Punjab AG News: ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਦਾ ਐਲਾਨ ਕਿਸੇ ਵੇਲੇ ਵੀ
ਚਰਨਜੀਤ ਭੁੱਲਰ
ਚੰਡੀਗੜ੍ਹ, 30 ਮਾਰਚ
ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਦੇ ਅਸਤੀਫ਼ੇ ਦੀ ਚਰਚਾ ਨੇ ਜ਼ੋਰ ਲਿਆ ਹੈ। ਉਚ ਸੂਤਰ ਦੱਸਦੇ ਹਨ ਕਿ ਏਜੀ ਨੇ ਅਸਤੀਫ਼ਾ ਦੇ ਦਿੱਤਾ ਹੈ ਜੋ ਕਿ ਮੁੱਖ ਮੰਤਰੀ ਦਫਤਰ ਨੂੰ ਭੇਜਿਆ ਗਿਆ ਹੈ। ਫਿਲਹਾਲ ਅਸਤੀਫ਼ੇ ਦਾ ਭੇਤ ਬਣਿਆ ਹੋਇਆ ਹੈ ਪਰ ਸਰਕਾਰ ਨੇ ਅਜੇ ਤੱਕ ਕੋਈ ਪ੍ਰਤੀਕਰਮ ਨਹੀ ਦਿੱਤਾ ਹੈ। ਉਨ੍ਹਾਂ ਦੀ ਅਕਤੂਬਰ 2023 ਵਿਚ ਏਜੀ ਵਜੋਂ ਨਿਯੁਕਤੀ ਹੋਈ ਸੀ। ਇਸ ਬਾਰੇ ਕਈ ਤਰ੍ਹਾਂ ਦੇ ਚਰਚੇ ਚੱਲ ਰਹੇ ਹਨ, ਕੋਈ ਅਸਤੀਫ਼ੇ ਪਿੱਛੇ ਬਿਕਰਮ ਸਿੰਘ ਮਜੀਠੀਆ ਦੇ ਉਸ ਕੇਸ ਦੀ ਗੱਲ ਕਰ ਰਿਹਾ ਹੈ ਜਿਸ ਵਿੱਚ ਸੁਪਰੀਮ ਕੋਰਟ ਨੇ ਏਜੀ ਦੇ ਪੇਸ਼ ਨਾ ਹੋਣ ਦੀ ਗੱਲ ਆਖੀ ਸੀ।

ਪੰਜਾਬ ਸਰਕਾਰ ਕਿਸੇ ਵੇਲੇ ਵੀ ਨਵੇਂ ਐਡਵੋਕੇਟ ਜਨਰਲ ਦਾ ਐਲਾਨ ਕਰ ਸਕਦੀ ਹੈ। ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਦਾ ਅਸਤੀਫ਼ਾ ਮੁੱਖ ਮੰਤਰੀ ਦਫਤਰ ਪੁੱਜ ਗਿਆ ਹੈ। ਪੰਜਾਬ ਸਰਕਾਰ ਨੇ ਏਜੀ ਦਾ ਅਸਤੀਫ਼ਾ ਪ੍ਰਵਾਨਗੀ ਲਈ ਰਾਜਪਾਲ ਕੋਲ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਏਜੀ ਨੇ ਅਸਤੀਫ਼ਾ ਦੇ ਦਿੱਤਾ ਹੈ ਤੇ ਮੁੱਖ ਮੰਤਰੀ ਦਫਤਰ ਨੇ ਨਵੇਂ ਏਜੀ ਲਈ ਦੋ ਤਿੰਨ ਨਾਵਾਂ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਹਨ। ਅਸਤੀਫ਼ਾ ਪ੍ਰਵਾਨ ਹੋਣ ਮਗਰੋਂ ਕਿਸੇ ਵੇਲੇ ਵੀ ਨਵੇਂ ਏਜੀ ਦਾ ਐਲਾਨ ਹੋ ਸਕਦਾ ਹੈ।