ਮਾਂ-ਬੋਲੀ ਅਤੇ ਅਸੀਂ
ਪ੍ਰੋ. ਪ੍ਰੀਤਮ ਸਿੰਘ
ਇਸ ਦੁਨੀਆ ਵਿੱਚ ਸਭ ਜੀਵ ਜੰਤੂਆਂ ਦੀ ਆਪਣੀ ਬੋਲੀ ਹੈ ਪਰ ਮਨੁੱਖ ਬਾਕੀ ਜੀਵਾਂ ਨਾਲੋਂ ਇਸ ਪੱਖੋਂ ਅੱਗੇ ਹਨ ਕਿ ਉਨ੍ਹਾਂ ਕੋਲ ਆਪਣੀ ਲਿਖਤੀ ਬੋਲੀ ਵੀ ਹੈ ਤੇ ਇਸ ਲਿਖਤ ਨੂੰ ਉਹ ਕਿਸੇ ਲਿਪੀ ਵਿੱਚ ਲਿਖਤੀ ਰੂਪ ਦਿੰਦੇ ਹਨ। ਦੁਨੀਆ ਦੇ ਹਰ ਖਿੱਤੇ ਦੇ ਕੁਦਰਤੀ ਵਾਤਾਵਰਨ ਅਤੇ ਮਨੁੱਖੀ ਵਰਤਾਰੇ ਵਿੱਚੋਂ ਉੱਥੋਂ ਦੀ ਬੋਲੀ ਜਨਮ ਲੈਂਦੀ ਹੈ। ਇਸੇ ਆਦਾਨ-ਪ੍ਰਦਾਨ ਵਿੱਚ ਹੀ ਵੱਖ ਵੱਖ ਬੋਲੀਆਂ ਵਿਚਲੀ ਸਦਭਾਵਨਾ ਪਣਪਦੀ ਹੈ ਅਤੇ ਝਗੜੇ ਵੀ ਉਪਜਦੇ ਹਨ ਕਿਉਂਕਿ ਬੋਲੀ ਨਾਲ ਲੋਕਾਂ ਦੀ ਪਛਾਣ ਜੁੜੀ ਹੁੰਦੀ ਹੈ।
ਪੰਜਾਬੀ ਬੋਲੀ ਦਾ ਜਨਮ ਤੇ ਵਿਕਾਸ ਵੀ ਇਸੇ ਸਮਾਜਿਕ ਇਤਿਹਾਸਕ ਪ੍ਰਕਿਰਿਆ ਨਾਲ ਜੁੜਿਆ ਹੋਇਆ ਹੈ। ਪੰਜਾਬੀ ਬੋਲੀ ਦੇ ਵਿਕਾਸ ਵਿੱਚ ਉਹ ਸਮਾਂ ਬਹੁਤ ਹੀ ਮਹੱਤਵਪੂਰਨ ਸੀ ਜਦੋਂ ਗੁਰੂ ਅੰਗਦ ਦੇਵ ਜੀ ਨੇ ਇਸ ਬੋਲੀ ਦੀ ਗੁਰਮੁਖੀ ਲਿਪੀ ਦੀ ਸਾਜਨਾ ਕੀਤੀ। ਪੰਜਾਬੀ ਉਸ ਤੋਂ ਪਹਿਲਾਂ ਬੋਲੀ ਵੀ ਜਾਂਦੀ ਸੀ ਤੇ ਲਿਖੀ ਵੀ ਪਰ ਇਸ ਦੀ ਆਪਣੀ ਖ਼ਾਸ ਲਿੱਪੀ ਨਹੀਂ ਸੀ। ਗੁਰਮੁਖੀ ਲਿੱਪੀ ਨਾਲ ਪੰਜਾਬੀ ਬੋਲੀ ਕੋਲ ਆਪਣੀ ਇੱਕ ਅਜਿਹੀ ਲਿਪੀ ਆ ਗਈ ਜੋ ਕਿਸੇ ਹੋਰ ਬੋਲੀ ਕੋਲ ਨਹੀਂ ਸੀ।
ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦਾ ਸੰਪਾਦਨ ਕੀਤਾ ਤਾਂ ਪੰਜਾਬੀ ਬੋਲੀ ਬੌਧਿਕ ਸਿਖਰਾਂ ’ਤੇ ਪਹੁੰਚ ਗਈ। ਇਸ ਬੌਧਿਕ ਤੇ ਅਧਿਆਤਮਕ ਉਚਾਈ ਦਾ ਅੰਦਾਜ਼ਾ ਇਸ ਪੱਖ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਉਸ ਤੋਂ ਬਾਅਦ ਦੇ ਪੰਜ ਸੌ ਸਾਲਾਂ ਤੋਂ ਵੱਧ ਸਮੇਂ ਵਿੱਚ ਪੰਜਾਬੀ ਵਿੱਚ ਉਸ ਉਚਾਈ ਨੂੰ ਛੂੰਹਦੀ ਕੋਈ ਰਚਨਾ ਨਹੀਂ ਹੋ ਸਕੀ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਸ ਮਹਾਨ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਕਹਿ ਕੇ ਗੁਰੂ ਦਾ ਦਰਜਾ ਦੇਣਾ ਇੱਕ ਤਰਕਪੂਰਨ ਪ੍ਰਕਿਰਿਆ ਦਾ ਸੰਪੂਰਨ ਹੋਣਾ ਕਿਹਾ ਜਾ ਸਕਦਾ ਹੈ।
ਸਾਹਿਤਕ ਤੇ ਅਧਿਆਤਮਕ ਬੁਲੰਦੀਆਂ ਛੂਹਣ ਦੇ ਨਾਲ ਨਾਲ ਕਿਸੇ ਬੋਲੀ ਦੇ ਤਾਕਤਵਰ ਸ਼ਕਤੀ ਦੇ ਰੂਪ ਵਿੱਚ ਉੱਭਰਨ ਲਈ ਉਸ ਬੋਲੀ ਨੂੰ ਬੋਲਣ ਵਾਲੇ ਲੋਕਾਂ ਦਾ ਸੰਘਰਸ਼ ਅਤੇ ਉਸ ਖਿੱਤੇ ਦਾ ਰਾਜਸੀ ਜਾਂ ਆਰਥਿਕ ਤਾਕਤ ਦੇ ਤੌਰ ’ਤੇ ਉੱਭਰਨਾ ਜ਼ਰੂਰੀ ਹੁੰਦਾ ਹੈ। ਅਠਾਰ੍ਹਵੀਂ ਸਦੀ ਦਾ ਸਾਰਾ ਦੌਰ ਹੀ ਪੰਜਾਬੀ ਬੋਲਣ ਵਾਲੇ ਲੋਕਾਂ ਲਈ ਸੰਘਰਸ਼ ਦਾ ਦੌਰ ਸੀ। ਉਸ ਸੰਘਰਸ਼ ਦਾ ਸਿੱਟਾ ਹੀ ਸੀ ਕਿ ਇੱਕ ਪੰਜਾਬੀ ਯੋਧਾ ਰਣਜੀਤ ਸਿੰਘ ਪੰਜਾਬ ਦਾ ਮਹਾਰਾਜਾ ਬਣ ਕੇ ਤਾਕਤਵਰ ਰਾਜਸੀ ਤਾਕਤ ਦੇ ਰੂਪ ਵਿੱਚ ਉੱਭਰਿਆ। ਉਸ ਪੰਜਾਬੀ ਰਾਜ ਦੀ ਰਾਜਸੀ ਤੇ ਫ਼ੌਜੀ ਤਾਕਤ ਨੂੰ ਭਾਂਪਦਿਆਂ ਹੀ ਲੰਡਨ ਤੋਂ ਸਾਰੀ ਦੁਨੀਆ ’ਤੇ ਨਜ਼ਰ ਰੱਖਦਿਆਂ ਕਾਰਲ ਮਾਰਕਸ ਤੇ ਫਰੈਡਰਿਕ ਏਂਗਲਜ਼ ਨੇ ਕਿਹਾ ਸੀ ਕਿ ਬਰਤਾਨੀਆ ਦੇ ਏਸ਼ੀਆ ਵਿੱਚ ਸਾਮਰਾਜੀ ਪਸਾਰ ਲਈ ਉਹ ਰਾਜ ਸਭ ਤੋਂ ਵੱਡੀ ਟੱਕਰ ਤੇ ਤਾਕਤ ਸੀ। ਐਂਗਲੋ-ਸਿੱਖ ਯੁੱਧਾਂ ਮਗਰੋਂ ਉਸ ਰਾਜ ਦੇ ਟੁੱਟ ਜਾਣ ’ਤੇ ਉਨ੍ਹਾਂ ਨੇ ਬੜਾ ਅਫ਼ਸੋਸ ਮਨਾਇਆ ਸੀ।
ਉਸ ਰਾਜ ਦੇ ਪੰਜਾਬੀ ਬੋਲੀ ਨੂੰ ਅੱਗੇ ਵਧਾਉਣ ਬਾਰੇ ਆਪਾ-ਵਿਰੋਧੀ ਪੱਖ ਹਨ। ਇੱਕ ਪਾਸੇ ਰਣਜੀਤ ਸਿੰਘ ਨੇ ਪੰਜਾਬੀ ਨੂੰ ਰਾਜ-ਭਾਗ ਦੀ ਬੋਲੀ ਨਾ ਬਣਾਇਆ ਅਤੇ ਜ਼ਮੀਨ ਜਾਇਦਾਦ ਦੇ ਸਾਰੇ ਰਿਕਾਰਡ ਫ਼ਾਰਸੀ ਵਿੱਚ ਹੋਣ ਕਰਕੇ ਹਾਲਾਤ ਨਾਲ ਸਮਝੌਤਾ ਕਰਦਿਆਂ ਫ਼ਾਰਸੀ ਨੂੰ ਹੀ ਰਾਜ ਭਾਸ਼ਾ ਸਵੀਕਾਰ ਕਰ ਲਿਆ। ਦੂਜੇ ਪਾਸੇ, ਉਸ ਨੇ ਪੰਜਾਬੀ ਦੀ ਪੜ੍ਹਾਈ ਨੂੰ ਉਤਸ਼ਾਹਿਤ ਕਰਨ ਲਈ ਪਿੰਡਾਂ ਤੇ ਸ਼ਹਿਰਾਂ ਵਿੱਚ ਪੰਜਾਬੀ ਕੈਦਾ ਘਰ-ਘਰ ਵਿੱਚ ਮੁਫ਼ਤ ਦੇਣ ਦਾ ਇੰਤਜ਼ਾਮ ਕੀਤਾ। ਜਦੋਂ ਅੰਗਰੇਜ਼ਾਂ ਨੇ 1849 ਵਿੱਚ ਪੰਜਾਬ ’ਤੇ ਕਬਜ਼ਾ ਕਰ ਕੇ ਇਸ ਨੂੰ ਹਿੰਦੋਸਤਾਨ ਦੇ ਦੂਜੇ ਹਿੱਸਿਆਂ ਸਮੇਤ ਆਪਣੇ ਸਾਮਰਾਜ ਵਿੱਚ ਮਿਲਾਇਆ ਤਾਂ ਉਦੋਂ ਪੰਜਾਬ ਪੜ੍ਹਾਈ ਦਰ (Literacy Level) ਵਿੱਚ ਬਾਕੀ ਸਾਰੇ ਰਾਜਾਂ ਨਾਲੋਂ ਅੱਗੇ ਸੀ। ਬਰਤਾਨਵੀ ਸਾਮਰਾਜਵਾਦੀਆਂ ਨੇ ਪੰਜਾਬੀ ਲੋਕਾਂ ਦੀ ਸੰਘਰਸ਼ ਦੀ ਸ਼ਕਤੀ ਨੂੰ ਤੋੜਨ ਲਈ ਉਨ੍ਹਾਂ ਦੀ ਬੋਲੀ ’ਤੇ ਹਮਲਾ ਕੀਤਾ। ਮਹਾਰਾਜਾ ਰਣਜੀਤ ਸਿੰਘ ਦੇ ਹੁਕਮਾਂ ’ਤੇ ਘਰ ਘਰ ਵੰਡੇ ਪੰਜਾਬੀ ਕੈਦਿਆਂ ਨੂੰ ਅੰਗਰੇਜ਼ਾਂ ਨੇ ਇਕੱਠੇ ਕਰ ਕੇ ਸਾੜਿਆ ਅਤੇ ਉਰਦੂ ਨੂੰ ਸਰਕਾਰੀ ਭਾਸ਼ਾ ਵਜੋਂ ਪੰਜਾਬ ਉੱਤੇ ਥੋਪ ਦਿੱਤਾ।
ਪੰਜਾਬੀ ਬੋਲੀ ਨੇ ਫਿਰ ਇੱਕ ਸਦੀ ਤੋਂ ਵੱਧ ਔਖਾ ਵਕਤ ਹੰਢਾਇਆ ਅਤੇ ਅੰਤ ਵਿੱਚ 1966 ਵਿੱਚ ਪੰਜਾਬ ਇਤਿਹਾਸਕ ਤੌਰ ’ਤੇ ਪਹਿਲੀ ਵਾਰ ਇੱਕ ਖ਼ਿੱਤੇ ਦੇ ਤੌਰ ’ਤੇ ਉਭਰਿਆ, ਜਿੱਥੇ ਪੰਜਾਬੀ ਨੂੰ ਰਾਜ ਭਾਸ਼ਾ ਦਾ ਰੁਤਬਾ ਹਾਸਿਲ ਹੋਇਆ। ਭਾਵੇਂ ਇਉਂ ਪੰਜਾਬੀ ਭਾਸ਼ਾਈ ਸੂਬੇ ਦੀਆਂ ਹੱਦਾਂ ਬੰਨ੍ਹਣ ਵਿੱਚ ਬਹੁਤ ਊਣਤਾਈਆਂ ਸਨ ਅਤੇ ਇਹ ਸੂਬਾ ਇੱਕ ਵੱਡੇ ਫੈਡਰਲ ਢਾਂਚੇ ਦਾ ਹਿੱਸਾ ਹੀ ਸੀ, ਪਰ ਫਿਰ ਵੀ ਪੰਜਾਬੀ ਬੋਲੀ ਲਈ ਇਹ ਬਹੁਤ ਵੱਡੀ ਇਤਿਹਾਸਕ ਪ੍ਰਾਪਤੀ ਸੀ।
ਜਿਵੇਂ 1947 ਵਿੱਚ ਅੰਗਰੇਜ਼ਾਂ ਦੇ ਜਾਣ ਮਗਰੋਂ ਆਜ਼ਾਦ ਹਿੰਦੋਸਤਾਨ ਵਿੱਚ ਹਿੰਦੀ ਨੂੰ ਪਹਿਲੀ ਵਾਰ ਪ੍ਰਮੁੱਖਤਾ ਮਿਲੀ, ਉਸੇ ਤਰ੍ਹਾਂ ਭਾਵੇਂ ਕਈ ਦਰਜੇ ਘੱਟ, 1966 ਵਿੱਚ ਪੰਜਾਬ ’ਚ ਪੰਜਾਬੀ ਭਾਸ਼ਾ ਦੀ ਸਰਦਾਰੀ ਹੋਈ। ਹਿੰਦੀ ਦੀ ਪ੍ਰਮੁੱਖਤਾ ਬਾਰੇ ਕੁਝ ਗ਼ਲਤਫ਼ਹਿਮੀਆਂ ਦੂਰ ਕਰਨਾ ਜ਼ਰੂਰੀ ਹੈ ਅਤੇ ਇਸ ਨੂੰ ਪ੍ਰਮੁੱਖਤਾ ਦੇਣ ਕਾਰਨ ਦੂਜੀਆਂ ਭਾਰਤੀ ਭਾਸ਼ਾਵਾਂ ’ਤੇ ਮਾਰੂ ਅਸਰ ਨੂੰ ਸਮਝਣਾ ਜ਼ਰੂਰੀ ਹੈ। ਇਹ ਜਾਣਬੁੱਝ ਕੇ ਗ਼ਲਤ ਪ੍ਰਚਾਰਿਆ ਜਾਂਦਾ ਹੈ ਕਿ ਹਿੰਦੀ ਰਾਸ਼ਟਰ ਭਾਸ਼ਾ ਹੈ। ਹਿੰਦੀ ਕਾਨੂੰਨੀ ਤੇ ਸੰਵਿਧਾਨਕ ਤੌਰ ’ਤੇ ਰਾਸ਼ਟਰ ਭਾਸ਼ਾ ਨਹੀਂ ਹੈ, ਸਿਰਫ਼ ਕੇਂਦਰ ਤੇ ਸੂਬਿਆਂ ਵਿੱਚ ਖ਼ਤੋ-ਕਿਤਾਬਤ ਦੀ ਸਰਕਾਰੀ ਭਾਸ਼ਾ (Official Language) ਹੈ। ਇਹ ਰੁਬਤਾ ਹਿੰਦੀ ਨੂੰ ਰਾਜਸੀ ਤਾਕਤ ਕਰ ਕੇ ਮਿਲਿਆ ਹੈ, ਆਰਥਿਕ ਸ਼ਕਤੀ ਹੋਣ ਕਰਕੇ ਨਹੀਂ ਕਿਉਂਕਿ ਹਿੰਦੀ ਭਾਸ਼ੀ ਸੂਬਿਆਂ ਵਜੋਂ ਜਾਣੇ ਜਾਂਦੇ ਉੱਤਰੀ ਭਾਰਤੀ ਸੂਬੇ ਆਰਥਿਕ ਤੌਰ ’ਤੇ ਗ਼ੈਰ-ਹਿੰਦੀ ਰਾਜਾਂ ਨਾਲੋਂ ਬਹੁਤ ਪਛੜੇ ਹੋਏ ਹਨ। ਦੇਸ਼ ਆਜ਼ਾਦ ਹੋਣ ਸਮੇਂ ਹਿੰਦੀ ਭਾਸ਼ੀ ਖੇਤਰ ਦੇ ਸਿਆਸਤਦਾਨ (ਜਵਾਹਰਲਾਲ ਨਹਿਰੂ, ਰਾਜਿੰਦਰ ਪ੍ਰਸਾਦ, ਜੀ.ਬੀ. ਪੰਤ, ਮੌਲਾਨਾ ਆਜ਼ਾਦ) ਤੇ ਪੱਛਮੀ ਖੇਤਰ ਦੇ ਹਿੰਦੀ ਪੱਖੀ ਨੇਤਾ (ਮਹਾਤਮਾ ਗਾਂਧੀ ਤੇ ਸਰਦਾਰ ਪਟੇਲ) ਸੱਤਾ ਦੇ ਕੇਂਦਰ ਵਿੱਚ ਆਏ। ਉਨ੍ਹਾਂ ਨੇ ਪਹਿਲਾਂ ਹਿੰਦੀ ਨੂੰ ਕੇਂਦਰ-ਰਾਜ ਸਬੰਧਾਂ ਦੀ ਸੰਵਿਧਾਨਕ ਬੋਲੀ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਦੱਖਣੀ ਭਾਰਤ ’ਚੋਂ ਵਿਆਪਕ ਵਿਰੋਧ ਹੋਇਆ ਤਾਂ ਅੰਗਰੇਜ਼ੀ ਨੂੰ ਵੀ ਸਰਕਾਰੀ ਕੰਮਕਾਜ ਦੀ ਭਾਸ਼ਾ ਮੰਨਣਾ ਪਿਆ। ਇਸ ਕਰਕੇ ਹਿੰਦੀ ਅਤੇ ਅੰਗਰੇਜ਼ੀ ਦੋਵੇਂ ਸਰਕਾਰੀ ਭਾਸ਼ਾਵਾਂ ਹਨ, ਇਨ੍ਹਾਂ ਵਿੱਚੋਂ ਕੋਈ ਵੀ ਸਾਡੇ ਦੇਸ਼ ਦੀ ਰਾਸ਼ਟਰੀ ਭਾਸ਼ਾ ਨਹੀਂ ਹੈ।
ਆਰਥਿਕ ਤੌਰ ’ਤੇ ਪੱਛੜੇ ਖੇਤਰਾਂ ਦੀ ਭਾਸ਼ਾ ਹੋਣ ਦੇ ਬਾਵਜੂਦ ਹਿੰਦੀ ਭਾਸ਼ੀ ਆਗੂਆਂ ਦੇ ਹੱਥ ਰਾਜਸੀ ਸੱਤਾ ਹੋਣ ਦਾ ਬਹੁਤਾ ਨੁਕਸਾਨ ਉੱਤਰੀ ਭਾਰਤ ਦੀਆਂ ਗ਼ੈਰ-ਹਿੰਦੀ ਸਥਾਨਕ ਬੋਲੀਆਂ ਨੂੰ ਹੋਇਆ ਹੈ ਜਿਨ੍ਹਾਂ ਦੀ ਆਪਣੀ ਲਿੱਪੀ ਨਹੀਂ ਹੈ ਜਿਵੇਂ ਕਿ ਭੋਜਪੁਰੀ, ਮੈਥਿਲੀ, ਮਗਧੀ, ਬ੍ਰਜ, ਅਵਧੀ, ਰਾਜਸਥਾਨੀ ਤੇ ਹਰਿਆਣਵੀ। ਉੱਤਰੀ ਭਾਰਤ ਵਿੱਚ ਪੰਜਾਬੀ ਤੇ ਕੁਝ ਹੱਦ ਤੱਕ ਕਸ਼ਮੀਰੀ ਆਪੋ ਆਪਣੀ ਲਿੱਪੀ ਹੋਣ ਸਦਕਾ ਹੀ ਇਸ ਦਾ ਟਾਕਰਾ ਕਰ ਸਕੀਆਂ ਹਨ। ਗੁਰੂ ਅੰਗਦ ਦੇਵ ਜੀ ਨੇ ਪੰਜਾਬੀ ਨੂੰ ਆਪਣੀ ਲਿੱਪੀ ਦੇ ਕੇ ਉਹ ਤਾਕਤ ਬਖ਼ਸ਼ੀ ਹੈ ਜਿਸ ਨੂੰ ਇਹ ਹੁਣ ਵੀ ਮਾਣ ਰਹੀ ਹੈ। ਪੰਜਾਬ ਸਰਕਾਰ ਤੇ ਪੰਜਾਬੀ ਜਥੇਬੰਦੀਆਂ ਨੂੰ ਇਸ ਨੂੰ ਹੋਰ ਮਜ਼ਬੂਤ ਕਰਨ ਦਾ ਹਰ ਯਤਨ ਕਰਨਾ ਚਾਹੀਦਾ ਹੈ।
ਆਲਮੀ ਪੱਧਰ ਉੱਤੇ ਆਰਥਿਕ ਤੌਰ ’ਤੇ ਅੰਗਰੇਜ਼ੀ ਨੂੰ ਪ੍ਰਮੁੱਖਤਾ ਹਾਸਲ ਹੈ। ਅੰਗਰੇਜ਼ੀ ਇੰਗਲੈਂਡ ਦੇ ਲੋਕਾਂ ਦੀ ਮਾਂ ਬੋਲੀ ਹੈ, ਪਰ ਇਸ ਦੀ ਝੰਡੀ ਹਮੇਸ਼ਾ ਨਹੀਂ ਹੁੰਦੀ ਸੀ। ਬਾਰ੍ਹਵੀਂ ਤੇ ਤੇਰ੍ਹਵੀਂ ਸਦੀ ਤੱਕ ਅੰਗਰੇਜ਼ੀ ਨੂੰ ਅਨਪੜ੍ਹ ਪੇਂਡੂ ਕਿਸਾਨਾਂ ਦੀ ਜ਼ੁਬਾਨ ਸਮਝਿਆ ਜਾਂਦਾ ਸੀ ਅਤੇ ਰਾਜੇ ਮਹਾਰਾਜਿਆਂ ਦੀ ਜ਼ੁਬਾਨ ਫਰਾਂਸਿਸੀ ਸੀ। ਚੌਦ੍ਹਵੀਂ ਸਦੀ ਵਿੱਚ ਇੰਗਲੈਂਡ ਵਿੱਚ ਪਲੇਗ ਫੈਲਣ ਨਾਲ ਬਹੁਤ ਵੱਡੀ ਗਿਣਤੀ ਵਿੱਚ ਫਰਾਂਸੀਸੀ ਤੇ ਲਾਤੀਨੀ ਵਰਤਣ ਵਾਲੇ ਪਾਦਰੀ ਮਾਰੇ ਗਏ ਅਤੇ ਆਮ ਲੋਕਾਂ ਦੀ ਜ਼ੁਬਾਨ ਅੰਗਰੇਜ਼ੀ ਚਰਚ ਅਤੇ ਸਮਾਜ ਵਿੱਚ ਤਾਕਤ ਫੜ ਗਈ। ਇਹ ਬਹੁਤ ਵੱਡੀ ਸੱਭਿਆਚਾਰਕ ਤਬਦੀਲੀ ਸੀ ਜੋ ਭਿਆਨਕ ਤਬਾਹੀ ਤੋਂ ਬਾਅਦ ਆਈ। ਕੁਝ ਸਦੀਆਂ ਪਿੱਛੋਂ ਬਰਤਾਨੀਆ ਸਾਮਰਾਜੀ ਤਾਕਤ ਅਤੇ 20ਵੀਂ ਸਦੀ ਵਿੱਚ ਅਮਰੀਕਾ ਆਰਥਿਕ ਸ਼ਕਤੀ ਬਣ ਗਿਆ। ਇਸ ਨਾਲ ਦੁਨੀਆ ਭਰ ਵਿੱਚ ਅੰਗਰੇਜ਼ੀ ਦੀ ਚੌਧਰ ਹੋ ਗਈ। ਭਵਿੱਖ ਵਿੱਚ ਸ਼ਾਇਦ ਚੀਨ ਆਰਥਿਕ ਤੌਰ ’ਤੇ ਸਭ ਤੋਂ ਤਾਕਤਵਰ ਬਣ ਜਾਵੇ ਤੇ ਅੰਗਰੇਜ਼ੀ ਦੀ ਥਾਂ ਮੈਂਡਰਿਨ ਲੈ ਲਵੇ। ਪਰ ਅੱਜ ਦੇ ਹਾਲਾਤ ਮੁਤਾਬਿਕ ਪੰਜਾਬੀ ਲੋਕਾਂ ਨੂੰ ਪੰਜਾਬੀ ਵਿੱਚ ਮੁਹਾਰਤ ਹਾਸਲ ਕਰਨ ਦੇ ਨਾਲ ਨਾਲ ਅੰਗਰੇਜ਼ੀ ਵਿੱਚ ਮੁਹਾਰਤ ਹਾਸਿਲ ਕਰਨਾ ਵੀ ਜ਼ਰੂਰੀ ਹੈ। ਇਸ ਗੱਲ ਨੂੰ ਧਿਆਨ ’ਚ ਰੱਖਣਾ ਜ਼ਰੂਰੀ ਹੈ ਕਿ ਜੇਕਰ ਬਚਪਨ ਵਿੱਚ ਪੰਜਾਬੀ ’ਤੇ ਪਕੜ ਮਜ਼ਬੂਤ ਹੋਵੇ ਤਾਂ ਅੱਗੇ ਚੱਲ ਕੇ ਅੰਗਰੇਜ਼ੀ ’ਤੇ ਅਬੂਰ ਹਾਸਿਲ ਕਰਨ ਵਿੱਚ ਮਦਦ ਮਿਲਦੀ ਹੈ। ਅੰਗਰੇਜ਼ੀ ਭਾਸ਼ਾ ਭਾਰਤੀ ਜ਼ੁਬਾਨਾਂ ਨਾਲੋਂ ਵੱਖਰੀ ਹੈ। ਇਹ ਇਨ੍ਹਾਂ ਜ਼ੁਬਾਨਾਂ ’ਤੇ ਮਾਰੂ ਅਸਰ ਨਹੀਂ ਕਰਦੀ।
ਜੇਕਰ ਪੰਜਾਬੀ ਵਿੱਚ ਬੁਨਿਆਦ ਮਜ਼ਬੂਤ ਹੋਵੇ ਤਾਂ ਅੰਗਰੇਜ਼ੀ ਵਰਤਣ ਨਾਲ ਪੰਜਾਬੀ ਦਾ ਕਈ ਪੱਖਾਂ ਤੋਂ ਵਿਕਾਸ ਹੁੰਦਾ ਹੈ। ਇੱਕ ਤੋਂ ਜ਼ਿਆਦਾ ਜ਼ੁਬਾਨਾਂ ਸਿੱਖਣਾ ਤੇ ਵਰਤਣਾ ਦਿਮਾਗ਼ੀ ਸ਼ਕਤੀ ਨੂੰ ਤੇਜ਼ ਕਰਦਾ ਹੈ ਪਰ ਆਪਣੀ ਮਾਂ ਬੋਲੀ ਨੂੰ ਭੁੱਲ ਜਾਂ ਵਿਸਾਰ ਕੇ ਦੂਜੀਆਂ ਜ਼ੁਬਾਨਾਂ ਵਰਤਣੀਆਂ ਬੌਧਿਕ ਤੌਰ ’ਤੇ ਨੁਕਸਾਨਦੇਹ ਹੁੰਦਾ ਹੈ। ਇਸ ਕਰਕੇ ਹਰ ਸੱਭਿਅਤਾ ਦੀ ਸਰਬਪੱਖੀ ਅਮੀਰੀ ਆਪਣੀ ਮਾਂ ਬੋਲੀ ਨਾਲ ਜੁੜੇ ਰਹਿਣ ’ਤੇ ਨਿਰਭਰ ਕਰਦੀ ਹੈ।
ਦੁਨੀਆ ਦੇ ਆਰਥਿਕ ਵਿਕਾਸ ’ਤੇ ਨਜ਼ਰ ਮਾਰੀਏ ਤਾਂ ਇੱਕ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਅਜਿਹੀ ਇੱਕ ਵੀ ਮਿਸਾਲ ਨਹੀਂ ਮਿਲਦੀ ਜਿੱਥੇ ਕਿਸੇ ਦੇਸ਼ ਨੇ ਬੇਗਾਨੀ ਭਾਸ਼ਾ ਨੂੰ ਅਪਣਾ ਕੇ ਵਿਕਾਸ ਕੀਤਾ ਹੋਵੇ। ਅਮਰੀਕਾ, ਇੰਗਲੈਂਡ, ਚੀਨ, ਜਪਾਨ, ਰੂਸ, ਦੱਖਣੀ ਕੋਰੀਆ, ਯੂਰਪੀ ਭਾਵ ਸਾਰੇ ਵਿਕਸਤ ਦੇਸ਼ਾਂ ਦੀ ਮਾਂ ਬੋਲੀ ਦਾ ਉਨ੍ਹਾਂ ਦੇਸ਼ਾਂ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਆਪਣੀ ਬੋਲੀ ਵਰਤਣ ਨਾਲ ਆਮ ਲੋਕ ਪ੍ਰਬੰਧਕੀ, ਕਾਨੂੰਨੀ ਤੇ ਆਰਥਿਕ ਗਤੀਵਿਧੀਆਂ ਵਿੱਚ ਹਿੱਸਾ ਪਾ ਸਕਦੇ ਹਨ। ਦੱਖਣੀ ਏਸ਼ੀਆ, ਭਾਰਤ, ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਸ੍ਰੀਲੰਕਾ ਅਤੇ ਅਫਰੀਕਾ ਵਿੱਚ ਅੰਗਰੇਜ਼ੀ, ਫਰਾਂਸੀਸੀ ਜਾਂ ਅਖੌਤੀ ਕੌਮੀ ਜ਼ੁਬਾਨ (ਭਾਰਤ ਵਿੱਚ ਹਿੰਦੀ ਅਤੇ ਪਾਕਿਸਤਾਨ ਵਿੱਚ ਉਰਦੂ) ਲੋਕਾਂ ’ਤੇ ਥੋਪਣ ਨਾਲ ਲੋਕਾਂ ਦੀ ਰਾਜ ਪ੍ਰਬੰਧ ਤੇ ਆਰਥਿਕ ਸਰਗਰਮੀਆਂ ਵਿੱਚ ਉਹ ਸ਼ਮੂਲੀਅਤ ਨਹੀਂ ਹੋ ਸਕਦੀ ਜੋ ਆਪਣੀ ਬੋਲੀ ਰਾਹੀਂ ਹੋ ਸਕਦੀ ਹੈ। ਇੱਕ ਛੋਟਾ ਜਿਹਾ ਤਬਕਾ, ਜੋ ਅੰਗਰੇਜ਼ੀ ਜਾਂ ਅਖੌਤੀ ਕੌਮੀ ਜ਼ੁਬਾਨ ਦੀ ਮੁਹਾਰਤ ਰੱਖਦਾ ਹੈ, ਉਹ ਰਾਜ ਸੱਤਾ ਤੇ ਆਰਥਿਕਤਾ ’ਤੇ ਭਾਰੂ ਹੈ ਅਤੇ ਆਮ ਲੋਕਾਂ ਤੋਂ ਟੁੱਟਿਆ ਹੋਇਆ ਹੈ। ਪਾਕਿਸਤਾਨ ਦੇ ਪਛੜੇਪਣ ਦਾ ਬਹੁਤ ਵੱਡਾ ਕਾਰਨ ਇਹ ਹੈ ਕਿ ਉੱਥੇ ਪੰਜਾਬੀ ਵਸੋਂ ਬਹੁਗਿਣਤੀ ਵਿੱਚ ਹੈ, ਪਰ ਉਨ੍ਹਾਂ ਦੀ ਜ਼ੁਬਾਨ ਰਾਜ ਪ੍ਰਬੰਧ ਅਤੇ ਆਰਥਿਕ ਨੀਤੀਆਂ ਤੇ ਪ੍ਰੋਗਰਾਮਾਂ ਦੀ ਭਾਸ਼ਾ ਨਹੀਂ ਹੈ। ਭਾਰਤ ਵਿੱਚ ਕੌਮੀ ਆਮਦਨ ਦਾ ਪਿਛਲੇ ਸਾਲਾਂ ਵਿੱਚ ਚੰਗਾ ਵਾਧਾ ਹੋਇਆ ਹੈ, ਪਰ ਉਸ ਦਾ ਜ਼ਿਆਦਾ ਫ਼ਾਇਦਾ ਇੱਕ ਛੋਟੇ ਤਬਕੇ ਨੂੰ ਹੀ ਹੋਇਆ ਹੈ।
ਅਜੋਕੇ ਯੁੱਗ ਵਿੱਚ ਪੁਰਾਣੇ ਕਿਸਮ ਦਾ ਆਰਥਿਕ ਵਿਕਾਸ ਕੁਦਰਤੀ ਤਬਾਹੀ ਦਾ ਕਾਰਨ ਬਣ ਰਿਹਾ ਹੈ। ਆਰਥਿਕ ਵਿਕਾਸ ਦੀ ਨਵੀਂ ਸੋਚ ਇਸ ਮੁੱਦੇ ’ਤੇ ਕੇਂਦਰਿਤ ਹੋ ਰਹੀ ਹੈ ਕਿ ਇਸ ਕੁਦਰਤੀ ਤਬਾਹੀ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਵਿਕਾਸ ਵਾਤਾਵਰਨ ਪੱਖੀ ਹੋਵੇ। ਵਾਤਾਵਰਨ ਪੱਖੀ ਵਿਕਾਸ ਲਈ ਇਹ ਅਤਿਅੰਤ ਜ਼ਰੂਰੀ ਹੈ ਕਿ ਲੋਕ ਆਪਣੀ ਬੋਲੀ, ਆਪਣੀ ਧਰਤੀ, ਆਪਣੇ ਪਾਣੀਆਂ ਨਾਲ ਜੁੜੇ ਹੋਣ। ਵਾਤਾਵਰਨ ਪੱਖੀ ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਵਿਕਾਸ ਲਈ ਮਾਂ ਬੋਲੀ ਦਾ ਕਿਸੇ ਦੇਸ਼ ਜਾਂ ਖਿੱਤੇ ਦੇ ਸਮੂਹਿਕ ਜਨਜੀਵਨ ਵਿੱਚ ਕੇਂਦਰੀ ਸਥਾਨ ਹੋਣ ਦੀ ਅੱਜ ਹੋਰ ਵੀ ਜ਼ਿਆਦਾ ਲੋੜ ਅਤੇ ਅਹਿਮੀਅਤ ਹੈ।
ਸੰਪਰਕ: 44 7922 657 957