ਗੁੱਜਰਾਂਵਾਲਾ ’ਚ ਖਾਲਸਾ ਰਾਜ ਦੀਆਂ ਅਹਿਮ ਨਿਸ਼ਾਨੀਆਂ
ਨਵਦੀਪ ਸਿੰਘ ਗਿੱਲ
ਲਾਹੌਰ ਵਿਖੇ ਵਿਸ਼ਵ ਪੰਜਾਬੀ ਕਾਨਫਰੰਸ ਦੀ ਸਮਾਪਤੀ ਅਤੇ ਨਨਕਾਣਾ ਸਾਹਿਬ ਦੇ ਦਰਸ਼ਨਾਂ ਉਪਰੰਤ ਸਾਡੇ ਕੋਲ ਇੱਕ ਦਿਨ ਬਚਿਆ ਸੀ। ਵਫ਼ਦ ਨੇ ਕਸੂਰ ਵਿਖੇ ਬਾਬਾ ਬੁੱਲ੍ਹੇ ਸ਼ਾਹ ਦੀ ਮਜ਼ਾਰ ਉੱਤੇ ਸਿਜਦਾ ਕਰਨ ਜਾਣਾ ਸੀ। ਗੁੱਜਰਾਂਵਾਲਾ ਜਾਣ ਦੀ ਤਾਂਘ ਕਾਰਨ ਅਸੀਂ ਕੁਝ ਮੈਂਬਰ ਵੱਡੇ ਤੜਕੇ ਲਾਹੌਰੋਂ ਚੱਲ ਪਏ। ਐਮਨਾਬਾਦ ਸਥਿਤ ਗੁਰਦੁਆਰਾ ਰੋੜੀ ਸਾਹਿਬ, ਭਾਈ ਲਾਲੋ ਦੇ ਘਰ ਤੇ ਬਾਬਰ ਦੀ ਚੱਕੀ ਵਾਲੇ ਸਥਾਨ ਦੇ ਦਰਸ਼ਨ ਕਰਨ ਉਪਰੰਤ ਗੁੱਜਰਾਂਵਾਲਾ ਪਹੁੰਚ ਗਏ। ਗੁੱਜਰਾਂਵਾਲਾ ਦਿੱਲੀ ਤੋਂ ਪਿਸ਼ਾਵਰ ਵਾਲੀ ਜਰਨੈਲੀ ਸੜਕ ਉੱਪਰ ਲਾਹੌਰ ਤੋਂ 100 ਕਿਲੋਮੀਟਰ ਦੂਰੀ ਉੱਤੇ ਸਥਿਤ ਹੈ। ਪਹਿਲਵਾਨਾਂ ਦਾ ਸ਼ਹਿਰ ਦੱਸੀਂਦੇ ਗੁੱਜਰਾਂਵਾਲਾ ’ਚ ਦਾਖ਼ਲ ਹੋਣ ਸਮੇਂ ਦੋ ਪਹਿਲਵਾਨਾਂ ਦੇ ਦਿਓ ਕੱਦ ਬੁੱਤ ਤੁਹਾਡਾ ਸਵਾਗਤ ਕਰਦੇ ਹਨ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਗੁੱਜਰਾਂਵਾਲਾ ਸਥਿਤ ਆਲੀਸ਼ਾਨ ਹਵੇਲੀ ਵਿੱਚ ਹੋਇਆ ਸੀ। ਰਣਜੀਤ ਸਿੰਘ ਦੀ ਮਾਤਾ ਰਾਜ ਕੌਰ ਸੰਗਰੂਰ ਨੇੜਲੇ ਪਿੰਡ ਬਡਰੁੱਖਾਂ ਦੀ ਰਹਿਣ ਵਾਲੀ ਸੀ, ਜਿਸ ਕਾਰਨ ਕੁਝ ਲੋਕ ਇਹ ਵੀ ਆਖਦੇ ਹਨ ਕਿ ਰਣਜੀਤ ਸਿੰਘ ਦਾ ਜਨਮ ਆਪਣੇ ਨਾਨਕੇ ਪਿੰਡ ਬਡਰੁੱਖਾਂ ਹੋਇਆ। ਬਹੁਤੇ ਇਤਿਹਾਸਕਾਰ ਇਸ ਗੱਲ ’ਤੇ ਸਹਿਮਤ ਹਨ ਕਿ ਮਹਾਰਾਜੇ ਦਾ ਜਨਮ ਗੁੱਜਰਾਂਵਾਲਾ ਵਿਖੇ ਹੀ ਹੋਇਆ ਤੇ ਇੱਕ ਵਡੇਰੇ ਦੇ ਨਾਮ ’ਤੇ ਉਸ ਦਾ ਨਾਂ ਬੁੱਧ ਸਿੰਘ ਰੱਖਿਆ ਗਿਆ। ਫਿਰ ਪਿਤਾ ਨੇ ਆਪਣੇ ਪੁੱਤਰ ਦਾ ਨਾਂ ਚੱਠਾ ਸਰਦਾਰ ਪੀਰ ਮੁਹੰਮਦ ’ਤੇ ਆਪਣੀ ਫ਼ੌਜ ਦੀ ਜਿੱਤ ਦੀ ਯਾਦ ਵਿੱਚ ਬਦਲ ਕੇ ਰਣਜੀਤ ਸਿੰਘ ਰੱਖ ਦਿੱਤਾ ਭਾਵ ਜੰਗ ਵਿੱਚ ਜਿੱਤਣ ਵਾਲਾ। ਵੱਡੇ ਹੋ ਕੇ ਰਣਜੀਤ ਸਿੰਘ ਨੇ ਆਪਣੇ ਪਿਤਾ ਵੱਲੋਂ ਰੱਖੇ ਨਾਮ ਨੂੰ ਸਹੀ ਸਿੱਧ ਕੀਤਾ। ਰਣਜੀਤ ਸਿੰਘ ਨੇ ਘੋੜਸਵਾਰੀ, ਬੰਦੂਕਬਾਜ਼ੀ ਅਤੇ ਹੋਰ ਮਾਰਸ਼ਲ ਆਰਟਸ ਦੀ ਸਿਖਲਾਈ ਗੁੱਜਰਾਵਾਲਾਂ ਦੀ ਹਵੇਲੀ ਵਿੱਚ ਰਹਿੰਦਿਆਂ ਹੀ ਲਈ ਅਤੇ ਬਚਪਨ ਦਾ ਜ਼ਿਆਦਾਤਰ ਸਮਾਂ ਇੱਥੇ ਹੀ ਬਿਤਾਇਆ। ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਸ਼ੁਕਰਚੱਕੀਆ ਮਿਸਲ ਦੇ ਮੁਖੀ ਸਨ। ਉਸ ਵੇਲੇ ਇਸ ਹਵੇਲੀ ਦੇ ਆਲੇ-ਦੁਆਲੇ ਖੁੱਲ੍ਹੀ ਥਾਂ ਸੀ। ਰਣਜੀਤ ਸਿੰਘ ਦੀ ਉਮਰ ਉਦੋਂ 12 ਸਾਲ ਦੀ ਸੀ, ਜਦੋਂ ਉਸ ਦੇ ਪਿਤਾ ਮਹਾਂ ਸਿੰਘ ਦੀ ਮੌਤ ਹੋ ਗਈ। ਇਸ ਮਗਰੋਂ ਉਸ ਨੂੰ ਸ਼ੁਕਰਚੱਕੀਆ ਮਿਸਲ ਦੀ ਸਰਦਾਰੀ ਵਿਰਾਸਤ ਵਿੱਚ ਮਿਲੀ ਅਤੇ ਉਸ ਦੀ ਪਰਵਰਿਸ਼ ਮਾਤਾ ਰਾਜ ਕੌਰ ਨੇ ਕੀਤੀ। ਰਣਜੀਤ ਸਿੰਘ ਨੂੰ ਮਾਰਨ ਲਈ ਪਹਿਲਾ ਹਮਲਾ ਚੱਠਿਆਂ ਦੇ ਸਰਦਾਰ ਹਸ਼ਮਤ ਖ਼ਾਨ ਨੇ ਕੀਤਾ ਸੀ ਜਦੋਂ ਰਣਜੀਤ ਸਿੰਘ ਦੀ ਉਮਰ ਮਹਿਜ਼ 13 ਸਾਲ ਸੀ, ਪਰ ਰਣਜੀਤ ਸਿੰਘ ਨੇ ਜਿੱਤ ਪ੍ਰਾਪਤ ਕੀਤੀ।
ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਅੰਦਰੂਨ ਸ਼ਹਿਰ ਵਿੱਚ ਹੈ ਜਿਸ ਨੂੰ ਪੁਰਾਣਾ ਸ਼ਹਿਰ ਵੀ ਕਹਿੰਦੇ ਹਨ। ਲਾਹੌਰੀ ਗੇਟ ਤੇ ਸਿਆਲਕੋਟ ਗੇਟ ਕੋਲੋਂ ਅੰਦਰੂਨ ਸ਼ਹਿਰ ਨੂੰ ਤੰਗ ਗਲੀਆਂ ਵਿੱਚੋਂ ਗੁਜ਼ਰ ਕੇ ਰਸਤਾ ਜਾਂਦਾ ਹੈ। ਇਸ ਦੇ ਆਲੇ-ਦੁਆਲੇ ਹੋਈਆਂ ਗ਼ੈਰ-ਕਾਨੂੰਨੀ ਉਸਾਰੀਆਂ ਤੇ ਆਰਜ਼ੀ ਰਿਹਾਇਸ਼ਾਂ ਕਾਰਨ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚੋਂ ਲੰਘ ਕੇ ਹਵੇਲੀ ਜਾਣਾ ਪੈਂਦਾ ਹੈ। ਹਵੇਲੀ ਦੇ ਮੁੱਖ ਦਰਵਾਜ਼ੇ ਤੋਂ 200-300 ਮੀਟਰ ਦੂਰ ਹੀ ਖਾਲਸਾ ਰਾਜ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਦਾ ਜਨਮ ਸਥਾਨ ਹੈ। ਦੋਵਾਂ ਸਥਾਨਾਂ ਵਿਚਕਾਰ ਮੀਟ ਮਾਰਕਿਟ ਪੈਂਦੀ ਹੈ ਜਿੱਥੇ ਬਦਬੂਦਾਰ ਇਲਾਕੇ ਵਿੱਚੋਂ ਲੰਘਣਾ ਪੈਂਦਾ ਹੈ।
ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਦੇਖਣ ਲਈ ਅਸੀਂ ਪਿਛਲੇ ਦਰਵਾਜ਼ੇ ਤੋਂ ਦਾਖਲਾ ਪਾਇਆ ਕਿਉਂਕਿ ਸਾਲ 2022 ਵਿੱਚ ਹਵੇਲੀ ਦੀ ਛੱਤ ਡਿੱਗਣ ਕਾਰਨ ਉਸ ਦੀ ਮੁਰੰਮਤ ਤੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਸੀ। ਹਵੇਲੀ ਦੀ ਹਾਲਤ ਮੌਜੂਦਾ ਸਮੇਂ ਭਾਵੇਂ ਤਰਸਯੋਗ ਹੈ, ਪਰ ਉੱਥੇ ਜੰਗੀ ਪੱਧਰ ਉੱਤੇ ਚੱਲ ਰਹੇ ਕੰਮ ਨੂੰ ਦੇਖ ਕੇ ਥੋੜ੍ਹੀ ਤਸੱਲੀ ਵੀ ਹੋਈ। ਹਵੇਲੀ ਨੂੰ ਪਹਿਲੀ ਨਜ਼ਰੇ ਦੇਖਦਿਆਂ ਮੁਗ਼ਲ ਕਾਲ ਵਿੱਚ ਬਣੀਆਂ ਇਮਾਰਤਾਂ ਦਾ ਝਲਕਾਰਾ ਪੈਂਦਾ ਹੈ। ਪੁਰਾਣੀ ਲਾਹੌਰੀ (ਨਿੱਕੀ) ਇੱਟ ਨਾਲ ਬਣੀ ਹਵੇਲੀ ਦੇ ਕਮਰਿਆਂ ਦੀਆਂ ਛੱਤਾਂ ਬਾਲਿਆਂ ਤੇ ਟਾਈਲਾਂ ਦੀਆਂ ਬਣੀਆਂ ਹਨ। ਹਵੇਲੀ ਆਇਤਾਕਾਰ ਹੈ। ਪਿਛਲੇ ਦਰਵਾਜ਼ਿਓਂ ਅੰਦਰ ਵੜਦਿਆਂ ਖੱਬੇ ਹੱਥ ਇੱਕ ਕਮਰੇ ਦੇ ਦਰਵਾਜ਼ੇ ਉੱਪਰ ਪੱਥਰ ਲੱਗਿਆ ਹੈ ਜਿੱਥੋਂ ਪਤਾ ਲੱਗਦਾ ਹੈ ਕਿ ਇਸ ਕਮਰੇ ’ਚ ਮਹਾਰਾਜੇ ਦਾ ਜਨਮ ਹੋਇਆ। ਹਵੇਲੀ ਵਿੱਚ ਲੱਕੜ ਦਾ ਬਹੁਤ ਖ਼ੂਬਸੂਰਤ ਕੰਮ ਹੋਇਆ ਹੈ। ਹਵੇਲੀ ਦੀ ਛੱਤ ਉੱਤੇ ਜਾਣ ਲਈ ਵਰਾਂਡੇ ਵਿੱਚੋਂ ਹੀ ਪੌੜੀਆਂ ਬਣੀਆਂ ਹਨ। ਹਵੇਲੀ ਅੰਦਰ ਵੱਡੇ ਕਮਰਿਆਂ ਦੇ ਨਾਲ ਲੰਮੇ ਵਰਾਂਡੇ ਵੀ ਹਨ। ਵਰਾਂਡੇ ਡਿਜ਼ਾਈਨਦਾਰ ਦਰਵਾਜ਼ਿਆਂ ਨਾਲ ਘਿਰੇ ਹਨ। ਹਵੇਲੀ ਅੰਦਰ ਪੁਰਾਣੇ ਦਰੱਖਤ ਵੀ ਮੌਜੂਦ ਹਨ। ਰਣਜੀਤ ਸਿੰਘ ਦੇ ਪਰਿਵਾਰ ਦੀ ਰਿਹਾਇਸ਼ ਸਮੇਂ ਇਸ ਦੀਆਂ ਤਿੰਨ ਮੰਜ਼ਿਲਾਂ ਸਨ। ਇੱਕ ਰਿਹਾਇਸ਼ੀ ਖੇਤਰ ਮਰਦਾਂ ਲਈ ਤੇ ਇੱਕ ਔਰਤਾਂ ਲਈ ਸੀ। ਹਵੇਲੀ ਵਿੱਚ ਇੱਕ ਖੁੱਲ੍ਹੀ ਥਾਂ ਸ. ਮਹਾਂ ਸਿੰਘ ਲੋਕਾਂ ਨੂੰ ਮਿਲਦੇ ਸਨ। ਹਵੇਲੀ ਦੇ ਇੱਕ ਹਿੱਸੇ ਉੱਪਰ ਜਿੱਥੇ ਕਬਜ਼ਾ ਹੋਇਆ ਉਹ ਹੁਣ ਪਿਛਲਾ ਦਰਵਾਜ਼ਾ ਹੈ। ਇਹ ਕਿਸੇ ਵੇਲੇ ਮੁੱਖ ਦਰਵਾਜ਼ਾ ਸੀ ਜਿਸ ਦੇ ਸਾਹਮਣੇ ਖੁੱਲ੍ਹਾ ਮੈਦਾਨ ਸੀ। ਹਵੇਲੀ ਰਿਹਾਇਸ਼ਗਾਹ ਸੀ। ਇਸ ਦੇ ਕੋਲ ਬਾਰਾਂਦਰੀ ਵਿੱਚ ਰਣਜੀਤ ਸਿੰਘ ਲੋਕਾਂ ਨੂੰ ਮਿਲਦੇ ਸਨ।
