ਸੰਗਰੂਰ: ਧਰਨਾਕਾਰੀ ਕਿਸਾਨਾਂ ਨੂੰ ਪੁਲੀਸ ਨੇ ਜਬਰੀ ਹਿਰਾਸਤ ’ਚ ਲਿਆ
ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਮਾਰਚ
ਸ਼ੰਭੂ ਤੇ ਖਨੌਰੀ ਮੋਰਚਿਆਂ ਨੂੰ ਪੁਲੀਸ ਵੱਲੋਂ ਚੁੱਕੇ ਜਾਣ ਦੇ ਵਿਰੋਧ ’ਚ ਡੀਸੀ ਦਫਤਰ ਅੱਗੇ ਰੋਸ ਧਰਨਾ ਦੇ ਰਹੇ ਕਿਸਾਨਾਂ ਨੂੰ ਪੁਲੀਸ ਵੱਲੋਂ ਤੋਂ ਘੇਰਨ ਤੋਂ ਬਾਅਦ ਜਬਰੀ ਹਿਰਾਸਤ ਚ ਲੈ ਲਿਆ ਗਿਆ ਹੈ। ਇਸ ਦੌਰਾਨ ਬੀਕੇਯੂ ਏਕਤਾ ਆਜ਼ਾਦ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਸੋਮਾ ਸਮਤੇ ਕਈ ਆਗੂਆਂ ਨੂੰ ਵੀ ਜਬਰੀ ਹਿਰਾਸਤ ਵਿਚ ਲਿਆ ਗਿਆ। ਜ਼ਿਕਰਯੋਗ ਹੈ ਕਿ ਬੀਕੇਯੂ ਏਕਤਾ ਆਜ਼ਾਦ ਦੀ ਅਗਵਾਈ ਹੇਠ ਕਿਸਾਨ ਡੀਸੀ ਦਫਤਰ ਅੱਗੇ ਰੋਸ ਧਰਨਾ ਦੇ ਰਹੇ ਸਨ। ਪ੍ਰਸ਼ਾਸਨ ਵੱਲੋਂ ਇਸ ਮੌਕੇ ਵੱਡੀ ਤਾਦਾਦ ’ਚ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ।

ਪੁਲੀਸ ਨੇ ਦੋਵੇਂ ਪਾਸੇ ਤੋਂ ਘੇਰ ਕੇ ਕਿਸਾਨਾਂ ਨੂੰ ਹਿਰਾਸਤ ’ਚ ਲੈਂਦਿਆਂ ਕਿਸਾਨ ਬੀਬੀਆਂ ਨੂੰ ਵੀ ਧੂਹ ਕੇ ਬੱਸਾਂ ’ਚ ਚੜ੍ਹਾਇਆ। ਡੀਐੱਸਪੀ ਸੁਖਦੇਵ ਸਿੰਘ ਨੇ ਦੱਸਿਆ ਕਿ ਹਿਰਾਸਤ ਚ ਲਏ ਕਿਸਾਨਾਂ ਨੂੰ ਥਾਣਾ ਦਿੜ੍ਹਬਾ, ਚੀਮਾ, ਲੌਂਗੋਵਾਲ, ਸੰਗਰੂਰ ਵਿਚ ਲਿਜਾਇਆ ਗਿਆ ਹੈ। ਦੂਜੇ ਪਾਸੇ ਕਿਸਾਨਾਂ ਨੇ ਪੁਲੀਸ ਕਾਰਵਾਈ ਦਾ ਵਿਰੋਧ ਕਰਦਿਆਂ ਇਸ ਨੂੰ ਲੋਕਤੰਤਰ ਦਾ ਘਾਣ ਕਰਾਰ ਦਿੱਤਾ ਅਤੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਕਿਸਾਨਾਂ ਨੇ ਮੁੱਖ ਮੰਤਰੀ ਨੂੰ ਤਾਨਾਸ਼ਾਹ ਦੱਸਿਆ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਗੁਰਨਾਮ ਸਿੰਘ ਚੌਹਾਨ, ਪਾਤੜਾਂ: ਵੱਖ-ਵੱਖ ਮੰਗਾਂ ਨੂੰ ਲੈ ਕੇ ਢਾਬੀ ਗੁੱਜਰਾਂ (ਖਨੌਰੀ) ਬਾਰਡਰ ਤੇ ਬੈਠੇ ਕਰੀਬ 250 ਕਿਸਾਨਾਂ ਨੂੰ ਦੇਰ ਰਾਤ ਪੰਜਾਬ ਪੁਲੀਸ ਨੇ ਰਿਹਾਸਤ ਵਿੱਚ ਲਿਆ ਸੀ। ਜਿਸ ਉਪਰੰਤ ਅੱਜ ਸਵੇਰੇ ਤੋਂ ਪੁਲੀਸ ਨੇ ਬਾਰਡਰ ’ਤੇ ਕਿਸਾਨਾਂ ਵੱਲੋਂ ਖੜੇ ਕੀਤੇ ਗਏ ਟਰੈਕਟਰ ਟਰਾਲੀਆਂ ਅਤੇ ਰਹਿਣ ਬਸੇਰਿਆਂ ਨੂੰ ਮੁੱਖ ਮਾਰਗ ਤੋਂ ਹਟਾਉਣਾ ਸ਼ੁਰੂ ਕਰ ਦਿੱਤਾ ਸੀ। ਪੁਲੀਸ ਨੇ ਖਨੌਰੀ ਬਾਰਡਰ ਤੋਂ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਅਤੇ ਹੋਰ ਸਾਧਨਾਂ ਨੂੰ 32 ਦੇ ਦਰੇ ਦੇ ਕੋਲ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਸਿਰਸਾ: ਕਿਸਾਨਾਂ ਨੇ ਭਗਵੰਤ ਮਾਨ ਦਾ ਪੁਤਲਾ ਫੂਕਿਆ
ਪ੍ਰਭੂ ਦਿਆਲ, ਸਿਰਸਾ: ਕਿਸਾਨਾਂ ਦੇ ਮੋਰਚੇ ਨੂੰ ਜਬਰੀ ਹਟਾਏ ਜਾਣ ਦੇ ਵਿਰੋਧ ਵਿੱਚ ਕਿਸਾਨਾਂ ਨੇ ਅੱਜ ਮਿੰਨੀ ਸਕੱਤਰੇਤ ਦੇ ਬਾਹਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾ ਪੁਤਲਾ ਫੂਕਿਆ। ਇਸ ਦੌਰਾਨ ਕਿਸਾਨਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਅਤੇ ਭਗਵੰਤ ਮਾਨ ’ਤੇ ਕਿਸਾਨਾਂ ਨਾਲ ਦਗਾ ਕਰਨ ਦਾ ਦੋਸ਼ ਲਾਇਆ।
ਆਗੂ ਪ੍ਰਕਾਸ਼ ਸਿੰਘ ਮਮੇਰਾਂ ਅਤੇ ਅੰਗਰੇਜ਼ ਸਿੰਘ ਕੋਟਲੀ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀ ਪਿੱਠ ’ਚ ਛੁਰਾ ਮਾਰਨ ਦਾ ਕੰਮ ਕੀਤਾ ਹੈ, ਜਿਸ ਨੂੰ ਕਿਸਾਨ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਜੇਕਰ ਹਿਰਾਸਤ ਵਿੱਚ ਲਏ ਗਏ ਕਿਸਾਨਾਂ ਨੂੰ ਜਲਦੀ ਰਿਹਾਅ ਨਾ ਕੀਤਾ ਗਿਆ ਤਾਂ ਕਿਸਾਨ ਆਪਣੇ ਅੰਦੋਲਨ ਨੂੰ ਹੋਰ ਤਿੱਖਾ ਕਰਨਗੇ।