ਪਟਿਆਲਾ ਵਿੱਚ ਧੜੇਬੰਦੀ ਕਰ ਰਹੀ ਹੈ ਕਾਂਗਰਸ ਦਾ ਨੁਕਸਾਨ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 11 ਅਪਰੈਲ
ਪਟਿਆਲਾ ਵਿੱਚ ਕਾਂਗਰਸ ਕਈ ਧੜਿਆਂ ਵਿੱਚ ਵੰਡੀ ਗਈ ਹੈ। ਹਾਈਕਮਾਂਡ ਇਨ੍ਹਾਂ ਧੜਿਆਂ ਨੂੰ ਤੋੜਨ ਵਿੱਚ ਹਾਲੇ ਤੱਕ ਕਾਮਯਾਬ ਨਹੀਂ ਹੋ ਸਕੀ, ਜਿਸ ਕਰਕੇ ਪਟਿਆਲਾ ਵਿੱਚ ਹਮੇਸ਼ਾ ਅੱਗੇ ਰਹੀ ਕਾਂਗਰਸ ਹੁਣ ਪੱਛੜਦੀ ਜਾ ਰਹੀ ਹੈ। ਜਿਵੇਂ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਮਲਿਕਾ ਅਰਜਣ ਖੜਗੇ ਨੇ ਜ਼ਿਲ੍ਹਾ ਪ੍ਰਧਾਨਾਂ ਨੂੰ ਪੂਰੀਆਂ ਤਾਕਤਾਂ ਦਿੱਤੀਆਂ ਹਨ ਜੇਕਰ ਜ਼ਿਲ੍ਹਾ ਪ੍ਰਧਾਨ ਆਪਣੀਆਂ ਤਾਕਤਾਂ ਵਰਤਣ ਜੋਗਾ ਨਾ ਹੋਇਆ ਤਾਂ ਵੀ ਧੜੇਬੰਦੀ ਖ਼ਤਮ ਨਹੀਂ ਹੋ ਸਕੇਗੀ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ 8 ਹਲਕਿਆਂ ਵਿਚ ਕੋਈ ਬਹੁਤੀ ਚੰਗੀ ਹਾਲਤ ਨਹੀਂ ਹੈ, ਮਾਹਿਰਾਂ ਅਨੁਸਾਰ ਜੇਕਰ ਕਾਂਗਰਸ ਗਰੁੱਪਬਾਜ਼ੀ ਤੋੜਨ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਪਟਿਆਲਾ ਜ਼ਿਲ੍ਹੇ ਵਿੱਚ ਪਹਿਲਾਂ ਵਾਲੀ ਸਥਿਤੀ ਕਾਂਗਰਸ ਦੀ ਬਣ ਸਕਦੀ ਹੈ। ਪਟਿਆਲਾ ਵਿਚ ਇਕ ਗਰੁੱਪ ਨਵਜੋਤ ਸਿੱਧੂ ਦਾ ਅਜੇ ਵੀ ਪੂਰੀ ਤਰ੍ਹਾਂ ਖੜ੍ਹਾ ਹੈ, ਉਸ ਦਾ ਸਾਬਕਾ ਜ਼ਿਲ੍ਹਾ ਪ੍ਰਧਾਨ ਨਰਿੰਦਰ ਲਾਲੀ ਸ਼ੇਰਾਵਾਲੇ ਗੇਟ ਕੋਲ ਆਪਣਾ ਵੱਖਰਾ ਦਫ਼ਤਰ ਬਣਾ ਕੇ ਪਾਰਟੀ ਚਲਾ ਰਿਹਾ ਹੈ, ਉਸ ਦਾ ਮੌਜੂਦਾ ਜ਼ਿਲ੍ਹਾ ਪ੍ਰਧਾਨ ਨਾਲ ਕੋਈ ਜ਼ਿਆਦਾ ਮਿਲਵਰਤਨ ਨਹੀਂ ਹੈ, ਇਸੇ ਤਰ੍ਹਾਂ ਮੌਜੂਦਾ ਸ਼ਹਿਰੀ ਪ੍ਰਧਾਨ ਨਰੇਸ਼ ਦੁੱਗਲ ਬੇਸ਼ੱਕ ਕੱਚਾ ਪਟਿਆਲਾ ਦੇ ਕਿਤਾਬਾਂ ਵਾਲੇ ਬਾਜ਼ਾਰ ਵਿਚ ਆਪਣਾ ਦਫ਼ਤਰ ਚਲਾ ਰਿਹਾ ਹੈ, ਪਰ ਉਹ ਪਟਿਆਲਾ ਵਿਚ ਆਪਣਾ ਪ੍ਰਭਾਵ ਦਿਖਾਉਣ ਵਿਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਰਿਹਾ। ਜਿਸ ਕਰਕੇ ਸ਼ਹਿਰ ਵਿਚ ਗੁੱਟਬਾਜ਼ੀ ਪੂਰੀ ਤਰ੍ਹਾਂ ਘਰ ਕਰ ਹੀ ਹੈ,
