ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਵਿਤਾਵਾਂ

04:04 AM Mar 13, 2025 IST
featuredImage featuredImage

ਗ਼ਜ਼ਲ

ਜਗਤਾਰ ਪੱਖੋ
ਦਿਲ ਨੂੰ ਹੋਲੀ ਵਰਗਾ ਮੰਜ਼ਰ ਮਿਲ ਜਾਵੇ।
ਰੰਗਾਂ ਦੇ ਨਾਲ ਭਰਿਆ ਚੇਤਰ ਮਿਲ ਜਾਵੇ।

Advertisement

ਸ਼ਿਅਰਾਂ ਦੀ ਮਾਲਾ ਵਿੱਚ ਮੇਰੂ ਵਾਂਗ ਜੜਾਂ
ਜੇਕਰ ਤੇਰੇ ਵਰਗਾ ਅੱਖਰ ਮਿਲ ਜਾਵੇ।

ਰੀਝਾਂ ਚਾਵਾਂ ਤਾਈਂ ਉਸ ਵਿੱਚ ਬੀਜ ਦਿਆਂ,
ਦਿਲ ਦੀ ਭੂਮੀ ਜੇਕਰ ਵੱਤਰ ਮਿਲ ਜਾਵੇ।

Advertisement

ਮੈਂ ਵੇਦਨ ਤੋਂ ਯਾਰ ਸੁਰਖ਼ਰੂ ਹੋ ਜਾਵਾਂ,
ਦਫ਼ਨ ਖਿਆਲਾਂ ਦਾ ਜੇ ਉੱਤਰ ਮਿਲ ਜਾਵੇ।

ਟੁੱਟੇ ਪੱਤੇ ਵਾਂਗੂੰ ਫਿਰ ਮਹਿਸੂਸ ਕਰਾਂ,
ਖ਼ਾਬਾਂ ਵਾਲਾ ਜਦ ਸਿੱਲ ਪੱਥਰ ਮਿਲ ਜਾਵੇ।

ਰੌਸ਼ਨ ਹੋ ਜਾਏ ਦਿਲ ਮੇਰੇ ਦੀ ਹਰ ਕੁੰਦਰ,
ਮੈਨੂੰ ਮੇਰਾ ਯਾਰ ਮੁਨੱਵਰ ਮਿਲ ਜਾਵੇ।
ਸੰਪਰਕ: 94651-96946
* * *

ਹੋਲਾ ਮਹੱਲਾ

ਮਨਜੀਤ ਸਿੰਘ ਬੱਧਣ
ਖਿੱਚ ਕੇ, ਖਿੱਚ ਕੇ ਕੰਨ ਥਾਈਂ ਇਹ ਚਿਲਾ,
ਛੱਡ ਦੇ, ਛੱਡ ਦੇ ਸਿੰਘਾ ਹੁਣ ਇਸ ਤੀਰ ਨੂੰ।
ਉਸ ਜੌਹਰ-ਏ-ਜੰਗ ਤੋਂ ਪਹਿਲਾਂ-ਪਹਿਲਾਂ,
ਜੰਗੀ ਅਭਿਆਸ ਦੀ ਲੋੜ ਇਸ ਸਰੀਰ ਨੂੰ।

ਬੋਲ ਵਾਹਿਗੁਰੂ ਸਾਧ ਲੈਣਾ ਮਨ ਆਪਣਾ,
ਤੱਕਣਾ ਹੈ ਖਾਲਸੇ ਵਿੱਚ ਉੱਚ ਦੇ ਪੀਰ ਨੂੰ।
ਹੋਲਾ ਮਹੱਲਾ ਅਨੰਦਪੁਰ ਸਾਹਿਬ ਚੱਲੀਏ,
ਜਗਾ ਲਿਆਈਏ ਸੌਂਦੀ ਜਾਂਦੀ ਜ਼ਮੀਰ ਨੂੰ।

ਆਏ ਨੀ ਨਿਹੰਗ, ਖੋਲ੍ਹ ਦੇਵੋ ਬੂਹੇ ਨਿਸੰਗ,
ਝੂਲਦੇ ਨਿਸ਼ਾਨ, ਕੌਣ ਠੱਲੇ ਵਗਦੇ ਨੀਰ ਨੂੰ।
ਘੋੜਿਆਂ ਚੁੱਕੀ ਧੂੜ ਨਾਲੇ ਉੱਡਦਾ ਗੁਲਾਲ,
ਗੱਤਕੇ ਵਿੱਚ ਸ਼ਮਸ਼ੀਰ ਵੱਜ ਰਹੀ ਸ਼ਮਸ਼ੀਰ ਨੂੰ।

ਦਸਤਾਰ ਲਈ ਕਈਆਂ ਸੀਸ ਲਾਹੇ ਤੇ ਲੁਹਾਏ,
ਕਦੇ ਕਰ ਯਾਦ, ਸੀਸ ਉੱਤੇ ਆਰੇ ਦੀ ਚੀਰ ਨੂੰ।
ਗੁਰਾਂ ਸਰਬੰਸ ਹੀ ਵਾਰਿਆ ਅਸਾਂ ਵਾਰਸਾਂ ’ਤੇ
ਸਾਂਭ ਲਈਏ ਸਿੱਖੀ ਦੀ ਅਮੁੱਲ ਜਗੀਰ ਨੂੰ।
* * *

