ਨਿੱਕੇ ਵੱਡੇ ਕੌਤਕੀ
ਬਲਦੇਵ ਸਿੰਘ ਸੜਕਨਾਮਾ
ਇੱਕ ਸਾਂਝੇ ਦੋਸਤ ਨੇ ਫ਼ੋਨ ’ਤੇ ਦੱਸਿਆ- ‘‘ਤੇਰਾ ਯਾਰ ਪ੍ਰੋ. ਕੌਤਕੀ ਪਰਸੋਂ ਦਾ ਪੰਜਾਬ ਆਇਆ ਹੋਇਐ।’’
ਪਰਵਾਸੀ ਪੰਛੀਆਂ ਵਾਂਗ ਇਸ ਰੁੱਤ ਵਿੱਚ ਬਹੁਤੇ ਵਿਦੇਸ਼ੀ ਆਪਣੇ ਵਤਨ ਵੱਲ ਗੇੜਾ ਮਾਰਦੇ ਹੀ ਹਨ। ਪ੍ਰੋ. ਕੌਤਕੀ ਜਦੋਂ ਵੀ ਪੰਜਾਬ ਆਉਂਦਾ ਹੈ ਮੇਰੇ ਵੱਲ ਫੇਰਾ ਪਾਉਂਦਾ ਹੀ ਪਾਉਂਦਾ ਹੈ। ਉਸ ਨੂੰ ਮਿਲਣ ਦੀ ਖ਼ੁਸ਼ੀ ਵਿੱਚ ਕਾਂਜੀ ਨਾ ਘੁਲੇ, ਇਹ ਤਾਂ ਕਦੀ ਹੋਇਆ ਨਹੀਂ। ਉਹ ਅਜਿਹਾ ਸੱਪ ਕੱਢਦਾ ਹੈ ਜਿਹੜਾ ਅਕਸਰ ਮੇਰੀ ਪਰੇਸ਼ਾਨੀ ਦਾ ਸਬੱਬ ਬਣਦਾ ਹੈ। ਨਾ ਉਹ ਆਪਣੇ ਨੇੜਲਿਆਂ ਨੂੰ ਬਖ਼ਸ਼ਦਾ ਹੈ, ਨਾ ਸਮਾਜ ਨੂੰ, ਨਾ ਸਮਕਾਲੀ ਸੱਤਾ ਨੂੰ, ਨਾ ਸਮਕਾਲੀ ਵਰਤਾਰਿਆਂ ਨੂੰ। ਉਸ ਦੇ ਤੇਵਰ ਵੇਖ ਕੇ ਇੰਜ ਲਗਦਾ ਹੈ ਜਿਵੇਂ ਉਹ ਦੁਨੀਆ ਦੇ ਸਾਰੇ ਲੋਕਾਂ ਨਾਲ ਨਾਰਾਜ਼ ਹੈ।
ਇਸ ਵਾਰ ਵੀ ਪ੍ਰੋ. ਕੌਤਕੀ ਮੈਨੂੰ ਮਿਲਣ ਆਇਆ। ਮੈਂ ਅੰਦਰੋਂ ਡਰਿਆ, ‘ਲੈ ਬਈ ਹੁਣ ਉੱਖਲੀ ’ਚ ਸਿਰ ਦੇਣ ਲਈ ਤਿਆਰ ਹੋ ਜਾ।’ ਮੈਂ ਸਮਝਦਾਂ ਉਹ ਗੋਲ ਸੁਰਾਖ਼ ਵਿੱਚ ਚੌਰਸ ਕਿੱਲ ਵਾਂਗ ਅਨ-ਫਿੱਟ ਹੈ। ਉਸ ਨੂੰ ਮਿਲਦਿਆਂ ਹੀ ਮੇਰੀ ਖੱਬੀ ਅੱਖ ਫਰਕਣ ਲੱਗਦੀ ਹੈ। ਉਂਜ ਤਾਂ ਮੈਂ ਕੁਝ ਕੁਝ ਤਰਕਸ਼ੀਲ ਹਾਂ ਪਰ ਪੁਰਖਿਆਂ ਤੋਂ ਮਿਲੇ ਸੰਸਕਾਰਾਂ ਦੀ ਸੋਚ ਕਦੇ ਕਦੇ ਗ੍ਰਸ ਲੈਂਦੀ ਹੈ। ਪੜਦਾਦੇ ਤੋਂ ਦਾਦੇ ਤੱਕ ਤੇ ਦਾਦੇ ਤੋਂ ਬਾਪ ਤੱਕ ਆਉਂਦੇ ਸੰਸਕਾਰਾਂ ਕਾਰਨ ਮੈਂ ਸੋਚਣ ਲੱਗਦਾਂ- ਹੁਣ ਕੁਝ ਮਾੜਾ ਜ਼ਰੂਰ ਵਾਪਰੇਗਾ।
ਖ਼ੈਰ, ਮੈਂ ਤੁਹਾਨੂੰ ਪ੍ਰੋ. ਕੌਤਕੀ ਨੂੰ ਮਿਲਾਉਂਦਾ ਹਾਂ। ਵਿਦੇਸ਼ੀਆਂ ਵਿੱਚ ਇੱਕ ਬੜੀ ਸਿਫ਼ਤ ਵਾਲੀ ਗੱਲ ਇਹ ਹੁੰਦੀ ਹੈ, ਸਾਰੇ ਵਿਦੇਸ਼ੀ ਫ਼ੋਨ ਕਰ ਕੇ ਮਿਲਣ ਆਉਂਦੇ ਹਨ ਤੇ ਜਿੰਨੇ ਵਜੇ ਦਾ ਟਾਈਮ ਦਿੰਦੇ ਹਨ, ਠੀਕ ਉਸ ਸਮੇਂ ਪਹੁੰਚ ਜਾਂਦੇ ਹਨ। ਸਾਡੇ ਵਾਂਗ ਨਹੀਂ ਕਰਦੇ। ਸਮਾਗਮ ਦਾ ਸਮਾਂ 10 ਵਜੇ ਸਵੇਰੇ ਦਾ ਦਿੱਤਾ ਹੁੰਦਾ ਹੈ, ਕੋਈ ਗਿਆਰਾਂ ਵਜੇ ਆਉਂਦਾ ਹੈ, ਕੋਈ ਬਾਰਾਂ ਵਜੇ ਆਉਂਦਾ ਦਿਸਦਾ ਹੈ, ਕੋਈ ਤਾਂ ਆਖ਼ਰੀ ਸਮੇਂ ਫੋਟੋ ਸੈਸ਼ਨ ਵੇਲੇ ਹੀ ਆਉਂਦਾ ਹੈ।
ਪ੍ਰੋ. ਕੌਤਕੀ ਨਾਲ ਦੁਆ-ਸਲਾਮ ਹੋਈ। ਮੈਨੂੰ ਵੇਖ ਕੇ ਆਂਹਦਾ, ‘‘ਪਹਿਲਾਂ ਨਾਲੋਂ ਕਮਜ਼ੋਰ ਹੋ ਗਿਆ ਲਗਦੈਂ।’’
‘‘ਲਗਦੈਂ ਕਿ ਸੱਚੀਂ ਕਮਜ਼ੋਰ ਐਂ?’’ ਮੈਂ ਹੱਸਿਆ।
‘‘ਇਹ ਤਾਂ ਵਧੇਰੇ ਤੈਨੂੰ ਪਤਾ ਹੋਊ ਅੰਦਰੋਂ ਕਿਵੇਂ ਐਂ। ਮੈਂ ਤਾਂ ਮੇਰੇ ਸਾਹਮਣੇ ਖੜ੍ਹੇ ਨੂੰ ਵੇਖ ਕੇ ਕਿਹੈ।’’ ਕੌਤਕੀ ਵੀ ਹੱਸ ਪਿਆ।
