ਕਵਿਤਾ ਦੀ ਸੁੰਦਰਤਾਈ...
ਮਨਜੀਤ ਸਿੰਘ ਬੱਧਣ
ਮਨੁੱਖ ਦਾ ਸਾਹਿਤ ਨਾਲ ਬਹੁਤ ਪੁਰਾਣਾ ਸਬੰਧ ਹੈ। ਲਿਪੀ ਦੀ ਆਮਦ ਤੋਂ ਪਹਿਲਾਂ ਸਾਹਿਤ ਮੌਖਿਕ ਰੂਪ ਵਿੱਚ ਹੁੰਦਾ ਸੀ। ਪਿੰਡਾਂ-ਕਬੀਲਿਆਂ ਵਿੱਚ ਵਸਣ ਵਾਲੇ ਬਜ਼ੁਰਗ ਖ਼ੁਸ਼ੀ-ਗ਼ਮੀ ਦੇ ਮੌਕਿਆਂ ਉੱਪਰ ਲੈਅਮਈ ਬੋਲ ਉਚਾਰਦੇ ਸਨ। ਇਹ ਲੈਅਮਈ ਬੋਲ ਪੀੜ੍ਹੀ-ਦਰ-ਪੀੜ੍ਹੀ ਅੱਗੇ ਚਲਦੇ ਰਹਿੰਦੇ ਸਨ। ਪੰਜਾਬੀ ਭਾਸ਼ਾ ਦੀ ਗੱਲ ਕੀਤੀ ਜਾਵੇ ਤਾਂ ਗਿੱਧੇ ਭੰਗੜੇ ਦੀਆਂ ਬੋਲੀਆਂ, ਟੱਪੇ, ਮਾਹੀਏ, ਘੋੜੀਆਂ, ਸੁਹਾਗ, ਸਿੱਠਣੀਆਂ, ਲੋਰੀਆਂ ਆਦਿ ਮੌਖਿਕ ਰੂਪ ਵਿੱਚ ਸੀ। ਜਦੋਂ ਤਰੱਕੀ ਕਰਦਾ-ਕਰਦਾ ਇਨਸਾਨ ਆਪਣੇ ਬੋਲਾਂ ਨੂੰ ਲਿਖਤੀ ਰੂਪ ਦੇਣ ਲੱਗ ਪਿਆ ਤਾਂ ਅੱਡ-ਅੱਡ ਭਾਸ਼ਾਵਾਂ ਦੇ ਆਪੋ-ਆਪਣੇ ਜਾਂ ਕੁਝ ਮਿਲਦੇ-ਜੁਲਦੇ ਚਿੰਨ੍ਹ ਬਣੇ ਪ੍ਰਮਾਣਿਕ ਚਿੰਨ੍ਹ ਲਿਪੀ ਦਾ ਰੂਪ ਧਾਰਨ ਕਰ ਗਏ। ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਲਈ ਪੂਰੀ ਤਰ੍ਹਾਂ ਢੁਕਵੀਂ ਲਿਪੀ ਹੈ।
ਸਾਹਿਤ ਮੌਖਿਕ ਹੋਵੇ ਭਾਵੇਂ ਲਿਖਤੀ, ਸਾਰਿਆਂ ਨਾਲੋਂ ਪਹਿਲਾਂ ਕਵਿਤਾ ਹੀ ਲਿਖੀ ਗਈ ਹੈ। ਮੌਖਿਕ ਰੂਪ ਵਿੱਚ ਇਸ ਨੂੰ ਲੋਕ-ਕਾਵਿ ਕਹਿ ਦਿੱਤਾ ਜਾਂਦਾ ਹੈ। ਕਵਿਤਾ ਜਾਂ ਹੋਰ ਕੋਈ ਵੀ ਕਲਾ ਜਿਵੇਂ ਸੰਗੀਤ ਕਲਾ, ਮੂਰਤੀ ਕਲਾ, ਨ੍ਰਿਤ ਕਲਾ, ਨਾਟਕ ਕਲਾ, ਫੁਲਕਾਰੀ ਤੇ ਚਿਤਰ ਕਲਾ ਆਦਿ ਮਨੁੱਖ ਨੂੰ ਖ਼ੁਸ਼ੀ ਪ੍ਰਦਾਨ ਕਰਦੀਆਂ ਹਨ। ਕੁਝ ਕਲਾਵਾਂ ਇਸ ਤਰ੍ਹਾਂ ਦੀਆਂ ਹਨ ਜਿਹੜੀਆਂ ਛੋਟੀ ਉਮਰ ਦੇ ਬੱਚੇ-ਬੱਚੀਆਂ ਆਪਣੇ ਵੱਡਿਆਂ ਨੂੰ ਵੇਖ ਕੇ ਸਹਿਜੇ ਹੀ ਸਿੱਖ ਜਾਂਦੇ ਹਨ ਤੇ ਕੁਝ ਇੱਕ ਕਲਾਵਾਂ ਪੀੜ੍ਹੀ ਦਰ ਪੀੜ੍ਹੀ ਚਲਦੀਆਂ ਰਹਿੰਦੀਆਂ ਹਨ। ਕੁਝ ਅਜਿਹੀਆਂ ਕਲਾਵਾਂ ਹਨ, ਜਿਨ੍ਹਾਂ ਨੂੰ ਸਿੱਖਣ ਲਈ ਕਿਸੇ ਉਸਤਾਦ ਕਾਰੀਗਰ ਜਾਂ ਮਾਹਰ ਵਿਅਕਤੀ ਦੀ ਜ਼ਰੂਰਤ ਹੁੰਦੀ ਹੈ।
ਕਾਵਿ-ਕਲਾ ਸ਼ਬਦਾਂ ਦੀ ਕਲਾ ਹੈ। ਇਹ ਕਲਾ ਭਾਵਾਂ ਨਾਲ ਜੁੜੀ ਹੋਈ ਹੈ ਅਤੇ ਇਸ ਨੂੰ ਉਜਾਗਰ ਕਰਨ ਲਈ ਬੁੱਧੀ ਦੀ ਜ਼ਰੂਰਤ ਵੀ ਹੁੰਦੀ ਹੈ। ਵਧੀਆ ਵਿਚਾਰਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰਨ ਦੀ ਕਲਾ ਨੂੰ ਕਾਵਿ ਜਾਂ ਕਵਿਤਾ ਕਹਿ ਸਕਦੇ ਹਾਂ। ਵਿਦਵਾਨਾਂ ਦਾ ਕਥਨ ਹੈ ਕਿ ਕਵਿਤਾ ਆਹ ਜਾਂ ਵਾਹ ਵਿੱਚੋਂ ਉਪਜਦੀ ਹੈ। ਦੂਸਰੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਬਹੁਤ ਹੀ ਭਾਵੁਕ ਕਿਸਮ ਦਾ ਇਨਸਾਨ ਜੋ ਹੋਰਨਾਂ ਦੇ ਦੁੱਖ-ਸੁੱਖ ਨੂੰ ਸ਼ਿੱਦਤ ਨਾਲ ਮਹਿਸੂਸ ਕਰ ਸਕਦਾ ਹੋਵੇ, ਉਸ ਵਿੱਚ ਕਵਿਤਾ ਰੂਪੀ ਗੁਣ ਦਾ ਕੁਦਰਤੀ ਆਗਮਨ ਹੁੰਦਾ ਹੈ। ਸਾਹਿਤ ਨਾਲ ਜੁੜ ਕੇ ਜਾਂ ਹੋਰ ਸਥਾਪਿਤ ਸ਼ਾਇਰਾਂ ਦੀ ਸੰਗਤ ਅਤੇ ਸਿੱਖਿਆ ਨਾਲ ਉਹ ਇਨਸਾਨ ਵੀ ਕਾਵਿ-ਕਲਾ ਸਿਰਜਨ ਦੇ ਰਸਤੇ ਉੱਪਰ ਤੁਰ ਪੈਂਦਾ ਹੈ।
ਪੱਛਮੀ ਸਾਹਿਤਕਾਰ ਰੌਬਰਟ ਫਰੌਸਟ ਅਨੁਸਾਰ ਕਵਿਤਾ ਉਸ ਸਮੇਂ ਹੋਂਦ ਵਿੱਚ ਆਉਂਦੀ ਹੈ ਜਦੋਂ ਭਾਵਨਾਵਾਂ ਨੇ ਆਪਣੇ ਵਿਚਾਰ ਅਤੇ ਵਿਚਾਰਾਂ ਨੇ ਸ਼ਬਦ ਤਲਾਸ਼ ਲਏ ਹੋਣ। ਭਾਰਤੀ ਕਾਵਿ-ਸ਼ਾਸਤਰ ਅਨੁਸਾਰ ਸਾਹਿਤ ਦੇ ਤਿੰਨ ਮੁੱਖ ਗੁਣ ਹੁੰਦੇ ਹਨ:
ਸਤਯਮ, ਸ਼ਿਵਮ, ਸੁੰਦਰਮ
ਭਾਵ ਸ਼ਬਦਾਂ ਦੀ ਬੁਣਤ ਜੋ ਸੱਚ ਦਾ ਪ੍ਰਕਾਸ਼ ਕਰੇ, ਜੀਵਨ ਲਈ ਕਲਿਆਣਕਾਰੀ ਅਤੇ ਸੁਹਜ-ਸੁੰਦਰਤਾ ਦਾ ਅਹਿਸਾਸ ਪੈਦਾ ਕਰਨ ਵਾਲੀ ਹੋਵੇ, ਨੂੰ ਸਾਹਿਤ/ਕਾਵਿ ਕਿਹਾ ਜਾਂਦਾ ਹੈ। ਪ੍ਰੋਫੈਸਰ ਪੂਰਨ ਸਿੰਘ ਅਨੁਸਾਰ ਕਵਿਤਾ ਰੂਹਾਂ ਦੀ ਬੋਲੀ ਹੁੰਦੀ ਹੈ। ਭਾਈ ਵੀਰ ਸਿੰਘ ਜੀ ਆਪਣੀ ਕਵਿਤਾ ਵਿੱਚ ਕਹਿੰਦੇ ਹਨ:
ਕਵਿਤਾ ਦੀ ਸੁੰਦਰਤਾਈ ਉੱਚ ਨਛੱਤਰੀਂ ਵਸਦੀ
ਪ੍ਰੋਫੈਸਰ ਮੋਹਨ ਸਿੰਘ ਨੇ ਕਵਿਤਾ ਦੀ ਪਰਿਭਾਸ਼ਾ ਆਪਣੀ ਕਵਿਤਾ ਵਿੱਚ ਦਿੱਤੀ ਹੈ:
ਅਪਣੀ ਜ਼ਾਤ ਵਿਖਾਲਣ ਬਦਲੇ
ਰੱਬ ਨੇ ਹੁਸਨ ਬਣਾਇਆ।
ਵੇਖ ਹੁਸਨ ਦੇ ਤਿੱਖੇ ਜਲਵੇ,
ਜ਼ੋਰ ਇਸ਼ਕ ਨੇ ਪਾਇਆ।
ਫੁਰਿਆ ਜਦੋਂ ਇਸ਼ਕ ਦਾ ਜਾਦੂ,
ਦਿਲ ਵਿੱਚ ਕੁੱਦੀ ਮਸਤੀ।
ਇਹ ਮਸਤੀ ਜਦ ਬੋਲ ਉੱਠੀ ਤਾਂ,
ਹੜ੍ਹ ਕਵਿਤਾ ਦਾ ਆਇਆ।
ਬਨਸਪਤੀ, ਜਾਨਵਰ, ਇਨਸਾਨ ਜਾਂ ਕੋਈ ਵੀ ਹੋਰ ਵਸਤੂ ਕੁਝ ਇੱਕ ਤੱਤਾਂ ਦੇ ਸੁਮੇਲ ਨਾਲ ਹੋਂਦ ਵਿੱਚ ਆਉਂਦੀ ਹੈ। ਹਰ ਕਿਸੇ ਤੱਤ ਦਾ ਆਪੋ-ਆਪਣਾ ਮਹੱਤਵ ਹੁੰਦਾ ਹੈ। ਇਸੇ ਤਰ੍ਹਾਂ ਇੱਕ ਚੰਗੀ ਕਵਿਤਾ ਦੇ ਵੀ ਤੱਤ ਹੁੰਦੇ ਹਨ।
ਇਨ੍ਹਾਂ ਵਿੱਚ ਪਹਿਲਾ ਤੱਤ ਵਿਸ਼ਾ ਅਤੇ ਦੂਸਰਾ ਰੂਪ ਹੈ। ਕੁਝ ਵਿਦਵਾਨ ਰੂਪ ਨੂੰ ਕਵਿਤਾ ਦਾ ਮੁੱਖ ਤੱਤ ਮੰਨਦੇ ਹਨ ਅਤੇ ਕੁਝ ਵਿਦਵਾਨ ਵਿਸ਼ੇ ਨੂੰ ਪਹਿਲ ਦਿੰਦੇ ਹਨ। ਅਸਲ ਵਿੱਚ ਵਿਸ਼ਾ ਅਤੇ ਰੂਪ ਇੱਕ ਦੂਜੇ ਦੇ ਪੂਰਕ ਹੁੰਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਵੀ ਦੇ ਮਨ ਵਿੱਚ ਪਹਿਲਾਂ ਵਿਚਾਰ ਹੀ ਆਉਂਦੇ ਹੋਣਗੇ। ਇਹ ਵਿਚਾਰ ਉਸ ਤੱਕ ਹੀ ਸੀਮਤ ਰਹਿੰਦੇ ਹਨ ਜਿੰਨਾ ਚਿਰ ਉਹ ਇਨ੍ਹਾਂ ਨੂੰ ਲਿਖਤੀ ਰੂਪ ਵਿੱਚ ਆਪਣੇ ਪਾਠਕਾਂ ਜਾਂ ਸਮਾਜ ਦੇ ਸਾਹਮਣੇ ਨਹੀਂ ਲਿਆਉਂਦਾ। ਜੇਕਰ ਸਿਰਫ਼ ਸ਼ਬਦ ਹੋਣ ਅਤੇ ਵਿਚਾਰ ਨਾ ਹੋਣ ਤਾਂ ਰੂਪ ਵੀ ਆਪਣੀ ਸਾਰਥਿਕਤਾ ਨਹੀਂ ਰੱਖਦਾ। ਆਪਣੀ ਰੁਚੀ ਤੇ ਸੁਭਾਅ ਅਨੁਸਾਰ ਕਵੀ ਕਿਸੇ ਵੀ ਵਿਸ਼ੇ ਉੱਪਰ ਕਵਿਤਾ ਦੀ ਸਿਰਜਣਾ ਕਰਦਾ ਹੈ। ਉਸ ਦੇ ਵਿਚਾਰ ਕਵਿਤਾ ਦੀ ਕਿਸੇ ਨਾ ਕਿਸੇ ਵੰਨਗੀ ਦੇ ਰੂਪ ਵਿੱਚ ਆਪਣਾ ਰੂਪ ਧਾਰਨ ਕਰਦੇ ਹਨ ਜਿਵੇਂ ਗੀਤ, ਕਵਿਤਾ, ਖੁੱਲ੍ਹੀ ਕਵਿਤਾ, ਰੁਬਾਈ, ਗ਼ਜ਼ਲ, ਕਿੱਸਾ, ਦੋਹੇ, ਲਘੂ ਕਵਿਤਾ ਆਦਿ।
ਕਵਿਤਾ ਦੇ ਰੂਪਕ ਪੱਖ ਵਿੱਚ ਭਾਸ਼ਾ ਅਤਿ ਜ਼ਰੂਰੀ ਤੱਤ ਹੈ। ਕਵਿਤਾ ਦੀ ਭਾਸ਼ਾ ਆਮ ਬੋਲਚਾਲ ਦੀ ਭਾਸ਼ਾ ਨਾਲੋਂ ਥੋੜ੍ਹੀ ਭਿੰਨ ਹੁੰਦੀ ਹੈ। ਭਿੰਨ ਦਾ ਮਤਲਬ ਇਹ ਨਹੀਂ ਲਿਆ ਜਾ ਸਕਦਾ ਕਿ ਉਹ ਕਿਸੇ ਹੋਰ ਦੁਨੀਆ ਦੀਆਂ ਗੱਲਾਂ ਜਾਂ ਸ਼ਬਦਾਂ ਵਾਲੀ ਹੋਵੇ। ਉਦਾਹਰਣ ਦੇ ਤੌਰ ’ਤੇ ਸਜੀ ਸੰਵਰੀ ਸੱਸੀ ਮਾਰੂਥਲ ਵਿੱਚ ਭਟਕ ਰਹੀ ਹੈ, ਬਾਰੇ ਹਾਸ਼ਮ ਦੇ ਕਾਵਿਕ ਬੋਲ ਇਸ ਪ੍ਰਕਾਰ ਹਨ:
ਨਾਜ਼ੁਕ ਪੈਰ ਮਲੂਕ ਸੱਸੀ ਦੇ, ਮਹਿੰਦੀ ਨਾਲ ਸ਼ਿੰਗਾਰੇ।
ਬਾਲੂ ਰੇਤ ਤਪੇ ਵਿੱਚ ਥਲ ਦੇ, ਜਿਉਂ ਜੌਂ ਭੁੰਨਣ ਭਠਿਆਰੇ।
