ਨਿੱਜੀ ਸਕੂਲਾਂ ਦੀ ਮਨਮਰਜ਼ੀ ਖ਼ਿਲਾਫ਼ ਮਾਪਿਆਂ ’ਚ ਰੋਸ
ਧੂਰੀ, 6 ਅਪਰੈਲ
ਮੁੱਖ ਮੰਤਰੀ ਦੇ ਸ਼ਹਿਰ ਧੂਰੀ ਵਿੱਚ ਇੱਕ ਨਿੱਜੀ ਸਕੂਲ ਵੱਲੋਂ ਵਰਦੀਆਂ ਅਤੇ ਕਿਤਾਬਾਂ ਵਿਕਰੀ ਵਿੱਚ ਕੀਤੀ ਜਾ ਰਹੀ ਮਨਮਰਜ਼ੀ ਨੂੰ ਲੈ ਕੇ ਸਕੂਲ ਪੜ੍ਹਦੇ ਬੱਚਿਆਂ ਦੇ ਮਾਪਿਆਂ ਵਿੱਚ ਭਾਰੀ ਰੋਸ ਹੈ। ਮਾਪਿਆਂ ਨੇ ਆਪਣਾ ਗੁਪਤ ਰੱਖਣ ਦੀ ਸ਼ਰਤ ’ਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਦੋਸ਼ ਲਗਾਉਂਦਿਆਂ ਦੱਸਿਆ ਕਿ ਇਸ ਸਕੂਲ ਦੀਆਂ ਵਰਦੀਆਂ ਅਤੇ ਕਿਤਾਬਾਂ ਦੇ ਰੇਟ ਦੂਜੇ ਸਕੂਲਾਂ ਦੀਆਂ ਕਿਤਾਬਾਂ ਤੇ ਡਰੈੱਸਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਹਨ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਕਿਤਾਬਾਂ ਅਤੇ ਵਰਦੀਆਂ ਵੇਚਣ ਲਈ ਸਥਾਨਕ ਦੁਕਾਨਦਾਰਾਂ ਨਾਲ ਸੰਪਰਕ ਨਹੀਂ ਕੀਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਸੈਂਪਲ ਮੁਹੱਈਆ ਕਰਵਾਏ ਗਏ ਹਨ ਅਤੇ ਨਾ ਹੀ ਵਰਦੀਆਂ ਵੇਚਣ ਵਾਲੇ ਮੁੱਖ
ਦੁਕਾਨਦਾਰਾਂ ਪਾਸ ਵਰਦੀਆਂ ਉਪਲਬਧ ਹਨ। ਇਸ ਦੇ ਉਲਟ ਕੁਝ ਸਬੰਧਿਤ ਦੁਕਾਨਦਾਰਾਂ ਨੂੰ ਸਕੂਲ ਵੱਲੋਂ ਤਿਆਰ ਕਰਵਾਈਆਂ ਡਰੈੱਸਾਂ ਅਤੇ ਕਿਤਾਬਾਂ ਸਕੂਲ ਪ੍ਰਬੰਧਕਾਂ ਵੱਲੋਂ ਮਨ ਮਰਜ਼ੀ ਦੇ ਰੇਟਾਂ ’ਤੇ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਧੂਰੀ ਵਿੱਚ ਸਕੂਲ ਡਰੈਸਾਂ ਦਾ ਕਾਰੋਬਾਰ ਕਰਨ ਵਾਲੇ ਇਕ ਦੁਕਾਨਦਾਰ ਨੇ ਦੱਸਿਆ ਕਿ ਜੇਕਰ ਸਕੂਲ ਵਰਦੀਆਂ ਦੇ ਸੈਂਪਲ ਨਿਰਪੱਖ ਤਰੀਕੇ ਨਾਲ ਸਾਰੇ ਦੁਕਾਨਦਾਰਾਂ ਨੂੰ ਮੁਹੱਈਆ ਕਰਵਾਏ ਜਾਣ ਤਾਂ ਜਿੱਥੇ ਕਰੋੜਾਂ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਹੋ ਸਕਦਾ ਹੈ ਉੱਥੇ ਹੀ ਮਾਪਿਆਂ ਨੂੰ ਇਸ ਲੁੱਟ ਤੋਂ ਭਾਰੀ ਰਾਹਤ ਮਿਲ ਸਕਦੀ ਹੈ।
ਸਕੂਲ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਅੱਜ ਵਰਦੀਆਂ ਅਤੇ ਕਿਤਾਬਾਂ ਸਬੰਧੀ ਜਦੋਂ ਸਕੂਲ ਪ੍ਰਿੰਸੀਪਲ ਨਾਲ ਮੁਲਾਕਾਤ ਕੀਤੀ ਗਈ ਤਾਂ ਉਨ੍ਹਾਂ ਸਾਰੇ ਕੰਮਾਂ ਲਈ ਸਕੂਲ ਮੈਨੇਜਮੈਂਟ ਨਾਲ ਗੱਲਬਾਤ ਕਰਨ ਦਾ ਹਵਾਲਾ ਦੇ ਕੇ ਮਾਪਿਆਂ ਨੂੰ ਵਾਪਸ ਭੇਜ ਦਿੱਤਾ। ਮਾਪਿਆਂ ਨੇ ਇਹ ਮਾਮਲਾ ਭਾਜਪਾ ਆਗੂ ਰਣਦੀਪ ਦਿਓਲ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਨ੍ਹਾਂ ਐੱਸਡੀਐੱਮ ਧੂਰੀ ਵਿਕਾਸ ਹੀਰਾ ਨਾਲ ਗੱਲਬਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਪਾਰਟੀ ਦੇ ਵਰਕਰਾਂ ਨਾਲ ਸਕੂਲ ਪ੍ਰਬੰਧਕਾਂ ਖ਼ਿਲਾਫ਼ ਧਰਨਾ ਦੇਣਗੇ।
ਐੱਸਡੀਐੱਮ ਵਿਕਾਸ ਹੀਰਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ ਨੂੰ ਲੋੜੀਂਦੀ ਪੜਤਾਲ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਤਰਵਿੰਦਰ ਕੌਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਐੱਸਡੀਐੱਮ ਧੂਰੀ ਤੋਂ ਉਨ੍ਹਾਂ ਨੂੰ ਪੜਤਾਲ ਦੇ ਆਦੇਸ਼ ਪ੍ਰਾਪਤ ਹੋਏ ਹਨ ਅਤੇ ਉਹ ਜਲਦੀ ਹੀ ਸਕੂਲ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ ਮਾਮਲੇ ਦਾ ਸਥਾਈ ਹੱਲ ਕਰਵਾਉਣਗੇ।
ਸਕੂਲ ਮੈਨੇਜਮੈਂਟ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਕਿ ਮੈਨੇਜਮੈਂਟ ਵੱਲੋਂ ਵਰਦੀਆਂ ਵੇਚਣ ਦਾ ਕੰਮ ਇਕ ਏਜੰਸੀ ਨੂੰ ਸੌਂਪਿਆ ਹੋਇਆ ਹੈ ਅਤੇ ਇਹ ਏਜੰਸੀ ਹੀ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਵਰਦੀਆਂ ਵੇਚਣ ਦਾ ਪ੍ਰਬੰਧ ਕਰਦੀ ਹੈ। ਉਨ੍ਹਾਂ ਕਿਹਾ ਕਿ 30 ਅਪਰੈਲ ਤੱਕ ਬੱਚਿਆਂ ਨੂੰ ਵਰਦੀਆਂ ਪਹਿਨਣ ਦੀ ਛੂਟ ਦਿੱਤੀ ਗਈ ਹੈ ਉਸ ਤੋਂ ਬਾਅਦ ਹੀ ਬੱਚਿਆਂ ਨੂੰ ਵਰਦੀਆਂ ਪਾ ਕੇ ਆਉਣ ਲਈ ਕਿਹਾ ਜਾਵੇਗਾ।