ਨਸ਼ੇ ਦੀ ਹਨੇਰੀ

ਰਵਿੰਦਰ ਸਿੰਘ ਧਨੇਠਾ
ਨਸ਼ੇ ਦੀ ਹਨੇਰੀ ਝੁੱਲ ਨੀਂ ਗਈ
ਬਾਗ਼ ਵਿੱਚੋਂ ਤੋੜ ਫੁੱਲ ਨੀਂ ਗਈ
ਤੂੰ ਤਾਂ ਕਰਨੀ ਸੀ ਰਾਖੀ ਘਰ ਦੀ
ਤੂੰ ਕਿਉਂ ਪੰਜਾਬਣੇਂ ਸੌਂ ਕੇ ਭੁੱਲ ਨੀਂ ਗਈ
ਨਸ਼ੇ ਦੀ ਹਨੇਰੀ ਘਰ ਤੇਰੇ ਝੁੱਲ ਨੀਂ ਗਈ

ਵੇਖ ਕੇ ਹਾਲਾਤ ਰੰਗਲੇ ਪੰਜਾਬ ਦੇ
ਪੰਜ ਦਰਿਆ ਵੀ ਧਾਹਾਂ ਮਾਰਦੇ
ਬਰਛਿਆਂ ਵਰਗੀ ਜਵਾਨੀ ਅੱਜ
ਨਸ਼ਿਆਂ ਦੀ ਤੱਕੜੀ ਤੁੱਲ ਨੀਂ ਗਈ
ਤੂੰ ਕਿਉਂ ਪੰਜਾਬਣੇਂ ਸੁੱਧ-ਬੁੱਧ ਭੁੱਲ ਨੀਂ ਗਈ
ਨਸ਼ੇ ਦੀ ਹਨੇਰੀ ਘਰ ਤੇਰੇ ਝੁੱਲ ਨੀਂ ਗਈ

ਦੁੱਧ-ਮੱਖਣੀ ਨਾਲ ਪਾਲੇ ਸੀ ਜਿਹੜੇ
ਨਸ਼ਿਆਂ ਦੇ ਚੱਕਰਵਿਊ ਵਿੱਚ ਫਸ ਨੀਂ ਗਏ
ਤੀਲ੍ਹਾ-ਤੀਲ੍ਹਾ ਕਰਕੇ ਜੋੜਿਆ ਤੂੰ ਘਰ
ਤੇਰੀ ਖੱਟੀ ਕਮਾਈ ਤਸਕਰ ਲੁੱਟ ਨੀਂ ਗਏ
ਤੂੰ ਕਿਉਂ ਪੰਜਾਬਣੇਂ ਸੌਂ ਕੇ ਭੁੱਲ ਨੀਂ ਗਈ
ਨਸ਼ੇ ਦੀ ਹਨੇਰੀ ਘਰ ਤੇਰੇ ਝੁੱਲ ਨੀਂ ਗਈ

ਉੱਠ ਜਾਗ ਪੰਜਾਬਣੇਂ ਉੱਠ ਜਾਗ ਨੀਂ
ਸਾਂਭ ਲੈ ਮਰਦਾ ਜਾਂਦਾ ਪੰਜਾਬ ਨੀਂ
ਮਾਈ ਭਾਗੋ ਦੀ ਗੁੜ੍ਹਤੀ ਤੈਨੂੰ
ਅੰਮ੍ਰਿਤ ਵੇਲੇ ਪੜ੍ਹ ਚੰਡੀ ਦੀ ਵਾਰ ਨੀਂ
ਪੰਜਾਬ ਛੱਡ ਨੱਸ ਜਾਣ ਨਸ਼ੇ ਦੇ ਵਪਾਰੀ
ਸ਼ੇਰਨੀ ਵਾਂਗੂੰ ਦਹਾੜ ਤੂੰ ਮਾਰ ਨੀਂ
ਉੱਠ ਜਾਗ ਪੰਜਾਬਣੇਂ ਉੱਠ ਜਾਗ ਨੀਂ
ਸਾਂਭ ਲੈ ਤੇਰਾ ਮਰਦਾ ਜਾਂਦਾ ਪੰਜਾਬ ਨੀਂ
* * *

ਗੱਭਰੂ ਪੰਜਾਬ ਦਾ

ਡਾ. ਜਸਪਾਲ ਸਿੰਘ
ਨਦੀਆਂ ਨਾਲ਼ੇ ਪੰਜਾਬ ਦੇ, ਨਸ਼ਿਆਂ ਦੇ ਵਿੱਚ ਹੜ੍ਹਦੇ ਜਾਂਦੇ ਨੇ,
ਦੁੱਧ ਮੱਖਣ ਨਾਲ ਪਾਲ਼ੇ ਗੱਭਰੂ, ਚਿੱਟੇ ਦੇ ਨਾਲ ਝੜਦੇ ਜਾਂਦੇ ਨੇ,
ਮੁਟਿਆਰਾਂ ਦੇ ਚੂੜੇ ਦਾ ਰੰਗ ਨਾ ਰਿਹਾ ਗੁਲਾਬ ਦਾ
ਬਚਾ ਲਉ ਬਚਦਾ ਜੇਕਰ ਗੱਭਰੂ ਪੰਜਾਬ ਦਾ...