ਮੈਨੂੰ ਕੁਝ ਰਾਹਤ ਮਹਿਸੂਸ ਹੋਈ, ਚਲੋ ਸ਼ੁਰੂਆਤ ਤਾਂ ਸੁਖਾਵੇਂ ਮਾਹੌਲ ’ਚ ਹੋਈ ਹੈ, ਅੰਜਾਮ ਵੀ ਠੀਕ ਹੀ ਹੋਵੇਗਾ। ਫਿਰ ਰਸਮੀ ਜਿਹੀਆਂ ਗੱਲਾਂ ਹੋਣ ਲੱਗੀਆਂ। ਕਿਸਾਨ ਅੰਦੋਲਨ ਦੇ ਦੂਸਰੇ ਪੜਾਅ ਦੀਆਂ। ਕਿਸਾਨ ਆਗੂ ‘ਡੱਲੇਵਾਲ’ ਦੀ ਭੁੱਖ ਹੜਤਾਲ ਦੀਆਂ। ਚੰਡੀਗੜ੍ਹ ਵਿੱਚ ਕਿਸਾਨ ਆਗੂਆਂ ਤੇ ਸੱਤਾਧਾਰੀ ਮੰਤਰੀਆਂ ਨਾਲ ਮੀਟਿੰਗ ਦੀਆਂ। ਫਿਰ ਉਸ ਨੇ ਇਕਦਮ ਟਰੈਕ ਬਦਲਦਿਆਂ ਪੁੱਛਿਆ:
‘‘ਹੁਣ ਕੀ ਲਿਖ ਰਿਹੈਂ? ਇਨਾਮ-ਸ਼ਨਾਮ ਕਿੰਨੇ ਕੁ ਹੂੰਝ ਲਏ? ਸਾਹਿਤ ਦੀ ਸਿਆਸਤ ਕਿਵੇਂ ਚੱਲ ਰਹੀ ਹੈ? ਪਾਤਰ ਸਾਹਬ ਦੇ ਜਾਣ ’ਤੇ ਪੰਜਾਬੀ ਸਾਹਿਤ ਦਾ, ਪੰਜਾਬੀ ਸੰਸਥਾਵਾਂ ਦਾ, ਪੰਜਾਬੀ ਅਕਾਦਮੀਆਂ ਦਾ, ਪੰਜਾਬੀ ਕਵਿਤਾ ਦਾ ਕੀ ਬਣੂ?’’
ਕੌਤਕੀ ਇੰਨਾ ਸੋਚ ਸੋਚ ਕੇ ਤੇ ਰੁਕ ਰੁਕ ਕੇ ਬੋਲ ਰਿਹਾ ਸੀ, ਮੈਨੂੰ ਸਮਝਣ ਵਿੱਚ ਮੁਸ਼ਕਿਲ ਆ ਰਹੀ ਸੀ, ਉਹ ਸੱਚਮੁੱਚ ਸੁਹਿਰਦ ਹੈ, ਉਸ ਨੂੰ ਫ਼ਿਕਰ ਹੈ ਜਾਂ ਉਹ ਕਿਸੇ ਹੋਰ ਲੁਕਵੇਂ ਐਂਗਲ ਤੋਂ ਬੋਲ ਰਿਹੈ। ਅਸੀਂ ਗੱਲਾਂ ਕਰਦੇ ਰਹੇ, ਗੱਲਾਂ ਗੱਲਾਂ ਵਿੱਚ ਹੀ ਕੌਤਕੀ ਨੇ ਪੁੱਛਿਆ, ‘‘ਵਿਦੇਸ਼ਾਂ ਵਿੱਚ ਹੁੰਦੀਆਂ ਪੰਜਾਬੀ ਜਾਂ ਸਾਹਿਤਕ ਕਾਨਫਰੰਸਾਂ ’ਚ ਨੀ ਤੂੰ ਕਦੇ ਜਾਂਦਾ ਸੁਣਿਆ, ਕਿਉਂ?’’
ਮੈਂ ਪਹਿਲਾਂ ਵਾਂਗ ਹੀ ਹੱਸਿਆ, ਕੋਈ ਜਵਾਬ ਨਾ ਦਿੱਤਾ। ਕੌਤਕੀ ਖਿਝ ਗਿਆ, ‘‘ਇਉਂ ਮੁਸਕਰਾ ਕੇ ਬਚਾਅ ਹੋ ਜਾਊ?’’
‘‘ਯਾਰ ਕੌਤਕੀ, ਕੋਈ ਸੱਦੂ ਤਾਂ ਜਾਇਆ ਜਾਊ! ਮੇਰੇ ਵਰਗਿਆਂ ਨੂੰ ਖ਼ਬਰਾਂ ਜਾਂ ਮੀਡੀਆ ਤੋਂ ਪਤਾ ਲਗਦੈ, ‘ਫਲਾਣੇ ਮੁਲਕ ਵਿੱਚ ਸਾਹਿਤਕ ਕਾਨਫਰੰਸ ਹੋ ਰਹੀ ਹੈ, ਧਿਮਕੇ ਮੁਲਕ ’ਚ ਕਾਨਫਰੰਸ ਹੋ ਰਹੀ ਹੈ, ਤਸਵੀਰਾਂ ਤੋਂ ਪਤਾ ਲਗਦੈ, ਉੱਥੇ ਕਿਹੜੇ ਵਿਦਵਾਨ, ਭਾਸ਼ਾ ਸ਼ਾਸਤਰੀ, ਲੇਖਕ ਗਏ ਹੋਏ ਨੇ।’’ ਮੈਂ ਕੌਤਕੀ ਦੀਆਂ ਅੱਖਾਂ ਵਿੱਚ ਸਿੱਧਾ ਝਾਕਦਿਆਂ ਕਿਹਾ।
‘‘ਕੌਣ ਜਾਂਦੇ ਨੇ, ਕਿਹੜੇ ਜਾਂਦੇ ਨੇ?’’ ਕੌਤਕੀ ਦੇ ਤੇਵਰ ਬਦਲਣ ਲੱਗੇ।
‘‘ਬਥੇਰੇ ਹੁੰਦੇ ਨੇ, ਕਿਸ ਕਿਸ ਦਾ ਨਾਮ ਲਵਾਂ।’’
‘‘ਉਨ੍ਹਾਂ ’ਚ ਤੂੰ ਕਿਉਂ ਨੀਂ ਹੁੰਦਾ?’’
‘‘ਨਾ ਮੈਨੂੰ ਬਾਹਰ ਜਾਣ ਦਾ ਸ਼ੌਕ ਹੈ, ਨਾ ਇੱਛਾ।’’ ਮੈਂ ਕਿਹਾ।
‘‘ਮਜਬੂਰੀ ਜਾਂ ਬੇਵਸੀ?’’
‘‘ਇਸ ਬਾਰੇ ਮੈਂ ਕੁਝ ਨਹੀਂ ਆਖ ਸਕਦਾ।’’ ਮੈਂ ਬਹਿਸ ਵਿੱਚ ਨਹੀਂ ਸਾਂ ਪੈਣਾ ਚਾਹੁੰਦਾ। ਮੈਂ ਛੇਤੀ ਹਥਿਆਰ ਸੁੱਟ ਦਿੱਤੇ।
‘‘ਮੈਂ ਦੱਸਦੈਂ, ਮੈਂ ਤੈਨੂੰ ਇੱਕ ਮਿਸਾਲ ਦਿੰਨਾਂ।’’ ਉਹ ਠੀਕ ਹੋ ਕੇ ਬੈਠ ਗਿਆ। ਮੈਂ ਸਮਝ ਗਿਆ, ਹੁਣ ਇਹ ਕੋਈ ਪੰਗਾ ਖੜ੍ਹਾ ਕਰੂ। ਉਹ ਬੋਲਿਆ, ‘‘ਕਿਸਾਨ ਫ਼ਸਲ ਬੀਜਦੇ ਨੇ, ਪਾਲਦੇ ਪੋਸਦੇ ਨੇ। ਮੰਡੀ ਲੈ ਕੇ ਜਾਂਦੇ ਨੇ। ਉੱਥੇ ਕੌਣ ਹੁੰਦੇ ਨੇ ਕਿਸਾਨ ਦੀ ਫ਼ਸਲ ਖਰੀਦਣ ਵਾਲੇ?’’
