Punjab Budget Session: ਖਹਿਰਾ ਨੂੰ ਬੋਲਣ ਦੀ ਇਜਾਜ਼ਤ ਨਾ ਦਿੱਤੇ ਜਾਣ ’ਤੇ ਪੰਜਾਬ ਕਾਂਗਰਸ ਦੇ ਵਿਧਾਇਕਾਂ ਨੇ ਵਾਕਆਊਟ ਕੀਤਾ
ਚੰਡੀਗੜ੍ਹ, 24 ਮਾਰਚ
Punjab Budget Session : ਕਾਂਗਰਸ ਦੇ ਵਿਧਾਇਕਾਂ ਨੇ ਸੋਮਵਾਰ ਨੂੰ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਥਿਤ ਤੌਰ ’ਤੇ ਸਦਨ ਵਿੱਚ ਬੋਲਣ ਦਾ ਮੌਕਾ ਨਾ ਦਿੱਤੇ ਜਾਣ ਦੇ ਵਿਰੋਧ ਵਿਚ ਪੰਜਾਬ ਵਿਧਾਨ ਸਭਾ ਵਿੱਚੋਂ ਵਾਕਆਊਟ ਕੀਤਾ। ਸਿਫ਼ਰ ਕਾਲ ਦੌਰਾਨ ਭੁਲੱਥ ਦੇ ਵਿਧਾਇਕ ਖਹਿਰਾ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਧਿਆਨ ਸਦਨ ਵਿੱਚ ਮੁੱਦੇ ਉਠਾਉਣ ਦੀ ਇਜਾਜ਼ਤ ਦੇਣ ਲਈ ਮੰਗਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਖਹਿਰਾ ਦੇ ਸਮਰਥਨ ਵਿੱਚ ਖੜ੍ਹੇ ਹੋ ਗਏ ਅਤੇ ਸਪੀਕਰ ਨੂੰ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ।
ਜਦੋਂ ਖਹਿਰਾ ਸਪੀਕਰ ਤੋਂ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਦੇਣ ਦੀ ਮੰਗ ਕਰਦੇ ਰਹੇ ਸੀ ਤਾਂ ਸੰਧਵਾਂ ਨੇ ਵਿਧਾਇਕ ਨੂੰ ਕਿਹਾ ਕਿ ਇਹ ਉਨ੍ਹਾਂ ਦਾ ਅਧਿਕਾਰ ਹੈ ਕਿ ਸਦਨ ਵਿੱਚ ਕਿਸ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ। ਇਸ ਤੋਂ ਬਾਅਦ ਖਹਿਰਾ ਬੈਠ ਗਏ। ਕੁਝ ਮਿੰਟਾਂ ਬਾਅਦ, ਖਹਿਰਾ ਫਿਰ ਆਪਣੀ ਸੀਟ ਤੋਂ ਉੱਠੇ ਅਤੇ ਸਪੀਕਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਕਿਸਾਨੀ ਨਾਲ ਸਬੰਧਤ ਮੁੱਦੇ ਉਠਾਉਣ ਦੀ ਇਜਾਜ਼ਤ ਦਿੱਤੀ ਜਾਵੇ। ਹਾਲਾਂਕਿ ਸਪੀਕਰ ਨੇ ਵਿਧਾਇਕ ਸੰਦੀਪ ਜਾਖੜ ਨੂੰ ਸਦਨ ਵਿੱਚ ਬੋਲਣ ਦੀ ਇਜਾਜ਼ਤ ਦਿੱਤੀ।
ਜਦੋਂ ਖਹਿਰਾ ਨੇ ਬੋਲਣ ਦੀ ਇਜਾਜ਼ਤ ਨਾ ਮਿਲਣ ’ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ, ਤਾਂ ਸੰਧਵਾਂ ਨੇ ਉਨ੍ਹਾਂ ਨੂੰ ਕਿਹਾ, "ਤੁਸੀਂ ਇੱਕ ਸਤਿਕਾਰਯੋਗ ਮੈਂਬਰ ਨੂੰ ਪੰਜਾਬ ਦੇ ਲੋਕਾਂ ਦੇ ਮੁੱਦੇ ਚੁੱਕਣ ਤੋਂ ਰੋਕ ਰਹੇ ਹੋ।" ਇਸ ਤੋਂ ਬਾਅਦ ਵਿਚ ਕਾਂਗਰਸੀ ਵਿਧਾਇਕ ਵਾਕਆਊਟ ਕਰਨ ਤੋਂ ਪਹਿਲਾਂ ਸਦਨ ਦੇ ਵਿਚਾਲੇ ਗਏ। ਇਸ ਦੌਰਾਨ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਹਰਦੇਵ ਸਿੰਘ ਲਾਡੀ ਕੁਝ ਸਮੇਂ ਲਈ ਬੈਠੇ ਰਹੇ, ਪਰ ਬਾਅਦ ਵਿੱਚ ਵਾਕਆਊਟ ਕਰ ਗਏ।
ਬਾਜਵਾ ਤੇ ਧਾਲੀਵਾਲ ਖਹਿਬੜੇ
ਬਾਅਦ ਵਿਚ ਪੰਜਾਬ ਵਿਧਾਨ ਸਭਾ ’ਚ ਰਾਜਪਾਲ ਦੇ ਭਾਸ਼ਣ ’ਤੇ ਬਹਿਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖਹਿਬੜ ਪਏ। ਬਾਜਵਾ ਨੇ ਜਦੋਂ ਨਸ਼ਿਆਂ ਖਿਲਾਫ ਮੁਹਿੰਮ ’ਤੇ ਉਂਗਲ ਉਠਾਈ ਤਾਂ ਧਾਲੀਵਾਲ ਨੇ ਵਿਰੋਧ ਕੀਤਾ।
ਬਾਜਵਾ ਨੇ ਕਿਹਾ ਕਿ ਸਰਕਾਰ ਮਗਰਮੱਛਾਂ ਨੂੰ ਹੱਥ ਨਹੀਂ ਪਾ ਰਹੀ। ਉਨ੍ਹਾਂ ਪੁਲੀਸ ਅਧਿਕਾਰੀ ਰਾਜਮੀਤ ਦਾ ਹਵਾਲਾ ਦਿੱਤਾ ਕਿ ਉਸ ਦੇ ਘਰ ’ਤੇ ਬੁਲਡੋਜ਼ਰ ਕਿਉਂ ਨਹੀਂ ਚੱਲਿਆ।
-ਪੀਟੀਆਈ ਇਨਪੁਟਸ ਸਮੇਤ