ਸੁੱਕਿਆ ਗੁਲਾਬ, ਮੁੜ ਕਦੇ ਖਿੜਨਾ ਨਹੀਂ,
ਗੁਆਚਿਆ ਜਲੌਅ ਸਾਡਾ, ਕਦੇ ਮੁੜਨਾ ਨਹੀਂ,
ਕੋਈ ਬੇਗਾਨਾ ਨਹੀਂ ਸੰਵਾਰੂ ਮੁਖੜਾ, ਵਿਗੜੇ ਸਮਾਜ ਦਾ
ਬਚਾ ਲਉ ਬਚਦਾ ਜੇਕਰ ਗੱਭਰੂ ਪੰਜਾਬ ਦਾ...

ਮਾਵਾਂ ਦੇ ਚਾਅ, ਪਿਓ ਦੀ ਅਣਖ ਮਰਦੀ ਜਾਂਦੀ ਐ,
ਝੂਠ, ਲਾਲਚ ਤੇ ਨਸ਼ੇ ਦੀ ਹਨੇਰੀ ਚੜ੍ਹਦੀ ਜਾਂਦੀ ਹੈ,
ਲੱਗਦਾ ਨੇੜੇ ਆ ਗਿਆ ਵੇਲ਼ਾ ਪੰਜਾਬੀਆਂ ਦੀ ਸ਼ਾਮ ਦਾ
ਬਚਾ ਲਉ ਬਚਦਾ ਜੇਕਰ ਗੱਭਰੂ ਪੰਜਾਬ ਦਾ...

ਕੀ ਸੋਚ ਸਰਾਭੇ ਗਦਰ ਦਾ ਪਰਚਮ ਚੁੱਕਿਆ ਸੀ,
ਕਿਸ ਸੋਚ ’ਤੇ ਭਗਤ ਸਿੰਘ ਫਾਂਸੀ ਦਾ ਰੱਸਾ ਚੁੰਮਿਆ ਸੀ,
ਖੇਰੂੰ-ਖੇਰੂੰ ਕਰਤਾ ਅੱਜ ਊਧਮ ਸਿੰਘ ਦੇ ਖ਼ੁਆਬ ਦਾ
ਬਚਾ ਲਉ ਬਚਦਾ ਜੇਕਰ ਗੱਭਰੂ ਪੰਜਾਬ ਦਾ...

ਜਾਏ ਪੰਜਾਬ ਦੇ ਅੱਜ ਪੰਜਾਬ ਨੂੰ ਛੱਡਦੇ ਜਾਂਦੇ ਨੇ,
ਨਿਆਈਂ ਆਲ਼ੇ ਖੇਤ ਦੀਆਂ ਵੱਟਾਂ, ਹੱਥ ਬੇਗਾਨੇ ਵੱਢਦੇ ਜਾਂਦੇ ਨੇ,
ਕਿਉਂ ਨਹੀਂ ਸੁਣਦਾ ਸਾਨੂੰ ਸ਼ੋਰ, ਚਰਖਿਆਂ ਦੇ ਵਿਰਲਾਪ ਦਾ
ਬਚਾ ਲਉ ਬਚਦਾ ਜੇਕਰ ਗੱਭਰੂ ਪੰਜਾਬ ਦਾ...

ਫੈਸ਼ਨਾਂ ’ਚ ਡੁੱਬੀਆਂ ਅੱਜ, ਵਿਰਸੇ ਦੀਆਂ ਵਾਰਿਸਾਂ
ਵਿਸਾਰ ਦਿੱਤੀ ਪੰਜਾਬੀ ਬੋਲੀ, ਅੱਜ ਵਾਂਗ ਲਾਵਾਰਿਸਾਂ
ਖੇਡਾ ਦਾ ਸ਼ੌਕੀ ਪੱਟਿਆ ਟੀਕੇ ਦੇ ਸੁਆਦ ਦਾ
ਬਚਾ ਲਉ ਬਚਦਾ ਜੇਕਰ ਗੱਭਰੂ ਪੰਜਾਬ ਦਾ...

ਇਹ ਜ਼ਿੰਦਗੀ ਸ਼ੈਅ ਕੀਮਤੀ, ਮੁੜ ਕਦੇ ਮਿਲਣੀ ਨਹੀਂ,
ਨਸ਼ਿਆਂ ਨਾਲ ਮੁਰਝਾਈ ਕਲੀ, ਮੁੜ ਕਦੇ ਖਿੜਣੀ ਨਹੀਂ,
ਕਬੂਲ ਕਰਨਾ ਬੇਨਤੀਨਾਮਾ, ਡਾਕਟਰ ਜਸਪਾਲ ਦਾ
ਬਚਾ ਲਉ ਬਚਦਾ ਜੇਕਰ ਗੱਭਰੂ ਪੰਜਾਬ ਦਾ...
ਸੰਪਰਕ: 94780-11059
* * *

ਪੈਸਾ

ਜਗਜੀਤ ਸਿੰਘ ਲੱਡਾ
ਹੱਥਾਂ ਦੀ ਮੈਲ ਨਹੀਂ, ਬਿਆਈਆਂ ਤੇ ਅੱਟਣ ਹੁੰਦਾ ਹੈ ਪੈਸਾ।
‘ਲੱਡੇ’ ਬੱਸ ਵਿਹਲੇ ਖਾਣ ਵਾਲੇ ਹੀ ਬੋਲ ਸਕਦੇ ਨੇ ਐਸਾ।

