Assault on Army Colonel: ਪੁਲੀਸ ਕੁੱਟਮਾਰ ਦਾ ਸ਼ਿਕਾਰ ਹੋਏ ਕਰਨਲ ਦੇ ਪਰਿਵਾਰ ਵੱਲੋਂ ਪਟਿਆਲਾ ’ਚ ਧਰਨਾ, ਐਸਐਸਪੀ ਦੇ ਤਬਾਦਲੇ ਦੀ ਮੰਗ
ਧਰਨੇ ’ਚ ਮੌਜੂਦ ਕੁਝ ਲੋਕਾਂ ਵੱਲੋਂ ਕਵਰੇਜ ਕਰਨ ਗਏ ਕੁਝ ਮੀਡੀਆ ਕਰਮੀਆਂ ਨਾਲ ਬਦਸਲੂਕੀ ਕੀਤੇ ਜਾਣ ਕਾਰਨ ਮੀਡੀਆ ਕਰਮੀ ਬਾਈਕਾਟ ਕਰ ਕੇ ਵਾਪਸ ਗਏ; ਧਰਨੇ ਵਿਚ ਮਾਮਲੇ ਦੀ ਸੀਬੀਆਈ ਜਾਂਚ ਦੀ ਵੀ ਕੀਤੀ ਗਈ ਮੰਗ
ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਮਾਰਚ
Police Assault on Army Colonel: ਪਟਿਆਲਾ ਵਿਚ ਬੀਤੇ ਦਿਨੀਂ ਪੁਲੀਸ ਅਫ਼ਸਰਾਂ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਸ਼ਨਿੱਚਰਵਾਰ ਨੂੰ ਇੱਥੇ ਡੀਸੀ ਦਫਤਰ ਮੂਹਰੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
ਧਰਨੇ ਵਿੱਚ ਵੱਖ-ਵੱਖ ਵਰਗਾਂ ਦੇ ਲੋਕ ਸ਼ਾਮਿਲ ਹੋਏ ਹਨ। ਇਸ ਮੌਕੇ ਮੰਗ ਕੀਤੀ ਗਈ ਕਿ ਪਟਿਆਲਾ ਦੇ ਐਸਐਸਪੀ ਡਾ. ਨਾਨਕ ਸਿੰਘ ਦਾ ਫ਼ੌਰੀ ਤਬਾਦਲਾ ਕੀਤਾ ਜਾਵੇ ਤੇ ਘਟਨਾ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਅਤੇ ਘਟਨਾ ਵਿਚ ਕਥਿਤ ਤੌਰ ’ਤੇ ਸ਼ਾਮਲ ਚਾਰੇ ਇੰਸਪੈਕਟਰਾਂ ਦੀ ਗ੍ਰਿਫ਼ਤਾਰੀ ਕੀਤੀ ਜਾਵੇ। ਗ਼ੌਰਤਲਬ ਹੈ ਕਿ ਇਸ ਘਟਨਾ ਵਿਚ ਉਨ੍ਹਾਂ ਦਾ ਪੁੱਤਰ ਅੰਗਦ ਸਿੰਘ ਵੀ ਜ਼ਖ਼ਮੀ ਹੋ ਗਿਆ ਸੀ।
ਇਸ ਦੌਰਾਨ ਧਰਨੇ ਦੀ ਕਵਰੇਜ ਕਰਨ ਗਏ ਕਈ ਮੀਡੀਆ ਕਰਮੀਆਂ ਨਾਲ ਉਥੇ ਮੌਜੂਦ ਲੋਕਾਂ ਵੱਲੋਂ ਬਦਸਲੂਕੀ ਕੀਤੀ ਗਈ। ਇਸ ਕਾਰਨ ਮੀਡੀਆ ਕਰਮੀ ਮੁਜ਼ਾਹਰੇ ਦਾ ਬਾਈਕਾਟ ਕਰ ਕੇ ਵਾਪਸ ਪਰਤ ਗਏ।
ਇਹ ਵੀ ਪੜ੍ਹੋ:
ਕਰਨਲ ਕੁੱਟਮਾਰ ਮਾਮਲਾ: ਤਿੰਨ ਇੰਸਪੈਕਟਰਾਂ ਸਣੇ 12 ਖਿਲਾਫ਼ ਕੇਸ ਦਰਜ