ਸਾਲ 2012 ਵਿੱਚ ਹਵੇਲੀ ਦੀ ਹੇਠਲੀ ਮੰਜ਼ਿਲ ਵਾਲੇ ਹਿੱਸੇ ਵਿੱਚ ਸਬਜ਼ੀ ਵੇਚਣ ਵਾਲੇ ਦੁਕਾਨਾਂ ਲਗਾਉਂਦੇ ਸਨ। ਇੱਥੇ ਦੋ ਪਹੀਆ ਵਾਹਨਾਂ ਦੀ ਪਾਰਕਿੰਗ ਵੀ ਬਣਾਈ ਹੋਈ ਸੀ ਜਿਸ ਨਾਲ ਪੁਰਾਤਨ ਪੌੜੀਆਂ ਖ਼ਰਾਬ ਹੋਈਆਂ। ਸਾਲ 2022 ਵਿੱਚ ਇਸ ਦੀ ਛੱਤ ਡਿੱਗਣ ਵੇਲੇ ਆਖਿਆ ਗਿਆ ਕਿ ਇਹ ਸਰਕਾਰਾਂ ਦੀ ਅਣਗਹਿਲੀ ਦਾ ਸ਼ਿਕਾਰ ਹੋਈ ਹੈ, ਹਾਲਾਂਕਿ ਪਾਕਿਸਤਾਨ ਦੇ ਪੁਰਾਤੱਤਵ ਵਿਭਾਗ ਵੱਲੋਂ ਇਸ ਨੂੰ ਸੁਰੱਖਿਅਤ ਵਿਰਾਸਤੀ ਇਮਾਰਤ ਐਲਾਨਿਆ ਗਿਆ ਹੈ। ਹਵੇਲੀ ਲਈ ਜਾਰੀ ਫੰਡਾਂ ਦੇ ਅਣਵਰਤੇ ਰਹਿਣ ਦੀਆਂ ਵੀ ਗੱਲਾਂ ਸਾਹਮਣੇ ਆਈਆਂ। ਹੁਣ ਇਸ ਹਵੇਲੀ ਦੀ ਮੁਰੰਮਤ ਦਾ ਜ਼ਿੰਮਾ ਲਾਹੌਰ ਦੀ ਵਾਲਡ ਸਿਟੀ ਅਥਾਰਿਟੀ ਨੂੰ ਸੌਂਪਿਆ ਗਿਆ ਹੈ ਜੋ ਇਤਿਹਾਸਕ ਇਮਾਰਤਾਂ ਦੀ ਪੁਰਾਤਨ ਦਿੱਖ ਨੂੰ ਕਾਇਮ ਰੱਖਦੀ ਹੋਈ ਇਸ ਦੀ ਮੁਰੰਮਤ ਕਰਦੇ ਹਨ। ਲਹਿੰਦੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਮਾਹਿਰ ਕਾਰੀਗਰ ਕਾਰੀਗਰ ਨਵੀਆਂ ਇੱਟਾਂ ਨੂੰ ਤਰਾਸ਼ ਕੇ ਪੁਰਾਣੀ ਇੱਟ ਦਾ ਰੂਪ ਦੇ ਕੇ ਹਵੇਲੀ ਦੀ ਮੁਰੰਮਤ ਕਰ ਰਹੇ ਹਨ।
ਇਹ ਹਵੇਲੀ ਦੁਨੀਆ ਭਰ ਵਿੱਚ ਰਹਿੰਦੇ ਸਿੱਖਾਂ ਲਈ ਬਹੁਤ ਮਹੱਤਵ ਰੱਖਦੀ ਹੈ। ਦਰਅਸਲ, ਇਸ ਹਵੇਲੀ ਦੀ ਚਮਕ ਦੇਸ਼ ਦੀ ਵੰਡ ਦੌਰਾਨ ਗੁਆਚਣੀ ਸ਼ੁਰੂ ਹੋ ਗਈ ਸੀ ਜਦੋਂ ਇਸ ਨੂੰ ਭਾਰਤ ਵਾਲੇ ਪਾਸਿਓਂ ਉੱਜੜ ਕੇ ਆਏ ਮੁਸਲਮਾਨਾਂ ਦੀ ਪਨਾਹਗਾਹ ਵਜੋਂ ਵਰਤਿਆ ਜਾਂਦਾ ਸੀ। ਹਵੇਲੀ ਦਾ ਹੇਠਲਾ ਹਿੱਸਾ ਦੇਸ਼ ਵੰਡ ਮਗਰੋਂ ਲੰਮਾ ਸਮਾਂ ਪੁਲੀਸ ਸਟੇਸ਼ਨ ਵਜੋਂ ਵੀ ਵਰਤਿਆ ਜਾਂਦਾ ਰਿਹਾ। 2006 ਤੱਕ ਇੱਥੇ ਚੌਕੀ ਚਲਦੀ ਰਹੀ। ਫਿਰ ਇਸ ਨੂੰ ਪੁਰਾਤੱਤਵ ਅਤੇ ਅਜਾਇਬਘਰ ਵਿਭਾਗ ਨੂੰ ਸੌਂਪ ਦਿੱਤਾ ਗਿਆ। ਲੋਕਾਂ ਦੇ ਦੱਸਣ ਮੁਤਾਬਿਕ ਹਵੇਲੀ ਦਾ ਸਰਪ੍ਰਸਤ ਆਫ਼ਤਾਬ ਬਾਬਰ ਭੱਟੀ ਨਾਂ ਦਾ ਬਜ਼ੁਰਗ ਹੈ। ਸਾਲ 2012 ਵਿੱਚ ਸਥਾਨਕ ਭੂ-ਮਾਫੀਆ ਨੇ ਹਵੇਲੀ ਵਾਲੀ ਥਾਂ ’ਤੇ ਸ਼ਾਪਿੰਗ ਪਲਾਜ਼ਾ ਬਣਾਉਣ ਲਈ ਇਤਿਹਾਸਕ ਢਾਂਚੇ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਸੀ ਜੋ ਸਿੱਖ ਭਾਈਚਾਰੇ ਦੇ ਸਖ਼ਤ ਵਿਰੋਧ ਕਾਰਨ ਅਸਫਲ ਰਹੀ। ਆਫ਼ਤਾਬ ਬਾਬਰ ਕੋਲ ਸਿਰਫ਼ ਹਵੇਲੀ ਦੀਆਂ ਚਾਬੀਆਂ ਹਨ ਜੋ ਉਸ ਨੂੰ ਪੁਰਾਤੱਤਵ ਵਿਭਾਗ ਦੇ ਕਾਨੂੰਨੀ ਵਿਅਕਤੀ ਦੁਆਰਾ ਸੌਂਪੀਆਂ ਗਈਆਂ ਸਨ ਕਿਉਂਕਿ ਉਹ ਇੱਕ ਗੁਆਂਢੀ ਹੈ। ਆਫ਼ਤਾਬ ਦਾ ਪਰਿਵਾਰ ਇੱਥੇ ਦੋ ਸਦੀਆਂ ਤੋਂ ਰਹਿ ਰਿਹਾ ਹੈ ਅਤੇ ਉਸ ਦੇ ਪਰਿਵਾਰ ਦਾ ਹਵੇਲੀ ਨਾਲ ਡੂੰਘਾ ਰਿਸ਼ਤਾ ਹੈ।
ਹਵੇਲੀ ਵਿੱਚ ਪੁਰਾਤੱਤਵ ਵਿਭਾਗ ਦਾ ਕੋਈ ਢੁੱਕਵਾਂ ਸਟਾਫ਼ ਜਾਂ ਦਫ਼ਤਰ ਨਹੀਂ ਹੈ, ਇਸ ਲਈ ਔਕਾਫ਼ ਬੋਰਡ ਨੇ ਆਫ਼ਤਾਬ ਨੂੰ ਹਵੇਲੀ ਦੀ ਸਾਫ਼-ਸਫ਼ਾਈ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਹੈ। ਉਹ ਪਿਛਲੇ 25 ਸਾਲਾਂ ਤੋਂ ਹਵੇਲੀ ਆਉਣ ਵਾਲੇ ਸੈਲਾਨੀਆਂ ਦੀ ਮਦਦ ਕਰਦਾ ਆ ਰਿਹਾ ਹੈ। ਉਸ ਦੇ ਦੱਸਣ ਅਨੁਸਾਰ ਕਈ ਸਾਲਾਂ ਤੋਂ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਘਟ ਗਈ ਹੈ। ਸੈਲਾਨੀ ਤੰਗ ਗਲੀਆਂ ਵਿੱਚੋਂ ਲੰਘ ਕੇ ਪੁੱਛਦੇ-ਪੁਛਾਉਂਦੇ ਹਵੇਲੀ ਵਿੱਚ ਪਹੁੰਚਦੇ ਹਨ ਤਾਂ ਇੱਕ ਵਾਰ ਨਿਰਾਸ਼ ਹੁੰਦੇ ਹਨ। ਉਨ੍ਹਾਂ ਲਈ ਤਸੱਲੀ ਦੀ ਗੱਲ ਇੱਕੋ ਹੈ ਕਿ ਹਵੇਲੀ ਦੇ ਪੁਰਾਤਨ ਰੂਪ ਦੇ ਦਰਸ਼ਨ ਹੁੰਦੇ ਹਨ ਅਤੇ ਹੁਣ ਹਵੇਲੀ ਦੀ ਮੁਰੰਮਤ ਦਾ ਕੰਮ ਹੋ ਰਿਹਾ ਹੈ। ਇੱਥੇ ਆਉਣ ਵਾਲੇ ਸੈਲਾਨੀ ਇੱਟਾਂ ਢੋਅ ਕੇ ਕੰਮ ਵਿੱਚ ਆਪਣਾ ਯੋਗਦਾਨ ਵੀ ਪਾਉਂਦੇ ਹਨ।
ਇਸ ਮਗਰੋਂ ਅਸੀਂ ਹਰੀ ਸਿੰਘ ਨਲੂਆ ਦੀ ਹਵੇਲੀ ਗਏ ਜਿੱਥੇ ਇਸ ਮਹਾਨ ਸਿੱਖ ਜਰਨੈਲ ਦਾ ਜਨਮ 1791 ’ਚ ਹੋਇਆ ਸੀ। ਇੱਥੇ ਨਿਸ਼ਾਨੀ ਵਜੋਂ ਸਿਰਫ਼ ਇੱਕ ਪੱਥਰ ਰੱਖਿਆ ਹੈ ਜਿਸ ਉੱਪਰ ਲਿਖਿਆ ਹੈ ਕਿ ‘ਸਿਰਦਾਰ ਹਰੀ ਸਿੰਘ ਨਲੂਆ ਦੀ ਰਿਹਾਇਸ਼ 1791-1837’। ਇੱਕ ਦਰਵਾਜ਼ੇ ਦੀ ਚੌਗਾਠ ਉੱਪਰ ਕਾਰੀਗਰਾਂ ਵੱਲੋਂ ਹਰੀ ਸਿੰਘ ਨਲੂਆ ਦੀ ਤਸਵੀਰ ਖੁਣੀ ਹੋਈ ਹੈ। ਇੱਥੇ ਹੁਣ ਨਬੀਨਾ ਮਸਜਿਦ ਹੈ। ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਦੇਖਣ ਵਾਲਿਆਂ ਨੂੰ ਹਰੀ ਸਿੰਘ ਨਲੂਆ ਦੀ ਰਿਹਾਇਸ਼ ਦੇਖਣ ਦੀ ਵੀ ਉਤਸੁਕਤਾ ਹੁੰਦੀ ਹੈ, ਪਰ ਅੰਦਰੂਨ ਸ਼ਹਿਰ ਵਿੱਚ ਬਹੁਤ ਘੱਟ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਹੈ।
ਪੰਜਾਬ ਦਾ ਸਭ ਤੋਂ ਪੁਰਾਣਾ ਖੇਤੀਬਾੜੀ ਸਕੂਲ ਮਹਾਰਾਜਾ ਰਣਜੀਤ ਸਿੰਘ ਨੇ ਗੁੱਜਰਾਂਵਾਲਾਂ ਵਿਖੇ 25 ਏਕੜ ਵਿੱਚ ਬਣਾਇਆ ਸੀ। ਅੱਜਕੱਲ੍ਹ ਉੱਥੇ ਸਰਕਾਰੀ ਸਕੂਲ ਹੈ। ਗੁੱਜਰਾਂਵਾਲਾ ਲਹਿੰਦੇ ਪੰਜਾਬ ਵਿੱਚ ਵਸੋਂ ਪੱਖੋਂ ਚੌਥਾ ਵੱਡਾ ਸ਼ਹਿਰ ਹੈ। ਇਹ ਪਾਕਿਸਤਾਨ ਦਾ ਤੀਜਾ ਵੱਡਾ ਉਦਯੋਗਿਕ ਸ਼ਹਿਰ ਹੈ। ਇਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਨਾਲ ਸੜਕ ਤੇ ਰੇਲ ਰਾਹੀਂ ਸਿੱਧਾ ਜੁੜਿਆ ਹੋਇਆ ਹੈ ਜਦੋਂਕਿ ਹਵਾਈ ਮਾਰਗ ਰਾਹੀਂ ਇਸ ਨੂੰ ਨੇੜੇ ਲਾਹੌਰ ਦਾ ਅਲਾਮਾ ਇਕਬਾਲ ਕੌਮਾਂਤਰੀ ਹਵਾਈ ਅੱਡਾ ਪੈਂਦਾ ਹੈ। ਅਧਿਆਤਮਕ ਗੁਰੂ ਹਰਭਜਨ ਸਿੰਘ ਯੋਗੀ, ਪ੍ਰਸਿੱਧ ਲੇਖਿਕਾ ਅੰਮ੍ਰਿਤਾ ਪ੍ਰੀਤਮ, ਭਾਰਤੀ ਹਾਕੀ ਦੇ ਸਾਬਕਾ ਕਪਤਾਨ ਹਰਮੀਕ ਸਿੰਘ ਅਤੇ ਅਭਿਨੇਤਾ ਗੋਵਿੰਦਾ ਦੇ ਪਿਤਾ ਅਰੁਣ ਕੁਮਾਰ ਆਹੂਜਾ ਦਾ ਜਨਮ ਸਥਾਨ ਵੀ ਗੁੱਜਰਾਂਵਾਲਾ ਹੈ। ਸੰਤਾਲੀ ਦੀ ਵੰਡ ਤੋਂ ਬਾਅਦ ਪਟਿਆਲਾ, ਲੁਧਿਆਣਾ ਅਤੇ ਅੰਮ੍ਰਿਤਸਰ ਤੋਂ ਉੱਜੜ ਕੇ ਗਏ ਬਹੁਤੇ ਮੁਸਲਮਾਨ ਪਰਿਵਾਰ ਗੁੱਜਰਾਂਵਾਲਾ ਵਿੱਚ ਹੀ ਜਾ ਵਸੇ। ਲੁਧਿਆਣਾ ਦਾ ਜੀ.ਜੀ.ਐੱਨ. ਖਾਲਸਾ ਕਾਲਜ ਮੂਲ ਰੂਪ ਵਿੱਚ ਗੁੱਜਰਾਂਵਾਲਾ ਵਿਖੇ 1917 ਵਿੱਚ ਗੁਰੂ ਨਾਨਕ ਖਾਲਸਾ ਕਾਲਜ ਦੇ ਨਾਂ ’ਤੇ ਸ਼ੁਰੂ ਹੋਇਆ ਸੀ ਜੋ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ 1953 ਵਿੱਚ ਲੁਧਿਆਣਾ ਵਿਖੇ ਮੁੜ ਜੀ.ਜੀ.ਐਨ. (ਗੁੱਜਰਾਂਵਾਲਾ ਗੁਰੂ ਨਾਨਕ) ਖਾਲਸਾ ਕਾਲਜ ਦੇ ਨਾਂ ਨਾਲ ਸਥਾਪਤ ਹੋਇਆ।
ਸੰਪਰਕ: 97800-36216