀ ਸੀ ਜਦਕਿ ਇਹ ਕਮਰਾ ਕੇਵਲ ਕਾਲਜ ਸਮਾਗਮਾਂ ਲਈ ਰਾਖਵਾਂ ਹੈ। ਉਂਝ ਉਨ੍ਹਾਂ ਸਾਫ਼ ਕਿਹਾ ਕਿ ਕਿਸੇ ਵੀ ਸਮਾਗਮ ਲਈ ਮਨਜ਼ੂਰੀ ਦੇਣਾ ਕਾਲਜ ਕੌਂਸਲ ਦੇ ਅਧਿਕਾਰ ਖੇਤਰ ’ਚ ਹੈ।Advertisement