ਕਰਨਲ ’ਤੇ ਹਮਲਾ: ਕਾਂਗਰਸੀ ਲੋਕ ਸਭਾ ਮੈਂਬਰਾਂ ਵੱਲੋਂ ਸੰਸਦ ਅੱਗੇ ਪ੍ਰਦਰਸ਼ਨ
ਵਿਧਾਨ ਸਭਾ ’ਚ ਕਰਨਲ ਦੀ ਕੁੱਟਮਾਰ ਤੇ ਕਿਸਾਨੀ ਮੁੱਦਿਆਂ ਦੀ ਗੂੰਜ
ਧਰਨੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕ ਵੀ ਸ਼ਾਮਿਲ ਹਨ। ਧਰਨੇ ’ਚ ਮੰਗ ਕੀਤੀ ਗਈ ਕਿ ਐਸਐਸਪੀ ਡਾ. ਨਾਨਕ ਸਿੰਘ ਦੀ ਤੁਰੰਤ ਇਥੋਂ ਬਦਲੀ ਅਤੇ ਹਮਲੇ ਵਿਚ ਕਥਿਤ ਤੌਰ ’ਤੇ ਸ਼ਾਮਲ ਦੱਸੇ ਜਾਂਦੇ ਚਾਰੇ ਇੰਸਪੈਕਟਰਾਂ ਦੀ ਗਿਰਫਤਾਰੀ ਕੀਤੀ ਜਾਵੇ। ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਗਈ ਹੈ। ਇਹ ਮੰਗਾਂ ਮੰਨੇ ਜਾਣ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ।
ਕੀ ਕਹਿੰਦੇ ਨੇ ਪੁਲੀਸ ਅਧਿਕਾਰੀ
ਉਧਰ ਜ਼ਿਲ੍ਹੇ ਦੇ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਰਨਲ ਬਾਠ ਵੱਲੋਂ ਆਪਣੀ ਸ਼ਿਕਾਇਤ ਵਿੱਚ ਜਿਹੜੇ ਵੀ ਵਿਅਕਤੀਆਂ ਦੇ ਨਾਂ ਲਏ ਗਏ ਹਨ, ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਸ ਵਿਚ ਕਰਨਲ ਬਾਠ ਦੇ ਕਹਿਣ 'ਤੇ ਇੱਕ ਹੋਰ ਉਸ ਵਿਅਕਤੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਸ ਦਾ ਸ਼ਿਕਾਇਤ ਵਿੱਚ ਨਾਂ ਵੀ ਨਹੀਂ ਸੀ।
ਸਾਬਕਾ ਮੰਤਰੀ ਪਰਨੀਤ ਕੌਰ ਵੱਲੋਂ ਡੀਸੀ ਨੂੰ ਮੰਗ ਪੱਤਰ
ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੇ ਵੀ ਅੱਜ ਇੱਥੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਭਾਰਤੀ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਸਪੁੱਤਰ 'ਤੇ ਜਿਨ੍ਹਾਂ 12 ਪੁਲੀਸ ਅਧਿਕਾਰੀਆਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ, ਉਨ੍ਹਾਂ ਖਿਲਾਫ ਜਲਦ ਤੋਂ ਜਲਦ ਬਣਦੀ ਕਾਰਵਾਈ ਕੀਤੀ ਜਾਵੇ।