ਆਪਣੇ ਵਿਚਾਰਾਂ ਨੂੰ ਕਵੀ ਕਲਪਨਾ ਦੀ ਰੰਗਤ ਦਿੰਦਾ ਹੈ। ਕਵੀ ਆਪਣੀ ਸੋਚ ਨਾਲ ਇੱਕ ਕਾਵਿਕ ਮਹਿਲ ਉਸਾਰਦਾ ਹੈ। ਇਸ ਨੂੰ ਕਲਪਨਾ ਕਹਿੰਦੇ ਹਨ। ਪ੍ਰਯੋਗਸ਼ਾਲਾ ਵਿੱਚ ਵਿਗਿਆਨੀ ਕਿਸੇ ਖ਼ਾਸ ਚੀਜ਼ ਦੀ ਉਤਪਤੀ ਲਈ ਜਾਂ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰਯੋਗ ਕਰਦੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੁੰਦੀ ਹੈ ਕਿ ਉਹ ਇਹ ਵਸਤੂ ਇਸ ਤਰੀਕੇ ਨਾਲ ਬਣਾ ਸਕਦੇ ਹਨ ਪਰ ਕਲਪਨਾ ਵਿੱਚ ਕਵੀ ਆਪਣੀ ਸੋਚ ਵਿਚਲੇ ਤੱਤ ਨੂੰ ਹੂ-ਬ-ਹੂ ਮੰਨ ਚੁੱਕਿਆ ਹੁੰਦਾ ਹੈ। ਉਸ ਦੇ ਆਵੇਸ਼ ਵਿੱਚ ਹੀ ਉਹ ਢੁੱਕਵੇਂ ਸ਼ਬਦਾਂ ਰਾਹੀਂ ਉਸ ਨੂੰ ਕਲਮਬੱਧ ਕਰਦਾ ਹੈ। ਵਧੀਆ ਕਲਪਨਾ ਵਧੀਆ ਕਵਿਤਾ ਦੀ ਜਨਨੀ ਹੁੰਦੀ ਹੈ।
ਪੁਰਾਤਨ ਪੰਜਾਬੀ ਕਾਵਿ-ਵਿਧਾਨ ਅਨੁਸਾਰ ਛੰਦ ਤੋਂ ਬਗੈਰ ਕਵਿਤਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਲਗਾਂ ਮਾਤਰਾਵਾਂ ਲਗਾਖਰਾਂ ਦੀ ਗਿਣਤੀ ਵਜ਼ਨ ਤੋਲ ਅਨੁਸਾਰ ਕਵਿਤਾ ਰਚੀ ਜਾਂਦੀ ਹੈ। ਇਸ ਨਾਲ ਕਵਿਤਾ ਵਿੱਚ ਇੱਕ ਤੁਕਾਂਤ ਮੇਲ ਹੋ ਜਾਂਦਾ ਹੈ ਅਤੇ ਉਸ ਦੇ ਉਚਾਰਨ ਵਿੱਚ ਸੰਗੀਤਕਤਾ ਆ ਜਾਂਦੀ ਹੈ। ਇਹ ਕਵਿਤਾ ਪੜ੍ਹਨ ਅਤੇ ਸੁਣਨ ਵਾਲਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਪਿੰਗਲ ਰਿਸ਼ੀ ਨੂੰ ਛੰਦ-ਸ਼ਾਸਤਰ ਦਾ ਰਚੇਤਾ ਮੰਨਿਆ ਗਿਆ ਹੈ। ਛੰਦ-ਬੱਧ ਕਵਿਤਾ ਲਈ ਕਵਿਤਾ ਵਿਧਾਨ ਦੀ ਮੁਕੰਮਲ ਜਾਣਕਾਰੀ ਹੋਣੀ ਜ਼ਰੂਰੀ ਹੁੰਦੀ ਹੈ। ਇਹ ਕਿਸੇ ਮਾਹਿਰ ਕਵੀ ਜਾਂ ਗੁਰੂ ਦੀ ਸਿੱਖਿਆ ਦੇ ਨਾਲ ਸਿੱਖਿਆ ਜਾਂਦਾ ਹੈ। ਇਸ ਲਈ ਸ੍ਵੈ-ਅਧਿਐਨ ਵੀ ਅਤਿ ਜ਼ਰੂਰੀ ਹੁੰਦਾ ਹੈ। ਹੋਰ ਕਵਿਤਾਵਾਂ ਅਤੇ ਕਿਤਾਬਾਂ ਪੜ੍ਹਨ ਨਾਲ ਛੰਦ ਬਾਰੇ ਕਵੀ ਦੀ ਜਾਣਕਾਰੀ ਵਿੱਚ ਸਹਿਜੇ-ਸਹਿਜੇ ਵਾਧਾ ਹੁੰਦਾ ਰਹਿੰਦਾ ਅਤੇ ਉਸ ਦੀ ਕਾਵਿ ਕਲਾ ਨਿਖਰਦੀ ਜਾਂਦੀ ਹੈ। ਕਿਸੇ ਸਮੇਂ ਕਿਹਾ ਜਾਂਦਾ ਸੀ ਕਿ ‘ਪਿੰਗਲ ਬਾਝ ਕਵੀਸ਼ਰੀ ਅਤੇ ਗੀਤ ਬਾਝ ਗਿਆਨ’ ਸੰਭਵ ਨਹੀਂ ਹੈ।
ਇਨ੍ਹਾਂ ਤੱਤਾਂ ਤੋਂ ਇਲਾਵਾ ਅਲੰਕਾਰ, ਰਸ, ਬਿੰਬ, ਪ੍ਰਤੀਕ ਆਦਿ ਕਵਿਤਾ ਦੇ ਤੱਤ ਹਨ ਜੋ ਕਵਿਤਾ ਵਿੱਚ ਸੁਹਜ ਅਤੇ ਰੋਚਕਤਾ ਭਰਦੇ ਹਨ। ਸਾਹਿਤ ਵਿੱਚ ਸਮੇਂ-ਸਮੇਂ ਕਈ ਪ੍ਰਕਾਰ ਦੀਆਂ ਪ੍ਰਵਿਰਤੀਆਂ ਚੱਲਦੀਆਂ ਰਹਿੰਦੀਆਂ ਹਨ। ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਦਾ ਕਵੀ ਉੱਪਰ ਪ੍ਰਤੱਖ ਰੂਪ ਵਿੱਚ ਪ੍ਰਭਾਵ ਪੈਂਦਾ ਰਹਿੰਦਾ ਹੈ। ਇਸ ਪ੍ਰਭਾਵ ਵਿੱਚ ਵੀ ਕਵੀ ਅਲੱਗ ਅਲੱਗ ਸ਼ੈਲੀਆਂ ਰਾਹੀਂ ਆਪਣੀ ਕਵਿਤਾ ਪਾਠਕਾਂ ਦੇ ਸਨਮੁੱਖ ਕਰਦਾ ਹੈ।
ਕਵਿਤਾ ਇੱਕੋ ਸਮੇਂ ਦੋ ਤਰ੍ਹਾਂ ਦੇ ਕੰਮ ਕਰਦੀ ਹੈ। ਪਹਿਲਾ ਕਵੀ ਦੇ ਵਿਚਾਰਾਂ ਨੂੰ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਣਾ ਅਤੇ ਦੂਸਰਾ ਇਹ ਪੇਸ਼ ਕੀਤੇ ਹੋਏ ਵਿਚਾਰ ਪਾਠਕਾਂ ਤੱਕ ਪਹੁੰਚਦੇ ਕਰਨਾ। ਇਹ ਤਾਂ ਹੀ ਸਾਰਥਕ ਹੋ ਸਕਦਾ ਹੈ ਜੇਕਰ ਕਵਿਤਾ ਨੂੰ ਪੜ੍ਹਨ ਵਾਲੇ ਪਾਠਕ ਵੀ ਹੋਣ। ਸਾਹਿਤ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਨਾਲ ਬਣਿਆ ਹੈ: ‘ਸਾ’ ਅਤੇ ‘ਹਿਤ’ ਭਾਵ ਅਜਿਹੀ ਸ਼ਾਬਦਿਕ ਰਚਨਾ ਜੋ ਸਾਡੇ ਹਿੱਤ ਵਿੱਚ ਹੋਵੇ। ਇੱਕ ਚੰਗਾ ਸਾਹਿਤਕਾਰ ਜਾਂ ਕਵੀ ਸਮਾਜ ਨੂੰ ਆਪਣੀ ਰਚਨਾ ਨਾਲ ਕੋਈ ਨਾ ਕੋਈ ਸੇਧ ਦੇਣ ਦੀ ਕੋਸ਼ਿਸ਼ ਕਰਦਾ ਹੈ।
ਅੱਜ ਦੇ ਵਿਗਿਆਨਕ ਅਤੇ ਤੇਜ਼ੀ ਵਾਲੇ ਯੁੱਗ ਵਿੱਚ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਪਾਠਕ ਸਾਹਿਤ ਨਾਲੋਂ ਕੁਝ ਦੂਰੀ ਬਣਾ ਰਹੇ ਹੋਣ। ਪਰ ਪੰਜਾਬੀ ਸਾਹਿਤ ਦੇ ਸਤਿਕਾਰਯੋਗ ਕਈ ਕਵੀ ਨਿਰੰਤਰ ਕਾਵਿ-ਰਚਨਾ ਕਰ ਰਹੇ ਹਨ। ਜਿੰਨੇ ਵੀ ਪਾਠਕ ਉਨ੍ਹਾਂ ਨੂੰ ਪੜ੍ਹਦੇ ਜਾਂ ਸੁਣਦੇ ਜਾਂ ਗਾਏ ਹੋਏ ਗੀਤਾਂ ਰਾਹੀਂ ਉਨ੍ਹਾਂ ਦੇ ਵਿਚਾਰਾਂ ਨਾਲ ਸਾਂਝ ਪਾਉਂਦੇ ਹਨ, ਕਵਿਤਾ ਦਾ ਆਨੰਦ ਮਾਣਦੇ ਹੋਏ ਕੁਝ ਨਾ ਕੁਝ ਜ਼ਰੂਰ ਸਿੱਖ ਰਹੇ ਹੁੰਦੇ ਹਨ। ਇੱਕ ਬਹੁਤ ਚੰਗੀ ਸੋਚ ਲੈ ਕੇ ਹੀ ਵੱਖ ਵੱਖ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਕੁਝ ਪਿੰਡਾਂ ਜਾਂ ਕਸਬਿਆਂ ਵਿੱਚ ਲਾਇਬ੍ਰੇਰੀਆਂ ਖੋਲ੍ਹੀਆਂ ਹੋਈਆਂ ਹਨ ਤਾਂ ਜੋ ਪਾਠਕ ਬਿਨਾਂ ਕੋਈ ਨਿੱਜੀ ਖਰਚ ਤੋਂ ਸਾਹਿਤ ਨਾਲ ਸਾਂਝ ਪਾ ਸਕਣ। ਸਾਨੂੰ ਆਪਣੇ ਰੁਝੇਵੇਂ ਭਰੇ ਜੀਵਨ ਵਿੱਚੋਂ ਕਦੇ ਨਾ ਕਦੇ ਕੋਈ ਨਾ ਕੋਈ ਕਵਿਤਾਵਾਂ ਦੀ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ। ਜੇ ਹੋ ਸਕੇ ਤਾਂ ਆਪ ਵੀ ਸਾਹਿਤ ਸਿਰਜਣ ਵੱਲ ਕਦਮ ਪੁੱਟ ਲੈਣਾ ਚਾਹੀਦਾ ਹੈ।