ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਆਂ ਵੱਲੋਂ ਪ੍ਰਦਰਸ਼ਨ
ਬੀਰਬਲ ਰਿਸ਼ੀ
ਧੂਰੀ, 2 ਮਈ
ਮੁੱਖ ਮੰਤਰੀ ਦੇ ਹਲਕੇ ਦੀ ਮੁੱਖ ਮੰਡੀ ਧੂਰੀ ਵਿੱਚ ਅੱਜ ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਜਗਤਾਰ ਸਿੰਘ ਸਮਰਾ ਦੀ ਅਗਵਾਈ ਹੇਠ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਗਾਇਆ ਧੂਰੀ ਮੰਡੀ ਸਮੇਤ ਨਾਲ ਲਗਦੇ ਕੁੱਝ ਹੋਰ ਕੇਂਦਰਾਂ ਵਿੱਚ ਲਿਫ਼ਟਿੰਗ ਦੀ ਆ ਰਹੀ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾਵੇ। ਸ੍ਰੀ ਸਮਰਾ ਨੇ ਕਿਹਾ ਕਿ ਭਾਵੇਂ ਸਰਕਾਰ ਨਾਲ ਦੀ ਨਾਲ ਲਿਫਟਿੰਗ ਕੀਤੇ ਜਾਣ ਦੇ ਦਾਅਵੇ ਕਰ ਰਹੀ ਹੈ ਪਰ ਉਨ੍ਹਾਂ ਵੱਲੋਂ ਕੀਤੇ ਸਰਵੇ ਦੌਰਾਨ ਸਾਹਮਣੇ ਆਇਆ ਕਿ ਮੁੱਖ ਮੰਤਰੀ ਦੇ ਸ਼ਹਿਰ ਦੀ ਮੰਡੀ ਸਮੇਤ ਆਲੇ-ਦੁਆਲੇ ਦੇ ਕਈ ਹੋਰ ਸੈਂਟਰਾਂ ਵਿੱਚ ਲਿਫਟਿੰਗ ਦੀ ਵੱਡੀ ਸਮੱਸਿਆ ਦਰਪੇਸ਼ ਹੈ। ਉਨ੍ਹਾਂ 48 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਨਿਰਧਾਰਤ ਸਮੇਂ ’ਚ ਮਸਲਾ ਹੱਲ ਨਾ ਹੋਣ ’ਤੇ ਸੰਘਰਸ਼ ਛੇੜਿਆ ਜਾਵੇਗਾ। ਉਨ੍ਹਾਂ ਸ਼ੇਰਪੁਰ ਦੇ ਖਰੀਦ ਕੇਂਦਰਾਂ ਵਿੱਚ ਆੜ੍ਹਤੀਆਂ ਦੇ ਤੋਲਾਂ ਦਾ ਨਿਰੀਖਣ ਕਰਨ ਸਮੇਂ ਪੱਖਪਾਤੀ ਭੂਮਿਕਾ ਨਿਭਾਉਣ ਦੇ ਦੋਸ਼ ਵੀ ਲਗਾਏ। ਮਜ਼ਦੂਰ ਆਗੂ ਸੁਲਿੰਦਰ ਨੇ ਕਿਹਾ ਕਿ ਜੇਕਰ ਅਜਿਹਾ ਹਾਲ ਰਿਹਾ ਅਤੇ ਭਵਿੱਖ ਵਿੱਚ ਖਰੀਦ ਕੇਂਦਰਾਂ ਵਿੱਚ ਲੇਬਰ ਦੀ ਵੱਡੀ ਸਮੱਸਿਆ ਖੜ੍ਹੀ ਹੋ ਜਾਵੇਗੀ। ਇਸ ਮੌਕੇ ਆੜ੍ਹਤੀਆ ਆਗੂ ਸਾਬਕਾ ਸਰਪੰਚ ਜਾਗ ਸਿੰਘ, ਭਵਨਦੀਪ ਸਿੰਘ, ਹਰਵਿੰਦਰ ਸਿੰਘ, ਧਰਮਪਾਲ ਬਾਂਸਲ ਆਦਿ ਹਾਜ਼ਰ ਸਨ। ਇਸ ਸਬੰਧੀ ਐਸਡੀਐਮ ਧੂਰੀ ਰਿਸ਼ਵ ਬਾਂਸਲ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਅਹਿਮ ਮੀਟਿੰਗ ਵਿੱਚ ਹਨ। ਡੀਐਫਐਸਓ ਜੁਵਤੇਸ਼ ਸਿੰਘ ਨੇ ਕਿਹਾ ਕਿ ਜੇਕਰ ਅਜਿਹੀ ਕੋਈ ਸਮੱਸਿਆ ਹੈ ਉਹ ਪਤਾ ਕਰਕੇ ਹੀ ਦੱਸ ਸਕਣਗੇ।