ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਤੀਕਰਮ

09:32 PM Mar 12, 2025 IST
featuredImage featuredImage

ਲਾਹੌਰ ਵਾਲਾ ਟੈਸਟ ਮੈਚ

ਐਤਵਾਰ 16 ਫਰਵਰੀ ਦੇ ਅੰਕ ਵਿੱਚ ਰਾਮਚੰਦਰ ਗੁਹਾ ਨੇ ‘ਮੇਲਿਆਂ ਵਿੱਚ ਗੁਆਚੇ ਲਾਹੌਰ’ ਦੀ ਗੱਲ ਕੀਤੀ ਹੈ। ਇਸ ਸੰਦਰਭ ਵਿੱਚ ਦੱਸਣਾ ਬਣਦਾ ਹੈ ਕਿ ਕ੍ਰਿਕਟ ਟੈਸਟ ਮੈਚਾਂ ਦੀ ਲੜੀ ਵਿੱਚ ਪਹਿਲਾ ਮੈਚ 1954 ਵਿੱਚ ਅੰਮ੍ਰਿਤਸਰ ਵਿਖੇ ਹੋਇਆ ਸੀ। ਲਾਹੌਰੀਏ ਤਾਂ ਟੁੱਟ ਕੇ ਪੈ ਗਏ। ਬੱਸਾਂ ਭਰ ਭਰ ਕੇ ਪਾਕਿਸਤਾਨੀ, ਕੁਝ ਮੈਚ ਵੇਖਣ ਪਰ ਬਹੁਤੇ ਫਿਲਮ ‘ਅਨਾਰਕਲੀ’ ਵੇਖਣ, ਰੇਲਵੇ ਸਟੇਸ਼ਨ ਦੇ ਸਾਹਮਣੇ ਵੱਡੇ ਵੱਡੇ ‘ਪੱਗੜ’ ਬੰਨ੍ਹੀ ਉਤਰਦੇ ਵੇਖੇ ਜਾ ਸਕਦੇ ਸਨ। ਕਈਆਂ ਨੇ ਪੂਰਾ ਬੋਸਕੀ ਦਾ ਥਾਨ ਹੀ ਤਹਿਮਤ ਵਜੋਂ ਤੇੜ ਵਲੇਟਿਆ ਹੁੰਦਾ ਸੀ। ਕਾਰਨ ਕੀ? ਅਣਸੀਤੇ ਕੱਪੜੇ ’ਤੇ ਕਸਟਮ ਡਿਊਟੀ ਨਹੀਂ ਸੀ ਲੱਗਦੀ। ਮੈਂ ਉਦੋਂ ਕਾਲਜ ’ਚ ਪੜ੍ਹਦਾ ਸੀ। ਆਪਣੀ ਉਮਰ ਦੇ ਪੰਜ-ਛੇ ਲਾਹੌਰੀਆਂ ਨੂੰ ਆਪਣੇ ਘਰ ਲਿਆਂਦਾ ਅਤੇ ਬੈਠਕ ਵਿੱਚ ਪਰਾਲੀ ਵਿਛਾ ਕੇ ‘ਮੁਹੰਮਦੀ ਬਿਸਤਰਿਆਂ’ ਦਾ ਜੁਗਾੜ ਬਣਾਇਆ ਸੀ। ਮੇਰੇ ਨਾਲ ਮੇਰਾ ਦੋਸਤ ਤਰਲੋਕ ਵੀ ਸੀ। ਉਨ੍ਹਾਂ ਮੁੰਡਿਆਂ ਨੇ ਸਾਫ਼ ਆਖਿਆ ਕਿ ਅਸੀਂ ਕੋਈ ਮੈਚ-ਮੂਚ ਨਹੀਂ ਵੇਖਣਾ, ਅਸੀਂ ਤਾਂ ਫਿਲਮ ਵੇਖਣੀ ਹੈ ਤੇ ਜਾਂ ਅੰਮ੍ਰਿਤਸਰ ਸ਼ਹਿਰ ਵੇਖਣਾ ਹੈ। ਦੋ ਗੁੱਤਾਂ ਕਰੀ ਲੇਡੀ ਸਾਈਕਲ ਚਲਾਉਂਦੀਆਂ ਕੁੜੀਆਂ ਦਿਸਣਾ ਉਨ੍ਹਾਂ ਲਈ ਅਚੰਭਾ ਸੀ। ਅਸੀਂ ਉਨ੍ਹਾਂ ਦੀ ਚੰਗੀ ਆਓ ਭਗਤ ਕੀਤੀ। ਅਗਲੇ ਸਾਲ ਮਈ 1955 ਵਿੱਚ ਕ੍ਰਿਕਟ ਮੈਚ ਲਾਹੌਰ ਵਿੱਚ ਹੋਣਾ ਸੀ ਤਾਂ ਸਾਡਾ ਵੀ ਲਾਹੌਰ ਵੇਖਣ ਦਾ ਸਬੱਬ ਬਣ ਗਿਆ। ਉਨ੍ਹਾਂ ਮੁੰਡਿਆਂ ’ਚੋਂ ਇੱਕ ਦਾ ਵੱਡਾ ਭਰਾ ਭਾਟੀਗੇਟ ਦਾ ਜਾਣਿਆ ਪਛਾਣਿਆ ਨਾਈ ਸੀ। ਸਾਰੇ ਟਾਂਗਿਆਂ ਵਾਲੇ ਉਸ ਨੂੰ ਜਾਣਦੇ ਸਨ। ਲਾਹੌਰੀਆਂ ਨੇ ਬਹੁਤ ਸਾਨੂੰ ਇੱਜ਼ਤ ਮਾਣ ਦਿੱਤਾ। ਅਸੀਂ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਤੋਂ ਕਿਤੇ ਵੱਡਾ ਅਨਾਰਕਲੀ ਬਾਜ਼ਾਰ ਵੇਖਿਆ, ਟਾਂਗੇ ’ਚ ਵੀ ਤੇ ਪੈਦਲ ਵੀ ਗੇੜੇ ਲਾਏ। ਛੋਟੇ ਮੁੰਡਿਆਂ ਨੇ ਕਦੇ ਪੱਗ ਵਾਲੇ, ਪੰਜਾਬੀ ਬੋਲਦੇ ‘ਭਾਈ’ ਨਹੀਂ ਸੀ ਵੇਖੇ। ਕਈ ਤਾਂ ਸਾਡੇ ਮਗਰ ਮਗਰ ਆਉਂਦੇ ਰਹੇ। ਉਦੋਂ ਰਾਵੀ ਪੂਰਾ ਦਰਿਆ ਸੀ। ਸਾਨੂੰ ਕਿਤੇ ਕੋਈ ਖ਼ਰਚ ਨਹੀਂ ਸੀ ਕਰਨਾ ਪਿਆ। ਸੰਨ 1958 ਵਿੱਚ ਅਚਾਨਕ ਸਭ ਕੁਝ ਬਦਲ ਗਿਆ। ਵੀਜ਼ੇ ਅਤੇ ਪਾਸਪੋਰਟਾਂ ਦਾ ਯੁੱਗ ਆ ਗਿਆ।
ਪ੍ਰੋ. ਮੋਹਣ ਸਿੰਘ, ਅੰਮ੍ਰਿਤਸਰ