ਇਸੇ ਤਰ੍ਹਾਂ ਪਟਿਆਲਾ ਦਿਹਾਤੀ ਵਿਚ ਯੂਥ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਆਪਣੀ ਸਿਆਸੀ ਚਾਲ ਚੱਲ ਰਿਹਾ ਹੈ, ਜਿਸ ਨੇ ਨਗਰ ਨਿਗਮ ਚੋਣਾਂ ਵਿਚ ਆਪਣਾ ਪ੍ਰਭਾਵ ਵੀ ਦਿਖਾਇਆ ਸੀ, ਜਿਸ ਕਰਕੇ ਉਸ ਦੇ ਕੁਝ ਸਮਰਥਕ ਕਾਂਗਰਸ ’ਚੋਂ ਮੁਅੱਤਲ ਵੀ ਕੀਤੇ ਗਏ ਸਨ। ਪਰ ਉਹ ਲਗਾਤਾਰ ਆਪਣਾ ਵੱਖਰਾ ਗਰੁੱਪ ਲੈ ਕੇ ਚੱਲ ਰਿਹਾ ਹੈ, ਉਸ ਦੇ ਉਲਟ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਦਾ ਮੁੰਡਾ ਤੇ ਸੂਬੇ ਦੀ ਕਾਂਗਰਸ ਦਾ ਯੂਥ ਪ੍ਰਧਾਨ ਮੋਹਿਤ ਮਹਿੰਦਰਾ ਆਪਣੇ ਪਿਤਾ ਬ੍ਰਹਮ ਮਹਿੰਦਰਾ ਦੇ ਹਲਕੇ ਵਿਚ ਵਿਚਰ ਰਿਹਾ ਹੈ ਪਰ ਕਈ ਪਿੰਡਾਂ ਦੇ ਕਾਂਗਰਸੀ ਸਰਪੰਚ ਤੇ ਕਾਂਗਰਸੀ ਐਮਸੀ ਨੂੰ ਆਪਣੇ ਨਾਲ ਜੋੜਨ ਵਿਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਇਆ।
ਜ਼ਿਲ੍ਹਾ ਦਿਹਾਤੀ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਨੇ ਕਿਹਾ ਕਿ ਟਿਕਟ ਮੰਗਣਾ ਹਰ ਇਕ ਦਾ ਅਧਿਕਾਰ ਹੈ, ਪਰ ਜਿਵੇਂ ਜ਼ਿਲ੍ਹਾ ਪ੍ਰਧਾਨਾਂ ਨੂੰ ਬੂਥ ਪੱਧਰ ਤੇ ਕਾਂਗਰਸ ਨੂੰ ਕਾਮਯਾਬ ਕਰਨ ਲਈ ਤਾਕਤਾਂ ਦਿੱਤੀਆਂ ਹਨ ਤਾਂ ਇੰਜ ਲਗਦਾ ਹੈ ਕਿ ਹੁਣ ਗਰੁੱਪਬਾਜ਼ੀ ਖ਼ੁਦ ਹੀ ਖ਼ਤਮ ਹੋ ਜਾਵੇਗੀ। ਪਰ ਜੇਕਰ ਕੋਈ ਫੇਰ ਵੀ ਆਪਣਾ ਧੜਾ ਬਣਾ ਕੇ ਕਾਂਗਰਸ ਵਿਰੋਧੀ ਕੰਮ ਕਰਦਾ ਹੈ ਤਾਂ ਜ਼ਿਲ੍ਹਾ ਪ੍ਰਧਾਨ ਦਾ ਫ਼ਰਜ਼ ਹੈ ਕਿ ਉਸ ਦੀ ਰਿਪੋਰਟ ਹਾਈਕਮਾਂਡ ਨੂੰ ਕਰੇ ਤਾਂ ਕਿ ਉਸ ਨੂੰ ਸੁਧਾਰਿਆ ਜਾ ਸਕੇ, ਜੇਕਰ ਨਹੀਂ ਸੁਧਰਦਾ ਤਾਂ ਉਸ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।