ਪੁੱਛੋ ਉਨ੍ਹਾਂ ਮਜ਼ਦੂਰਾਂ ਕੋਲੋਂ ਜੋ ਰੋਟੀਆਂ ਬੰਨ੍ਹ ਘਰੋਂ ਤੁਰਦੇ,
ਲੂ ’ਚ ਤਪਣ ਠੰਢ ’ਚ ਠਰਨ ਦਿਹਾੜੀ ਛੁੱਟਣ ਡਰੋਂ ਝੁਰਦੇ,
ਉਨ੍ਹਾਂ ਦੇ ਘਰਾਂ ਤੇ ਕੱਪੜਿਆਂ ਦਾ ਹਾਲ ਹੁੰਦਾ ਉਨ੍ਹਾਂ ਜੈਸਾ।
ਹੱਥਾਂ ਦੀ ਮੈਲ ਨਹੀਂ, ਬਿਆਈਆਂ ਤੇ ਅੱਟਣ ਹੁੰਦਾ ਹੈ ਪੈਸਾ।

ਜਾ ਕੇ ਦੇਖੋ ਪਥੇਰਾਂ ’ਚ ਕਿਵੇਂ ਢਿੱਡ ਚੱਟ ਦਿੰਦਾ ਏ ਸਾਂਚਾ,
ਜਾਂ ਪੁੱਛੋ ਪੱਲੇਦਾਰਾਂ ਨੂੰ ਕਿ ਕਿਉਂ ਕੁੱਬਾ ਤੁਹਾਡਾ ਢਾਂਚਾ,
ਗਟਰ ਸਾਫ਼ ਕਰਨੇ ਵੀ ਬੰਦੇ ਨੇ ਕਦੋਂ ਚਾਹੁੰਦੇ ਕੰਮ ਵੈਸਾ।
ਹੱਥਾਂ ਦੀ ਮੈਲ ਨਹੀਂ, ਬਿਆਈਆਂ ਤੇ ਅੱਟਣ ਹੁੰਦਾ ਹੈ ਪੈਸਾ।

ਦੇਖੋ ਉਨ੍ਹਾਂ ਨੂੰ ਜਿਹੜੀਆਂ ਦੇ ਗੋਹੇ-ਕੂੜੇ ਘਸਾਏ ਪੋਟੇ,
ਤਾਉਮਰ ਮਾਂ ਕੱਖ ਢੋਏ ਬਾਪ ਸੀਰੀ ਫੇਰ ਵੀ ਕਰਮ ਖੋਟੇ,
ਸਮਝ ਨਾ ਲੱਗੇ ਜੇ ਰੱਬ ਭਲਾ ਕਰੇ ਤਾਂ ਇਹ ਇਨਸਾਫ਼ ਕੈਸਾ।
ਹੱਥਾਂ ਦੀ ਮੈਲ ਨਹੀਂ, ਬਿਆਈਆਂ ਤੇ ਅੱਟਣ ਹੁੰਦਾ ਹੈ ਪੈਸਾ।

ਆਪਣੀ ਐਸ਼ ਲਈ ਚਾਤੁਰ ਲੋਕਾਂ ਨੇ ਇਹ ਵਾਕ ਘੜੇ ਹੋਏ,
ਘੱਟਾ ਢੋਈ ਜਾਣ ਲਭ ਲੋਕ ਇਨ੍ਹਾਂ ਭਰਮਾਂ ’ਚ ਖੋਏ-ਖੋਏ,
ਕਿ ਰੱਬ ਮਿਹਰ ਕਰੂ ਕਦੇ ਤਾਂ ਆਪਣੇ ਕੋਲ ਵੀ ਹੋਊ ਪੈਸਾ।
ਹੱਥਾਂ ਦੀ ਮੈਲ ਨਹੀਂ, ਬਿਆਈਆਂ ਤੇ ਅੱਟਣ ਹੁੰਦਾ ਹੈ ਪੈਸਾ।
ਸੰਪਰਕ: 98555-31045
* * *

