ਬੰਦੇ ਦਾ ਪੁੱਤ
ਭੋਲਾ ਸਿੰਘ ਸੰਘੇੜਾ
ਕਥਾ ਪ੍ਰਵਾਹ
ਚੂਹੇ ਨੂੰ ਲੱਗਿਆ ਕਿਤੇ ਨਾ ਕਿਤੇ ਗੜਬੜ ਜ਼ਰੂਰ ਹੈ। ਕਈ ਦਨਿਾਂ ਤੋਂ ਉਸ ਨੂੰ ਸਭ ਕੁਝ ਬਦਲਿਆ ਬਦਲਿਆ ਲੱਗ ਰਿਹਾ ਸੀ। ਸੜਕ ਸੁੰਨੀ ਸੀ ਤੇ ਰੇਲਗੱਡੀ ਵੀ ਟਾਵੀਂ-ਟਾਵੀਂ ਆ ਜਾ ਰਹੀ ਸੀ। ਪਹਿਲਾਂ ਵਾਂਗ ਕਿਸੇ ਆਵਾਜਾਈ ਦਾ ਖੜਾਕ ਵੀ ਨਹੀਂ ਸੀ ਸੁਣਾਈ ਦੇ ਰਿਹਾ। ਖੇਤਾਂ ਵਿਚ ਕਈ ਦਨਿਾਂ ਤੋਂ ਇਕ ਵੀ ਬੰਦਾ ਨਜ਼ਰ ਨਹੀਂ ਸੀ ਆਇਆ।
ਉਸ ਦੀ ਖੁੱਡ ਰੇਲਵੇ ਦੀ ਪਟੜੀ ਦੇ ਕੋਲ ਝਾੜੀਆਂ ਵਿਚਕਾਰ ਸੀ। ਕੋਲ ਹੀ ਇਕ ਬੁੱਢੀ ਟਾਹਲੀ ਵੀ ਸੀ। ਨੇੜੇ ਹੀ ਹੋਰ ਚੂਹੇ ਅਤੇ ਨਿਉਲੇ ਤੋਂ ਬਿਨਾਂ ਇਕ ਖਰਗੋਸ਼ ਦੀ ਖੁੱਡ ਵੀ ਸੀ। ਪਟੜੀ ਤੋਂ ਥੋੜ੍ਹੇ ਜਿਹੇ ਫਾਸਲੇ ’ਤੇ ਇਕ ਸੜਕ ਵੀ ਸੀ ਜਿੱਥੇ ਬੇਸ਼ੁਮਾਰ ਆਵਾਜਾਈ ਹੁੰਦੀ ਸੀ।
ਉਹ ਚਾਹੁੰਦਾ ਹੋਇਆ ਵੀ ਚੂਹੀ ਨਾਲ ਆਪਣੇ ਮਨ ਦੀ ਗੱਲ ਖੁੱਲ੍ਹ ਕੇ ਸਾਂਝੀ ਨਹੀਂ ਸੀ ਕਰ ਸਕਿਆ। ਉਸ ਨੂੰ ਡਰ ਸੀ, ਚੂਹੀ ਨੇ ਪਹਿਲਾਂ ਵਾਂਗ ਵੱਡੀ ਉਮਰ ਵਿੱਚ ਭੁੱਲਣ ਦੀ ਬਿਮਾਰੀ ਕਹਿ ਕੇ ਗੱਲ ਹਾਸੇ ਵਿਚ ਪਾ ਦੇਣੀ ਹੈ ਤੇ ਉਸ ਨੂੰ ਬੁੱਢਾ-ਬੁੱਢਾ ਕਹਿ ਕੇ ਚਿੜਾਉਣਾ ਹੈ।
ਦਿਨ-ਬ-ਦਿਨ ਉਸ ਦੀ ਅੱਚਵੀ ਵਧਦੀ ਹੀ ਗਈ ਸੀ। ਅੱਜ ਉਹ ਇਸ ਉਡੀਕ ਵਿਚ ਸੀ ਕਿ ਕਦੋਂ ਦਿਨ ਛਿਪੇ ਤੇ ਕਦੋਂ ਖੁੱਡ ਵਿਚੋਂ ਬਾਹਰ ਜਾਵੇ। ਉਹ ਹੋਰ ਜੀਵ-ਜੰਤੂਆਂ ਤੇ ਪੰਛੀਆਂ ਬਗੈਰਾਂ ਨਾਲ ਬਦਲੇ ਹੋਏ ਹਾਲਾਤ ਬਾਰੇ ਗੱਲ ਸਾਂਝੀ ਕਰਨੀ ਚਾਹੁੰਦਾ ਸੀ।
ਸੂਰਜ ਅਜੇ ਪੂਰੀ ਤਰ੍ਹਾਂ ਡੁੱਬਿਆ ਨਹੀਂ ਸੀ। ਚੂਹਾ ਕਾਹਲੀ-ਕਾਹਲੀ ਖੁੱਡ ਵਿਚੋਂ ਬਾਹਰ ਜਾਣ ਲੱਗਿਆ। ਚੂਹੀ ਉਸ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਣ ਲੱਗੀ। ਉਸ ਨੂੰ ਸ਼ੱਕ ਸੀ ਕਿ ਬਾਹਰ ਜ਼ਰੂਰ ਬੰਦੇ ਛੁਪੇ ਬੈਠੇ ਹੋਣਗੇ। ਉਸ ਨੇ ਵਾਰ-ਵਾਰ ਖ਼ਤਰੇ ਦਾ ਚੇਤਾ ਕਰਾਇਆ, ਪਰ ਚੂਹਾ ਬਾਹਰ ਜਾਣ ਲਈ ਬਜ਼ਿੱਦ ਸੀ। ਕਿੰਨਾ ਚਿਰ ਇਕ-ਦੂਜੇ ਨਾਲ ਉਲਝਦੇ ਰਹੇ। ਉਨ੍ਹਾਂ ਦੀਆਂ ਗੱਲਾਂ ਦੂਜੀਆਂ ਖੁੱਡਾਂ ਵਾਲਿਆਂ ਨੂੰ ਵੀ ਸੁਣਾਈ ਦੇ ਰਹੀਆਂ ਸਨ।
ਸੂਰਜ ਪੱਛਮ ਦੀ ਗੋਦ ਵਿਚ ਕਦੋਂ ਦਾ ਡੁੱਬ ਗਿਆ ਸੀ। ਆਸਮਾਨ ਵਿਚ ਹਨੇਰੇ ਪੱਖ ਦੀ ਚੌਥ ਦਾ ਚੰਦਰਮਾ ਅਲਸਾਇਆ ਜਿਹਾ ਲੱਗ ਰਿਹਾ ਸੀ। ਜਿਉਂ ਹੀ ਚੂਹਾ ਬਾਹਰ ਆਇਆ, ਚੂਹੀ ਵੀ ਮਗਰ ਹੀ ਆ ਗਈ। ਉਨ੍ਹਾਂ ਦੇ ਬਾਹਰ ਆਉਣ ਦੀ ਦੇਰ ਸੀ, ਕਈ ਚੂਹੇ, ਚੂਹੀਆਂ ਤੋਂ ਬਿਨਾਂ ਨਿਉਲਾ ਤੇ ਖਰਗੋਸ਼ ਵੀ ਉਨ੍ਹਾਂ ਵਿਚ ਆ ਸ਼ਾਮਲ ਹੋਏ।
ਜਿਉਂ ਹੀ ਟਟੀਹਰੀ ਨੇ ਟਰੀਂ-ਟਰੀਂ ਕਰਕੇ ਆਵਾਜ਼ ਦਿੱਤੀ ਤਾਂ ਸਾਰਿਆਂ ਦੀਆਂ ਨਜ਼ਰਾਂ ਟਾਹਲੀ ਵੱਲ ਗਈਆਂ। ਟਾਹਲੀ ਉੱਤੇ ਟਟੀਹਰੀ ਤੋਂ ਬਿਨਾ ਕੋਚਰੀ ਤੇ ਉੱਲੂ ਵੀ ਆ ਬੈਠੇ ਸਨ। ਉਨ੍ਹਾਂ ਦੇਖਿਆ ਕਿ ਟਾਹਲੀ ’ਤੇ ਬੈਠੇ ਪੰਛੀਆਂ ਦੀਆਂ ਨਜ਼ਰਾਂ ਪਿੰਡ ਵੱਲ ਸਨ। ਨਿਉਲੇ ਨੇ ਪਿਛਲੀਆਂ ਟੰਗਾਂ ’ਤੇ ਖੜ੍ਹ ਕੇ ਦੇਖਿਆ। ਦੋ ਕੁੱਤੇ ਕਾਹਲੀ-ਕਾਹਲੀ ਉਨ੍ਹਾਂ ਵੱਲ ਨੂੰ ਹੀ ਤੁਰੇ ਆ ਰਹੇ ਸਨ। ਸਾਰਿਆਂ ਦੀਆਂ ਨਿਗਾਹਾਂ ਆਪਸ ਵਿਚ ਮਿਲੀਆਂ। ਟਟੀਹਰੀ ਨੇ ਸਾਰਿਆਂ ਨੂੰ ਇਸ਼ਾਰੇ ਨਾਲ ਸਮਝਾ ਦਿੱਤਾ ਕਿ ਘਬਰਾਉਣ ਦੀ ਲੋੜ ਨਹੀਂ ਉਹ ਵੀ ਏਥੇ ਹੀ ਆਉਣਗੇ।
ਜਿਉਂ ਹੀ ਕੁੱਤੇ ਉਨ੍ਹਾਂ ਕੋਲ ਆ ਕੇ ਬੈਠ ਗਏ ਤਾਂ ਉੱਲੂ ਬੋਲਿਆ, ‘‘ਚੂਹੇ ਵੀਰ! ਜਿਸ ਗੱਲ ਦੀ ਤੈਨੂੰ ਚਿੰਤਾ ਹੈ, ਉਸ ਦੀ ਸਾਰੇ ਭਾਈਚਾਰੇ ਨੂੰ ਵੀ ਹੈ… ਕੋਚਰੀ ਨੇ ਤੁਹਾਡੀਆਂ ਗੱਲਾਂ ਸੁਣ ਲਈਆਂ ਸਨ.. ਇਸ ਨੇ ਹੀ ਹਿੰਮਤ ਕਰਕੇ ਸਾਰਿਆਂ ਨੂੰ ’ਕੱਠਾ ਕੀਤਾ ਹੈ …ਤੇਰੇ ਵਾਂਗ ਅਸੀਂ ਵੀ ਸਾਰੇ ਕਈ ਦਨਿਾਂ ਤੋਂ ਏਹੀ ਸੋਚ ਰਹੇ ਸਾਂ ਕਿ ਪਹਿਲਾਂ ਵਾਲੀਆਂ ਰੌਣਕਾਂ ਕਿਉਂ ਨਹੀਂ ਰਹੀਆਂ… ਸਾਰੇ ਚੁੱਪ-ਚਾਂਦ ਕਿਉਂ ਹੈ…ਬੰਦਾ ਕਿਧਰ ਭੱਜ ਗਿਐ? ਅਸੀਂ ਤਿੰਨੇ ਕੋਚਰੀ, ਟਟੀਹਰੀ ਤੇ ਮੈਂ ਜਿੰਨਾ ਕੁ ਪਤਾ ਕਰ ਸਕਦੇ ਸੀ ਕਰ ਲਿਆ, ਪਰ ਪਹਿਲਾਂ ਆਪਾਂ ਕੁੱਤਿਆਂ ਤੋਂ ਪਤਾ ਕਰਦੇ ਹਾਂ, ਇਹ ਬੰਦੇ ਦੇ ਵਫ਼ਾਦਾਰ ਮਿੱਤਰ ਹਨ।’’