ਧਰਨੇ ’ਚ ਮੀਡੀਆ ਨਾਲ ਬਦਸਲੂਕੀ ਦੀ ਮੀਡੀਆ ਕਲੱਬ ਵੱਲੋਂ ਸਖ਼ਤ ਨਿਖੇਧੀ
ਪਟਿਆਲਾ ਮੀਡੀਆ ਕਲੱਬ ਨੇ ਕਰਨਲ ਪੁਸ਼ਪਿੰਦਰ ਸਿੰਘ ਬਾਠ ’ਤੇ ਹੋਏ ਹਮਲੇ ਦੇ ਮਾਮਲੇ ਵਿਚ ਡੀਸੀ ਦਫਤਰ ਦੇ ਬਾਹਰ ਧਰਨੇ ਵਿਚ ਮੀਡੀਆ ਨਾਲ ਹੋਈ ਬਦਸਲੂਕੀ ਦੀ ਸਖ਼ਤ ਨਿਖੇਧੀ ਕੀਤੀ ਹੈ ਤੇ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਭਾਸ਼ਾ ਦੀ ਮਰਿਆਦਾ ਦਾ ਖਿਆਲ ਰੱਖਣ।
ਇਥੇ ਜਾਰੀ ਇਕ ਬਿਆਨ ਵਿਚ ਕਲੱਬ ਦੇ ਪ੍ਰਧਾਨ ਨਵਦੀਪ ਢੀਂਗਰਾ ਤੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਕਿਹਾ ਕਿ ਜਸਵਿੰਦਰ ਕੌਰ ਬਾਠ ਇਕ ਪਾਸੇ ਤਾਂ ਪ੍ਰੈਸ ਕਾਨਫਰੰਸਾਂ ਕਰ ਕੇ ਆਪਣੇ ਲਈ ਨਿਆਂ ਮੰਗ ਰਹੇ ਹਨ ਤੇ ਮੀਡੀਆ ਵਿਚ ਮਾਮਲਾ ਉੱਭਰਨ ਸਦਕਾ ਹੀ ਪੰਜਾਬ ਪੁਲੀਸ ਨੂੰ ਕੇਸ ਦਰਜ ਕਰਨਾ ਪਿਆ ਹੈ। ਉਨ੍ਹਾਂ ਕਿਹਾ, ‘‘ਦੂਜੇ ਪਾਸੇ ਉਹ ਮੀਡੀਆ ਲਈ ਹੀ ਬਹੁਤ ਹੀ ਇਤਰਾਜ਼ਯੋਗ ਭਾਸ਼ਾ ਵਰਤ ਰਹੇ ਹਨ, ਜੋ ਬਹੁਤ ਹੀ ਨਿੰਦਣਯੋਗ ਗੱਲ ਹੈ ਤੇ ਇਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ’’।
ਉਨ੍ਹਾਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ। ਇਨਸਾਫ ਦੀ ਲੜਾਈ ਵਿਚ ਮੀਡੀਆ ਦਾ ਸਾਥ ਮਿਲਣਾ ਹੋਰ ਗੱਲ ਹੈ ਤੇ ਸਾਥ ਲੈਣ ਮਗਰੋਂ ਮੀਡੀਆ ਨੂੰ ਭੰਡਣਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਬੀਬੀ ਜਸਵਿੰਦਰ ਕੌਰ ਬਾਠ ਤੇ ਉਨ੍ਹਾਂ ਦੇ ਸਾਥੀਆਂ ਨੂੰ ਮੀਡੀਆ ਨਾਲ ਬਦਸਲੂਕੀ ਤੇ ਬਦਕਲਾਮੀ ਲਈ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੇ ਸ੍ਰੀਮਤੀ ਬਾਠ ਨੂੰ ‘ਮੀਡੀਆ ਅਤੇ ਕਥਿਤ ਮੀਡੀਆ’ ਵਿੱਚ ਅੰਤਰ ਸਮਝਣ ਦੀ ਵੀ ਸਲਾਹ ਦਿੱਤੀ ਹੈ।