ਚੱਜ ਦਾ ਮੀਤ

ਮਹਿੰਦਰ ਸਿੰਘ ਮਾਨ
ਜੇ ਕੋਈ ਚੱਜ ਦਾ ਮੀਤ ਬਣਾ ਲੈਂਦੇ ਤਾਂ ਚੰਗਾ ਸੀ,
ਉਸ ਨੂੰ ਆਪਣਾ ਦੁੱਖ-ਸੁੱਖ ਸੁਣਾ ਲੈਂਦੇ ਤਾਂ ਚੰਗਾ ਸੀ।
ਪੈਸਾ ਆਉਂਦਾ-ਜਾਂਦਾ ਰਹਿੰਦਾ, ਮਾਣ ਨਾ ਇਸ ’ਤੇ ਕਰਨ,
ਧਨਵਾਨਾਂ ਨੂੰ ਇਹ ਗੱਲ ਸਮਝਾ ਲੈਂਦੇ ਤਾਂ ਚੰਗਾ ਸੀ।
ਐਵੇਂ ਸਾਰਾ ਪੈਸਾ ਖਰਚ ਲਿਆ ਬੇਸਮਝੀ ਵਿੱਚ ਹੀ,
ਔਖੇ ਸਮੇਂ ਲਈ ਵੀ ਥੋੜ੍ਹਾ ਬਚਾ ਲੈਂਦੇ ਤਾਂ ਚੰਗਾ ਸੀ।
ਐਵੇਂ ਗ਼ਮ ਆਪਣੇ ਦਿਲ ’ਚ ਉਮਰ ਭਰ ਲੈ ਕੇ ਫਿਰਦੇ ਰਹੇ,
ਆਪਣੇ ਨੈਣਾਂ ਚੋਂ ਨੀਰ ਵਹਾ ਲੈਂਦੇ ਤਾਂ ਚੰਗਾ ਸੀ।
ਕੰਮ ਕਰਕੇ ਬੰਦੇ ਦਾ ਕਿਹੜਾ ਕੁਝ ਘਟਦਾ ਹੈ ਯਾਰੋ,
ਆਪਣੇ ਦਿਲ ਨੂੰ ਇਹ ਗੱਲ ਸਮਝਾ ਲੈਂਦੇ ਤਾਂ ਚੰਗਾ ਸੀ।
ਨੋਟ ਕਮਾਉਣ ਲਈ ਜੋ ਬਦੇਸ਼ਾਂ ਵਿੱਚ ਧੱਕੇ ਖਾਂਦੇ ਨੇ,
ਉਹ ਆਪਣੇ ਦੇਸ਼ ’ਚ ਰੋਟੀ ਖਾ ਲੈਂਦੇ ਤਾਂ ਚੰਗਾ ਸੀ।
ਕੁਰਸੀ ’ਤੇ ਬੈਠਣ ਲਈ ਉਹ ਨਿੱਤ ਲੜਾਉਂਦੇ ਨੇ ਸਾਨੂੰ,
ਨੇਤਾਵਾਂ ਦਾ ਭੇਤ ਅਸੀਂ ਪਾ ਲੈਂਦੇ ਤਾਂ ਚੰਗਾ ਸੀ।
ਸੰਪਰਕ: 99158-03554
* * *

ਗ਼ਜ਼ਲ

ਬਲਵਿੰਦਰ ਬਾਲਮ ਗੁਰਦਾਸਪੁਰ
ਪੜ੍ਹ ਲਿਖ ਕੇ ਵੀ ਅੰਧ-ਵਿਸ਼ਵਾਸੀ ਲੋਕ ਬੜੇ ਨੇ ਤੇਰੇ ਸ਼ਹਿਰ।
ਮੁਕਤੀ ਦੇ ਲਈ ਇੱਕ ਲੱਤ ਉੱਤੇ ਸਾਧ ਖੜ੍ਹੇ ਨੇ ਤੇਰੇ ਸ਼ਹਿਰ।

ਮੱਧ ਵਰਗ ਵਿੱਚ ਨਿਮਨ ਸਤਰ ਤੇ ਬੇਰੁਜ਼ਗਾਰੀ ਹੜਤਾਲਾਂ,
ਮਹਿਲਾਂ ਦੇ ਵਿੱਚ ਹੀਰੇ ਮੋਤੀ ਲਾਲ ਜੜੇ ਨੇ ਤੇਰੇ ਸ਼ਹਿਰ।

ਅਸਲ ਸ਼ਰਾਰਤ ਕਰਕੇ ਦੋਸ਼ੀ ਵਿੱਚ ਅਦਾਲਤ ਬਚ ਨਿਕਲੇ ਨੇ,
ਨਿਰਦੋਸ਼ਾਂ ਦੇ ਉੱਪਰ ਸਾਰੇ ਦੋਸ਼ ਮੜੇ ਨੇ ਤੇਰੇ ਸ਼ਹਿਰ।

ਹਾਕਮ ਦੇ ਪ੍ਰਸ਼ਾਸਨ ਨੂੰ ਫਿਰ ਕਿਉਂ ਤੂੰ ਬਦਲ ਨਹੀਂ ਹੈ ਦਿੰਦਾ,
ਅਪਣੇਂ ਹੱਥੀਂ ਆਪਣਿਆਂ ਦੇ ਘਰ-ਬਾਰ ਸੜੇ ਨੇ ਤੇਰੇ ਸ਼ਹਿਰ।

ਜਾਇਜ਼ ਮੰਗਾਂ ਦੇ ਲਈ ਆਗੂ ਹੋ-ਹੋ ਕੇ ਫਿਰ ਮਜਬੂਰ ਬੜੇ,
ਹੱਕ ਦੀ ਖ਼ਾਤਿਰ ਸੂਲੀ ’ਤੇ ਆਣ ਚੜ੍ਹੇ ਨੇ ਤੇਰੇ ਸ਼ਹਿਰ।

ਵੇਖ ਸਪੇਰੇ ਨਾਲ ਰਲੇ ਨੇ ਬੀਨ ਛੁਪਾ ਕੇ ਬੁੱਕਲ ਦੇ ਵਿੱਚ,
ਵੱਖ-ਵੱਖ ਫਨੀਅਰ ਤੇ ਦੋਮੂੰਹੇਂ ਸੱਪ ਵੜੇ ਨੇ ਤੇਰੇ ਸ਼ਹਿਰ।

