ਵਿਸਾਖੀ ਨੂੰ ਸਮਰਪਿਤ ਦਸਤਾਰ ਚੇਤਨਾ ਮਾਰਚ
ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 12 ਅਪਰੈਲ
ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵੱਲੋਂ ਨਿਵੇਕਲੀ ਪਹਿਲ ਕਰਦਿਆਂ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਖ਼ਾਲਸਾ ਦਸਤਾਰ ਚੇਤਨਾ ਮਾਰਚ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਗਏ ਇਸ ਖਾਲਸਾ ਚੇਤਨਾ ਮਾਰਚ ਵਿਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ ਵੱਖ ਦਸਤਾਰ ਕਲੱਬਾਂ ਦੇ ਆਗੂਆਂ ਅਤੇ ਬੀਬੀਆਂ ਨੇ ਵੀ ਹਿੱਸਾ ਲਿਆ। ਚੇਤਨਾ ਮਾਰਚ ਦਾ ਉਦੇਸ਼ ਇਹ ਸੀ ਕਿ ਸਿਰਾਂ ਤੋਂ ਅਲੋਪ ਹੋ ਰਹੀਆਂ ਦਸਤਾਰਾਂ ਨੂੰ ਦੁਬਾਰਾ ਬੱਚਿਆਂ ਦੇ ਸਿਰ ’ਤੇ ਸਜਾਉਣਾ ਹੈ। ਮਾਰਚ ਦੀ ਅਰੰਭਤਾ ਬਾਬਾ ਜਸਵੰਤ ਸਿੰਘ ਜੋਤੀ ਸਰੂਪ ਵਾਲੇ, ਬਾਬਾ ਹਰਬੇਅੰਤ ਸਿੰਘ ਮਾਤਾ ਭੋਲੀ ਕੌਰ ਵਾਲੇ, ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੁਖਦੇਵ ਸਿੰਘ ਹੁਰਾਂ ਵੱਲੋਂ ਕੀਤੀ ਗਈ। ਇਸ ਦੌਰਾਨ ਦਸਤਾਰ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਗੁਰਜੰਟ ਸਿੰਘ ਦੁੱਗਾਂ, ਭੁਪਿੰਦਰ ਸਿੰਘ ਗਰੇਵਾਲ, ਸਿਆਸਤ ਸਿੰਘ ਗਿੱਲ, ਗਮਦੂਰ ਸਿੰਘ, ਰਾਜਪ੍ਰੀਤ ਸਿੰਘ, ਇੰਦਰਜੀਤ ਸਿੰਘ ਤੇ ਪ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।