‘‘ਸਰਕਾਰੀ ਏਜੰਸੀਆਂ ਹੁੰਦੀਆਂ ਨੇ, ਆੜ੍ਹਤੀਏ ਹੁੰਦੇ ਨੇ।’’ ਮੈਂ ਕਿਹਾ।
‘‘ਸਰਕਾਰੀ ਏਜੰਸੀਆਂ ਵੀ ਆੜ੍ਹਤੀਆਂ ਦਾ ਰੋਲ ਹੀ ਅਦਾ ਕਰਦੀਆਂ ਨੇ, ਕਰਦੀਆਂ ਨੇ ਨਾ?’’
‘‘ਕਰਦੀਆਂ ਈ ਨੇ, ਸਭ ਨੂੰ ਪਤੈ।’’
‘‘ਕਿਸਾਨਾਂ ਦੀ ਮਿਹਨਤ, ਮੌਸਮ ਦੀ ਮਾਰ, ਫਸਲਾਂ ਨੂੰ ਬਿਮਾਰੀਆਂ, ਚੋਰੀ-ਚਪਾਰੀ, ਪਸ਼ੂਆਂ ਵੱਲੋਂ ਉਜਾੜਾ, ਇਹ ਸਭ ਕਿਸਾਨ ਝੱਲਦੇ ਨੇ ਤੇ ਫ਼ਸਲ ਦਾ ਮੁਨਾਫ਼ਾ ਆੜ੍ਹਤੀਏ ਕਮਾ ਜਾਂਦੇ ਨੇ। ਕਿਸਾਨਾਂ ਦੀ ਪੈਦਾ ਕੀਤੀ ਗੋਭੀ ਦੋ ਰੁਪੱਈਏ ਕਿਲੋ ਦੇ ਭਾਅ ਥੋਕ ’ਚ ਵਿਕਦੀ ਹੈ ਤੇ ਉਹੀ ਸ਼ਹਿਰ ਦੀਆਂ ਦੁਕਾਨਾਂ ’ਤੇ ਜਾ ਕੇ 20-30 ਰੁਪਏ ਕਿਲੋ ਦੇ ਭਾਅ ਵਿਕਦੀ ਹੈ। ਫ਼ਾਇਦਾ ਕੌਣ ਲੈ ਗਏ...? ਦਲਾਲ ਤੇ ਆੜ੍ਹਤੀਏ ਜਾਂ ਦੁਕਾਨਦਾਰ, ਕਿਸਾਨ ਦੇ ਪੱਲੇ ਕੀ ਪਿਆ...?’’ ਕੌਤਕੀ ਮੇਰੇ ਵੱਲ ਝਾਕਿਆ। ਮੈਨੂੰ ਚੁੱਪ ਵੇਖ ਕੇ ਫਿਰ ਬੋਲਿਆ, ‘‘ਗੁੱਸਾ ਤਾਂ ਨਹੀਂ ਕਰੇਂਗਾ?’’
‘‘ਗੁੱਸਾ ਕਿਉਂ ਕਰੂੰਗਾ, ਮਹਿਮਾਨ ਤਾਂ ਰੱਬ ਦਾ ਰੂਪ ਹੁੰਦੈ।’’ ਮੈਂ ਕਿਹਾ।
ਮੇਰੀ ਮੁਸਕਰਾਹਟ ਵੇਖ ਕੇ ਬੋਲਿਆ, ‘‘ਮੈਂ ਸਭ ਸਮਝਦਾਂ, ਤੂੰ ਕਿੱਥੋਂ ਬੋਲਦੈਂ, ਤੇ ਯਾਦ ਰੱਖੀਂ ਮੇਰੀ ਗੱਲ, ਸਾਡੇ ਸਾਹਿਤ ਵਿੱਚ ਵੀ ਕੁਝ ਵਿਦਵਾਨ ਤੇ ਪ੍ਰਬੰਧਕ ਆੜ੍ਹਤੀਆਂ ਦੀ ਭੂਮਿਕਾ ਵਿੱਚ ਨੇ ਜਾਂ ਆੜ੍ਹਤੀਏ ਬਣੇ ਬੈਠੇ ਨੇ। ਏਧਰ ਵੀ ਤੇ ਓਧਰ ਵੀ। ਕਿਸ ਕਿਸ ਮੁਲਕ ਦਾ ਨਾਮ ਲਵਾਂ, ਦੋਹੀਂ ਪਾਸੀਂ ਇਨ੍ਹਾਂ ਨੇ ਬਰਾਂਚਾਂ ਖੋਲ੍ਹੀਆਂ ਹੋਈਆਂ ਨੇ। ਜਿਵੇਂ ਆੜ੍ਹਤੀਏ ਆਪ ਫ਼ਸਲ ਨਹੀਂ ਬੀਜਦੇ, ਉਹ ਕਿਸਾਨਾਂ ਦੀ ਬੀਜੀ ਫ਼ਸਲ ’ਤੇ ਕਮਾਈ ਕਰਦੇ ਨੇ, ਮਹਿਲਾਂ ਵਰਗੇ ਘਰ ਬਣਾਏ ਨੇ, ਏਸੀ ਕਾਰਾਂ, ਏਸੀ ਦਫ਼ਤਰ ਤੇ ਕਿਸਾਨ ਗਰਮੀ-ਸਰਦੀ ਖੇਤਾਂ ਵਿੱਚ ਹੀ ਝੱਲਦਾ ਹੈ ਤੇ ਹੋਰ ਬਥੇਰੀਆਂ ਮਾਰਾਂ ਪੈਂਦੀਆਂ ਨੇ। ਕਦੇ ਨਮੀ ਪਰਖਦੇ ਨੇ, ਕਦੇ ਗੁਣਵੱਤਾ। ਮੁਆਫ਼ ਕਰਨਾ, ਸਾਹਿਤ ਦੇ ਕੁਝ ਆੜ੍ਹਤੀਏ ਵੀ ਇਹੀ ਕੁਝ ਕਰਦੇ ਨੇ। ਸਾਹਿਤ ਦੇ ਆੜ੍ਹਤੀਏ ਲੇਖਕਾਂ ਦੀ ਫ਼ਸਲ (ਰਚਨਾ/ਰਚਨਾਵਾਂ) ’ਤੇ ਵਿਦੇਸ਼ਾਂ ਦੀ ਸੈਰ ਕਰਦੇ ਨੇ। ਸਰਕਾਰੀ, ਅਰਧ-ਸਰਕਾਰੀ ਤੇ ਹੋਰ ਸੰਸਥਾਵਾਂ ਦੇ ਪ੍ਰਧਾਨ, ਚੇਅਰਮੈਨ, ਡਾਇਰੈਕਟਰ, ਸਕੱਤਰ, ਪ੍ਰਬੰਧਕ, ਸਰਪ੍ਰਸਤ ਤੇ ਪਤਾ ਨਹੀਂ ਹੋਰ ਕੀ ਕੁਝ ਬਣੇ ਹੁੰਦੇ ਨੇ। ਤੂੰ ਮੇਰੀ ਗੱਲ ਦਾ ਗੁੱਸਾ ਕਰੇਂਗਾ: ਕਈ ਸਾਹਿਤਕ ਆੜ੍ਹਤੀਏ ਤਾਂ ਸੰਸਥਾਵਾਂ ਨੂੰ ਜੋਕਾਂ ਵਾਂਗ ਚਿੰਬੜੇ ਹੋਏ ਨੇ। ਇਨ੍ਹਾਂ ਬਾਰੇ ਤੂੰ ਕੋਈ ਗੱਲ ਨਈਂ ਕਰੇਂਗਾ, ਮੈਨੂੰ ਪਤੈ।’’
ਉਸ ਤੋਂ ਇਨ੍ਹਾਂ ਆੜ੍ਹਤੀਆਂ ਦੀ ‘ਮਹਿਮਾ’ ਸੁਣ ਕੇ ਮੈਂ ਸੋਚਿਆ, ‘ਦੁਨੀਆ ਵਿੱਚ ਇਕੱਲਾ ਤੂੰ ਹੀ ਕੌਤਕੀ ਥੋੜ੍ਹਾ ਏ!’ ਅਤੇ ਨਾਲ ਹੀ ਕਿਹਾ, ‘‘ਕਿਉਂ ਮੇਰੇ ਰਾਹਾਂ ’ਚ ਕੰਡੇ ਖਲਾਰਦੈਂ ਕੌਤਕੀ? ਹੁਣ ਤਾਂ ਕੋਈ ਭੁੱਲਿਆ ਚੁੱਕਿਆ ਕਿਸੇ ਛੋਟੇ ਵੱਡੇ ਸਾਹਿਤਕ ਸਮਾਗਮ ’ਤੇ ਸੱਦਾ-ਪੱਤਰ ਭੇਜ ਦਿੰਦੈ, ਫਿਰ ਏਦੂੰ ਵੀ ਜਾਊਂ। ਤੂੰ ਆਪਣੀਆਂ ਤਲਖ਼ੀਆਂ ਭਰਾਵਾ ਆਪਣੇ ਕੋਲ ਹੀ ਰੱਖ।’’
ਮੇਰੀਆਂ ਗੱਲਾਂ ’ਤੇ ਕੌਤਕੀ ਖਿੜਖਿੜਾ ਕੇ ਹੱਸਿਆ, ਬੋਲਿਆ, ‘‘ਦਾਅਵੇ ਤਾਂ ਤੂੰ ਈਮਾਨਦਾਰੀ ਨਾਲ ਲਿਖਣ ਦੇ ਕਰਦੈਂ ਤੇ ਮੋਕ ਵੀ ਮਾਰੀ ਜਾਨੈਂ। ਕਲਮ ਵਗਾਹ ਕੇ ਪਰ੍ਹੇ ਮਾਰ, ਕੋਈ ਹੋਰ ਕੰਮ ਕਰ ਲਾ।’’
ਹੁਣ ਮੈਂ ਹੱਸਿਆ, ‘‘ਮਹਾਰਾਜ ਕੌਤਕੀ ਜੀ, ‘ਕਲਮ ਦੀ ਕਿਰਪਾ ਸੇ ਤੋ ਹਮ ਸਾਂਸ ਲੇਤੇ ਹੈਂ’, ਇਸ ਉਮਰ ’ਚ ਇਸ ਨੂੰ ਕਿਵੇਂ ਛੱਡਾਂ?’’
‘‘ਫਿਰ ਬੰਦਿਆਂ ਵਾਂਗੂੰ ਮੈਦਾਨ ’ਚ ਆ।’’ ਕੌਤਕੀ ਨੇ ਵੰਗਾਰਿਆ।
‘‘ਕੌਤਕੀ, ਤੂੰ 10-15 ਦਿਨ ਜਾਂ ਮਹੀਨਾ ਰਹਿ ਕੇ ਇੱਥੋਂ ਉਡਾਰੀ ਮਾਰ ਜਾਣੀ ਐ ਤੇ ਮੈਨੂੰ ਜਿਹੜੀ ਕੁੱਤੇ-ਖਾਣੀ ਝੱਲਣੀ ਪਊ, ਉਸ ਦਾ ਤੈਨੂੰ ਪਤਾ ਹੀ ਹੈ। ਤੂੰ ਮੈਨੂੰ ਮੁਆਫ਼ ਕਰ ਭਰਾਵਾ।’’ ਮੈਂ ਦੋਵੇਂ ਹੱਥ ਜੋੜ ਕੇ ਉਸ ਨੂੰ ਮੱਥਾ ਟੇਕਿਆ।
‘‘ਡਰ ਲਗਦੈ?’’ ‘‘ਡਰਿਆ ਈ ਚੰਗੈ।’’ ਮੈਂ ਕਿਹਾ।
ਉਹ ਮੇਰੇ ਵੱਲ ਗਹੁ ਨਾਲ ਝਾਕਣ ਲੱਗਾ, ਫਿਰ ਹੱਸ ਪਿਆ।
‘‘ਕਿਉਂ ਹੱਸਦੈਂ?’’ ਮੈਂ ਪੁੱਛਿਆ।
ਕੌਤਕੀ ਹੱਸਦਾ ਹੱਸਦਾ ਬੋਲਿਆ, ‘‘ਹਰ ਆਦਮੀ ਮੇਂ ਹੋਤੇ ਹੈਂ ਦਸ ਬੀਸ ਆਦਮੀ, ਮੈਂ ਤੇਰੇ ’ਚੋਂ ਉਹੀ ਲੱਭ ਰਿਹੈਂ।’’
ਸੰਪਰਕ: 98147-83069