ਕੁੱਤਿਆਂ ਨੇ ਆਪਸ ਵਿਚ ਨਜ਼ਰਾਂ ਮਿਲਾਈਆਂ। ਦਰਅਸਲ, ਬੰਦੇ ਦੀ ਅਸਲੀਅਤ ਦੱਸਦਿਆਂ ਉਨ੍ਹਾਂ ਨੂੰ ਡਰ ਜਿਹਾ ਲੱਗਦਾ ਸੀ। ਕਿੰਨਾ ਚਿਰ ਉਹ ਏਸੇ ਦੋਚਿੱਤੀ ਵਿਚ ਰਹੇ ਕਿ ਦੱਸਣ ਕਿ ਨਾ। ਫਿਰ ਵੱਡੇ ਕੁੱਤੇ ਨੇ ਸੋਚਿਆ ਕਿ ਜੇ ਅਸੀਂ ਕੁਝ ਨਾ ਦੱਸਿਆ ਤਾਂ ਇਨ੍ਹਾਂ ਵੀ ਕੁਝ ਨਹੀਂ ਦੱਸਣਾ ਤੇ ਉਲਝਣ ਹੱਲ ਨਹੀਂ ਹੋਣੀ।
ਆਖ਼ਰ ਝਕਦੇ-ਝਕਦੇ ਵੱਡੇ ਕੁੱਤੇ ਨੇ ਮੂੰਹ ਖੋਲ੍ਹਿਆ, ‘‘ਅਸੀਂ ਦੋਵੇਂ ਜਣੇ ਸ਼ਹਿਰ ਦੀ ਇਕ ਕਲੋਨੀ ਦੀ ਵੱਡੀ ਗਲੀ ਵਿਚ ਰਹਿੰਦੇ ਹਾਂ… ਕੋਠੀਆਂ ਵਾਲੇ ਸਾਨੂੰ ਰੋਟੀ ਵਗੈਰਾ ਪਾ ਦਿੰਦੇ ਤੇ ਅਸੀਂ ਰਾਤ ਨੂੰ ਚੌਕੀਦਾਰਾ ਕਰ ਦਿੰਦੇ … ਇਕ ਦਿਨ ਲੋਕ ਤਾਂ ਘਰਾਂ ’ਚੋਂ ਬਾਹਰ ਹੀ ਨਾ ਨਿਕਲੇ …ਪਤਾ ਲੱਗਿਆ ਬਈ ਕਿਸੇ ‘ਕਰੋਨਾ ਵਾਇਰਸ’ ਨਾਂ ਦੇ ਜਾਨਵਰ ਨੇ ਮਨੁੱਖ ਜਾਤੀ ’ਤੇ ਹਮਲਾ ਕਰ ਦਿੱਤੈ ਤੇ ਸਰਕਾਰ ਨੇ ਲੌਕਡਾਊਨ ਕਰਕੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ’ਤੇ ਪਾਬੰਦੀ ਲਾ ਦਿੱਤੀ ਹੈ।’’
‘‘ਬਿਲਕੁਲ ਠੀਕ ਸੁਣਿਐ ਤੁਸੀਂ! ਬਾਹਰਲੇ ਮੁਲਕਾਂ ਵਿਚ ਤਾਂ ਬਹੁਤ ਬੰਦੇ ਮਾਰ ਦਿੱਤੇ ਹਨ ਏਸ ਨੇ, ਤੇ ਹੁਣ ਆਪਣੇ ਦੇਸ਼ ਵਿਚ ਵੀ ਆ ਵੜਿਐ,’’ ਕੋਚਰੀ ਨੇ ਗਰਦਨ ਉਪਰ ਹੇਠਾਂ ਕਰਦੇ ਹੋਏ ਕਿਹਾ।
‘‘ਬੰਦਾ ਤਾਂ ਆਪਣੇ-ਆਪ ਨੂੰ ਸੁਪਰ ਪਾਵਰ ਕਹਾਉਂਦਾ ਸੀ, ਏਸ ਤੋਂ ਵੀ ਤਕੜਾ ਜਾਨਵਰ ਆ ਗਿਆ ਕੋਈ… ਇਹ ਤਾਂ ਬਹੁਤ ਵੱਡਾ ਹੋਊ ਫੇਰ!’’ ਖਰਗੋਸ਼ ਆਪਣੇ-ਆਪ ਵਿਚ ਸਿਮਟਦਾ ਬੋਲਿਆ।
‘‘ਰੋਣਾ ਤਾਂ ਏਹੀ ਹੈ… ਐਨਾ ਛੋਟਾ ਜੀਵ ਹੈ ਬਈ ਨੰਗੀ ਅੱਖ ਨਾਲ ਦਿਸਦਾ ਹੀ ਨਹੀਂ… ਪਹਿਲਾਂ ਤਾਂ ਕਹਿੰਦੇ ਸੀ ਬਈ ਜਾਨਵਰਾਂ ਤੋਂ ਬੰਦੇ ਦੇ ਅੰਦਰ ਚਲਿਆ ਜਾਂਦੈ… ਹੁਣ ਪਤਾ ਲੱਗਿਐ, ਬੰਦੇ ਤੋਂ ਹੀ ਬੰਦੇ ਦੇ ਅੰਦਰ ਚਲਿਆ ਜਾਂਦੈ… ਇਸ ਨੂੰ ਮਾਰਨ ਵਾਲੀ, ਬੰਦੇ ਕੋਲ ਕੋਈ ਦਵਾਈ ਹੀ ਨਹੀਂ ਹੈ… ਹੁਣ ਤਾਂ ਬੰਦੇ ਤੋਂ ਬੰਦਾ ਹੀ ਡਰਨ ਲੱਗ ਪਿਐ।’’ ਟਟੀਹਰੀ ਨੇ ਚਿੰਤਾ ਜ਼ਾਹਰ ਕੀਤੀ।
‘‘ਇਸ ਬੰਦੇ ਨਾਲ ਇਵੇਂ ਹੀ ਹੋਣੀ ਸੀ …ਏਸ ਦੀ ਬਦੌਲਤ ਕਿੰਨੇ ਪਸ਼ੂ-ਪੰਛੀ ਤੇ ਜੀਵ-ਜੰਤੂ ਖ਼ਤਮ ਹੋ ਗੇ… ਵੱਡੇ ਵਡੇਰਿਆਂ ਤੋਂ ਸੁਣਿਐ ਆਹ ਜਿੱਥੇ ਆਪਾਂ ਹੁਣ ਰਹਿੰਦੇ ਹਾਂ ਕਦੇ ਏਥੇ ਰੋਝ, ਗਿੱਦੜ, ਲੂੰਬੜ, ਤਿੱਤਰ, ਬਟੇਰੇ ਤੇ ਸਹੇ ਵਗੈਰਾ ਆਮ ਘੁੰਮਦੇ ਹੁੰਦੇ ਸਨ… ਕਾਂ, ਚਿੜੀਆਂ, ਚੱਕੀਰਾਹੇ, ਗਰੜਫੰਙ ਤਾਂ ਬੰਦੇ ਦੇ ਘਰਾਂ ਵਿਚ ਆਮ ਹੀ ਗੇੜੇ ਕੱਢਦੇ ਹੁੰਦੇ ਸਨ।’’ ਨਿਉਲਾ ਗੁੱਸੇ ਵਿਚ ਬੋਲਿਆ।
ਉੱਲੂ ਤੋਂ ਵੀ ਰਿਹਾ ਨਾ ਗਿਆ, ‘‘ਮੋਰ ਕਿੰਨਾ ਸੁੰਦਰ ਪੰਛੀ ਸੀ …ਕਿਹਾ ਕਰੇ, ਇਹ ਕੌਮੀ ਪੰਛੀ ਹੈ …ਉਹ ਵੀ ਨਾ ਬਖ਼ਸ਼ਿਆ …ਹੋਰ ਤਾਂ ਹੋਰ ਇੱਲਾਂ- ਗਿਰਝਾਂ ਤਾਂ ਮੁਰਦਾਰ ਖਾ ਕੇ ਧਰਤੀ ਤੋਂ ਗੰਦ ਸਾਫ਼ ਕਰਦੀਆਂ ਸੀ, ਇਸ ਦੀਆਂ ਕਰਤੂਤਾਂ ਨੇ ਉਹ ਵੀ ਉਜਾੜ ਦਿੱਤੀਆਂ।’’
ਟਾਹਲੀ ਦੇ ਉਪਰ ਹੋ ਰਹੇ ਖੜਾਕ ਨੇ ਸਾਰਿਆਂ ਦਾ ਧਿਆਨ ਖਿੱਚਿਆ। ਉਨ੍ਹਾਂ ਦੇਖਿਆ ਦੋ ਚਮਗਿੱਦੜ ਅੱਗੜ-ਪਿੱਛੜ ਟਾਹਲੀ ਦੁਆਲੇ ਚੱਕਰ ਲਾ ਰਹੇ ਸਨ।
ਜ਼ਰੂਰ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਹੋਣੈਂ ਕਿ ਤੁਹਾਡੀ ਜਾਤੀ ਦਾ ਨਾਂ ਵੀ ਇਸ ਮਹਾਂਮਾਰੀ ਦੇ ਵਿਚ ਬੋਲਦਾ ਹੈ। ਸ਼ਾਇਦ ਉਹ ਕਨਸੋਅ ਲੈਣ ਲਈ ਹੀ ਏਧਰ ਆਏ ਹੋਣ। ਕੋਚਰੀ, ਉੱਲੂ ਤੇ ਟਟੀਹਰੀ ਨੇ ਆਪਸ ਨਜ਼ਰਾਂ ਮਿਲਾਈਆਂ। ਉੱਲੂ ਨੇ ਉਨ੍ਹਾਂ ਨੂੰ ਵੀ ਵਿਚ ਸ਼ਾਮਲ ਹੋਣ ਲਈ ਹਾਮੀ ਭਰ ਦਿੱਤੀ।
ਟਟੀਹਰੀ ਉੱਚੀ ਆਵਾਜ਼ ਵਿਚ ਬੋਲੀ, ‘‘ਵੀਰ ਮੇਰਿਓ! ਦੂਰ-ਦੂਰ ਕਿਉਂ ਫਿਰਦੇ ਹੋ, ਆ ਜਾਓ ਤੁਹਾਨੂੰ ਵੀ ਹਕੀਕਤ ਦੱਸ ਦੇਈਏ।’’
ਆਵਾਜ਼ ਸੁਣ ਕੇ ਚਮਗਿੱਦੜ ਹੇਠਾਂ ਆਏ ਤੇ ਟਾਹਲੀ ਦੀ ਟਾਹਣੀ ਨਾਲ ਪੁੱਠੇ ਲਟਕਣ ਲੱਗੇ। ਕੁਝ ਚਿਰ ਚੁੱਪ ਰਹਿਣ ਤੋਂ ਬਾਅਦ ਇਕ ਚਮਗਿੱਦੜ ਬੋਲਿਆ, ‘‘ਅਸੀਂ ਸਭ ਕੁਝ ਸੁਣ ਲਿਆ… ਕੁਝ ਸ਼ੰਕੇ ਦੂਰ ਕਰਨ ਲਈ ਆਏ ਹਾਂ… ਅੱਜਕੱਲ੍ਹ ਚਮਗਿੱਦੜ ਭਾਈਚਾਰਾ ਏਸ ਬੰਦੇ ਤੋਂ ਬਹੁਤ ਡਰਿਆ ਹੋਇਆ ਹੈ… ਟਟੀਹਰੀ ਭੈਣ ਦੱਸੀਂ ਜ਼ਰਾ।’’
‘‘ਏਸੇ ਕਰਕੇ ਹੀ ਥੋਨੂੰ ਏਥੇ ਬੁਲਾਇਐ… ਗੱਲ ਦੱਸਦਿਆਂ ਕਲੇਜਾ ਬਾਹਰ ਨੂੰ ਆਉਂਦੈ… ਦੁਨੀਆ ਦਾ ਇਕ ਵੱਡਾ ਮੁਲਕ ਦੂਜੇ ਵੱਡੇ ਮੁਲਕ ’ਤੇ ਇਲਜ਼ਾਮ ਲਾ ਰਿਹੈ ਕਿ ਉਸਨੇ ਇਹ ਵਾਇਰਸ ਆਪਣੀ ਪ੍ਰਯੋਗਸ਼ਾਲਾ ਵਿਚ ਤਿਆਰ ਕੀਤਾ ਹੈ… ਦੂਜਾ ਕਹਿ ਰਿਹੈ ਕਿ ਇਹ ਮੀਟ ਮਾਰਕਿਟ ਵਿਚੋਂ ਚਮਗਿੱਦੜ ਤੋਂ ਫੈਲਿਆ ਹੈ… ਕੁਝ ਵੀ ਹੋਵੇ ਬੰਦਿਆਂ ਦੀ ਲੜਾਈ ਵਿਚ ਬਦਨਾਮ ਤਾਂ ਵਿਚਾਰਾ ਚਮਗਿੱਦੜ ਹੀ ਹੋ ਗਿਆ ਨਾ,’’ ਟਟੀਹਰੀ ਉਦਾਸ ਲਹਿਜੇ ਵਿਚ ਬੋਲੀ।
‘‘ਦੇਖ ਲਓ! ਇਹ ਬੰਦਾ ਅਜੇ ਵੀ ਆਦਤ ਤੋਂ ਬਾਜ ਨਹੀਂ ਆਉਂਦਾ, ਸਾਰਾ ਦੋਸ਼ ਜਾਨਵਰਾਂ ਸਿਰ ਹੀ ਮੜ੍ਹਦਾ ਹੈ।’’ ਇਕ ਚਮਗਿੱਦੜ ਹੌਲੀ ਜਿਹੇ ਬੋਲਿਆ।
ਇਕ ਵਾਰੀ ਤਾਂ ਸਾਰੇ ਜਾਨਵਰਾਂ ਵਿਚ ਚੁੱਪ ਵਰਤ ਗਈ। ਫਿਰ ਇਕ ਪੰਛੀ ਦੇ ਖੰਭ ਫੜਫੜਾਉਣ ਦੀ ਆਵਾਜ਼ ਆਈ। ਉਨ੍ਹਾਂ ਦੇਖਿਆ ਕਿ ਇਕ ਤਿੱਤਰ ਉਨ੍ਹਾਂ ਵੱਲ ਨੂੰ ਹੀ ਆ ਰਿਹਾ ਸੀ।
ਨੇੜੇ ਆਉਂਦਿਆਂ ਹੀ ਤਿੱਤਰ ਬੋਲਿਆ, ‘‘ਸੁਭਹਾਨ ਤੇਰੀ ਕੁਦਰਤ… ਸੁਭਹਾਨ ਤੇਰੀ ਕੁਦਰਤ… ਮੈਂ ਰੇਲਵੇ ਲਾਈਨ ਦੇ ਪਰਲੇ ਪਾਸੇ ਬੈਠਾ ਸਭ ਸੁਣ ਰਿਹਾ ਸੀ… ਕੋਈ ਕੁਝ ਕਹੀ ਜਾਵੇ, ਪਰ ਉਹ ਕੁਦਰਤ ਬੜੀ ਮਹਾਨ ਹੈ… ਬੰਦੇ ਦਾ ਹੰਕਾਰ ਤੋੜਨ ਲਈ ਇਹ ਸਭ ਹੋਇਐ… ਅੱਜ ਇਹ ਕਰੋਨਾ ਆਇਐ ਜੇ ਇਹ ਬੰਦਾ, ਬੰਦੇ ਦਾ ਪੁੱਤ ਨਾ ਬਣਿਆ ਕੱਲ੍ਹ ਨੂੰ ਇਸ ਤੋਂ ਕੋਈ ਵੱਡਾ ਕਰੋਨਾ ਵੀ ਆਵੇਗਾ।’’
ਇਸ ਤੋਂ ਪਹਿਲਾਂ ਕਿ ਸਾਰੇ ਜਾਨਵਰ ਆਪੋ-ਆਪਣੇ ਟਿਕਾਣਿਆਂ ਵੱਲ ਜਾਂਦੇ, ਤਿੱਤਰ ‘‘ਸੁਭਹਾਨ ਤੇਰੀ ਕੁਦਰਤ… ਸੁਭਹਾਨ ਤੇਰੀ ਕੁਦਰਤ’’ ਕਹਿੰਦਾ-ਕਹਿੰਦਾ ਅੱਖਾਂ ਤੋਂ ਓਝਲ ਹੋ ਗਿਆ ਸੀ।
ਸੰਪਰਕ: 98147-87506