ਵਿਸਾਖੀ ਨੂੰ ਸਮਰਪਿਤ ਸੱਭਿਆਚਾਰਕ ਸਮਾਰੋਹ
ਮਸਤੂਆਣਾ ਸਾਹਿਬ, 20 ਅਪਰੈਲ
ਅਕਾਲ ਕਾਲਜ ਆਫ਼ ਐਜੂਕੇਸ਼ਨ ਮਸਤੂਆਣਾ ਸਾਹਿਬ ਵਿੱਚ ਵਿਸਾਖੀ ਨੂੰ ਸਮਰਪਿਤ ਸਮਾਰੋਹ ਦੌਰਾਨ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ, ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ, ਨੈਸ਼ਨਲ ਨਰਸਿੰਗ ਕਾਲਜ ਸੰਗਰੂਰ ਅਤੇ ਲਾਈਫ਼ ਗਾਰਡ ਨਰਸਿੰਗ ਕਾਲਜ ਸੰਗਰੂਰ ਦੀਆਂ ਟੀਮਾਂ ਨੇ ਗਿੱਧਾ, ਭੰਗੜਾ, ਹਰਿਆਣਵੀ ਨਾਚ, ਜਿੰਦੂਆ ਅਤੇ ਹੋਰਨਾਂ ਵੰਨਗੀਆਂ ਰਾਹੀਂ ਰੰਗ ਬੰਨ੍ਹਦੇ ਹੋਏ ਦਰਸ਼ਕਾਂ ਨੂੰ ਕੀਲਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਗੋਲਡਨ ਅਰਥ ਗਲੋਬਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਐਗਜ਼ੈਕਟਿਵ ਡਾਇਰੈਕਟਰ ਤੇਜਿੰਦਰ ਸਿੰਘ ਬਾਲੀਆ ਨੇ ਕਿਹਾ ਕਿ ਵਿਸਾਖੀ ਵਿਰਾਸਤੀ ਅਤੇ ਇਤਿਹਾਸਕ ਦਿਹਾੜਾ ਹੈ। ਅਜਿਹੇ ਦਿਹਾੜੇ ਮਨਾਉਣ ਸਮੇਂ ਕੁਝ ਨਾ ਕੁਝ ਸੰਕਲਪ ਲੈਣਾ ਚਾਹੀਦਾ ਹੈ। ਅੱਜ ਪੰਜਾਬ ਨਸ਼ਿਆਂ ਦੀ ਅੱਗ ਵਿਚੋਂ ਲੰਘ ਰਿਹਾ ਹੈ। ਜੇ ਅਜੇ ਵੀ ਧਿਆਨ ਨਾ ਦਿੱਤਾ ਤਾਂ ਆਉਣ ਵਾਲਾ ਭਵਿੱਖ ਬਹੁਤ ਖ਼ਤਰਨਾਕ ਹੋਵੇਗਾ। ਉਨ੍ਹਾਂ ਕਿਹਾ ਕਿ ਸਭਿਆਚਾਰ ਨੂੰ ਸੰਭਾਲਣ ਦੀ ਲੋੜ ਹੈ। ਇਸ ਸਮਾਗਮ ਵਿਚ ਵੱਖ ਵੱਖ ਕਾਲਜਾਂ ਵਲੋਂ ਪੇਸ਼ ਕੀਤੀਆਂ ਸਭਿਆਚਾਰਕ ਵੰਨਗੀਆਂ ਸੱਚਮੁੱਚ ਸ਼ਲਾਘਾਯੋਗ ਹਨ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਕਿਹਾ ਕਿ ਭਵਿੱਖ ਵਿਚ ਵਾਰਿਸ ਸ਼ਾਹ, ਸ਼ਾਹ ਮੁਹੰਮਦ ਆਦਿ ਸ਼ਾਇਰਾਂ ਦੀਆਂ ਰਚਨਾਵਾਂ ਦੇ ਗਾਇਨ ਮੁਕਾਬਲੇ ਕਰਵਾਏ ਜਾਣ ਤਾਂ ਜੋ ਨੌਜਵਾਨ ਪੀੜ੍ਹੀ ਨੂੰਵਿਰਾਸਤੀ ਸ਼ਾਇਰੀ ਦੀ ਜਾਣਕਾਰੀ ਮਿਲ ਕੇ ਸਕੇ। ਸਮਾਗਮ ਨੂੰ ਧੀ ਪੰਜਾਬਣ ਮੰਚ ਦੇ ਪ੍ਰਧਾਨ ਕੁਲਵਿੰਦਰ ਕੌਰ ਢੀਂਗਰਾ, ਰਾਜਦੀਪ ਕੌਰ ਬਰਾੜ, ਡਾ. ਹਰਪ੍ਰੀਤ ਕੌਰ ਖ਼ਾਲਸਾ, ਮਿਸਜ਼ ਵਰਲਡ ਪੰਜਾਬਣ ਮਨਦੀਪ ਬਤਰਾ, ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ, ਰਾਜਵਿੰਦਰ ਕੌਰ ਬਠਿੰਡਾ, ਰਮਨੀਤ ਕੌਰ ਚਾਨੀ, ਰੁਪਿੰਦਰ ਕੌਰ ਬਠਿੰਡਾ, ਬਲਵੀਰ ਕੌਰ ਰਾਏਕੋਟੀ, ਕਲਾਕਾਰ, ਅਦਾਕਾਰ ਅਤੇ ਪੁਲੀਸ ਇੰਸਪੈਕਟਰ ਹਰਸ਼ਜੋਤ ਕੌਰ, ਹਰਜੀਤ ਸਿੰਘ ਢੀਂਗਰਾ, ਚੌਧਰੀ ਨੰਦ ਲਾਲ ਗਾਂਧੀ, ਅਮਿਤਾ ਸ਼ਰਮਾ ਅਤੇ ਹੋਰਨਾਂ ਨੇ ਸੰਬੋਧਨ ਕੀਤਾ। ਇਸ ਦੌਰਾਨ ਵੱਖ-ਵੱਖ ਵੰਨਗੀਆਂ ਪੇਸ਼ ਕਰਨ ਵਾਲੀਆਂ ਟੀਮਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ।