Deal for Procuring Artillery Guns: ਰੱਖਿਆ ਮੰਤਰਾਲੇ ਵੱਲੋਂ ਤੋਪਾਂ ਦੀ ਖ਼ਰੀਦ ਲਈ 6,900 ਕਰੋੜ ਦਾ ਸੌਦਾ ਸਹੀਬੰਦ
ਸਮਝੌਤਿਆਂ 'ਤੇ ਬੁੱਧਵਾਰ ਨੂੰ ਨਵੀਂ ਦਿੱਲੀ ਦੇ ਸਾਊਥ ਬਲਾਕ 'ਚ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਦੀ ਮੌਜੂਦਗੀ 'ਚ ਕੀਤੇ ਗਏ ਦਸਤਖ਼ਤ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 26 ਮਾਰਚ
Deal for Procuring Artillery Guns: ਰੱਖਿਆ ਮੰਤਰਾਲੇ (MoD) ਨੇ ਤੋਪਾਂ ਨੂੰ ਖਿੱਚਣ ਵਾਲੇ ਵਿਸ਼ੇਸ਼ ਵਾਹਨਾਂ ਸਮੇਤ ਐਡਵਾਂਸਡ ਟੋਅਡ ਆਰਟਿਲਰੀ ਗਨ ਸਿਸਟਮ (Advanced Towed Artillery Gun Systems - ATAGS) ਦੀ ਖ਼ਰੀਦ ਲਈ ਨਿੱਜੀ ਕੰਪਨੀਆਂ ਭਾਰਤ ਫੋਰਜ ਲਿਮਟਿਡ ਅਤੇ ਟਾਟਾ ਐਡਵਾਂਸਡ ਸਿਸਟਮ ਲਿਮਟਿਡ ਨਾਲ 6,900 ਕਰੋੜ ਰੁਪਏ ਦੇ ਇਕਰਾਰਨਾਮੇ 'ਤੇ ਦਸਤਖ਼ਤ ਕੀਤੇ ਹਨ।
ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਦੀ ਮੌਜੂਦਗੀ 'ਚ ਬੁੱਧਵਾਰ ਨੂੰ ਇਸ ਸਬੰਧੀ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ। ਜਾਣਕਾਰੀ ਮੁਤਾਬਕ ATAGS ਵਿਚ 155 ਮਿਲੀਮੀਟਰ ਅਤੇ 52 ਕੈਲੀਬਰ ਤੋਪਾਂ ਸ਼ਾਮਲ ਹਨ ਅਤੇ ਇਹ ਸਿਸਟਮ ਪੁਰਾਣੀਆਂ ਅਤੇ ਛੋਟੀਆਂ-ਕੈਲੀਬਰ ਤੋਪਾਂ ਦੀ ਥਾਂ ਲਵੇਗਾ ਅਤੇ ਇਸ ਤਰ੍ਹਾਂ ਭਾਰਤੀ ਫ਼ੌਜ ਦੇ ਤੋਪਖਾਨੇ ਦੀ ਸਮਰੱਥਾ ਨੂੰ ਵਧਾਏਗਾ।
ਇਸ ਤੋਪ ਪ੍ਰਣਾਲੀ ਦੀ ਖ਼ਰੀਦ ਤੋਪਖ਼ਾਨਾ ਰੈਜੀਮੈਂਟਾਂ ਦੇ ਆਧੁਨਿਕੀਕਰਨ ਵਿੱਚ ਇੱਕ ਮੀਲ ਪੱਥਰ ਦੀ ਨਿਸ਼ਾਨਦੇਹੀ ਕਰਦੀ ਹੈ, ਜਿਸ ਨਾਲ ਸੰਚਾਲਨ ਦੀ ਤਿਆਰੀ ਵਿੱਚ ਵਾਧਾ ਹੁੰਦਾ ਹੈ। ATAGS ਸਟੀਕ ਅਤੇ ਲੰਬੀ ਦੂਰੀ ਦੇ ਹਮਲੇ ਨੂੰ ਸਮਰੱਥ ਬਣਾ ਕੇ ਫੌਜ ਦੀ ਹਮਲਾਵਰ ਤਾਕਤ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।