ਪੰਛੀਆਂ ਨੇ ਬਸ ਇੱਕ ਏਕੇ ਵਿੱਚ ਜੁਰਅੱਤ ਨਾਲ ਕੰਮ ਏਦਾਂ ਕੀਤਾ,
ਜਾਲ ਵਿਛਾਉਂਦੇ ਹੋਏ ਫਿਰ ਸੱਯਾਦ ਫੜੇ ਨੇ ਤੇਰੇ ਸ਼ਹਿਰ।

ਪਥ ਪ੍ਰਦਰਸ਼ਕ ਜਿਨ੍ਹਾਂ ਬਣਨਾ ਉਨ੍ਹਾਂ ਦਾ ਇਹ ਹਾਲ ਹੈ ਹੋਇਆ,
ਰਹਿਬਰ-ਰਹਿਬਰ ਆਪਸ ਦੇ ਵਿੱਚ ਫੇਰ ਲੜੇ ਨੇ ਤੇਰੇ ਸ਼ਹਿਰ।

ਖ਼ੁਸ਼ਬੂ ਦੀ ਰਖਵਾਲੀ ਕਰਕੇ ਦਿੰਦੇ ਨੇ ਅਪਣੀ ਕੁਰਬਾਨੀ,
ਕੰਡੇ ਵੀ ਹੱਕ ਲੈਣ ਲਈ ਆਪਣੇ ਵੇਖ ਅੜੇ ਨੇ ਤੇਰੇ ਸ਼ਹਿਰ।

ਮਾਰੂਥਲ ਘਬਰਾਈਂ ਨਾ ਤੂੰ ਵੇਖ ਕਰਿਸ਼ਮਾ ਕੁਦਰਤ ਵਾਲਾ,
ਘੋਰ ਘਟਾ ਦਾ ਝੁਰਮਟ ਲੈ ਕੇ ਮੇਘ ਚੜ੍ਹੇ ਨੇ ਤੇਰੇ ਸ਼ਹਿਰ।

ਫਿਰ ਵੀ ਦੁਨੀਆ ਬਾਜ਼ ਨਈਂ ਆਉਂਦੀ ਘਰ ਬਾਹਰ ਲੁਟਾਵਣ ਤੋਂ,
ਕਿੰਨੇ ਬਲਾਤਕਾਰੀ ਬਾਬੇ ਬੋਚ ਫੜੇ ਨੇ ਤੇਰੇ ਸ਼ਹਿਰ।

‘ਬਾਲਮ’ ਆਖ਼ਰ ਨੇਰ੍ਹੇ ਨੇ ਤਾਂ ਇੱਕ ਦਿਨ ਮੁੱਕਣਾ ਨਿਸ਼ਚਿਤ ਹੀ ਸੀ,
ਸੁਰਖ਼ ਸਵੇਰੇ ਲੈ ਕੇ ਸੂਰਜ ਵੇਖ ਚੜ੍ਹੇ ਨੇ ਤੇਰੇ ਸ਼ਹਿਰ।
ਸੰਪਰਕ: 98156-25409
* * *

ਰੱਬ ਸਾਡੇ ਮੁਲਕ ਦੇ

ਪੋਰਿੰਦਰ ਸਿੰਗਲਾ
ਆ ਰਹੇ ਨੇ ਕੁਝ ਜਾ ਰਹੇ ਨੇ, ਆਪੋ ਆਪਣੇ ਗੁਣ ਗਾ ਰਹੇ ਨੇ,
ਕਿੰਨੇ ਹੀ ਰੱਬ ਸਾਡੇ ਮੁਲਕ ਦੇ, ਆਪਸ ਵਿੱਚ ਟਕਰਾ ਰਹੇ ਨੇ।
ਕਿਸੇ ਹੱਥ ਤਲਵਾਰ ਸਜਾਈ, ਕਿਸੇ ਨੇ ਕੱਢੇ ਤ੍ਰਿਸ਼ੂਲ ਤੇ ਖ਼ੰਜਰ,
ਬਾਰੂਦੀ ਤਕਰੀਰਾਂ ਕਰ ਕੇ ਗਰਮੀ ਖ਼ੂਬ ਦਿਖਾ ਰਹੇ ਨੇ।
ਹਰ ਇੱਕ ਦਾ ਆਪਣਾ ਬ੍ਰਾਂਡ ਹੈ, ਆਪਣੇ ਆਪਣੇ ਇਸ਼ਤਿਹਾਰ ਨੇ,
ਆਪਣਾ ਵਣਜ ਵਧਾਉਣ ਲ‌ਈ, ਵਣਜਾਰੇ ਤਿਲਮਿਲਾ ਰਹੇ ਨੇ।
ਆਪਣੇ ਆਪਣੇ ਰਾਗ ਨੇ ਸਭ ਦੇ, ਰੰਗ ਵੀ ਸਭ ਦੇ ਆਪਣੇ ਨੇ,
ਬੰਸਰੀ ਡਮਰੂ ਢੋਲ ਦੀ ਤਾਨ ’ਤੇ , ਝੁਰਲੂ ਦਾ ਖੇਲ੍ਹ ਦਿਖਾ ਰਹੇ ਨੇ।
ਨਾਗ ਰਾਜਾਂ ਦੀ ਬਸਤੀ ਅੰਦਰ, ਅਜਗਰ ਘੁੰਮਦੇ ਖੁੱਲਮ ਖੁੱਲ੍ਹੇ,
ਆਪਣੇ ਆਪਣੇ ਆਕਾਵਾਂ ਦੀ ਬੀਨ ’ਤੇ ਭੜਥੂ ਪਾ ਰਹੇ ਨੇ।
ਸੰਪਰਕ: 95010-00276
* * *

ਗੱਲ ਬੇਸੁਆਦੀ

ਰਾਬਿੰਦਰ ਸਿੰਘ ਰੱਬੀ
ਰਹੀ ਵਧਦੀ ਆਬਾਦੀ, ਗੱਲ ਹੋ ਗੀ ਬੇਸੁਆਦੀ।
ਸਦੀ ਇੱਕੀਵੀਂ ਹੈ ਆਈ, ਗੱਲ ਝੂਠ ਨਹੀਂ ਕਾਈ।
ਹੁਣ ਕਹੋ ਇਹੋ ਗੱਲ ਹਿੱਕ ਠੋਕ ਦੋਸਤੋ,
ਵਧਦੀ ਆਬਾਦੀ ਨੇ ਮੁਹਾਲ ਕੀਤਾ ਜੀਣਾ,
ਜਨਸੰਖਿਆ ’ਤੇ ਲਾਉਣੀ ਪੈਣੀ ਰੋਕ ਦੋਸਤੋ।

ਬੱਚਾ ਇੱਕ ਹੀ ਬਥੇਰਾ, ਕਰ ਲਓ ਵੱਡਾ ਜੇਰਾ।
ਮੁੰਡੇ ਕੁੜੀ ਦਾ ਨਹੀਂ ਰੌਲਾ, ਚਿੱਤ ਕਰੋ ਨਾ ਹੌਲਾ।
ਰਹੇ ਮੁੰਡੇ ਦੀ ਹੀ ਲਾਲਸਾ ’ਚ ਲੋਕ ਦੋਸਤੋ,
ਵਧਦੀ ਆਬਾਦੀ ਨੇ ਮੁਹਾਲ ਕੀਤਾ ਜੀਣਾ,
ਜਨਸੰਖਿਆ ’ਤੇ ਲਾਉਣੀ ਪੈਣੀ ਰੋਕ ਦੋਸਤੋ।

ਕੀਤਾ ਬੜਾ ਪ੍ਰਚਾਰ, ਨਹੀਂ ਮੰਨੀ ਅਸਾਂ ਹਾਰ,
ਸੋਮੇ ਕੁਦਰਤੀ ਘਟੇ, ਅਸੀਂ ਅਜੇ ਵੀ ਨਹੀਂ ਹਟੇ।
ਇਹ ਚਿੰਬੜ ਗਈ ਲਹੂ ਪੀਣੀ ਜੋਕ ਦੋਸਤੋ,
ਵਧਦੀ ਆਬਾਦੀ ਨੇ ਮੁਹਾਲ ਕੀਤਾ ਜੀਣਾ,
ਜਨਸੰਖਿਆ ’ਤੇ ਲਾਉਣੀ ਪੈਣੀ ਰੋਕ ਦੋਸਤੋ।

ਇਹ ਰੱਬੀ ਦਾ ਹੈ ਕਹਿਣਾ, ਜੇ ਜੱਗ ਵਿੱਚ ਰਹਿਣਾ।
ਕਹਿਣਾ ਮੰਨ ਲਓ ਮੇਰਾ, ਤੋੜੋ ਜਹਾਲਤਾਂ ਦਾ ਘੇਰਾ।
ਰਹੇ ਨਰਕ ’ਚ ਜ਼ਿੰਦਗੀ ਨੂੰ ਝੋਕ ਦੋਸਤੋ।
ਵਧਦੀ ਆਬਾਦੀ ਨੇ ਮੁਹਾਲ ਕੀਤਾ ਜੀਣਾ,
ਜਨਸੰਖਿਆ ’ਤੇ ਲਾਉਣੀ ਪੈਣੀ ਰੋਕ ਦੋਸਤੋ।
ਸੰਪਰਕ: 89689-46129
* * *

ਭੰਗੜੇ ਨੂੰ ਵੇਖ ਕੇ...

ਨਿਰਮਲ ਸਿੰਘ ਰੱਤਾ
ਚੋਬਰਾਂ ਦੇ ਮੁੱਖ ’ਤੇ ਇਲਾਹੀ ਨੂਰ ਸੀ
ਵੇਖ ਕੇ ਅਨੋਖਾ, ਆ ਗਿਆ ਸਰੂਰ ਸੀ
ਢੋਲ ਦਾ ਡਗਾ ਤਾਂ, ਅਤਿ ਹੀ ਕਰਾ ਗਿਆ
ਭੰਗੜੇ ਨੂੰ ਵੇਖ ਕੇ, ਨਜ਼ਾਰਾ ਆ ਗਿਆ।
ਚੁੰਮ ਕੇ ਸਟੇਜ, ਵਾਰੋ ਵਾਰੀ ਆ ਚੜ੍ਹੇ
ਬੰਨ ਕੇ ਕਤਾਰਾਂ, ਚੌੜੇ ਸੀਨੇ ਆ ਖੜ੍ਹੇ
ਚਾਦਰੇ ’ਚ ਕਹਿਰ, ਹੈ ਹਰੇਕ ਢਾਹ ਗਿਆ
ਭੰਗੜੇ ਨੂੰ ਵੇਖ ਕੇ, ਨਜ਼ਾਰਾ ਆ ਗਿਆ।
ਅੰਬਰਾਂ ਤੋਂ ਲੱਗਦੈ, ਸਿਤਾਰੇ ਆ ਗਏ
ਮੁੱਖੜੇ ਤੋਂ ਚੰਨ ਦਾ, ਭੁਲੇਖਾ ਪਾ ਗਏ
ਸੱਜਰੇ ਗੁਲਾਬਾਂ ਦਾ, ਨਸ਼ਾ ਹੈ ਛਾ ਗਿਆ
ਭੰਗੜੇ ਨੂੰ ਵੇਖ ਕੇ, ਨਜ਼ਾਰਾ ਆ ਗਿਆ।
ਇੱਕ ਸੀ ਵਜਾਉਂਦਾ, ਅਲਗੋਜ਼ੇ ਆ ਗਿਆ
ਦੂਸਰਾ ਲਿਆ ਕੇ, ਚਿਮਟਾ ਵਜਾ ਗਿਆ
ਤੀਸਰਾ ਲੈ ਕਾਟੋ, ਰੌਣਕਾਂ ਵਧਾ ਗਿਆ
ਭੰਗੜੇ ਨੂੰ ਵੇਖ ਕੇ, ਨਜ਼ਾਰਾ ਆ ਗਿਆ।
ਛੈਲ ਤੇ ਛਬੀਲੇ, ਨੇ ਉਮੰਗਾਂ ਭਾਲਦੇ
ਜ਼ਿੰਦਗੀ ਜਿਉਂਦੇ, ਵਿਰਸਾ ਸੰਭਾਲਦੇ
ਜੋਸ਼ ਤੇ ਜਵਾਨੀ, ਸਭ ਨੂੰ ਹੀ ਭਾ ਗਿਆ
ਭੰਗੜੇ ਨੂੰ ਵੇਖ ਕੇ, ਨਜ਼ਾਰਾ ਆ ਗਿਆ।

ਘੁੰਮ ਕੇ ਹਵਾ ’ਚ, ਲੁੱਡੀਆਂ ਵੀ ਪਾਉਣ ਜੀ
ਮੋਢਿਆਂ ’ਤੇ ਚੜ੍ਹ, ਬਾਜ਼ੀਆਂ ਲਗਾਉਣ ਜੀ
ਹੁਨਰ ਕਮਾਲ ਦਾ, ਸਿਰਾ ਹੀ ਲਾ ਗਿਆ
ਭੰਗੜੇ ਨੂੰ ਵੇਖ ਕੇ, ਨਜ਼ਾਰਾ ਆ ਗਿਆ
ਰੰਗਲਾ ਪੰਜਾਬ, ਮੇਰਾ ਰਹੇ ਵੱਸਦਾ
ਖ਼ੁਸ਼ੀਆਂ ’ਚ ਖੀਵਾ, ‘ਰੱਤਾ’ ਰਹੇ ਹੱਸਦਾ
ਲੱਭਣਾ ਆਨੰਦ, ਕਿੰਝ ਹੈ ਸਿਖਾ ਗਿਆ
ਭੰਗੜੇ ਨੂੰ ਵੇਖ ਕੇ, ਨਜ਼ਾਰਾ ਆ ਗਿਆ।
ਸੰਪਰਕ: 84270-07623
* * *

ਜੰਗ ਅਸਾਵੀਂ

ਰਘੁਵੀਰ ਸਿੰਘ ਕਲੋਆ
ਵਿੱਚ ਭੱਠੀ ਦੇ ਸੜਦਾ ਹਾਂ
ਤਪਦਾ ਨਹੀਂਓ, ਰੜ੍ਹਦਾ ਹਾਂ।
ਸਾਂਭ ਨਾ ਮੈਨੂੰ, ਡਿੱਗਣ ਦੇ
ਡਿੱਗ ਕੇ ਆਪੇ ਖੜ੍ਹਦਾ ਹਾਂ।
ਠੋਕਰਾਂ ਐਵੇਂ ਨਹੀਂ ਖਾਂਦਾ
ਖ਼ੁਦ ਹੀ ਖ਼ੁਦ ਨੂੰ ਘੜਦਾ ਹਾਂ।
ਡਿਗਰੀ ਹਾਲੇ ਦੂਰ ਬੜੀ
ਕੱਚੀ ਪਹਿਲੀ ਪੜ੍ਹਦਾ ਹਾਂ।
ਸ਼ਬਦ ਉਧਾਰੇ ਲੈ ਉਸ ਤੋਂ
ਵਾਕਾਂ ਦੇ ਵਿੱਚ ਜੜਦਾ ਹਾਂ।
ਜੰਗ ਅਸਾਵੀਂ ਜਾਰੀ ਹੈ
ਲੇਖਾਂ ਦੇ ਨਾਲ ਲੜਦਾ ਹਾਂ।
ਸੰਪਰਕ: 98550-24495

Advertisement