ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਿੰਨੀ ਕਹਾਣੀਆਂ

04:05 AM Mar 13, 2025 IST
featuredImage featuredImage

ਵੰਝਲੀ ਦੀ ਹੂਕ

ਜਗਜੀਤ ਸਿੰਘ ਲੋਹਟਬੱਦੀ
ਮੌਸਮ ਦੀ ਪਹਿਲੀ ਬਰਫ਼ਬਾਰੀ ਹੋ ਚੁੱਕੀ ਸੀ। ਕੜਾਕੇ ਦੀ ਠੰਢ ਨੇ ਅਜੇ ਪੂਰਾ ਜ਼ੋਰ ਨਹੀਂ ਸੀ ਫੜਿਆ। ਕਦੇ ਕਦੇ ਤਿੱਖੀ ਹਵਾ ਦੇ ਝੋਂਕੇ ਸਰਦ ਰੁੱਤ ਦੇ ਆਗਮਨ ਦਾ ਅਹਿਸਾਸ ਜ਼ਰੂਰ ਕਰਾ ਦਿੰਦੇ। ਖ਼ੁਸ਼ਨੁਮਾ ਘੜੀਆਂ ਦਾ ਜਜ਼ਬਾ ਮਨ ਵਿੱਚ ਸੰਜੋਈ ਮੈਂ ਪਾਰਕ-ਨੁਮਾ-ਗਰਾਊਂਡ ਵਿੱਚ ਜਾ ਪਹੁੰਚਿਆ। ਬੱਚੇ ਆਪਣੀਆਂ ਖੇਡਾਂ ਵਿੱਚ ਮਗਨ... ਕੋਈ ਪੀਂਘਾਂ ਝੂਟ ਰਿਹਾ... ਕੋਈ ਚੰਡੋਲ ਦੇ ਚੱਕਰਾਂ ਵਿੱਚ ਕਿਲਕਾਰੀਆਂ ਮਾਰ ਰਿਹਾ... ਕੋਈ ਖ਼ਰਗੋਸ਼ਾਂ ਦੀ ਡਾਹ ਲੈਣ ਲਈ ਕਾਹਲਾ। ਨਾਲ ਆਏ ਵਡੇਰੇ ਆਪਣੇ ਹਮ-ਉਮਰਾਂ ਸੰਗ ਬਾਬਾਣੀਆਂ ਕਹਾਣੀਆਂ ਵਿੱਚ ਮਸਰੂਫ਼।
ਬਜ਼ੁਰਗਾਂ ਦਾ ਇੱਕ ਵੱਖਰਾ ਦਾਇਰਾ ਹੁੰਦਾ। ਗੱਲਾਂ ਬੀਤੇ ਜ਼ਮਾਨੇ ਦੀਆਂ... ਪੰਜਾਬ ਦੀਆਂ... ਕੈਨੇਡਾ ਦੀਆਂ। ਅੰਮ੍ਰਿਤਸਰ ਤੋਂ ਆਏ ਸੱਜਣ ਦੱਸ ਰਹੇ ਸਨ: “ਕੈਨੇਡਾ ਦੇ ਇਸ ਸ਼ਹਿਰ ਰੀਜਾਇਨਾ ਨੂੰ ਲਗਾਤਾਰ ਪੰਜਵੇਂ ਸਾਲ ‘ਟ੍ਰੀ ਸਿਟੀ ਆਫ ਦਾ ਵਰਲਡ’ (ਰੁੱਖਾਂ ਦਾ ਸ਼ਹਿਰ) ਐਲਾਨਿਆ ਗਿਆ ਹੈ। ਛੋਟੇ ਜਿਹੇ ਇਸ ਖ਼ੂਬਸੂਰਤ ਸ਼ਹਿਰ ਨੂੰ ਇੱਕ ਲੱਖ ਅੱਸੀ ਹਜ਼ਾਰ ਰੰਗ ਬਰੰਗੇ ਬਿਰਖਾਂ ਨੇ ਸੁੰਦਰ ਦਿੱਖ ਨਾਲ ਸ਼ਿੰਗਾਰਿਆ ਹੋਇਐ। ਬਰਸਾਤ ਅਤੇ ਬਰਫ਼ ਦੇ ਪਾਣੀ ਨੂੰ ਬਚਾ ਕੇ ਧਰਤੀ ਅੰਦਰ ਹੀ ਪਾਇਆ ਜਾਂਦਾ ਹੈ। ਜੀਵ ਜੰਤੂਆਂ ਦੀ ਸੁਰੱਖਿਆ ਸਮਾਜਿਕ ਜ਼ਿੰਮੇਵਾਰੀ ਹੈ। ਕਿੰਨੇ ਕੁਦਰਤ ਪ੍ਰੇਮੀ ਹਨ ਇਹ ਲੋਕ? ਬਲਿਹਾਰੀ ਕੁਦਰਤਿ ਵਸਿਆ... ਦਾ ਸੰਕਲਪ ਧਾਰਿਆ ਹੋਇਐ!”
ਰੋਜ਼ ਵਾਂਗ ਸੰਗੀ-ਸਾਥੀਆਂ ਨੂੰ ਦੁਆ ਸਲਾਮ ਕਰ ਕੇ ਮੈਂ ਬੈਂਚ ’ਤੇ ਬੈਠਿਆ ਤਾਂ ਕੰਨਾਂ ਵਿੱਚ ਸੰਗੀਤਕ ਧੁਨਾਂ ਦੀ ਮੱਧਮ ਜਿਹੀ ਆਵਾਜ਼ ਪਈ। ਆਲੇ-ਦੁਆਲੇ ਨਜ਼ਰ ਘੁਮਾਈ ਤਾਂ ਦੇਖਿਆ ਕਿ ਪਾਰਕ ਦੀ ਪਾਰਲੀ ਗੁੱਠੇ ਕੋਈ ਸ਼ਖ਼ਸ ਬੰਸਰੀ ਵਜਾ ਰਿਹਾ ਸੀ। ਮਨ ਕਿਸੇ ਵਿਸਮਾਦ ਵਿੱਚ ਜੁੜ ਗਿਆ। ਅਗਲੇ ਦਿਨ ਫਿਰ ਸੰਗੀਤ ਦੀ ਵੇਦਨਾ ਨੇ ਆਪਣੇ ਵੱਲ ਧਿਆਨ ਖਿੱਚ ਲਿਆ। ਕਈ ਦਿਨ ਇਹ ਸਿਲਸਿਲਾ ਚੱਲਦਾ ਰਿਹਾ। ਜਗਿਆਸਾ-ਵੱਸ ਇੱਕ ਦਿਨ ਮੈਂ ਪਾਰਕ ਦੇ ਉਸ ਕਿਨਾਰੇ ਵੱਲ ਚੱਲ ਪਿਆ, ਜਿੱਧਰੋਂ ਰੋਜ਼ ਸਰੋਦੀ ਸੁਰਾਂ ਦੀ ਆਹਟ ਸੁਣਾਈ ਦਿੰਦੀ ਸੀ। ਥੋੜ੍ਹੀ ਵਿੱਥ ’ਤੇ ਓਹਲੇ ਜਿਹੇ ਬੈਠ ਮੈਂ ਕਿੰਨਾ ਚਿਰ ਇਸ ਸੁਰਲੋਕ ਵਿੱਚ ਸਰਸ਼ਾਰ ਹੁੰਦਾ ਰਿਹਾ।
ਵੰਝਲੀ ਵਜਾਉਣ ਵਾਲੀ ਅੱਧਖੜ ਉਮਰ ਦੀ ਗੋਰੀ ਔਰਤ ਸੀ। ਵੈਰਾਗਮਈ ਤਰੰਗਾਂ ਨਾਲ ਚੁਫ਼ੇਰਾ ਗ਼ਮਗੀਨ ਹੋ ਗਿਆ ਜਾਪਿਆ। ਪੈਰ ਮੱਲੋਮੱਲੀ ਸੰਗੀਤ ਦੇ ਮੁਜੱਸਮੇ ਤੱਕ ਲੈ ਗਏ। ਜਕਦੇ ਜਕਦੇ ਜਾਣਨਾ ਚਾਹਿਆ ਤਾਂ ਭਰੇ ਮਨ ਨਾਲ ਉਸ ਦੱਸਿਆ ਕਿ ਪਿਛਲੇ ਦਿਨੀਂ ਅਣਜਾਣੇ ਵਿੱਚ ਉਸ ਕੋਲੋਂ ਘੋਰ ਪਾਪ ਹੋ ਗਿਆ ਸੀ। ਇਸੇ ਪਾਰਕ ਦੀ ਸਾਹਮਣੀ ਸੜਕ ’ਤੇ ਵਾਹੋ-ਦਾਹੀ ਭੱਜਿਆ ਆਉਂਦਾ ਇੱਕ ਖ਼ਰਗੋਸ਼ ਉਸ ਦੀ ਕਾਰ ਹੇਠ ਆ ਕੇ ਕੁਚਲਿਆ ਗਿਆ ਸੀ। ਉਸ ਨੂੰ ਜੁਰਮਾਨਾ ਭਰਨਾ ਪਿਆ ਸੀ ਅਤੇ ਡਰਾਈਵਿੰਗ ਲਾਇਸੈਂਸ ’ਤੇ ਵੀ ਰੈੱਡ ਮਾਰਕ ਲੱਗ ਗਿਆ ਸੀ। ਪਰ ਉਸ ਦੀ ਅੰਤਰ-ਆਤਮਾ ਉਸ ਨੂੰ ਜੀਵ ਹੱਤਿਆ ਹੋਣ ’ਤੇ ਲਗਾਤਾਰ ਝੰਜੋੜ ਰਹੀ ਸੀ। ਸੰਗੀਤ ਉਸ ਦੇ ਵਲੂੰਧਰੇ ਹਿਰਦੇ ਨੂੰ ਸਕੂਨ ਬਖ਼ਸ਼ਦਾ ਸੀ।
ਮੈਂ ਮਨ ਹੀ ਮਨ ਸੋਚ ਰਿਹਾ ਸੀ ਕਿ ਅਸੀਂ ਪ੍ਰਕਿਰਤੀ ਦੀ ਦੁਹਾਈ ਦੇਣ ਵਾਲੇ ‘ਧਾਰਮਿਕ’ ਜੀਵ, ਇਨ੍ਹਾਂ ‘ਨਾਸਤਿਕ’ ਲੋਕਾਂ ਦੇ ਹਾਣ ਦੇ ਕਦੋਂ ਹੋਵਾਂਗੇ?
ਮੇਰੇ ਸਾਹਮਣੇ ਬੈਠੀ ਉਸ ਔਰਤ ਦੇ ਪਰਲ ਪਰਲ ਵਗਦੇ ਪਛਤਾਵੇ ਦੇ ਅੱਥਰੂ ਉਸ ਦੇ ਚਿਹਰੇ ਨੂੰ ਧੋ ਰਹੇ ਸਨ।
ਸੰਪਰਕ: 89684-33500
* * *

Advertisement

ਅਹਿਸਾਸ

ਮਨਜੀਤ ਕੌਰ ਸੰਧੂ
ਸੁਖਜੀਤ ਇੱਕ ਘਰੇਲੂ ਸੁਆਣੀ ਸੀ। ਉਸ ਦਾ ਪਤੀ ਬਿੱਕਰ ਸਿੰਘ ਵੀ ਬਹੁਤ ਸਖ਼ਤ ਮਿਹਨਤ ਕਰਦਾ ਸੀ। ਉਹ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦਾ। ਕਦੇ ਵੀ ਮੱਥੇ ਵੱਟ ਨਾ ਪਾਉਂਦਾ। ਉਸ ਦਾ ਸਰੀਰ ਸੁਡੌਲ ਤੇ ਤਾਕਤਵਰ ਸੀ। ਇੱਕ ਕੁਇੰਟਲ ਵਜ਼ਨ ਤਾਂ ਸ਼ਰਤ ਕਰਕੇ ਇਕੱਲਾ ਹੀ ਚੁੱਕ ਦਿੰਦਾ ਸੀ। ਕਈ ਵਾਰ ਉਸ ਤੋਂ ਵੀ ਵੱਧ ਹੋ ਜਾਂਦਾ ਸੀ। ਉਸ ਦੇ ਸਾਰੇ ਭੈਣ-ਭਰਾ ਉੱਚ ਅਹੁਦਿਆਂ ’ਤੇ ਤਾਇਨਾਤ ਸਨ। ਸੁਖਜੀਤ ਨੇ ਵੀ ਮੋਢੇ ਨਾਲ ਮੋਢਾ ਲਾ ਕੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਚੁੱਕੀਆਂ ਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਰਹੀ। ਘਰ ਦੇ ਕੰਮਕਾਜ ਕਰਦੀ ਨੂੰ ਪਤਾ ਹੀ ਨਾ ਲੱਗਦਾ ਕਿ ਦਿਨ ਕਦੋਂ ਖ਼ਤਮ ਹੋ ਜਾਂਦਾ ਤੇ ਮਸਾਂ ਹੀ ਮੰਜੇ ਵਿੱਚ ਡਿੱਗਦੀ।
ਇੱਕ ਦਿਨ ਸੁਖਜੀਤ ਡੂੰਘੀਆਂ ਸੋਚਾਂ ਵਿੱਚ ਡੁੱਬੀ ਹੋਈ ਸੀ ਕਿ ਉਸ ਦੀ ਬੱਚੀ ਨੇ ਸਕੂਲੋਂ ਆ ਕੇ ਪੁੱਛਿਆ, ‘‘ਮੰਮਾ ਕੀ ਹੋਇਆ ਉਦਾਸ ਬੈਠੇ ਓਂ!’’
ਉਹ ‘ਕੁਝ ਨਹੀਂ ਪੁੱਤ’ ਕਹਿੰਦੀ ਹੋਈ ਬੀਤੇ ਹੋਏ ਸਮੇਂ ਵੱਲ ਚਲੀ ਗਈ। ਸੁਖਜੀਤ ਇੱਕ ਬਹੁਤ ਹੀ ਸਮਝਦਾਰ ਤੇ ਪੜ੍ਹੇ ਲਿਖੇ ਪਰਿਵਾਰ ਦੀ ਧੀ ਸੀ। ਉਸ ਦੇ ਪਿਤਾ ਗੁਣੀ ਗਿਆਨੀ ਤੇ ਧਾਰਮਿਕ ਬਿਰਤੀ ਵਾਲੇ ਇਨਸਾਨ ਸਨ। ਸੁਖਜੀਤ ਹੁਰੀਂ ਚਾਰ ਭੈਣ ਭਰਾ ਸਨ। ਪਿੰਡ ਪ੍ਰਾਇਮਰੀ ਸਕੂਲ ਸੀ। ਉਸ ਨੇ ਰਿਸ਼ਤੇਦਾਰਾਂ ਕੋਲ ਰਹਿ ਕੇ ਗਿਆਰਵੀਂ ਪਾਸ ਕੀਤੀ। ਗੁਰਬਤ ਭਰੀ ਜ਼ਿੰਦਗੀ ਕੱਟ ਰਹੇ ਮਾਪਿਆਂ ਨੇ ਸੋਚਿਆ ਕਿ ਸੁੱਖੀ ਦਾ ਵਿਆਹ ਕਰ ਦਿੰਦੇ ਹਾਂ ਪਰ ਉਸੇ ਵਕਤ ਕਿਸੇ ਨੇ ਰਾਇ ਦਿੱਤੀ ਕਿ ਬੀ.ਏ. ਕਰਵਾ ਲਉ, ਆਪਣੇ ਪੈਰਾਂ ’ਤੇ ਖੜ੍ਹੀ ਹੋ ਜਾਵੇਗੀ। ਰਿਸ਼ਤੇ ਵਿੱਚੋਂ ਭੂਆ ਨੇ ਫੀਸ ਭਰ ਕੇ ਹੋਸਟਲ ਦਾ ਵੀ ਬੰਦੋਬਸਤ ਕਰ ਦਿੱਤਾ। ਸੁਖਜੀਤ ਨੇ ਪਹਿਲਾ ਸਾਲ ਬਹੁਤ ਵਧੀਆ ਅੰਕ ਲੈ ਕੇ ਪਾਸ ਕੀਤਾ ਤੇ ਛੁੱਟੀਆਂ ਵਿੱਚ ਪਿੰਡ ਵੀ ਗੇੜਾ ਲਾ ਜਾਂਦੀ ਰਹੀ। ਉਸ ਦਾ ਵੱਡਾ ਭਰਾ ਕਾਲਜ ਵਿੱਚ ਲਾਇਬ੍ਰੇਰੀਅਨ ਸੀ। ਜਦੋਂ ਵੀ ਉਸ ਨੂੰ ਮਿਲਣ ਆਉਂਦਾ ਚੰਗੇ ਸਾਹਿਤ ਨਾਲ ਜੁੜਨ ਵਾਸਤੇ ਪ੍ਰੇਰਦਾ ਰਹਿੰਦਾ। ਸੁਖਜੀਤ ਦੀ ਸਹੇਲੀ ਕਮਲ ਬਹੁਤ ਹੀ ਸੂਝਵਾਨ ਸੀ। ਹੋਸਟਲ ਵਿੱਚ ਇਕੱਠੀਆਂ ਰਹਿੰਦੀਆਂ। ਕਮਲ ਬਹੁਤ ਅਮੀਰ ਘਰ ਦੀ ਕੁੜੀ ਸੀ ਪਰ ਉਹ ਬਿਲਕੁਲ ਵੀ ਪੈਸੇ ਦਾ ਹੰਕਾਰ ਨਹੀਂ ਸੀ ਕਰਦੀ। ਕਮਲ ਦਾ ਭਰਾ ਹਰਮਨ ਵੀ ਅੰਗਰੇਜ਼ੀ ਦੀ ਐਮ.ਏ. ਕਰ ਰਿਹਾ ਸੀ। ਉਹ ਹਰ ਰੋਜ਼ ਘਰੋਂ ਆਉਂਦਾ ਸੀ। ਕਦੇ ਕਦੇ ਕੋਈ ਚੀਜ਼ ਵਸਤ ਦੇਣ ਵਾਸਤੇ ਕਾਲਜ ਆਉਂਦਾ ਤਾਂ ਕਮਲ ਵੀ ਸੁਖਜੀਤ ਨੂੰ ਨਾਲ ਲੈ ਕੇ ਗੈਸਟ ਰੂਮ ’ਚ ਹਰਮਨ ਨੂੰ ਮਿਲਣ ਆਉਂਦੀ। ਅਚਾਨਕ ਪਤਾ ਹੀ ਨਹੀਂ ਚੱਲਿਆ ਕਦੋਂ ਸੁਖਜੀਤ ਦੀਆਂ ਅੱਖਾਂ ਚਾਰ ਹੋ ਗਈਆਂ। ਹਰਮਨ ਕਦੇ ਕਦੇ ਹੋਸਟਲ ਆਉਂਦਾ ਤੇ ਵਾਰਡਨ ਤੋਂ ਆਗਿਆ ਲੈ ਕੇ ਉਸ ਨੂੰ ਘੁੰਮਾਉਣ ਲੈ ਜਾਂਦਾ। ਹੌਲੀ ਹੌਲੀ ਕਮਲ ਨੂੰ ਵੀ ਪਤਾ ਲੱਗ ਗਿਆ। ਥੋੜ੍ਹਾ ਬਹੁਤ ਗਿਲਾ ਸ਼ਿਕਵਾ ਹੋਣ ਤੋਂ ਬਾਅਦ ਸਭ ਠੀਕ ਹੋ ਗਿਆ।
ਹਰਮਨ ਨੇ ਹਮੇਸ਼ਾ ਹੀ ਵਿਸ਼ਵਾਸ ਦਿਵਾਇਆ ਕਿ ਆਪਾਂ ਜ਼ਿੰਦਗੀ ਭਰ ਇਕੱਠੇ ਰਹਿਣਾ ਹੈ, ਦੁਨੀਆ ਦੀ ਕੋਈ ਤਾਕਤ ਆਪਾਂ ਨੂੰ ਵੱਖ ਨਹੀਂ ਕਰ ਸਕਦੀ, ਪਰ ਸੁਖਜੀਤ ਨੇ ਹਰ ਸਮੇਂ ਡਰ ਜ਼ਾਹਿਰ ਕਰਨਾ, ‘‘ਹਰਮਨ, ਆਪਣਾ ਮੁਕਾਬਲਾ ਨਹੀਂ। ਮੇਰੀਆਂ ਤਾਂ ਫੀਸਾਂ ਵੀ ਕੋਈ ਰਿਸ਼ਤੇਦਾਰ ਭਰ ਰਿਹਾ ਹੈ। ਤੇਰੇ ਪਿਤਾ ਜੀ ਵਧੀਆ ਮਹਿਕਮੇ ਵਿੱਚ ਅਫਸਰ ਹਨ।’’ ਹਰਮਨ ਨੇ ਉਸ ਦੇ ਦਿਲ ਦਾ ਡਰ ਦੂਰ ਕਰਨਾ, ‘‘ਮੈਂ ਆਪਣੇ ਮਾਪਿਆਂ ਦਾ ਇਕੱਲਾ ਪੁੱਤਰ ਹਾਂ। ਉਹ ਮੇਰੀ ਹਰ ਗੱਲ ਮੰਨਦੇ ਹਨ। ਤੁਸੀਂ ਇਸ ਗੱਲ ਬਾਰੇ ਬਿਲਕੁਲ ਨਾ ਸੋਚੋ। ਆਪਣੀ ਪੜ੍ਹਾਈ ਪੂਰੀ ਕਰੋ।’’ ਸੁਖਜੀਤ ਦਾ ਇਹ ਬੀ.ਏ. ਦਾ ਆਖ਼ਰੀ ਸਾਲ ਸੀ। ਹਰਮਨ ਦੀ ਸਲਾਹ ਸੀ ਕਿ ਸੁਖਜੀਤ ਵੀ ਅੰਗਰੇਜੀ ਦੀ ਐਮ.ਏ. ਕਰੇ। ਫਿਰ ਵਿਆਹ ਦਾ ਸੋਚਾਂਗੇ। ਖਰਚ ਵੀ ਦੋ ਸਾਲ ਦਾ ਉਹ ਕਰਨ ਲਈ ਤਿਆਰ ਸੀ। ਇੱਕ ਦਿਨ ਹਰਮਨ ਨੇ ਮਾਤਾ-ਪਿਤਾ ਨਾਲ ਸੁਖਜੀਤ ਬਾਰੇ ਗੱਲ ਕੀਤੀ, ਪਰ ਉਨ੍ਹਾਂ ਨੂੰ ਪਹਿਲਾਂ ਹੀ ਕਮਲ ਨੇ ਥੋੜ੍ਹਾ ਬਹੁਤ ਦੱਸਿਆ ਹੋਇਆ ਸੀ। ਪਿਤਾ ਜੀ ਨੇ ਕਿਹਾ, ‘‘ਮੈਂ ਜਾਣਦਾ ਹਾਂ ਸੁਖਜੀਤ ਬਹੁਤ ਹੀ ਲਾਇਕ ਕੁੜੀ ਹੈ, ਪਰ ਆਪਾਂ ਰਿਸ਼ਤੇਦਾਰਾਂ ਨੂੰ ਕੀ ਦੱਸਾਂਗੇ ਕਿ ਹਰਮਨ ਦੇ ਸਹੁਰੇ ਰੋਟੀ ਵੀ ਮਸਾਂ ਖਾਂਦੇ ਹਨ!’’ ਹਰਮਨ ਨੇ ਪੂਰੀ ਜ਼ਿੱਦ ਕੀਤੀ ਕਿ ਜੇ ਵਿਆਹ ਹੋਣਾ ਤਾਂ ਸੁਖਜੀਤ ਨਾਲ, ਨਹੀਂ ਤਾਂ ਕਰਨਾ ਹੀ ਨਹੀਂ। ਉਸ ਦੇ ਘਰ ਵਾਲੇ ਜਲਦੀ ਹੀ ਜ਼ਿੱਦ ਅੱਗੇ ਝੁਕ ਗਏ। ਸੁਖਜੀਤ ਨੇ ਵੀ ਉਹ ਨੂੰ ਦੱਸਿਆ ਕਿ ਜਿਹੜੇ ਰਿਸ਼ਤੇਦਾਰ ਉਸ ਦਾ ਖ਼ਰਚ ਕਰ ਰਹੇ ਨੇ ਉਹ ਵੀ ਕਿਸੇ ਪਾਸੇ ਉਸ ਦੇ ਰਿਸ਼ਤੇ ਦੀ ਗੱਲ ਕਰ ਰਹੇ ਹਨ। ਪੰਜ ਸੱਤ ਦਿਨਾਂ ਪਿੱਛੋਂ ਹਰਮਨ ਨੇ ਕਿਸੇ ਵਾਕਫ਼ਕਾਰ ਨੂੰ ਸੁਖਜੀਤ ਦੇ ਘਰ ਰਿਸ਼ਤੇ ਸਬੰਧੀ ਗੱਲ ਕਰਨ ਲਈ ਭੇਜਿਆ। ਘਰ ਕੁਝ ਵੀ ਪਤਾ ਨਾ ਹੋਣ ਕਰਕੇ ਉਨ੍ਹਾਂ ਆਖ ਦਿੱਤਾ ਕਿ ਸੋਚ ਕੇ ਦੱਸਣਗੇ।
ਜਦੋਂ ਹਰਮਨ ਬਾਰੇ ਪੜਤਾਲ ਕੀਤੀ ਤਾਂ ਮਾਤਾ ਜੀ ਨੇ ਕਹਿ ਦਿੱਤਾ ਕਿ ਮੁੰਡਾ ਤਾਂ ਮੇਰੇ ਗੋਤ ਤੋਂ ਹੈ, ਗੋਤ ਮਿਲਦੇ ਹੋਣ ਕਰਕੇ ਵਿਆਹ ਨਹੀਂ ਹੋ ਸਕਦਾ। ਸੁਖਜੀਤ ਦੇ ਵਾਰ ਵਾਰ ਗੱਲ ਕਰਨ ’ਤੇ ਲੱਗਾ ਕਿ ਦਾਲ ਵਿੱਚ ਕੁਝ ਕਾਲਾ ਹੈ। ਉਸ ਨੂੰ ਪੇਪਰ ਦੇਣ ਤੋਂ ਪਹਿਲਾਂ ਹੀ ਘਰ ਲੈ ਆਏ। ਇੱਧਰ ਸੁਖਜੀਤ ਦਾ ਰੋ ਰੋ ਕੇ ਬੁਰਾ ਹਾਲ ਸੀ ਤੇ ਹਰਮਨ ਨੇ ਵੀ ਐਲਾਨ ਕਰ ਦਿੱਤਾ ਕਿ ਮੈਂ ਵੀ ਪੇਪਰ ਨਹੀਂ ਦੇਣੇ ਐਤਕੀਂ ਵਾਰ। ਘਰ ਦਾ ਮਾਹੌਲ ਵੇਖ ਕੇ ਕਮਲ ਦਸ ਕੁ ਦਿਨਾਂ ਬਾਅਦ ਆਪਣੇ ਡੈਡੀ ਨੂੰ ਨਾਲ ਲੈ ਕੇ ਸੁਖਜੀਤ ਦੇ ਪਿੰਡ ਆ ਗਈ। ਉਨ੍ਹਾਂ ਦੇ ਬਹੁਤ ਜ਼ੋਰ ਦੇਣ ’ਤੇ ਵੀ ਮਾਂ ਨਾ ਮੰਨੀ ਪਰ ਪਿਤਾ ਜੀ ਕੁਝ ਉਸ ਦੇ ਹੱਕ ਵਿੱਚ ਸਨ ਕਿ ਗੋਤਾਂ ਨੂੰ ਕੌਣ ਪੁੱਛਦਾ ਹੈ। ਧੀ ਸੁਖੀ ਹੋਣੀ ਚਾਹੀਦੀ ਹੈ। ਕਮਲ ਜਾਣ ਵੇਲੇ ਸੁੱਖੀ ਨੂੰ ਕਲਾਵੇ ਵਿੱਚ ਲੈ ਕੇ ਬਹੁਤ ਰੋਈ ਕਿ ਪਤਾ ਨਹੀਂ ਆਪਾਂ ਨੇ ਦੁਬਾਰਾ ਮਿਲਣੈ ਕਿ ਨਹੀਂ। ਕਮਲ ਹਰਮਨ ਦੀ ਚਿੱਠੀ ਸੁਖਜੀਤ ਦੀ ਮੁੱਠੀ ਵਿੱਚ ਦੇ ਕੇ ਚਲੀ ਗਈ। ਸੁਖਜੀਤ ਦੇ ਪਹਾੜ ਜਿੱਡੇ ਜਿੱਡੇ ਦਿਨ ਹੋਏ ਪਏ ਸਨ। ਘਰ ਦੇ ਉਸ ਦੀ ਉਦਾਸੀ ਵੇਖ ਕੇ ਬਹੁਤ ਝੂਰਦੇ ਸਨ। ਸੁਖਜੀਤ ਦੇ ਵੱਡੇ ਭਰਾ ਨੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਵਿਅਰਥ। ਸੁਖਜੀਤ ਦੀ ਪਿੰਡ ਇੱਕ ਸਹੇਲੀ ਸੀ ਪਰ ਉਹ ਅਨਪੜ੍ਹ ਸੀ। ਉਸ ਦਾ ਪਤੀ ਫ਼ੌਜ ਵਿੱਚ ਹੋਣ ਕਰਕੇ ਜ਼ਿਆਦਾ ਪੇਕੇ ਹੀ ਰਹਿੰਦੀ। ਉਸ ਦੀਆਂ ਚਿੱਠੀਆਂ ਸੁਖਜੀਤ ਲਿਖਦੀ ਵੀ ਰਹੀ ਤੇ ਪੜ੍ਹਦੀ ਵੀ। ਚਿੱਠੀਆਂ ਪੜ੍ਹ ਕੇ ਉਸ ਨੂੰ ਵੀ ਇੰਝ ਲੱਗਦਾ ਕਿ ਮੇਰਾ ਪਤੀ ਹੀ ਮੈਨੂੰ ਮਿਲ ਗਿਆ। ਇੱਕ ਦਿਨ ਸਹੇਲੀ ਨੇ ਜ਼ੋਰ ਦੇ ਕੇ ਸੁਖਜੀਤ ਨੂੰ ਉਦਾਸੀ ਦਾ ਕਾਰਨ ਪੁੱਛਿਆ। ਸੁੱਖੀ ਨੇ ਸਾਰੀ ਵਿਥਿਆ ਦੱਸ ਦਿੱਤੀ ਤੇ ਉਸ ਨੂੰ ਹੱਲ ਕੱਢਣ ਵਾਸਤੇ ਵੀ ਕਿਹਾ। ਘਰਦਿਆਂ ਨਾਲ ਗੱਲ ਕਰਨ ਤੋਂ ਸੁੱਖੀ ਨੇ ਮਨ੍ਹਾਂ ਕਰ ਦਿੱਤਾ ਕਿ ਘਰ ਦੇ ਉਸ ਕੋਲ ਜਾਣ ਤੋਂ ਵੀ ਰੋਕ ਦੇਣਗੇ। ਉਨ੍ਹਾਂ ਨੇ ਏਨਾ ਕੁ ਹੱਲ ਕੱਢ ਲਿਆ ਕਿ ਹਰਮਨ ਦੀ ਚਿੱਠੀ ਫ਼ੌਜੀ ਦੇ ਐੱਡਰੈੱਸ ਨਾਲ ਆਉਣ ਲੱਗ ਪਈ। ਅਜੇ ਇਹ ਸਿਲਸਿਲਾ ਤਿੰਨ ਕੁ ਮਹੀਨੇ ਚੱਲਿਆ ਸੀ ਕਿ ਘਰਦਿਆਂ ਨੂੰ ਮਹਿਸੂਸ ਹੋਇਆ, ਸੁੱਖੀ ਹੁਣ ਠੀਕ ਹੈ। ਇਸ ਦਾ ਵਿਆਹ ਕਰ ਦੇਈਏ ਤਾਂ ਘਰ ਗ੍ਰਹਿਸਥੀ ਵਿੱਚ ਸਭ ਕੁਝ ਭੁੱਲ ਜਾਵੇਗੀ। ਸੁਖਜੀਤ ਵੀ ਝੁਕ ਗਈ ਤੇ ਅਧੂਰੀਆਂ ਸੱਧਰਾਂ ਨਾਲ ਸਹੁਰੇ ਆ ਗਈ। ਕਾਫ਼ੀ ਵੱਡਾ ਪਰਿਵਾਰ ਸੀ। ਘਰ ਵਿੱਚ ਵੱਡੇ ਭਰਾਵਾਂ ਦਾ ਹੀ ਦਬਦਬਾ ਸੀ । ਸੁੱਖੀ ਦਾ ਪਤੀ ਜ਼ਿਆਦਾ ਹੀ ਸਾਊ ਸੁਭਾਅ ਦਾ ਮਾਲਕ ਸੀ। ਘਰ ਦੇ ਮੈਂਬਰ ਹਰ ਵਕਤ ਸੁੱਖੀ ਦਾ ਮਨ ਲਾਉਣ ਦੀ ਕੋਸ਼ਿਸ਼ ਕਰਦੇ। ਉਸ ਦਾ ਮਨ ਤਾਂ ਹਰ ਵਕਤ ਹਰਮਨ ਦੇ ਖ਼ਿਆਲਾਂ ’ਚ ਹੀ ਖੁੱਭਿਆ ਰਹਿੰਦਾ। ਉਹ ਸੋਚਦੀ ਰਹਿੰਦੀ ਕਿ ਸਰੀਰ ਭਾਵੇਂ ਇੱਥੇ ਹੈ ਪਰ ਦਿਲ ਨਹੀਂ! ਸੁਖਜੀਤ ਘਰ ਦੇ ਕੰਮਾਂ ਕਾਰਾਂ ਵਿੱਚ ਰੁੱਝੀ ਰਹਿੰਦੀ। ਕੁਝ ਦਿਨ ਪੇਕੇ ਵੀ ਲਾ ਆਉਂਦੀ। ਹਰਮਨ ਨਾਲ ਕਦੇ ਕਦਾਈਂ ਚਿੱਠੀ ਪੱਤਰ ਨਾਲ ਗੱਲ ਹੋ ਜਾਂਦੀ। ਅਚਾਨਕ ਹੀ ਧੀ ਦਾ ਜਨਮ ਹੋਇਆ ਤਾਂ ਸੁਖਜੀਤ ਸਭ ਕੁਝ ਭੁੱਲ ਕੇ ਧੀ ਨੂੰ ਸਮਰਪਿਤ ਹੋ ਗਈ। ਧੀ ਨੂੰ ਪੜ੍ਹਾ ਲਿਖਾ ਕੇ ਸਮਾਜ ਵਿੱਚ ਸਨਮਾਨ ਯੋਗ ਥਾਂ ਦਿਵਾਈ। ਆਪਣੇ ਅਧੂਰੇ ਸੁਪਨੇ ਧੀ ਵਿੱਚੋਂ ਪੂਰੇ ਕੀਤੇ। ਉਸ ਦੀ ਹਰ ਲੋੜ ਮੰਗਣ ਤੋਂ ਪਹਿਲਾਂ ਪੂਰੀ ਕੀਤੀ। ਅਚਾਨਕ ਹੀ ਧੀ ਦੀ ਆਵਾਜ਼ ਨਾਲ ਸੋਚਾਂ ਦੀ ਲੜੀ ਟੁੱਟ ਗਈ ਤੇ ਹਰ ਰੋਜ਼ ਦੀ ਤਰ੍ਹਾਂ ਆਪਣੇ ਕੰਮਾਂ ਕਾਰਾਂ ਵਿੱਚ ਰੁੱਝ ਗਈ!
ਸੰਪਰਕ: 98773-40379

Advertisement
Advertisement