Advertisement

ਕੋਝੇ ਦ੍ਰਿਸ਼ ਦੀ ਸਮਝ

ਐਤਵਾਰ 23 ਫਰਵਰੀ ਦਾ ਲੇਖ ‘ਮੌਤ ਦੇ ਰਾਹ ਉੱਤੇ ਸੁਫ਼ਨਿਆਂ ਦੀ ਤਾਬੀਰ’ ਪੜ੍ਹ ਕੇ ਗ਼ੈਰ-ਕਾਨੂੰਨੀ ਪਰਵਾਸ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਨ ਦਾ ਕੋਝਾ ਦ੍ਰਿਸ਼ ਸਮਝ ਵਿੱਚ ਆਉਂਦਾ ਹੈ। ਮੇਰੇ ਮਨ ਵਿੱਚ ਵੀ ਪੇਂਡੂ ਕਿਰਸਾਨੀ ਤੇ ਪੰਜਾਬੀਅਤ ਦਾ ਜਜ਼ਬਾ ਹੋਣ ਕਾਰਨ ਕੁਝ ਸਵਾਲ ਉੱਠੇ ਹਨ ਜਿਹੜੇ ਸਾਂਝੇ ਕਰਨਾ ਚਾਹੁੰਦਾ ਹਾਂ।
ਪੰਜਾਬੀਆਂ ਵਿੱਚ ਵਿਦੇਸ਼ ਜਾਣ ਲਈ ਕਈ ਤਰੀਕਿਆਂ ਜਿਵੇਂ ਕੰਮ ਦਾ ਪਰਮਿਟ, ਪੜ੍ਹਾਈ, ਵਿਆਹ ਦਾ ਆਧਾਰ ਜਾਂ ਡੰਕੀ ਰੂਟ ਰਾਹੀਂ ਲੋੜ ਤੋਂ ਜ਼ਿਆਦਾ ਹੀ ਵੱਧ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਇਸ ਦਾ ਆਧਾਰ ਇਉਂ ਲੱਗਦਾ ਹੈ:
ਮਾਨਸਿਕਤਾ ਵਿੱਚ ਤਬਦੀਲੀ: ਥੋੜ੍ਹੇ ਸਮੇਂ ਵਿੱਚ ਅਮੀਰ ਹੋਣ ਦੀ ਲਾਲਸਾ ਭਾਵੇਂ ਉਹ ਤਰੀਕਾ ਸਹੀ ਨਾ ਵੀ ਹੋਵੇ।
ਜੀਵਨ ਸ਼ੈਲੀ ਵਿੱਚ ਬਦਲਾਅ: ਪੰਜਾਬੀ ਕਹਾਵਤ ਹੈ, ਚਾਦਰ ਦੇਖ ਕੇ ਪੈਰ ਪਸਾਰਨਾ। ਇਸ ਨੂੰ ਭੁੱਲ ਕੇ ਅਸੀਂ ਵਿੱਤੋਂ ਵੱਧ ਖ਼ਰਚ ਕੇ ਜਿਊਣ ਦਾ ਆਨੰਦ ਲੈਣਾ ਚਾਹੁੰਦੇ ਹਾਂ ਭਾਵੇਂ ਬਰਬਾਦ ਹੋ ਜਾਈਏ।
ਸਰਕਾਰੀ ਨੌਕਰੀਆਂ ਸੀਮਤ ਹਨ। ਦੂੁਜੇ ਸੂਬਿਆਂ ਤੋਂ ਆਏ ਲੋਕ ਪੰਜਾਬ ਨੂੰ ਕੈਨੇਡਾ ਸਮਝ ਰਹੇ ਹਨ ਅਤੇ ਅਸੀਂ ਆਪਣੇ ਪੰਜਾਬ ਨੂੰ ਭੁਲਾ ਰਹੇ ਹਾਂ।ਵਿਦੇਸ਼ੀ ਮੁਲਕਾਂ ਨੂੰ ਆਪਣੇ ਦੇਸ ਪੰਜਾਬ ਨਾਲੋਂ ਵਧੀਆ ਗਿਣਦੇ ਹਾਂ ਜਿਸ ਦਾ ਹੁਣ ਭਾਂਡਾ ਫੁੱਟ ਚੁੱਕਾ ਹੈ। ਮੈਂ ਕੁਝ ਉਦਾਹਰਣਾਂ ਦੇਣਾ ਚਾਹੁੰਦਾ ਹਾਂ:
ਚੰਡੀਗੜ੍ਹ ਵਿੱਚ ਯੂਪੀ ਤੋਂ ਆਇਆ ਵਿਅਕਤੀ ਟੈਕਸੀ ਡਰਾਈਵਰ ਬਣ ਕੇ ਪਿਛਲੇ ਦਸ ਸਾਲਾਂ ਤੋਂ ਕਮਾਈ ਕਰ ਰਿਹਾ ਹੈ। ਉਸ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਹੈ। ਉਸ ਨੇ ਦੱਸਿਆ ਕਿ ਉਹ 45,000 ਰੁਪਏ ਪ੍ਰਤੀ ਮਹੀਨਾ ਕਮਾ ਲੈਂਦਾ ਹੈ ਅਤੇ ਸੰਤੁਸ਼ਟ ਹੈ। ਇਸ ਦੇ ਬਿਲਕੁਲ ਉਲਟ ਮੇਰੇ ਦੂਰ ਦੇ ਰਿਸ਼ਤੇਦਾਰ ਦਾ ਇੱਕ ਲੜਕਾ ਹੈ ਜਿਸ ਨੇ ਉਸ ਲਈ ਕਿਸੇ ਨੌਕਰੀ ਦੀ ਗੱਲ ਕੀਤੀ। ਉਸ ਦੀ ਵਿੱਦਿਅਕ ਯੋਗਤਾ ਬਾਰ੍ਹਵੀਂ ਪਾਸ ਸੀ। ਮੈਂ ਸੋਚਿਆ ਕਿ ਇਹ ਏਨੀ ਕੁ ਯੋਗਤਾ ਨਾਲ ਕਿਹੜੀ ਨੌਕਰੀ ਦੀ ਆਸ ਲਾਈ ਬੈਠਾ ਹੈ। ਜਦੋਂ ਉਸ ਕੋਲ ਦਸ ਏਕੜ ਜ਼ਮੀਨ ਦਾ ਪਤਾ ਲੱਗਿਆ ਤਾਂ ਮੈਂ ਸੋਚ ਵਿੱਚ ਪੈ ਗਿਆ ਕਿ ਏਨੀ ਜ਼ਮੀਨ ਦਾ ਮਾਲਕ ਬੇਰੁਜ਼ਗਾਰ ਕਿਵੇਂ ਹੋ ਸਕਦਾ ਹੈ। ਇੱਕ ਹੋਰ ਕੇਸ ਵਿੱਚ ਇੱਕ ਦੁਕਾਨਦਾਰ ਕੋਲ ਇੱਕ ਕਿਸਾਨ ਬੈਠਾ ਸੀ ਜਿਸ ਨੂੰ ਮੈਂ ਨਹੀਂ ਜਾਣਦਾ ਸੀ। ਉਹ ਕਹਿ ਰਿਹਾ ਹੈ ਕਿ ਉਸ ਨੂੰ ਜ਼ਮੀਨ ਤੋਂ 20 ਲੱਖ ਰੁਪਏ ਦਾ ਕਿਰਾਇਆ ਮਿਲਦਾ ਹੈ। ਉਹ ਅਤੇ ਉਸ ਦੇ ਦੋਵੇਂ ਪੁੱਤਰ ਵਿਹਲੇ ਹਨ। ਦੁਕਾਨਦਾਰ ਦੀ ਟਿੱਪਣੀ ਸੀ, ‘‘ਸਰਦਾਰ ਸਾਹਿਬ, ਚੰਗਾ ਹੋਵੇ ਜੇ ਤੁਹਾਡੇ ਪੁੱਤਰ ਇਸ ਜ਼ਮੀਨ ਵਿੱਚ ਖ਼ੁਦ ਖੇਤੀ ਕਰ ਲੈਣ ਅਤੇ ਰੁੱਝੇ ਰਹਿਣ।’’
ਗੱਲ ਕੀ ਜੋ ਸਾਡੇ ਕੋਲ ਹੈ ਉਸ ਨੂੰ ਅਸੀਂ ਊਣਾ ਸਮਝ ਕੇ ਦਰਕਿਨਾਰ ਕਰ ਰਹੇ ਹਾਂ ਅਤੇ ਦੂਜੇ ਦੀ ਥਾਲੀ ਵਿੱਚ ਲੱਡੂ ਵੱਡਾ ਮੰਨ ਰਹੇ ਹਾਂ। ਮੌਜੂਦਾ ਦ੍ਰਿਸ਼ ਵਿੱਚ ਹੁਣ ਸਾਨੂੰ ਇਨ੍ਹਾਂ ਨੁਕਤਿਆਂ ਤੋਂ ਸੋਚਣਾ ਪਵੇਗਾ ਮਤੇ ਡੰਕੀ ਰੂਟ ਅਪਣਾ ਕੇ ਮਨ ਦੀ ਮੌਜ ਹੀ ਨਾ ਗੁਆ ਬੈਠੀਏ।
ਬਿੱਕਰ ਸਿੰਘ ਮਾਨ, ਬਠਿੰਡਾ

Advertisement
Advertisement