ਬਾਬਾ ਸਾਹਿਬ ਅੰਬੇਡਕਰ ਦਾ ਅਧੂਰਾ ਸੁਪਨਾ ਬਸਪਾ ਕਰੇਗੀ ਪੂਰਾ: ਕਰੀਮਪੁਰੀ
ਦਿੜ੍ਹਬਾ ਮੰਡੀ, 6 ਅਪਰੈਲ
ਬਹੁਜਨ ਸਮਾਜ ਪਾਰਟੀ ਵੱਲੋਂ ਪਿੰਡ ਬਘਰੌਲ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ ਬੀਆਰ ਅੰਬੇਡਕਰ ਦਾ 134ਵਾਂ ਜਨਮ ਦਿਹਾੜਾ ਪੰਜਾਬ ਸੰਭਾਲੋ ਰੈਲੀ ਵਜੋਂ ਮਨਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਬਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ।
ਬਸਪਾ ਦੇ ਸੂਬਾ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਦੇਸ਼ ਆਜ਼ਾਦ ਹੋਇਆ ਲਗਭਗ 78 ਸਾਲ ਹੋ ਚੁੱਕੇ ਹਨ ਅਤੇ ਭਾਰਤੀ ਸੰਵਿਧਾਨ ਲਾਗੂ ਹੋਏ ਨੂੰ ਵੀ 75 ਸਾਲ ਹੋ ਚੁੱਕੇ ਹਨ ਪਰ ਹਾਲੇ ਤੱਕ ਅੰਬੇਡਕਰ ਸਾਹਿਬ ਦਾ ਸੁਪਨਾ ਪੂਰਾ ਨਹੀਂ ਹੋਇਆ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਕੰਗਾਲ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 15 ਮਾਰਚ ਨੂੰ ਫਗਵਾੜਾ ਵਿਖੇ ਸਾਹਿਬ ਕਾਂਸ਼ੀ ਰਾਮ ਦੇ ਜਨਮ ਦਿਨ ’ਤੇ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਮੁਹਿੰਮ ਦਾ ਆਗਾਜ਼ ਕੀਤਾ ਹੈ ਜਿਸ ਦਾ ਪੰਜਾਬ ਦੇ ਹਰ ਵਰਗ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਦੀ ਜਨਤਾ ਸਮਝ ਚੁੱਕੀ ਹੈ ਕਿ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਨੇ ਪੰਜਾਬੀਆਂ ਨੂੰ ਤਰ੍ਹਾਂ ਤਰ੍ਹਾਂ ਦੇ ਲਭਾਉਣੀ ਵਾਅਦੇ ਅਤੇ ਗਰੰਟੀਆਂ ਦੇ ਕੇ ਜੁਮਲੇ ਖੇਡੇ ਹਨ ਅਤੇ ਇਹਨਾਂ ਨੇ ਬਾਬਰ ਦੀ ਤਰ੍ਹਾਂ ਪੰਜਾਬ ਨੂੰ ਲੁੱਟ ਹੈ ਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵੱਲ ਧਕੇਲਿਆ ਹੈ ਬਹੁਜਨ ਸਮਾਜ ਪਾਰਟੀ ਨੇ ਤਹੱਈਆ ਕੀਤਾ ਹੈ ਕਿ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੋਚ ਵਾਲੀ ਸਰਕਾਰ ਬਣਾਉਣ ਲਈ 2027 ਵਿੱਚ ਬਸਪਾ ਪੰਜਾਬ ਸੰਭਾਲੇਗੀ ਅਤੇ ਨਸ਼ਿਆਂ ਨੂੰ ਜੜ ਤੋਂ ਖਤਮ ਕੀਤਾ ਜਾਵੇਗਾ, ਬੇਰੁਜ਼ਗਾਰੀ ਨੂੰ ਠੱਲ ਪਾਈ ਜਾਵੇਗੀ।
ਰੈਲੀ ਨੂੰ ਅਜੀਤ ਸਿੰਘ ਪਰਜਾਪਤੀ ਭੈਣੀ ਸੂਬਾ ਇੰਚਾਰਜ ਬਸਪਾ, ਬਲਦੇਵ ਸਿੰਘ ਮਹਿਰਾ, ਸ੍ਰ ਜੋਗਾ ਸਿੰਘ ਪਨੌਦੀਆ ਤੇ ਚਮਕੌਰ ਸਿੰਘ ਵੀਰ (ਤਿੰਨੋ ਜਰਨਲ ਸਕੱਤਰ ਬਸਪਾ ਪੰਜਾਬ), ਜ਼ਿਲ੍ਹਾ ਆਗੂ ਪਵਿੱਤਰ ਸਿੰਘ ਹਰੇੜੀ, ਲੈਕ ਅਮਰਜੀਤ ਸਿੰਘ ਜਲੂਰ, ਸਤਿਗੁਰ ਸਿੰਘ ਕੌਹਰੀਆਂ, ਸੂਬੇਦਾਰ ਰਣਧੀਰ ਸਿੰਘ ਨਾਗਰਾ ਨੇ ਸੰਬੋਧਨ ਕੀਤਾ। ਇਸ ਦੌਰਾਨ ਜਿੱਥੇ ਪਾਰਟੀ ਦੀ ਮਿਸ਼ਨਰੀ ਕਲਾਕਾਰ ਮਿਸ ਮਨਦੀਪ ਮਨੀ ਨੇ ਮਿਸ਼ਨਰੀ ਗੀਤ ਗਾ ਕੇ ਚੰਗਾ ਰੰਗ ਬੰਨ੍ਹਿਆ, ਉੱਥੇ ਸਕੂਲੀ ਬੱਚਿਆਂ ਵੱਲੋਂ ਵੀ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ।