ਸੱਤ ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ
ਵਡੋਦਰਾ, 22 ਮਾਰਚ
ਗੁਜਰਾਤ ਦੇ ਵਡੋਦਰਾ ਸ਼ਹਿਰ ਵਿੱਚ ਸ਼ਨੀਵਾਰ ਸਵੇਰੇ ਸੱਤ ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਇੱਕ 43 ਸਾਲਾ ਵਿਅਕਤੀ ਦੀ ਮੌਤ ਹੋ ਗਈ। ਬਾਪੋਦ ਥਾਣੇ ਦੇ ਇੰਸਪੈਕਟਰ ਐਮਆਰ ਸੰਗਦਾ ਨੇ ਦੱਸਿਆ ਕਿ ਸਿਆਜੀਪੁਰਾ ਇਲਾਕੇ ਵਿੱਚ ਵਿਨਾਇਕ ਸੁਸਾਇਟੀ ਦੀ ਇਮਾਰਤ ਦੀ ਪੰਜਵੀਂ ਮੰਜ਼ਿਲ ’ਤੇ ਸਥਿਤ ਇੱਕ ਫਲੈਟ ਵਿੱਚ ਸਵੇਰੇ 9.30 ਵਜੇ ਦੇ ਕਰੀਬ ਅੱਗ ਲੱਗ ਗਈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਕਿਰਨ ਰਾਣਾ ਦੀ ਸੜੀ ਹੋਈ ਲਾਸ਼ ਉਸ ਕਮਰੇ ਵਿੱਚੋਂ ਬਰਾਮਦ ਕੀਤੀ ਗਈ, ਜਿੱਥੇ ਅੱਗ ਲੱਗੀ ਸੀ। ਸੰਗਦਾ ਨੇ ਕਿਹਾ ਕਿ ਲਾਸ਼ ਇੱਕ ਬਿਸਤਰੇ 'ਤੇ ਮਿਲੀ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਪੀੜਤ ਦੀ ਮੌਤ ਸੌਣ ਦੌਰਾਨ ਹੋਈ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਇਕ ਪ੍ਰਾਈਵੇਟ ਫਰਮ ਵਿਚ ਕੰਮ ਕਰਦਾ ਸੀ ਅਤੇ ਘਟਨਾ ਸਮੇਂ ਫਲੈਟ ਵਿਚ ਇਕੱਲਾ ਸੀ । ਇੱਕ ਅਧਿਕਾਰੀ ਨੇ ਦੱਸਿਆ ਕਿ ਆਸਪਾਸ ਦੇ ਲੋਕਾਂ ਨੇ ਅੱਗ ਬੁਝਾਊ ਵਿਭਾਗ ਅਤੇ ਪੁਲੀਸ ਨੂੰ ਸੂਚਿਤ ਕੀਤਾ ਜਿਸ ਉਪਰੰਤ ਫਾਇਰ ਬ੍ਰਿਗੇਡ ਦੀ ਇੱਕ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਜਾਪਦਾ ਹੈ। -ਪੀਟੀਆਈ